Tuesday, August 14, 2018

ਨਸ਼ਿਆਂ ਦੇ ਖਾਤਮੇ ’ਚ ਅਹਿਮ ਯੋਗਦਾਨ ਪਾਉਣ ਲਈ ਮਿਲਿਆ ਸਨਮਾਨ

ਮੁੱਖ ਮੰਤਰੀ ਵੱਲੋਂ ਚਾਰ ਜ਼ਿਲਿਆਂ ਦੇ ਐਸ.ਡੀ.ਐਮ. ਅਤੇ ਡੀ.ਐਸ.ਪੀ. ਸਨਮਾਨਿਤ
ਲੁਧਿਆਣਾ: 14 ਅਗਸਤ 2018: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਚਾਰ ਬਿਹਰਤੀਨ ਸਬ-ਡਿਵੀਜ਼ਨਲ ਮਿਸ਼ਨ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ।
ਅੱਜ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਨੂੰ ਪ੍ਰਸੰਸਾ ਪੱਤਰ ਸੌਂਪਦਿਆਂ ਮੁੱਖ ਮੰਤਰੀ ਨੇ ਉਨਾਂ ਨੂੰ ਸਰਕਾਰ ਦੀ ਨਸ਼ਾ ਵਿਰੋਧੀ ਮੁਿਹੰਮ ਵਿੱਚ ਲੋਕਾਂ ਦੀ 100 ਫੀਸਦੀ ਭਾਈਵਾਲੀ ਨੂੰ ਯਕੀਨੀ ਬਣਾਉਣ ਲਈ ਆਪਣੇ ਯਤਨ ਦੁੱਗਣੇ ਕਰਨ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਵਿੱਚ ਲੋਕਾਂ ਦੀ ਭਾਈਵਾਲੀ ਬਹੁਤ ਮਹੱਤਵ ਰੱਖਦੀ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਉਨਾਂ ਵੱਲੋਂ ਨਸ਼ਿਆਂ ਦੀ ਲਾਹਨਤ ਵਿਰੁੱਧ ਵਿੱਢੀ ਲੜਾਈ ਵਿੱਚ ਸੂਬਾ ਸਰਕਾਰ ਪੂਰਾ ਸਹਿਯੋਗ ਦੇਵੇਗੀ।
ਮੁੱਖ ਮੰਤਰੀ ਨੇ ਅਬੋਹਰ, ਬਰਨਾਲਾ, ਪਾਇਲ ਅਤੇ ਤਰਨ ਤਾਰਨ ਦੇ ਐਸ.ਡੀ.ਐਮ. ਅਚੇ ਡੀ.ਐਸ.ਪੀ. ਨਾਲ ਗੱਲਬਾਤ ਕੀਤੀ ਜਿਨਾਂ ਦੀ ਚੋਣ ਉਨਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਕੀਤੀ ਗਈ ਹੈ ਜਿਸ ਦੀ ਸਮੀਖਿਆ ਐਸ.ਟੀ.ਐਫ. ਦੇ ਜ਼ੋਨਲ ਪੱਧਰ ’ਤੇ ਕੀਤੀ ਗਈ।
ਮੁੱਖ ਮੰਤਰੀ ਵੱਲੋਂ ਸਨਮਾਨਿਤ ਕੀਤੇ ਗਏ ਅਧਿਕਾਰੀਆਂ ਵਿੱਚ ਐਸ.ਡੀ.ਐਮ. ਪਾਇਲ ਸਵਾਤੀ, ਸੰਦੀਪ ਕੁਮਾਰ, ਪੂਨਮ ਸਿੰਘ ਤੇ ਸੁਰਿੰਦਰ ਸਿੰਘ ਅਤੇ ਡੀ.ਐਸ.ਪੀ. ਪਾਇਲ ਰਸ਼ਪਾਲ ਸਿੰਘ, ਜਸਵੀਰ ਸਿੰਘ, ਰਾਹੁਲ ਭਾਰਦਵਾਜ, ਗੁਰਵਿੰਦਰ ਸੰਘਾ, ਭਿੱਖੀਵਿੰਡ ਤੋਂ ਸੁਲੱਖਣ ਸਿੰਘ ਮਾਨ ਅਤੇ ਪੱਟੀ ਤੋਂ ਸੋਹਣ ਸਿੰਘ ਸ਼ਾਮਲ ਹਨ। 
ਇਸ ਤੋਂ ਪਹਿਲਾਂ ਡੈਪੋ ਦੇ ਨੋਡਲ ਅਫਸਰ ਰਾਹੁਲ ਤਿਵਾੜੀ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਸਬ-ਡਿਵੀਜ਼ਨਲ ਪੱਧਰ ’ਤੇ 91 ਮਿਸ਼ਨ ਟੀਮਾਂ ਕਾਇਮ ਕੀਤੀ ਗਈਆਂ ਜਿਸ ਦੇ ਉਦੇਸ਼ ਲੋਕਾਂ ਨੂੰ ਨਸ਼ਿਆਂ ਦੀ ਲਾਹਨਤ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਇਲਾਜ ਲਈ ਅੱਗੇ ਆਉਣ ਵਾਸਤੇ ਪ੍ਰੇਰਿਤ ਕਰਨਾ ਹੈ। ਇਨਾਂ ਟੀਮਾਂ ਨੂੰ ਇਸ ਮਿਸ਼ਨ ਨੂੰ ਸੂਬਾ ਭਰ ਵਿੱਚ ਲਿਜਾਣ ਲਈ ਜੂਨ ਤੱਕ ਦਾ ਸਮਾਂ ਦਿੱਤਾ ਗਿਆ ਸੀ ਜਿਸ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। 
ਇਸ ਮੌਕੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਟੀ.ਐਸ. ਸ਼ੇਰਗਿੱਲ, ਐਸ.ਟੀ.ਐਫ. ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ, ਲੁਧਿਆਣਾ ਦੇ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਹਾਜ਼ਰ ਸਨ।

No comments: