Saturday, August 11, 2018

2020 ਦੇ ਰਿਫਰੈਂਡਮ ਮਾਮਲਾ ਗਰਮਾਇਆ-ਕਾਂਗਰਸ ਪਾਰਟੀ ਵੱਲੋਂ ਵੀ ਤਿੱਖੀ ਆਲੋਚਨਾ

ਕਿਹਾ-ਸੂਝਵਾਨ ਸਿੱਖ ਕੌਮ ISI ਦੀ ਸਾਜ਼ਿਸ਼ ਕਾਮਯਾਬ ਨਹੀਂ ਹੋਣ ਦੇਵੇਗੀ'
ਪਾਇਲ: (ਲੁਧਿਆਣਾ): 11 ਅਗਸਤ 2018: (ਪੰਜਾਬ ਸਕਰੀਨ ਬਿਊਰੋ)::

ਹਲਕਾ ਪਾਇਲ ਦੇ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਲੰਡਨ ਵਿੱਚ ਹੋ ਰਹੇ '2020 ਦੇ ਰਿਫਰੈਂਡਮ' ਨੂੰ ਪਾਕਿਸਤਾਨ ਦੀ ਏਜੰਸੀ ਆਈ. ਐੱਸ. ਆਈ. ਦੀ ਸਾਜਿਸ਼ ਕਰਾਰ ਦਿੰਦਿਆਂ ਇਸ ਦੇ ਆਯੋਜਕਾਂ ਨੂੰ ਤਾੜਨਾ ਕੀਤੀ ਹੈ ਕਿ ਉਹ ਸਿੱਖ ਨੌਜਵਾਨੀ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਨਾ ਕਰਨ।
ਅੱਜ ਜਾਰੀ ਬਿਆਨ ਵਿੱਚ ਨੌਜਵਾਨ ਵਿਧਾਇਕ ਲੱਖਾ ਨੇ ਕਿਹਾ ਕਿ ਵਿਦੇਸ਼ਾਂ ਦੀ ਧਰਤੀ 'ਤੇ ਸੁੱਖ ਸਹੂਲਤਾਂ ਦਾ ਨਿੱਘ ਮਾਣ ਰਹੇ 'ਮੁੱਠੀ ਭਰ' ਲੋਕ ਆਪਣੀਆਂ ਰਾਜਸੀ ਚੌਧਰਾਂ ਚਮਕਾਉਣ ਅਤੇ ਭੋਲੇ ਭਾਲੇ ਸਿੱਖਾਂ ਤੋਂ ਮੋਟੀਆਂ ਰਕਮਾਂ ਇਕੱਠੀਆਂ ਕਰਨ ਦੇ ਲਾਲਚ ਵਿੱਚ '20-20 ਰਿਫਰੈਂਡਮ' ਦਾ ਆਯੋਜਨ ਕਰ ਰਹੇ ਹਨ। ਅਜਿਹੇ ਲੋਕਾਂ ਨੂੰ ਸਿੱਖਾਂ ਨਾਲ ਜਾਂ ਲੋਕਾਈ ਨਾਲ ਕੋਈ ਪ੍ਰੇਮ ਨਹੀਂ ਹੈ, ਸਗੋਂ ਇਹ ਤਾਂ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐੱਸ. ਆਈ. ਦੇ ਇਸ਼ਾਰੇ 'ਤੇ ਪੰਜਾਬ ਅਤੇ ਭਾਰਤ ਦਾ ਮਾਹੌਲ ਖ਼ਰਾਬ ਕਰਨ 'ਤੇ ਲੱਗੇ ਹੋਏ ਹਨ। 

ਜਨਾਬ ਲੱਖਾ ਨੇ ਕਿਹਾ ਕਿ ਅਜਿਹੇ ਆਯੋਜਨ ਕਰਨ ਵਾਲੇ ਵਿਦੇਸ਼ੀ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਪੰਜਾਬ ਦੀ ਧਰਤਲ ਹਾਲਤ ਦਾ ਜਾਇਜ਼ਾ ਲੈਣ। ਪਿਛਲੇ 10 ਸਾਲਾਂ ਦੇ ਅਕਾਲੀ-ਭਾਜਪਾ ਗਠਜੋੜ ਰਾਜ ਦੌਰਾਨ ਨੌਜਵਾਨੀ ਨੂੰ ਸਾਂਭਣ ਲਈ ਕੋਈ ਯਤਨ ਨਹੀਂ ਕੀਤਾ ਗਿਆ, ਨਤੀਜਤਨ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਰਾਹ ਪੈ ਗਈ ਅਤੇ ਪੰਜਾਬ ਆਰਥਿਕ ਅਤੇ ਸਮਾਜਿਕ ਪੱਖੋਂ ਟੁੱਟ ਗਿਆ, ਜਿਸ ਨੂੰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਮੁੜਨ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 
ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਚਾਹੀਦਾ ਹੈ ਕਿ ਜੇਕਰ ਉਹ ਵਾਕਿਆ ਹੀ ਪੰਜਾਬ, ਸਿੱਖੀ ਅਤੇ ਸਿੱਖ ਨੌਜਵਾਨਾਂ ਲਈ ਕੁਝ ਕਰਨਾ ਚਾਹੁੰਦੇ ਹਨ ਤਾਂ ਉਹ ਪੰਜਾਬ ਅਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਅੱਗੇ ਆਉਣ। ਸਿੱਖ ਨੌਜਵਾਨੀ ਨੂੰ ਕੁਰਾਹੇ ਪਾਉਣ ਦੀ ਬਿਜਾਏ ਅਜਿਹੇ ਲੋਕਾਂ ਨੂੰ ਪੰਜਾਬ ਆ ਕੇ ਨੌਜਵਾਨੀ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ। ਸ੍ਰ. ਲੱਖਾ ਨੇ ਕਿਹਾ ਕਿ ਸੂਝਵਾਨ ਸਿੱਖ ਕੌਮ ਆਈ. ਐੱਸ. ਆਈ. ਦੀ ਇਸ ਸਾਜਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ।

No comments: