Saturday, July 07, 2018

ਕਾਲਾ ਹਫ਼ਤਾ ਬਨਾਮ ਨਸ਼ਿਆਂ ਖਿਲਾਫ਼ ਜੰਗ ਦਾ ਬਿਗਲ//ਗੁਰਮੀਤ ਕੌਰ ਸੰਧਾ

Jul 2, 2018, 7:07 AM
ਸਰਕਾਰਾਂ ਤੇ ਟੇਕ ਰੱਖਣੀ ਸਾਡੀ ਮੂਰਖਤਾ ਹੋਵੇਗੀ
ਲੇਖਿਕਾ ਗੁਰਮੀਤ ਕੌਰ ਸੰਧਾ 
ਮਨੁੱਖੀ ਸੁਭਾਅ ਹੈ ਕਿ ਉਹ ਓਨਾ ਚਿਰ ਖ਼ਤਰੇ ਵੱਲ ਕੋਈ ਧਿਆਨ ਨਹੀਂ ਦਿੰਦਾ ਜਿੰਨਾ ਚਿਰ ਕੋਈ ਵੱਡਾ ਨੁਕਸਾਨ ਨਾ ਹੋ ਜਾਵੇ। ਛੰਨ ਸਿਰ ਤੇ ਆਣ ਡਿੱਗੇ, ਤਾਂ ਹੀ ਅਸੀਂ ਸੋਚਣ ਲਗਦੇ ਹਾਂ ਕਿ ਇਹਦਾ ਹੁਣ ਕੁਝ ਕਰਨਾ ਚਾਹੀਦਾ ਹੈ।  ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਰੁਝਾਨ ਵਾਲੀ ਗੱਲ ਨਾਲ ਵੀ ਇਵੇਂ ਹੀ ਹੋਇਆ ਹੈ। ਜਦੋਂ ਸਮਾਂ ਸੀ,ਅਸੀਂ ਅਣਭੋਲ ਰਹੇ, ਹੁਣ ਸਾਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।  ਸਾਡੇ ਪਿੰਡਾਂ ਸ਼ਹਿਰਾਂ ਵਿੱਚ ਸ਼ਰਾਬ ਦੇ ਖਾਲ ਵਗਦੇ ਸਨ, ਅਸੀਂ ਗੱਲ ਨਹੀਂ ਗੌਲ਼ੀ। ਟਾਵਾਂ ਟਾਵਾਂ ਅਫ਼ੀਮ ਅਤੇ ਭੁੱਕੀ ਦਾ ਅਮਲੀ ਵੀ ਪਿੰਡਾਂ ਵਿੱਚ ਵੇਖਣ ਨੂੰ ਮਿਲਦਾ ਸੀ, ਓਦੋਂ ਤੱਕ ਇਹ ਕੋਈ ਵੱਡੀ ਸਮੱਸਿਆ ਨਹੀਂ ਸੀ।  ਯੂ ਪੀ , ਬਿਹਾਰ ਦਾ ਮਜ਼ਦੂਰ ਤਬਕਾ ਪੰਜਾਬ ਵਿੱਚ ਆਇਆ ਤਾਂ ਜ਼ਰਦੇ ਦੀ ਸੌਗਾਤ ਲੈ ਕੇ ਆਇਆ, ਜਿਹੜਾ ਸਾਡੇ ਇੱਧਰ ਦੇ ਮਜ਼ਦੂਰਾਂ ਤੱਕ ਪਹੁੰਚ ਗਿਆ ਅਤੇ ਫਿਰ ਆਮ ਹੋ ਗਿਆ। ਸ਼ਰਾਬ ਦੇ ਵਗਦੇ ਖਾਲ਼ ਵਧਦੇ ਵਧਦੇ ਦਰਿਆ ਬਣੇ, ਅਸੀਂ ਸੁੱਤੇ ਰਹੇ। ਸਰਕਾਰਾਂ ਸ਼ਰਾਬ ਤੋਂ ਮਿਲਦੇ ਟੈਕਸ ਵਿੱਚੋਂ ਆਪਣੀ ਖ਼ੁਸ਼ਹਾਲੀ ਤਲਾਸ਼ ਕਰਨ ਲੱਗੀਆਂ,  ਅਸੀਂ ਫਿਰ ਵੀ ਖਬਰਦਾਰ ਨਹੀਂ ਹੋਏ। ਵਿਆਹਾਂ ਸ਼ਾਦੀਆਂ ਵਿੱਚ ਸ਼ਰਾਬ  ਸਟੇਟਸ ਸਿੰਬਲ ਬਣ ਗਈ। ਪਿਓ ਪੁੱਤ ਇਕੱਠੇ ਬਹਿ ਬਹਿ ਕੇ ਪੀਣ ਲੱਗ ਪਏ ਤੇ ਨਿੱਕਲਦੇ ਨਿੱਕਲਦੇ ਸਾਡੇ ਪੁੱਤਰ ਆਪਣੇ ਪਿਓਆਂ ਨਾਲ਼ੋਂ ਕਈ ਕਦਮ ਅੱਗੇ ਨਿੱਕਲ ਗਏ। ਸੁਣਿਆ ਜਾਣ ਲੱਗਾ ਕਿ ਕਾਲਜਾਂ ਦੇ ਹੋਸਟਲਾਂ ਵਿੱਚ ਨਸ਼ੇ ਦੇ ਕੈਪਸੂਲ ਖਾਂਦੇ ਨੇ ਮੁੰਡੇ , ਓਦੋਂ ਏਹੋ ਗੱਲਾਂ ਹੀ ਬੜੀਆਂ ਹੈਰਾਨੀਜਨਕ ਪ੍ਰ੍ਤੀਤ ਹੁੰਦੀਆਂ ਸਨ।  ਫਿਰ ਆਹ ਚਿੱਟਾ ਪਤਾ ਨਹੀਂ ਕਦੋਂ ਅਤੇ ਕਿੱਧਰੋਂ ਆ ਗਿਆ ....ਬਸ ਜਾਨ ਦਾ ਖ਼ੌਅ ਬਣ ਕੇ ਰਹਿ ਗਿਆ। ਇਹ ਹੈ ਕੀ ਬਲਾ ?...ਇਹ ਮੇਰੇ ਸਮੇਤ ਬਹੁਤਿਆਂ ਨੂੰ  ਇਹਦੇ ਬਾਰੇ ਬਹੁਤਾ ਨਹੀਂ ਪਤਾ, ਪਰ ਏਨਾ ਜਰੂਰ ਪਤਾ ਹੈ ਕਿ ਜੀਹਨੇ ਇਹਦਾ ਸਵਾਦ ਇੱਕ ਵਾਰੀ ਚੱਖ ਲਿਆ, ਮੁੜ ਇਹਨੂੰ ਛੱਡ ਨਹੀਂ ਸਕਿਆ। ਇਸ ਮਹਿੰਗੇ ਨਸ਼ੇ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ, ਪਰ ਕਿਸੇ ਸਰਕਾਰ ਨੇ ਇਹਨੂੰ ਨੱਥ ਪਾਉਣ ਦੀ ਨਹੀਂ ਸੋਚੀ। ਨੌਜਵਾਨਾਂ ਕੋਲ ਕੋਈ ਰੋਜ਼ਗਾਰ ਨਹੀਂ, ਘਰਾਂ ਦੀਆਂ ਥੋੜਾਂ ਅਤੇ ਅਨਪੜ੍ਹ ਮਾਪਿਆਂ ਵੱਲੋਂ ਨਿੱਤ ਕੀਤੀ ਜਾਂਦੀ ਕੁੱਤੇ-ਖਾਣੀ ਉਹਨਾਂ ਨੂੰ ਲਗਾਤਾਰ ਨਸ਼ਿਆਂ ਵੱਲ ਧੱਕ ਰਹੀ ਹੈ। ਮਾਪਿਆਂ ਨੇ ਔਖੇ ਹੋ ਕੇ ਪੁੱਤ ਪੜ੍ਹਾਏ ਹੁੰਦੇ ਹਨ, ਜਦੋਂ ਮੁੰਡੇ ਨੂੰ ਆਸ ਮੁਤਾਬਕ ਕੋਈ ਨੌਕਰੀ ਨਹੀਂ ਮਿਲਦੀ ਤਾਂ ਉਹ ਪਰੇਸ਼ਾਨ ਹੋ ਜਾਂਦੇ ਹਨ ਅਤੇ ਇਹ ਪਰੇਸ਼ਾਨੀ ਗੁੱਸਾ ਬਣ ਕੇ ਪੜ੍ਹ ਲਿਖ ਕੇ ਵਿਹਲੇ ਫਿਰਦੇ ਪੁੱਤ ਤੇ ਨਿੱਕਲ ਜਾਂਦੀ ਹੈ। ਨੌਜਵਾਨ ਉਪਰਾਮ ਅਤੇ ਬੇ-ਇਜ਼ਤ ਮਹਿਸੂਸ ਕਰਨ ਲੱਗਦੇ ਹਨ ਅਤੇ ਉਹਨਾਂ ਦਾ ਬਹੁਤਾ ਸਮਾਂ ਆਪਣੇ ਘਰ ਪਰਿਵਾਰ ਤੋਂ ਪਰੇ ਕਿਸੇ ਵਿਹਲੀ ਢਾਣੀ ਵਿੱਚ ਬਤੀਤ ਹੋਣ ਲੱਗਦਾ ਹੈ।  ਇੱਥੇ ਹੀ ਉਹ ਕਿਸੇ ਨਾ ਕਿਸੇ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਹਨ। ਘਰੋਂ ਜਿਵੇਂ ਜਿਵੇਂ ਦੁਰਕਾਰ ਫਿਟਕਾਰ ਵਧਦੀ ਜਾਂਦੀ ਹੈ, ਉਹ ਇਹਨਾਂ ਨਸ਼ਿਆਂ ਵਿੱਚ ਹੋਰ ਵਧੇਰੇ ਧਸਣ ਲੱਗਦੇ ਹਨ ਅਤੇ ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਉਹ ਚੱਤੋ-ਪਹਿਰ ਨਸ਼ੇ ਵਿੱਚ ਰਹਿਣ ਲੱਗ ਪੈਂਦੇ  ਹਨ| ਪੜ੍ਹੇ ਲਿਖਿਆਂ ਨੂੰ ਵਿਹਲੇ ਫਿਰਦੇ ਵੇਖ ਕੇ ਨਵੀਂ ਪੀੜ੍ਹੀ ਪੜ੍ਹਾਈ ਵੱਲੋਂ ਮੂੰਹ ਮੋੜਨ ਲੱਗੀ ਹੈ। ਨਤੀਜਾ ਤੁਹਾਡੇ ਸਾਹਮਣੇ ਹੈ।  ਸਰਕਾਰਾਂ ਨੇ ਕਦੇ ਨਹੀਂ ਸੋਚਿਆ ਕਿ ਜਿਹੜੇ ਪੰਜਾਬ ਦਾ ਦਿੱਤਾ ਖਾਂਦੇ ਹਾਂ ਉਹਦੇ ਪੁੱਤਰਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੀਏ।  ਸਿਆਸਤਦਾਨਾਂ ਦਾ ਇੱਕੋ ਇੱਕ ਟੀਚਾ ਸਿਰਫ ਧਨ ਇਕੱਠਾ ਕਰਨਾ ਹੀ ਹੋ ਗਿਆ ਹੈ। ਸਾਡੇ ਸਕੂਲ ਕਾਲਜ ਲਗਾਤਾਰ ਸਫੈਦਪੋਸ਼ ਨਫਰੀ ਤਿਆਰ ਕਰੀ ਜਾ ਰਹੇ ਹਨ ਜਿਹੜੀ ਹੱਥੀਂ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰਦੀ ਹੈ। ਸੋ ਨੌਕਰੀ ਨਾ ਮਿਲਣ ਦੀ ਹਾਲਤ ਵਿੱਚ ਵਿਹਲੀ ਫਿਰਦੀ ਹੈ। ਰੋਜ਼ਗਾਰ ਦੀ ਕਮੀ ਨੇ ਅਨੇਕਾਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਪ੍ਰਦੇਸੀਂ ਲਿਜਾ ਸੁੱਟਿਆ। ਓਥੇ ਜਾ ਕੇ ਉਹ ਚੰਗਾ ਕਮਾਉਣ ਖਾਣ ਲੱਗੇ ਅਤੇ ਦੇਸ਼ ਵਾਪਸੀ ਤੇ ਆਪਣੇ ਹਮ ਉਮਰ ਦੋਸਤਾਂ ਨਾਲ ਓਥੋਂ ਦੀ ਖੁਸ਼ਹਾਲੀ ਦੀਆਂ ਬਾਤਾਂ ਵੀ ਸਾਂਝੀਆਂ ਕੀਤੀਆਂ ਪਰ ਵਿਦੇਸ਼ਾਂ ਵਿੱਚ ਕੀਤੀ ਜਾਂਦੀ ਸਖਤ ਮਿਹਨਤ ਦੀ ਭਿਣਕ ਨਹੀਂ ਪੈਣ ਦਿੱਤੀ। ਇਓਂ ਉਹਨਾਂ ਦੇ ਵਿਖਾਏ ਸਬਜ਼ ਬਾਗਾਂ ਨੇ ਹਾਣੀਆਂ ਦੇ ਮਨ ਵਿੱਚ ਵੀ ਕਿਸੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਵਿਦੇਸ਼ੀਂ ਜਾਣ ਦੀ ਤਾਂਘ ਪੈਦਾ ਕੀਤੀ ਜਿਹੜੀ ਬਣਦੀ ਬਣਦੀ ਇੱਕ  ਤੀਬਰ ਇੱਛਾ ਬਣ ਗਈ | ਟਰੈਵਲ ਏਜੰਟਾਂ ਨੇ ਇਸੇ ਆੜ ਹੇਠ ਕਰੋੜਾਂ ਦੀਆਂ ਠੱਗੀਆਂ ਕੀਤੀਆਂ, ਘੋਰ ਨਿਰਾਸ਼ਾ ਦੇ ਆਲਮ ਨੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਰੁਚਿਤ ਕਰ ਦਿੱਤਾ। 
                                                          ਨਸ਼ਿਆਂ ਦੇ ਫੈਲਾਅ ਦਾ ਦੂਸਰਾ ਵੱਡਾ ਕਰਨ ਸਾਡੇ ਸਿਆਸਤਦਾਨ ਹਨ।  ਵੋਟਾਂ ਲੈਣ ਲਈ ਪਹਿਲਾਂ ਪਹਿਲਾਂ ਪਿੰਡਾਂ / ਸ਼ਹਿਰਾਂ ਵਿੱਚ ਸ਼ਰਾਬ ਵੰਡਣ ਤੋਂ ਸ਼ੁਰੂ ਹੋਇਆ ਆ ਕੰਮ ਆ ਅੱਜ ਸਾਡੀ ਤਬਾਹੀ ਬਣ ਕੇ ਸਾਡੇ ਸਾਹਮਣੇ ਆਇਆ ਹੈ। ਚੋਣਾਂ ਤੋਂ   ਪਹਿਲਾਂ ਜਦੋਂ ਤੋਂ ਚੋਣ ਪ੍ਰਚਾਰ ਸ਼ੁਰੂ ਹੁੰਦਾ ਹੈ, ਉਮੀਦਵਾਰ ਆਪਣੇ ਇਲਾਕੇ ਦੇ ਪਿੰਡਾਂ/ ਸ਼ਹਿਰਾਂ ਵਿੱਚ ਵੋਟਰਾਂ ਪ੍ਰਭਾਵਿਤ ਕਰਨ ਲਈ ਹਰ ਕਿਸਮ ਦਾ ਨਸ਼ਾ ਮੁਫ਼ਤ ਵੰਡਦੇ ਹਨ .....ਸ਼ਰਾਬ , ਅਫ਼ੀਮ , ਭੁੱਕੀ , ਬੀੜੀਆਂ, ਸਿਗਰਟਾਂ ....ਅਤੇ ਹੁਣ ਆਹ ਚਿੱਟਾ ਵੀ। ਇਹ ਸਭ ਕੁਝ ਪਿੰਡ/ਸ਼ਹਿਰ ਦੇ ਮੁਹੱਲਿਆਂ  ਵਿੱਚ ਉਮੀਦਵਾਰਾਂ ਦੇ ਕੁਝ ਖ਼ਾਸ ਖ਼ਾਸ ਬੰਦਿਆਂ ਕੋਲ ਪਹੁੰਚਦਾ ਕਰ ਦਿੱਤਾ ਜਾਂਦਾ ਹੈ ਜਿਹੜੇ  ਇਸ ਸਭ ਕਾਸੇ ਨੂੰ ਅੱਗੇ ਸਪਲਾਈ ਕਰਦੇ ਹਨ।  ਹਰ ਸ਼ਾਮ ਨੂੰ ਉਹ ਖ਼ਾਸ ਬੰਦੇ ਇਹ ਨਸ਼ੇ ਲੋੜਵੰਦ ਵੋਟਰਾਂ ਨੂੰ ਹਰ ਰੋਜ਼ ਦੀ ਡੋਜ਼ ਵਜੋਂ ਦਿੰਦੇ ਰਹਿੰਦੇ ਹਨ । ਓਦੋਂ ਕਿਓਂਕਿ ਇਹ ਮੁਫ਼ਤ ਮਿਲਦਾ ਹੈ, ਇਸ ਲਈ ਨਸ਼ਾ ਕਰਨ ਵਾਲੇ ਦਾ ਪਰਿਵਾਰ ਇਸ ਨੂੰ ਬਹੁਤਾ ਨਹੀਂ ਗੌਲਦਾ। ਪਤਾ ਓਦੋਂ ਲਗਦਾ ਹੈ ਜਦੋਂ ਚੋਣਾਂ ਤੋਂ ਬਾਅਦ ਮਰਦ ਲੋਕ ਘਰੋਂ ਪੈਸੇ ਖਰਚ ਕੇ ਨਸ਼ਾ ਖਰੀਦਦੇ ਹਨ। ਉਮੀਦਵਾਰ ਤਾਂ ਮੰਤਰੀ ਬਣ ਕੇ ਆਪਣੇ ਪਿਛਲੇ ਘਾਟੇ ਪੂਰੇ ਕਰਨ ਵਿੱਚ ਰੁੱਝ ਜਾਂਦਾ ਹੈ ਅਤੇ ਨਸ਼ਈ ਆਪਣੀ ਕਮਾਈ ਨਸ਼ੇ ਵਿੱਚ ਉਡਾਉਣ ਲੱਗਦੇ ਹਨ। ਇਹ ਤਬਾਹੀ ਪੰਜਾਬ ਵਿੱਚ ਉਹਨਾਂ ਕਮੀਨੇ ਸਿਆਸੀ ਲੋਕਾਂ ਨੇ ਲਿਆਂਦੀ ਹੈ ਜਿਹਨਾਂ ਨੂੰ ਪੰਜਾਬ ਦੇ ਉੱਜੜਨ ਜਾਂ ਵਸਦੇ ਰਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਜਿਹੜੀ ਵੀ ਸਰਕਾਰ ਬਣਦੀ ਹੈ, ਪਿਛਲੀ ਨਾਲ਼ੋਂ ਦੋ ਰੱਤੀਆਂ ਉਤਾਂਹ ਹੀ ਬਣਦੀ ਹੈ। ਸੱਤਾ ਵਿੱਚ ਆ ਕੇ ਹਰ ਤਰ੍ਹਾਂ ਦੇ ਨਾਜਾਇਜ਼ ਕੰਮ ਕਰਨ ਦਾ ਅਧਿਕਾਰ ਜੋ ਮਿਲ ਜਾਂਦਾ ਹੈ, ਇਸ ਲਈ ਕਮਾਈ ਦਾ ਕੋਈ ਵੀ ਮੌਕਾ ਸਿਆਸਤਦਾਨ ਹੱਥੋਂ ਜਾਣ ਨਹੀਂ ਦਿੰਦੇ। ਕਮਾਈ ਦੇ ਇਹਨਾਂ ਤਰੀਕਿਆਂ ਵਿੱਚੋਂ ਇੱਕ ਤਰੀਕਾ ਨਸ਼ੇ ਦੇ ਤਸਕਰਾਂ ਨੂੰ ਸਿਆਸੀ ਛਤਰੀ ਮੁਹੱਈਆ ਕਰਾ ਕੇ ਉਹਨਾਂ ਕੋਲੋਂ ਮਾਲੀ ਲਾਭ ਪ੍ਰਾਪਤ ਕਰਨਾ ਵੀ ਹੈ। ਚੋਰ ਚੋਰ ਕਿਉਂਕਿ ਮੌਸੇਰੇ ਭਾਈ ਹੁੰਦੇ ਹਨ, ਇਸ ਲਈ ਨਵੀਂ ਆਈ ਸਰਕਾਰ ਪੁਰਾਣਿਆਂ ਦੇ ਪਰਦੇ ਨਹੀਂ ਫੋਲਦੀ, ਇਹ ਸੋਚ ਕੇ ਕਿ ਜਦੋਂ ਅਸੀਂ ਸੱਤਾ ਵਿੱਚ ਨਹੀਂ ਰਹਾਂਗੇ, ਸਾਡੇ ਲਈ ਵੀ ਨਰਮ ਰਵੱਈਆ ਰੱਖਿਆ ਜਾਵੇਗਾ। ਇਹੋ ਸਰਕਾਰਾਂ ਦਾ ਸਾਂਝਾ ਮੁਫ਼ਾਦ ਹੈ ਜਿਸ ਕਰਕੇ ਨਸ਼ੇ ਦੀ ਤਸਕਰੀ ਰੁਕ ਨਹੀਂ ਰਹੀ। ਸਰਕਾਰਾਂ ਜੇ ਚਾਹੁੰਣ ਤਾਂ ਕੀ ਨਹੀਂ ਕਰ ਸਕਦੀਆਂ? ਖ਼ੈਰ ਸਰਕਾਰਾਂ ਤੇ ਟੇਕ ਰੱਖਣੀ ਸਾਡੀ ਮੂਰਖਤਾ ਹੋਵੇਗੀ। ਇਸ ਤੂਫ਼ਾਨ ਨੂੰ ਠੱਲ੍ਹ ਪਾਉਣ ਲਈ ਤਾਂ ਸਾਨੂੰ ਆਪ ਨੂੰ ਹੀ ਲਾਮਬੰਦ ਹੋਣਾ ਪਵੇਗਾ। ਕਾਲੇ ਹਫ਼ਤੇ ਮਨਾਉਣ ਤੋਂ ਅਗਾਂਹ ਕੁਝ ਕਰਨ ਦੀ ਲੋੜ ਹੈ। ਆਪੋ ਆਪਣੇ ਪਿੰਡਾਂ /ਸ਼ਹਿਰਾਂ ਵਿੱਚ ਨਸ਼ਈਆਂ ਨੂੰ ਨਸ਼ਾ ਛੁਡਾਈ ਕੇਂਦਰਾਂ ਤੱਕ ਪਹੁੰਚਾਉਣ ਦਾ ਬੀੜਾ ਉਠਾਉਣਾ ਪਵੇਗਾ। ਨਿਰਾ ਪਹੁੰਚਾਉਣ ਤੱਕ ਹੀ ਨਹੀਂ, ਮਗਰ ਪੈਰਵੀ ਵੀ ਕਰਨੀ ਪਵੇਗੀ ਤਾਂ ਜੋ ਉਹ ਦੁਬਾਰਾ ਓਹੀ ਰਾਹ ਨਾ ਅਪਣਾ ਲੈਣ। ਨੌਜਵਾਨੀ ਨੂੰ ਹੱਥੀਂ ਕੰਮ ਕਰਨ ਲਈ ਪ੍ਰੇਰਨਾ ਪਵੇਗਾ। ਵਿਹਲਿਆਂ ਨੂੰ ਕੰਮਾਂ ਤੇ ਲਾਉਣਾ ਪਵੇਗਾ ਅਤੇ ਉਹਨਾਂ ਦੇ ਅੰਦਰ ਇਹ ਗੱਲ ਬਿਠਾਉਣੀ ਪਵੇਗੀ ਕਿ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ। ਉਹਨਾਂ ਨੂੰ ਤ੍ਰਿਸਕਾਰ ਦੀ ਨਿਗਾਹ ਨਾਲ ਨਾ ਵੇਖ ਕੇ ਉਹਨਾਂ ਪ੍ਰਤੀ ਸੁਹਿਰਦ ਰੁੱਖ ਅਪਣਾਉਣ ਦੀ ਲੋੜ ਹੈ। ਮਾਪਿਆਂ ਨੂੰ ਵੀ ਇਹ ਸਮਝਾਉਣ ਪਵੇਗਾ ਕਿ ਉਹ ਗੱਭਰੂ ਪੁੱਤਰਾਂ ਨੂੰ ਇਓਂ ਬੇ-ਇਜ਼ਤ ਨਾ ਕਰਨ। ਉਹਨਾਂ ਨੂੰ ਹਮਦਰਦੀ ਅਤੇ ਆਪਣੇ-ਪਣ ਦੀ ਲੋੜ ਹੈ। ਤਿਥ ਤਿਓਹਾਰਾਂ, ਗੁਰ ਪੁਰਬਾਂ ਤੇ ਦਾਨ ਪੁੰਨ ਕਰਨ ਅਤੇ ਲੰਗਰ ਲਾਉਣ ਵਾਲੇ ਦੌਲਤਮੰਦ ਲੋਕ ਇਸ ਪਾਸੇ ਧਿਆਨ ਦੇ ਕੇ ਅਸਲ ਪੁੰਨ ਖੱਟ ਸਕਦੇ ਹਨ। ਸਰਕਾਰਾਂ ਤੋਂ ਕੋਈ ਉਮੀਦ ਰੱਖਣ ਦੀ ਹੁਣ ਕੋਈ ਤੁਕ ਨਹੀਂ। ਆਓ ਰਲਕੇ ਆਪਣੇ ਪਿਆਰੇ ਪੰਜਾਬ ਲਈ ਹੰਭਲਾ ਮਾਰੀਏ। ਜਿਹੜੇ ਰਾਹੋਂ ਭਟਕ ਗਏ ਹਨ ਉਹਨਾਂ ਨੂੰ ਮੁੜ ਰਾਹੇ ਪਾਉਣ ਲਈ ਕੋਈ ਸੁਹਿਰਦ ਯਤਨ ਕਰੀਏ। ਕੋਈ ਵੀ ਇਨਕਲਾਬ ਲਿਆਉਣਾ ਇੱਕ ਮੁੱਠ ਹੋਈ ਲੋਕ ਸ਼ਕਤੀ ਅੱਗੇ ਕੋਈ ਵੱਡੀ ਗੱਲ ਨਹੀਂ ਹੁੰਦੀ। ਬੁੱਧੀ ਜੀਵੀਓ ! ਆਓ ਆਪਣੀ ਬੁੱਧੀ ਨੂੰ ਕਿਸੇ ਹੋਰ ਦਾ ਜੀਵਨ ਸੰਵਾਰਨ ਲਈ ਵਰਤਣ ਦਾ ਇੱਕ ਯਤਨ ਕਰੀਏ ....ਸਿਰਫ਼ ਇੱਕ ਸੁਹਿਰਦ ਯਤਨ। 

No comments: