Friday, August 10, 2018

ਘੁਣ ਵਾਂਗ ਖਾ ਰਹੇ ਨਸ਼ੇ ਬਾਰੇ ਯੂਥ ਫੈਸਟੀਵਲ ਵਿੱਚ ਚਿੰਤਾ ਪ੍ਰਗਟਾਈ

ਸੈਕਰਡ ਹਾਰਟ ਸਕੂਲ 'ਚ ‘ਅੰਤਰ-ਰਾਸ਼ਟਰੀ ਨੌਜਵਾਨ ਦਿਵਸ ਦਾ ਆਯੋਜਨ’
ਲੁਧਿਆਣਾ: 10 ਅਗਸਤ 2018: (ਪੰਜਾਬ ਸਕਰੀਨ ਬਿਊਰੋ):: 
ਪੰਜਾਬ ਵਿੱਚ ਵੱਧ ਰਹੀ ਨਸ਼ਿਆਂ ਦੀ ਮਾਰ ਅੱਜ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਯੂਥ ਫੈਸਟੀਵਲ ਵਿੱਚ ਵੀ ਚਿੰਤਾ ਦਾ ਵਿਸ਼ਾ ਬਣੀ ਰਹੀ। ਅੱਜ ਇਸ ਯੂਥ ਫੈਸਟੀਵਲ ਦੌਰਾਨ ਪਰਸਿੱਧ ਐਂਕਰ ਅਤੇ ਸਾਬਕਾ ਟੀਵੀ ਐਨਾਉਂਸਰ ਮੈਡਮ ਕਮਲੇਸ਼ ਗੁਪਤਾ ਮੁਖ ਬੁਲਾਰੇ ਵੱਜੋਂ ਸ਼ਾਮਲ ਹੋਏ। ਰਾਜਸਥਾਨ ਤੋਂ ਲੈ ਕੇ ਪੰਜਾਬ ਤੱਕ ਆਪਣੀ ਸੰਗੀਤਮਈ ਅਤੇ ਸ਼ਾਇਰਾਂ ਐਂਕਰਿੰਗ ਦੀਆਂ ਧੁੰਮਾਂ ਪਾਉਣ ਵਾਲੀ ਮੈਡਮ ਕਮਲੇਸ਼ ਗੁਪਤਾ ਨੇ ਜਾਵੇਦ ਅਖਤਰ ਸਾਹਿਬ ਵਰਗੀਆਂ ਸ਼ਖਸੀਅਤਾਂ ਦੀ ਮੌਜੂਦਗੀ ਵਾਲੇ ਸਮਾਗਮਾਂ ਦਾ ਸਫਲ ਸੰਚਾਲਨ ਕੀਤਾ ਹੋਇਆ ਹੈ। ਇਸ ਲਈ ਅੱਜ ਦੇ ਯੂਥ ਫੈਸਟੀਵਲ ਵਿੱਚ ਵਿਦਿਆਰਥੀ ਵਰਗ ਨੂੰ ਕਮਲੇਸ਼ ਗੁਪਤਾ ਦੀ ਉਡੀਕ ਬਹੁਤ ਹੀ ਬੇਸਬਰੀ ਨਾਲ ਸੀ। ਅੱਜ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਬੀ.ਆਰ,ਐੱਸ. ਨਗਰ, ਲੁਧਿਆਣਾ ਵਿਖੇ ਅੰਤਰ-ਰਾਸ਼ਟਰੀ ਨੌਜਵਾਨ ਦਿਵਸ,2018 ਦੇ ਸੰਬੰਧ ਵਿੱਚ ‘ਕਦਮ ਵਧਾਓ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸਦੇ ਚਲਦੇ 9 ਅਗਸਤ ਅਤੇ 10 ਅਗਸਤ, 2018 ਨੂੰ ‘ਸੇਫ ਸਪੇਸਿਸ ਫਾਰ ਯੂਥ’ ਵਿਸ਼ੇ ਅਧੀਨ ਵਿਦਿਆਰਥੀਆਂ ਦੁਆਰਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਤੇ ਮਾਪਿਆਂ ਦੁਆਰਾ ਹਸਤਾਖਰ ਕੀਤੇ ਪਲੇਜ਼ ਨੂੰ ਰੂ-ਬ-ਰੂ ਕਰਦਿਆਂ , ਨਸ਼ੇ ਨੂੰ ਜੜ੍ਹੋਂ ਖਤਮ ਕਰਨ ਦੇ ਸੰਦੇਸ਼ ਵਿੱਚ ਸਕੂਲ ਦੀ ਹੈੱਡ ਵਿਦਿਆਰਥਣ ਦੁਆਰਾ ਭਾਸ਼ਣ ਦਿੱਤਾ ਗਿਆ ਅਤੇ ਨਾਲ ਹੀ ਇਸੇ ਵਿਸ਼ੇ ਦੀ ਝਲਕ ਪੇਸ਼ ਕਰਦਾ ਸੰਗੀਤਕ ਨਾਟਕ ਵੀ ਪੇਸ਼ ਕੀਤਾ ਗਿਆ।ਇਸ ਮੌਕੇ ਪ੍ਰਸਿੱਧ ਐਂਕਰ ਅਤੇ ਭਾਸ਼ਣ ਕਾਰ ਸ੍ਰੀਮਤੀ ਕਮਲੇਸ਼ ਗੁਪਤਾ ਵੱਲੋਂ ‘ਪਿਲਜ਼ ਦੇਟ ਕਿਲਜ਼’ ’ਤੇ ਦਿਲਾਂ ਤੇ ਛਾਪ ਛੱਡਦੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ ਗਏ।ਸਕੂਲ ਦੇ ਡਾਇਰੈਕਟਰ ਸਤਿਕਾਰਯੋਗ ਫਾਦਰ ਜੋਨ ਅਤੇ ਪ੍ਰਿੰਸੀਪਲ ਮਾਣਯੋਗ ਸਿਸਟਰ ਸਿਲਵੀ ਨੇ ਵੀ ਦੁਨੀਆ ਨੂੰ ਘੁਣ ਵਾਂਗ ਖਾ ਰਹੇ ਇਸ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਸੰਬੰਧੀ ਆਪਣੇ ਵਿਚਾਰ ਪ੍ਰਸਤੁਤ ਕੀਤੇ। ਅਖੀਰ ‘ਸੰਸਾਰ ਨੂੰ ਨਸ਼ਾ-ਮੁਕਤ’ ਬਣਾਉਣ ਦੇ ਦ੍ਰਿੜ ਪ੍ਰਣ ਨਾਲ ਇਸ ਸਮਾਗਮ ਦੀ ਸਮਾਪਤੀ ਕੀਤੀ ਗਈ।

No comments: