Sunday, July 08, 2018

ਖਾਮੋਸ਼ੀ ਦੀ ਬੁਲੰਦ ਆਵਾਜ਼ ਹੈ ਮਨਿੰਦਰ ਕੌਰ ਮਨ ਦੀ ਪੁਸਤਕ ਰੀਝਾਂ ਦਾ ਅੰਬਰ

ਪੁਸਤਕ ਰਿਲੀਜ਼ ਦੌਰਾਨ ਮਨਿੰਦਰ ਕੌਰ ਮਨ ਦੀਆਂ ਕਵਿਤਾਵਾਂ ਸੁਣਨ ਮਗਰੋਂ 
ਲੁਧਿਆਣਾ: 6 ਜੁਲਾਈ 2018: (ਰੈਕਟਰ ਕਥੂਰੀਆ//ਪੰਜਾਬ ਸਕਰੀਨ):: 
ਵਾਟਸਅਪ  ਗਰੁੱਪ "ਸਿਰਜਣਧਾਰਾ" ਵਿੱਚੋਂ ਧੰਨਵਾਦ ਸਾਹਿਤ 
ਪੰਜਾਬ ਹਰਿਆਣਾ ਹਿਮਾਚਲ ਭਾਵੇਂ ਅਲੱਗ ਅਲੱਗ ਕਰ ਦਿੱਤੇ ਗਏ ਪਰ ਇਹਨਾਂ ਸੂਬਿਆਂ ਦੇ ਵਸਨੀਕਾਂ ਨੇ ਇੱਕੋ ਜਿਹੇ ਦੁੱਖ ਹੰਢਾਏ। ਮੁਸੀਬਤਾਂ ਲਗਾਤਾਰ ਵੱਧ ਚੜ ਕੇ ਆਉਂਦੀਆਂ ਰਹੀਆਂ। ਵੱਖ ਲਹਿਰਾਂ ਵੀ ਸਮੇਂ ਸਮੇਂ ਉੱਠੀਆਂ ਪਰ ਉਹਨਾਂ ਲਹਿਰਾਂ ਨੇ ਵੀ ਪੰਜਾਬੀਆਂ ਨੂੰ ਦੁੱਖ ਜ਼ਿਆਦਾ ਦਿੱਤੇ। ਇਹ ਦੁੱਖ ਭੁਗਤਣ ਦੀ ਵਾਰੀ ਆਈ ਤਾਂ ਸਭ ਤੋਂ ਵੱਧ ਸਹਿਣ ਕੀਤਾ ਪੰਜਾਬ ਦੀਆਂ ਔਰਤਾਂ ਨੇ। ਮੁਸੀਬਤਾਂ ਦੇ ਇਸ ਨਿਰੰਤਰ ਦੌਰ ਵਿੱਚ ਔਰਤ ਦੀ ਹੋਂਦ, ਉਸਦੀ ਪਸੰਦ, ਉਸਦੀਆਂ ਇੱਛਾਵਾਂ, ਉਸਦੇ ਦਰਦ---ਸਭ ਕੁਝ ਪਰਿਵਾਰ ਦੇ ਮਸਲਿਆਂ ਸਾਹਮਣੇ ਨਜ਼ਰ ਅੰਦਾਜ਼ ਹੁੰਦੇ ਗਏ। ਹਿੰਦੀ ਅੰਗਰੇਜ਼ੀ ਵਿੱਚ ਇਸਤਰੀਵਾਦ ਨੂੰ ਸਮਰਪਿਤ ਬਹੁਤ ਸਾਰੀਆਂ ਕਲਮਾਂ ਉੱਠੀਆਂ ਪਰ ਪੰਜਾਬ ਤਾਂ ਆਏ ਦਿਨ ਕਿਸੇ ਨ ਕਿਸੇ ਸੰਘਰਸ਼ ਜਾਂ ਜੰਗ ਵਿੱਚ ਉਲਝਿਆ ਰਿਹਾ। ਕਦੇ ਘਰ ਚਲਾਉਣ ਦਾ ਸੰਘਰਸ਼-ਕਦੇ ਸਮਾਜ ਦੀਆਂ ਰਹੁ ਰੀਤਾਂ ਨਾਲ ਚੱਲਣ ਦਾ ਸੰਘਰਸ਼ ਤੇ ਕਦੇ ਨਸ਼ਿਆਂ ਵਿੱਚ ਉਲਝਾ ਦਿੱਤੇ ਗਏ ਘਰਾਂ ਦੇ ਪੁਰਸ਼ਾਂ ਨੂੰ ਬਚਾਉਣ ਦਾ ਸੰਘਰਸ਼। ਇਹਨਾਂ ਸਾਰੇ ਹਾਲਾਤਾਂ ਨੇ ਪੰਜਾਬ ਦੀ ਸਾਹਿਤਕ ਅਤੇ ਸੱਭਿਆਚਾਰਕ ਜ਼ਮੀਨ ਨੂੰ ਪਥਰੀਲਾ ਬਣਾ ਦਿੱਤਾ। ਅਜਿਹੀ ਜ਼ਮੀਨ ਜਿਸ ਵਿੱਚ ਘਟੋਘਟ ਇਸਤਰੀ ਲੇਖਕਾਵਾਂ ਲਈ ਕਲਾ ਅਤੇ ਸਾਹਿਤ ਦੀ ਰਚਨਾ ਅਸੰਭਵ ਵਾਂਗ ਸੀ।ਜੋ ਕੁਝ ਪੁਰਸ਼ ਲੇਖਕਾਂ ਨੇ ਰਚਿਆ ਉਹ ਵੀ ਘਰ ਦੀਆਂ ਇਸਤਰੀਆਂ ਦੇ ਸਹਿਯੋਗ ਬਿਨਾ ਨਾਮੁਮਕਿਨ ਜਿਹਾ ਹੀ ਸੀ। ਅਜਿਹੇ ਅਸੰਭਵ ਹਾਲਾਤ ਵਿੱਚ ਵੀ ਬਹੁਤ ਸਾਰੀਆਂ ਇਸਤਰੀ ਕਲਮਾਂ ਨੇ ਆਪਣੀਆਂ ਲਿਖਤਾਂ ਦੇ ਚਮਤਕਾਰ ਦਿਖਾਏ। ਪਰ ਇਹਨਾਂ ਵਿੱਚ ਇਸਤਰੀ ਮਨਾਂ ਅੰਦਰ ਲੁਕੀ ਸੰਵੇਦਨਾ ਬਹੁਤ ਹੀ ਘੱਟ ਸਾਹਮਣੇ ਆਈ। ਸ਼ਾਇਦ ਇਸ ਦਰਦ ਦਾ ਪਰਗਟਾਵਾ ਅੱਜ ਵੀ ਬਹੁਤੀ ਥਾਈਂ ਕਿਸੇ ਵਿਵਰਜਿਤ ਕਾਮਨਾ ਵਰਗਾ ਹੈ। ਬਹੁਤ ਸਾਰੇ ਦਰਦ ਇਸਤਰੀਆਂ ਕਦੇ ਵੀ ਜ਼ਾਹਰ ਨਹੀਂ ਕਰਦਿਆਂ ਕਿ ਕਿਤੇ ਕੋਈ ਨਵਾਂ ਕਲੇਸ਼ ਨਾ ਪੈ ਜਾਵੇ। ਇਹਨਾਂ ਸੂਖਮ ਦਬਾਵਾਂ ਨੇ ਇਸਤਰੀ ਦੇ ਮਨੋਵਿਗਿਆਨ ਨੂੰ ਵੀ ਪ੍ਰਭਾਵਿਤ ਕੀਤਾ ਪਾਰ ਦਰਦ ਦੀ ਸ਼ਿੱਦਤ ਆਪਣਾ ਜ਼ੋਰ ਲਾਉਂਦੀ ਰਹੀ। ਸੱਭਿਅਕ ਸਮਰਪਣ ਨੇ ਇਸ ਸ਼ਿੱਦਤ ਨੂੰ ਹੋਰ ਤਰਾਸ਼ਿਆ। ਅਜਿਹੇ ਮਾਹੌਲ ਵਿੱਚੋਂ ਹੀ ਸਾਹਮਣੇ ਆਈ ਇੱਕ ਹੋਰ ਲੇਖਿਕਾ ਮਨਿੰਦਰ ਕੌਰ। 
ਮਨਿੰਦਰ ਕੌਰ ਦ ਪਹਿਲਾ ਕਾਵਿ ਸੰਗਰਹਿ "ਰੀਝਾਂ ਦਾ ਅੰਬਰ" ਸਿਰਫ ਅਸਮਾਨੀ ਪਹੁੰਚਦੀਆਂ ਰੀਝਾਂ ਦਾ ਹੀ ਪਤਾ ਨਹੀਂ ਦੇਂਦਾ ਬਲਕਿ ਪਤਾਲਾਂ ਵਿੱਚ ਲੂਕਾ ਰਹੀ ਗਏ ਦਰਦਾਂ ਦਾ ਇਸ਼ਾਰਾ ਵੀ ਦੇਂਦਾ ਹੈ। 
ਇਸ ਪੁਸਤਕ ਵਿਚਲੀਆਂ ਰਚਨਾਵਾਂ ਰਾਤੋਰਾਤ ਨਹੀਂ ਲਿਖੀਆਂ ਗਈਆਂ। ਇਹਨਾਂ ਨੂੰ ਲਿਖਣ ਦੀ ਪਰਕਿਰਿਆ ਬਹੁਤ ਪਹਿਲਾਂ ਸ਼ੁਰੂ ਹੋ ਗਈ ਸੀ। ਸਮਾਜ ਅਤੇ ਸੱਭਿਆਚਾਰ ਦੀਆਂ ਅਣਐਲਾਨੀਆਂ ਬੰਦਸ਼ਾਂ ਦੇ ਬਾਵਜੂਦ ਇਹਨਾਂ ਰਚਨਾਵਾਂ ਨੇ ਪੁਸਤਕ ਦਾ ਰੂਪ ਧਾਰਿਆ। ਪਤੀ ਨੇ ਪੂਰਾ ਸਾਥ ਦਿੱਤਾ। ਪਰਿਵਾਰ ਨੇ ਪੂਰਾ ਸਾਥ ਦਿੱਤਾ। ਬਾਵਾ ਬਲਵੰਤ ਹੁਰਾਂ ਦੀਆਂ ਉਹ ਸਤਰਾਂ ਸੱਚ ਸਾਬਿਤ ਹੋ ਗਈਆਂ--
ਸ਼ੌਕ ਤੋੜ ਲੰਘਿਆ ਕੋਟ ਆਫ਼ਤਾਂ ਦੇ
ਸਮਾਂ ਸੂਝ ਦੀਆਂ ਛੁਰੀਆਂ ਉਲਰਦਾ ਰਿਹਾ। 
ਇਸ ਕਿਤਾਬ ਦਾ ਸਾਹਮਣੇ ਆਉਣਾ ਵੀ ਇੱਕ ਕਰਿਸ਼ਮਾ ਹੀ ਹੈ। ਉਹਨਾਂ ਕਰਿਸ਼ਮਿਆਂ ਵਾਂਗ ਜਿਹੜੇ ਹਰ ਰੋਜ਼ ਕਿਸੇ ਨ ਕਿਸੇ ਦੀ ਜ਼ਿੰਦਗੀ ਵਿੱਚ ਵਾਪਰਦੇ ਹਨ ਪਰ ਸਾਨੂੰ ਸਾਰਿਆਂ ਨੂੰ ਨਜ਼ਰ ਨਹੀਂ ਆਉਂਦੇ। ਸਿਰਫ ਉਸਨੂੰ ਪਤਾ ਹੁੰਦਾ ਹੈ ਜਿਸਦੀ ਜ਼ਿੰਦਗੀ ਵਿੱਚ ਇਹ ਵਾਪਰਦੇ ਹਨ ਜਾਂ ਫਿਰ ਉਸਦੇ ਪਰਮਾਤਮਾ ਨੂੰ। 
ਪੁਸਤਕ ਛਪਣ ਤੋਂ ਲੈ ਕੇ ਰਿਲੀਜ਼ ਹੋਣ ਤੱਕ ਇੱਕ ਹੋਰ ਕਲਮਕਾਰਾ ਜਸਪਰੀਤ ਕੌਰ ਫ਼ਲਕ ਆਪਣੀ ਇਸ ਸਹੇਲੀ ਮਨਿੰਦਰ ਕੌਰ ਮਨ ਨੂੰ ਰੱਬ ਵਾਂਗ ਬਹੁੜੀ। ਸਾਰੇ ਪਰਬੰਧ ਮੁਕੰਮਲ ਕਰਾਏ। ਲੱਗਦਾ ਹੈ ਫ਼ਲਕ ਅਤੇ ਮਨਿੰਦਰ ਕੌਰ ਮਨ ਦਾ ਆਪਸ ਵਿੱਚ ਬਹੁਤ ਚੰਗੀ ਤਰਾਂ ਜੁੜਿਆ ਹੋਇਆ ਹੈ। ਪੁਸਤਕ ਦੇ ਇਸ ਲੋਕ ਅਰਪਣ ਸਮਾਗਮ ਵਿੱਚ ਪਦਮਸ਼ਰੀ ਸੁਰਜੀਤ ਪਾਤਰ, ਡਾਕਟਰ ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿਤ ਐਕਡਮੀ ਦੇ ਪਰਧਾਨ ਡਾਕਟਰ ਰਵਿੰਦਰ ਭੱਠਲ, ਜ਼ਿੰਦਗੀ ਦੀਆਂ ਰਮਜ਼ਾਂ ਨੂੰ ਨੇੜਿਉਂ ਹੋ ਕੇ ਦੇਖਣ ਵਾਲੇ ਜਸਵੰਤ ਜ਼ਫ਼ਰ, ਕਈ ਐਵਾਰਡ ਜਿੱਤਣ ਵਾਲੀ ਡਾਕਟਰ ਗੁਰਚਰਨ ਕੌਰ ਕੋਚਰ,  ਲੋਕ  ਪੱਖੀ ਮੁਹਿੰਮ ਨਾਲ ਜੁੜੇ ਹੋਏ ਡਾਕਟਰ ਗੁਲਜ਼ਾਰ ਪੰਧੇਰ ਅਤੇ ਸੁਰੀਲਾ ਆਵਾਜ਼ ਵਾਲੇ ਸ਼ਾਇਰ ਤਰੈਲੋਚਨ ਲੋਚੀ ਵਰਗੀਆਂ ਸ਼ਖਸੀਅਤਾਂ ਨੇ ਇਸ ਪੁਸਤਕ ਦੇ ਰਿਲੀਜ਼ ਸਮਾਗਮ ਵਿੱਚ ਪਹੁੰਚ ਕੇ ਇਸ ਨੂੰ ਮਾਨਤਾ ਦਿੱਤੀ। 
ਇਸ ਸਾਰੇ ਸਮਾਗਮ ਵਿੱਚ ਜਾਨ ਪਾਈ ਆਵਾਜ਼ ਦੀ ਜਾਦੂਗਰ ਸਿਰਸਾ ਤੋਂ ਆਈ ਸ਼ਾਇਰਾ ਅਤੇ ਰੇਡੀਓ ਜੈਕੀ ਛਿੰਦਰ ਕੌਰ ਨੇ। ਮੰਚ ਸੰਚਾਲਨ ਸਮੇਂ ਹਰ ਵਾਰ ਕੋਈ ਨਵਾਂ ਸ਼ੇਅਰ. ਨਵੇਂ ਸ਼ਬਦ, ਨਵਾਂ ਅੰਦਾਜ਼--ਲੱਗਦਾ ਸੀ ਜਿਵੇਂ ਕਿਸੇ ਰੱਬੀ ਸ਼ਕਤੀ ਨੇ ਇਸ ਸਮਾਗਮ ਨੂੰ ਆਪ ਸਫਲ ਕਰਾਇਆ। ਜਲਦੀ ਹੀ ਕਤਾਬ ਬਾਰੇ ਚਰਚਾ ਕਿਸੇ ਵੱਖਰੀ ਪੋਸਟ ਵਿੱਚ ਕੀਤੀ ਜਾਵੇਗੀ। 

No comments: