Saturday, August 04, 2018

ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਵਸ ਸੰਬੰਧੀ ਰਾਜ ਪੱਧਰੀ ਸਮਾਗਮ 15 ਨੂੰ

ਗੋਆ ਮੁਕਤੀ ਅੰਦੋਲਨ ਦੇ ਪਹਿਲੇ ਸ਼ਹੀਦ ਨੂੰ ਦਿੱਤੀ ਜਾਏਗੀ ਸ਼ਰਧਾਂਜਲੀ
ਈਸੜੂ:  4 ਅਗਸਤ 2018: (ਪੰਜਾਬ ਸਕਰੀਨ ਬਿਊਰੋ):: 
ਸ਼ਹੀਦ ਕਰਨੈਲ ਸਿੰਘ ਈਸੜੂ
ਜਦ ਵੀ ਕਿਸੇ ਅਲੌਕਿਕ ਮਸਤੀ ਦਾ ਖਿਆਲ ਆਉਂਦਾ ਹੈ ਤਾਂ ਗੋਆ ਦਾ ਨਾਮ ਸਹਿਜੇ ਹੀ ਦਿਮਾਗ ਵਿੱਚ ਆ ਜਾਂਦਾ ਹੈ। ਮਸਤੀ ਦੇ ਇਹਨਾਂ ਖਿਆਲਾਂ ਵਿੱਚ ਅਕਸਰ ਭੁੱਲ ਜਾਂਦੀਆਂ ਹਨ ਉਹ ਕੁਰਬਾਨੀਆਂ ਜਿਹੜੀਆਂ ਗੋਆ ਦੀ ਆਜ਼ਾਦੀ ਲਈ ਕੀਤੀਆਂ ਗਈਆਂ। ਕਿੱਤੇ ਤੋਂ ਮਾਸਟਰ, ਸੁਭਾਅ ਪੱਖੋਂ ਫੌਜੀਆਂ ਵਾਲਾ ਅੰਦਾਜ਼, ਦਿਲ ਵਿੱਛ ਕੁਰਬਾਨੀ ਦਾ ਜਜ਼ਬਾ ਤੇ ਤਿਰੰਗੇ ਨੂੰ ਉੱਚਾ ਰੱਖਣ ਲਈ ਪੁਰਤਗਾਲੀਆਂ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਏ। ਜਦੋਂ ਸੀਪੀਆਈ ਨੇ ਵੀ ਗੋਆ ਨੂੰ ਸ਼ਾਂਤਮਈ ਮਈ ਢੰਗ ਨਾਲ ਆਜ਼ਾਦ ਕਰਾਉਣ ਲਈ ਸੱਤਿਆਗਿਰਹ ਦਾ ਸੱਦਾ ਦਿੱਤਾ ਪਾਰਟੀ ਦੇ ਕੇਡਰ ਨੇ ਦੂਰੋਂ ਦੂਰੋਂ ਗੋਆ ਵੱਲ ਵਹੀਰਾਂ ਘੱਤ ਦਿੱਤੀਆਂ। ਸੀਪੀਆਈ ਲੁਧਿਆਣਾ ਦਾ ਇੱਕ ਪੁਰਾਣ ਵਰਕਰ ਦੱਸਦਾ ਹੈ ਕਿ ਉਸ ਸਮੇਂ ਮਾਸਟਰ ਕਰਨੈਲ ਸਿੰਘ ਈਸੜੂ ਕੋਲ ਗੋਆ ਪਹੁੰਚਣ ਲਈ ਕਿਰਾਏ ਭਾੜੇ ਦੇ ਪੈਸੇ ਨਹੀਂ ਸਨ। ਮਾਸਟਰ ਨੇ ਆਪਣਾ ਸਾਈਕਲ ਵੀ ਵੇਚਿਆ ਅਤੇ ਘੜੀ ਵੀ। ਆਖ਼ਿਰੀ ਵਾਰ ਪਾਰਟੀ ਦੇ ਲੁਧਿਆਣਾ ਦਫਤਰ ਵਿੱਚ ਪੁੱਜ ਕੇ ਲਾਲ ਝੰਡੇ ਨੂੰ ਸਲਾਮੀ ਦਿੱਤੀ ਅਤੇ ਗੋਆ ਲਈ ਰਵਾਨਾ ਹੋ ਗਿਆ। 
ਜਦੋਂ ਗੋਆ ਪੁੱਜੇ ਤਾਂ ਪੁਰਤਗਾਲੀ ਫੌਜਾਂ ਡਾਂਗਾਂ ਦੇ ਨਾਲ ਨਾਲ ਗੋਲੀਆਂ ਵੀ ਚਲਾ ਰਹੇ ਸਨ। ਇਹ ਗੱਲ 15 ਅਗਸਤ 1955 ਦੀ ਹੈ। ਇੱਕ ਪਾਸੇ ਗੋਲੀਆਂ ਦੂਜੇ ਪਾਸੇ ਲੋਕ ਪੱਖੀ ਕਾਮਰੇਡ। ਬੰਗਾਲੀ ਕਾਮਰੇਡ ਚੇਤਲੇ ਇਸ ਗਰੁੱਪ ਦੀ ਅਗਵਾਈ ਕਰ ਰਿਹਾ ਸੀ। ਗੋਆ ਦੀ ਹੱਦ ਵਿੱਚ ਦਾਖਲ ਹੋਣ ਲੱਗੇ ਤਾਂ ਅੱਗੋਂ ਗੋਲੀਂ ਦਾ ਮੀਂਹ ਸ਼ੁਰੂ ਹੋ ਗਿਆ। ਗੋਲੀਆਂ ਲੱਗਣ ਕਾਰਨ ਕਾਮਰੇਡ ਚੇਤਲੀ ਦੇ ਹੱਥਾਂ ਵਿੱਚੋਂ ਕੌਮੀ ਝੰਡਾ ਡਿੱਗਣ ਹੀ ਵਾਲਾ ਸੀ ਮਾਸਟਰ ਕਰਨੈਲ ਸਿੰਘ ਦੇ ਖੂਨ ਨੇ ਉਬਾਲਾ ਖਾਧਾ। ਅੱਠਵੀਂ ਕਤਾਰ ਚੋਂ ਭੱਜ ਕੇ ਅੱਗੇ ਪਹੁੰਚਿਆ ਪਰ ਝੰਡੇ ਨੂੰ ਥੱਲੇ ਨਹੀਂ ਡਿੱਗਣ ਨਹੀਂ ਦਿੱਤਾ। ਮਾਸਟਰ ਕਰਨੈਲ ਸਿੰਘ ਨੂੰ ਵੀ ਸਿਧ ਛਾਤੀ ਵਿੱਚ ਗੋਲੀਆਂ ਲੱਗਿਆਂ ਅਤੇ ਸ਼ਹਾਦਤ ਪਰਾਪਤ ਕੀਤੀ। ਉਸ ਮਹਾਨ ਸ਼ਹੀਦ ਦੀ ਯਾਦ ਵਿੱਚ ਸੀਪੀਆਈ ਦੇ ਲੁਧਿਆਣਾ ਦਫਤਰ ਦਾ ਨਾਮ ਅੱਜ ਵੀ ਕਰਨੈਲ ਸਿੰਘ ਈਸੜੂ ਭਵਨ ਹੈ। ਇਥੇ ਆਏ ਦਿਨ ਲੋਕ ਪੱਖੀ ਜੱਥੇਬੰਦੀਆਂ ਦੀਆਂ ਮੀਟਿੰਗਾਂ ਹੁੰਦੀਆਂ ਹਨ। 
ਮੁੱਖ ਸਮਾਗਮ ਇਸ ਵਾਰ ਵੀ ਖੰਨਾ ਵਿੱਚ ਹੋਣਾ ਹੈ। ਗੋਆ ਮੁਕਤੀ ਅੰਦੋਲਨ ਦੇ ਪਹਿਲੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਹਾੜੇ 'ਤੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਮਿਤੀ 15 ਅਗਸਤ ਦਿਨ ਬੁੱਧਵਾਰ ਨੂੰ ਪਿੰਡ ਈਸੜੂ ਦੀ ਦਾਣਾ ਮੰਡੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ। 
ਇਸ ਸਮੇਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਖੰਨਾ ਦੇ ਵਿਧਾਇਕ ਸ੍ਰ. ਗੁਰਕੀਰਤ ਸਿੰਘ ਕੋਟਲੀ, ਪਾਇਲ ਦੇ ਵਿਧਾਇਕ ਸ੍ਰ. ਲਖਬੀਰ ਸਿੰਘ ਲੱਖਾ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਜ਼ਿਲਾ ਪੁਲਿਸ ਮੁੱਖੀ ਸ੍ਰੀ ਧਰੁਵ ਦਹਿਆ ਨੇ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਨੂੰ ਸਫ਼ਲ ਕਰਨ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਸਖ਼ਤ ਸੁਰੱਖਿਆ ਅਤੇ ਹੋਰ ਪ੍ਰਬੰਧ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਸਾਰੇ ਅਧਿਕਾਰੀਆਂ ਨੂੰ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। 
ਖੰਨਾ ਦੇ ਜ਼ਿਲਾ ਪੁਲਿਸ ਮੁਖੀ ਸ੍ਰੀ ਦਹਿਆ ਨੇ ਦੱਸਿਆ ਕਿ ਟਰੈਫਿਕ ਦੀ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਲਈ ਭਾਰੀ ਟਰੈਫਿਕ ਨੂੰ ਹੋਰ ਰਸਤਿਆਂ ਰਾਹੀਂ ਤਬਦੀਲ ਕੀਤਾ ਜਾਵੇਗਾ। ਸਮਾਗਮ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਜੇ ਸੂਦ, ਐੱਸ. ਡੀ. ਐੱਮ. ਖੰਨਾ ਸ੍ਰੀ ਸੰਦੀਪ ਸਿੰਘ ਅਤੇ ਹੋਰ ਅਧਿਕਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

No comments: