Saturday, July 07, 2018

ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁੱਧ ਤਿੱਖੇ ਸੰਘਰਸ਼ਾਂ ਦੀ ਲੋੜ

ਪੈਨਸ਼ਨਰਾਂ ਨੇ ਕੀਤਾ 75 ਸਾਲ ਵਾਲਿਆਂ ਦਾ ਸਨਮਾਨ
ਲੁਧਿਆਣਾ: 7 ਜੁਲਾਈ 2018: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਬਿਜਲੀ ਬੋਰਡ ਨਾਲ ਸਬੰਧਿਤ ਪੈਨਸ਼ਨਰਜ਼ ਐਸੋਸੀਏਸ਼ਨ ਨੇ ਅੱਜ ਜਗਜੀਤ ਨਗਰ ਵਿਖੇ ਇੱਕ ਵਿਸ਼ੇਸ਼ ਆਯੋਜਨ ਕਰਕੇ 75 ਸਾਲ ਤੋਂ ਵਧ ਉਮਰ ਵਾਲੇ ਸਾਥੀਆਂ ਦਾ ਸਨਮਾਨ ਕੀਤਾ .ਇਸਦੇ ਨਾਲ ਹੀ ਪੰਜ ਪੈਨਸ਼ਨਰਾਂ ਦਾ ਜਨਮਦਿਨ ਵੀ ਮਨਾਇਆ ਗਿਆ ਜਿਹੜਾ ਇਤਫਾਕ ਨਾਲ ਅੱਜ ਹੀ ਸੀ। ਅੱਜ ਦੀ ਇਸ ਮੀਟਿੰਗ ਵਿੱਚ ਪੰਜਾਬ ਦੇ ਮੀਤ ਪ੍ਰਧਾਨ ਗੁਰਨਾਮ ਸਿੰਘ ਗਿੱਲ, ਸੀਨੀਅਰ ਆਗੂ ਦੇਵਰਾਜ, ਐਸ ਪੀ ਸਿੰਘ, ਕਾਮਰੇਡ ਰਾਜਿੰਦਰ ਭੱਠਲ (ਪ੍ਰਧਾਨ-ਸਬ ਅਰਬਨ ਸਰਕਲ) ਵੀ ਉਚੇਚੇ ਤੌਰ 'ਤੇ ਪੁੱਜੇ। 
ਮੀਟਿੰਗ ਨੂੰ ਸ਼ੁਰੂ ਕਰਨ ਦੀ ਜ਼ਿੰਮੇਵਾਰੀ ਜਗਮੋਹਨ ਕੌਸ਼ਿਕ ਨੇ ਨਿਭਾਈ। ਪਿਛਲੇ ਕੰਮਾਂ ਦੀ ਰਿਪੋਰਟ ਤੋਂ ਬਾਅਦ ਮੌਜੂਦਾ ਕੰਮਾਂ ਦੀ ਚਰਚਾ ਵੀ ਹੋਈ। ਮੰਡਲ ਯੂਨਿਟ ਦੇ ਪ੍ਰਧਾਨ ਸਾਥੀ ਤਰਲੋਚਨ ਸਿੰਘ ਪਿਛਲੇ ਸਮੇਂ ਦੌਰਾਨ ਕੀਤੀ ਮੈਂਬਰਸ਼ਿਪ ਅਤੇ ਪੈਨਸ਼ਨਰਾਂ ਦੇ ਕੰਮਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਸਰਕਲ ਪਰ੍ਧਾਨ ਸਾਥੀ ਚਮਕੌਰ ਸਿੰਘ ਨੇ ਕਿਹਾ ਕਿ ਅੱਜ ਜੱਥੇਬੰਦੀ ਨੂੰ ਪੂਰਨ ਤੌਰ ਤੇ ਮਜ਼ਬੂਤ ਕਰਕੇ ਤਿੱਖੇ ਸੰਘਰਸ਼ਾਂ ਦੀ ਲੋੜ ਹੈ। ਉਹਨਾਂ ਦੱਸਿਆ ਕਿ ਜੱਥੇਬੰਦੀ ਪੰਜਾਬ ਅੰਦਰ ਚੋਣਾਂ ਵੀ ਕਰਵਾ ਰਹੀ ਹੈ ਇਸ ਲਈ ਕੰਮ ਕਰਨ ਵਾਲੇ ਮੇਹਨਤੀ ਸਾਥੀਆਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ। ਇਸੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਗਿੱਲ ਅਤੇ ਸਾਥੀ ਐਸ ਪੀ ਸਿੰਘ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਪੈਨਸ਼ਨਰਾਂ ਦਾ ਡੀ ਏ ਜਾਮ ਕਰਨ ਦੇ ਮਨਸੂਬੇ ਬਣਾ ਰਹੀਆਂ ਹਨ। ਅੱਜ ਡੀ ਏ ਅਤੇ 1-1-16 ਦੇ ਸਕੇਲਾਂ ਸਬੰਧੀ ਤਿੱਖੇ ਸੰਘਰਸ਼ਾਂ  ਦੀ ਲੋੜ ਹੈ। ਸਾਥੀ ਦੇਵਰਾਜ ਅਤੇ ਸਾਥੀ ਭੱਠਲ ਨੇ ਕਿਹਾ ਕਿ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰ ਮੁਲਾਜ਼ਮਾਂ ਲਈ ਹਮੇਸ਼ਾਂ ਚਾਨਣ ਮੁਨਾਰਾ ਰਹੇ ਹਨ। 
ਇਸ ਮੌਕੇ 75ਸਾਲ ਦੀ ਉਮਰ ਪੂਰੀ ਕਰ ਚੁੱਕੇ ਰਿਟਾਇਰਡ ਇੰਜੀਨੀਅਰ ਬਲਦੇਵ ਸਿੰਘ ਅਤੇ ਸਾਥੀ ਰਾਜਪਾਲ ਸਿੰਘ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਾਥੀ ਚਮਕੌਰ ਸਿੰਘ,  ਜਗਮੋਹਨ ਕੌਸ਼ਿਕ, ਰਿਟਾਇਰਡ ਐਸ ਈ ਮੇਜਰ ਸਿੰਘ, ਗੁਰਨਾਮ ਸਿੰਘ ਅਤੇ ਨਰਿੰਦਰ ਮਾਨ ਦਾ ਜਨਮ ਦਿਨ ਮਨਾਇਆ ਗਿਆ। ਮੰਡਲ ਪ੍ਰਧਾਨ ਸਾਥੀ ਤਰਲੋਚਨ ਸਿੰਘ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ। ਸਾਥੀ ਜਗਮੋਹਨ ਕੌਸ਼ਿਕ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬੜੀ ਖੂਬਸੂਰਤੀ ਨਾਲ ਨਿਭਾਈ। 

No comments: