Tuesday, July 31, 2018

ਰਿੰਕਲ ਕਤਲ ਕਾਂਡ: ਕੀ ਲਾਸ਼ ਨੂੰ ਹਥਿਆਰ ਬਣਾ ਕੇ ਮਿਲ ਜਾਏਗਾ ਇਨਸਾਫ?

ਪੁਲਿਸ ਨੇ ਲਾਸ਼ ਦੇ ਸੰਸਕਾਰ ਲਈ ਜਾਰੀ ਕੀਤਾ ਮੀਡੀਆ ਰਾਹੀਂ ਨੋਟਿਸ 
ਪੁਲਿਸ ਵੱਲੋਂ ਰਿੰਕਲ ਦੇ ਪਰਿਵਾਰ ਲਈ ਜਾਰੀ ਕੀਤੇ ਪੁਲਿਸ ਵਿਭਾਗ ਦੇ ਸੰਪਰਕ ਨੰਬਰ 
ਲੁਧਿਆਣਾ: 30 ਜੁਲਾਈ 2018: (ਪੰਜਾਬ ਸਕਰੀਨ ਬਿਊਰੋ)::
ਜੁਰਮ ਅਤੇ ਸਿਆਸਤ ਦਾ ਨਾਪਾਕ ਗਠਜੋੜ ਜਿੱਥੇ ਸਮਾਜ ਲਈ ਮੁਸੀਬਤਾਂ ਖੜੀਆਂ ਕਰਦਾ ਹੈ ਉੱਥੇ ਪੁਲਿਸ ਅਤੇ ਸਿਵਲ ਪਰਸ਼ਾਸਨ ਲਈ ਵੀ ਬੜੀਆਂ ਅਜੀਬੋ ਗਰੀਬ ਸਥਿਤੀਆਂ ਪੈਦਾ ਕਰ ਦੇਂਦਾ ਹੈ। ਮੁਜਰਿਮਾਂ ਨੂੰ ਮਿਲਦੀ ਸਿਆਸੀ ਪੁਸ਼ਤਪਨਾਹੀ ਉਹਨਾਂ ਨੂੰ ਇਸ ਤਰਾਂ ਮਹਿਸੂਸ ਕਰਾਉਂਦੀ ਹੈ ਜਿਵੇਂ ਇਸ ਦੁਨੀਆ ਦੇ ਬਾਦਸ਼ਾਹ ਉਹੀ ਹੋਣ। ਇਸ ਭਾਵਨਾ  ਵਿੱਚੋਂ ਹੀ ਪੈਦਾ ਹੁੰਦੀ ਹੈ ਆਪਣਾ ਲੋਹਾ ਮਨਵਾਉਣ ਵਾਲੀ ਜ਼ਿਦ ਅਤੇ ਇਸ ਜ਼ਿੱਦ ਵਿੱਚ ਕਤਲ ਵੀ ਅਕਸਰ ਹੋ ਜਾਂਦੇ ਹਨ। ਗੈਂਗਵਾਰ ਵੀ ਅਜਿਹੀ ਅੜੀ ਚੋਂ ਹੀ ਜਨਮ ਲੈਂਦੀ ਹੈ। ਕੁਝ ਅਜਿਹਾ ਹੀ ਮਾਮਲਾ ਲੱਗਦਾ ਹੈ ਨੌਜਵਾਨ ਰਿੰਕਲ ਦਾ ਕਤਲ। ਕਤਲ ਕਿਸ ਨੇ ਕੀਤਾ, ਕਿਵੇਂ ਕੀਤਾ, ਕਿਓਂ ਕੀਤਾ--ਅਜਿਹੇ ਸਾਰੇ ਸੁਆਲਾਂ ਦੇ ਜੁਆਬ ਪੁਲਿਸ ਆਪਣੇ ਢੰਗ ਤਰੀਕੇ ਨਾਲ ਲੱਭ ਰਹੀ ਹੈ ਕਿਓਂਕਿ ਹੋਰ ਕੋਈ ਤਰੀਕਾ ਸ਼ਾਇਦ ਕਾਰਗਰ ਵੀ ਨਹੀਂ ਹੋ ਸਕਦਾ। 
ਜਿਸ ਤੇ ਕਤਲ ਦਾ ਆਰੋਪ ਆ ਰਿਹਾ ਹੈ ਉਹ ਇਲਾਕਾ ਕੌਂਸਲਰ ਗੁਰਦੀਪ ਸਿੰਘ ਨੀਟੂ ਦਾ ਮੁੰਡਾ ਹੈ। ਗੁਰਦੀਪ ਸਿੰਘ ਨੀਟੂ ਬਹੁਤ ਸਮੇਂ ਤੱਕ ਭਾਜਪਾ ਦਾ ਬਹੁਤ ਹੀ ਨੇੜਲਾ  ਅਤੇ ਸਰਗਰਮ ਮੈਂਬਰ ਰਿਹਾ। ਇਲਾਕੇ ਦੇ ਲੋਕਾਂ ਲਈ ਉਸ ਨਾਲ ਮਿਲਣਾ ਅਤੇ ਆਪਣੇ ਕੰਮਾਂ ਨੂੰ ਕਰਵਾਉਣਾ ਕਦੇ ਵੀ ਮੁਸ਼ਕਿਲ ਨਹੀਂ ਰਿਹਾ। ਪਰ ਸਿਆਸੀ ਹਾਲਾਤ ਅਜਿਹੇ ਬਣੇ ਕਿ ਨੀਟੂ ਨੇ ਕਾਂਗਰਸ ਜੁਆਇਨ ਕਰ ਲਈ। ਕਾਂਗਰਸ ਵਿੱਚ ਸ਼ਾਮਲ ਹੋਣ ਦੀ ਖਬਰ ਬੀਜੇਪੀ ਦੇ ਸਾਬਕਾ ਮੰਤਰੀ ਸਤਪਾਲ ਗੁਸਾਈਂ ਦੀ ਵੀ ਆਈ ਸੀ। ਕਾਂਗਰਸੀ ਲੀਡਰਾਂ ਨਾਲ ਹੱਥ ਖੜੇ ਕਰਕੇ ਖਿਚਾਈ ਗਈ ਫੋਟੋ ਵੀ ਅਖਬਾਰਾਂ ਵਿੱਚ ਛਪੀ ਸੀ ਪਰ ਸਤਪਾਲ ਗੁਸਾਈਂ ਨੇ ਅਗਲੇ ਹੀ ਦਿਨ ਇਸਦਾ ਖੰਡਨ ਕਰ ਦਿੱਤਾ ਅਤੇ ਕਿਹਾ ਕਿ ਉਹ ਤਾਂ ਉਂਝ ਹੀ ਖਿਚਾਈ ਗਈ ਇੱਕ ਫੋਟੋ ਸੀ। 
ਇਸੇ ਦੌਰਾਨ ਗੁਰਦੀਪ ਨੀਟੂ ਕਾਂਗਰਸ ਵਿੱਚ ਖੁਲ ਕੇ ਸਰਗਰਮ ਹੋ ਗਏ। 
ਜਦੋਂ ਕਿਦਵਾਈ ਨਗਰ ਵਿੱਚ ਗੋਲੇ ਦੇ ਫੈਕਟਰੀ ਨੂੰ ਅੱਗ ਲੱਗੀ ਤਾਂ ਉਹ ਕੁਝ ਹਫਤਿਆਂ ਦਾ ਸਮਾਂ ਬੇਹੱਦ ਨਾਜ਼ੁਕ ਸੀ। ਹਰ ਪਾਸੇ ਕੈਮੀਕਲ ਦੀ ਬਦਬੂ। ਫੈਕਟਰੀ ਦੀ ਅੱਗ ਹੀ ਲਾਪਤਾ ਹੋ ਗਈਆਂ ਲਾਸ਼ਾਂ ਦਾ ਸੜਾਂਦ-ਕੁਲ ਮਿਲਾ ਕੇ ਬੜਾ ਭਿਆਨਕ ਸਮਾਂ ਸੀ। ਮੀਡੀਆ ਨੂੰ ਅਜਿਹੇ ਮੌਕੇ ਅਕਸਰ ਦਿਲ 'ਤੇ ਪੱਥਰ ਰੱਖ ਦੇਖਣੇ ਪੈਂਦੇ ਹਨ ਸੋ ਸਾਨੂੰ ਵੀ ਦੇਖਣੇ ਪਏ। ਉਸ ਵੇਲੇ ਗੁਰਦੀਪ ਨੀਟੂ ਨੇ ਹੀ ਪੀਣ ਵਾਲੇ ਪਾਣੀ, ਮੈਡੀਕਲ ਕੈਂਪ ਅਤੇ ਲੰਗਰ ਦਾ ਪਰਬੰਧ  ਕਰਾਇਆ। ਆਪਣੇ ਪਰਿਵਾਰਿਕ ਮੈਂਬਰਾਂ ਦੀਆਂ ਲਾਸ਼ਾਂ ਮਿਲਣ ਦੀ ਉਡੀਕ ਵੀ ਲਾਹ ਚੁੱਕੇ ਲੋਕਾਂ ਨੂੰ ਅੱਧੀ ਅੱਧੀ ਰਾਤ ਤੱਕ ਹੋਂਸਲਾ ਦਿੱਤਾ। ਇਹ ਸਭ ਕੁਝ ਦੱਸਦਾ ਸੀ ਕਿ ਗੁਰਦੀਪ ਨੀਟੂ ਲੋਕਾਂ ਵਿੱਚ ਕਿੰਨਾ ਹਰਮਨ ਪਿਆਰਾ ਹੈ। 
ਪਰ ਇਹਨਾਂ ਗੱਲਾਂ ਦਾ ਸਿਆਸੀ ਕਿੜਾਂ ਅਤੇ ਰੰਜਿਸ਼ਾਂ ਉੱਤੇ ਕੋਈ ਬਹੁਤ ਅਸਰ ਨਹੀਂ ਪੈਂਦਾ। ਇਹ ਅੰਦਰ ਹੀ ਅੰਦਰ ਬਣੀਆਂ ਰਹਿੰਦੀਆਂ ਹਨ। ਜਿੰਨੀ ਜਲਦੀ ਸਿਆਸੀ ਪਾਰਟੀਆਂ ਜਾਂ ਹੋਰ ਸੰਗਠਨ ਬਦਲ ਲਏ ਜਾਂਦੇ ਹਨ ਓਨੀ ਜਲਦੀ ਦਿਲਾਂ ਦੇ ਰਿਸ਼ਤੇ ਨਹੀਂ ਬਦਲਦੇ। ਇਹ ਰਿਸ਼ਤੇ ਭਾਵੇਂ ਪਰੇਮ ਪਿਆਰ ਵਾਲੇ ਹੋਣ 'ਤੇ ਭਾਵੇਂ ਨਫਰਤਾਂ ਵਾਲੇ ਅੰਦਰੋਂ ਅੰਦਰੀਂ ਵਧਦੇ ਫੁੱਲਦੇ ਰਹਿੰਦੇ ਹਨ। ਸਿਆਸਤ ਦੀ ਦੁਨੀਆ ਬੜੀ ਬੇਰਹਿਮ ਦੁਨੀਆ ਹੈ। ਸਮਾਂ ਮਿਲਦਿਆਂ ਹੀ ਅਜਿਹਾ ਵਾਰ ਕਰਦੀ ਹੈ ਕਿ ਵਾਰ ਹੋਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਮੁਸਕਰਾਉਂਦੇ ਹੋਏ ਚਿਹਰਿਆਂ ਪਿੱਛੇ ਕੀ ਲੁਕਿਆ ਹੋਇਆ ਸੀ। ਬੇਰੋਜ਼ਗਾਰੀ, ਨਸ਼ਾ ਅਨਪੜਤਾ, ਛੇਤੀ ਅਮੀਰ ਹੋਣ ਦੀ ਲਾਲਸਾ---ਬਹੁਤ ਸਾਰੇ ਅਜਿਹੇ ਕਾਰਨ ਹਨ ਜਿਹੜੇ ਨੌਜਵਾਨ ਵਰਗ ਨੂੰ ਸ਼ਾਰਟ ਕਟ ਕਮਾਈ ਵਾਲੇ ਰਸਤਿਆਂ ਵੱਲ ਲੈ ਜਾਂਦੇ ਹਨ। ਸਿਆਸੀ ਨੇੜਤਾ ਵੀ ਇੱਕ ਅਜਿਹਾ ਹੀ ਸ਼ਾਰਟਕੱਟ ਬਣ ਚੁੱਕਿਆ ਹੈ।  
ਬੀਜੇਪੀ ਸਮਰਥਕ ਗਿਣੇ ਜਾਂਦੇ ਰਿੰਕਲ ਦੇ ਪਰਿਵਾਰ ਨੂੰ ਉਸਦੇ ਕਤਲ ਦਾ ਸ਼ੱਕ ਪਹਿਲਾਂ ਹੀ ਸੀ। ਇਸ ਸਬੰਧੀ ਪੁਲਿਸ ਕੋਲ ਖਦਸ਼ਾ ਵੀ ਪਰ੍ਗਟਾਇਆ ਗਿਆ ਸੀ। ਪਰ ਫਿਰ ਵੀ ਕਤਲ ਹੋ ਗਿਆ। ਇਸ ਲਈ ਰਿੰਕਲ ਦੇ ਪਰਿਵਾਰ ਅਤੇ ਸਮਰਥਕਾਂ ਦਾ ਗੁੱਸੇ ਵਿੱਚ ਆਉਣਾ ਵੀ ਜਾਇਜ਼ ਸੀ। 
ਭਾਜਪਾ ਸਮਰੱਥਕ  ਦੱਸੇ ਜਾਂਦੇ ਰਿੰਕਲ ਖੇੜਾ ਦੇ ਕਤਲ ਨੂੰ 11 ਦਿਨ ਹੋ ਗਏ ਹਨ ਪਰ ਪੀੜਤ ਪਰਿਵਾਰ ਨੇ ਉਸਦੀ ਲਾਸ਼ ਦਾ ਅੰਤਿਮ ਅੰਸਕਾਰ ਨਹੀਂ ਕੀਤਾ ਹੈ। ਪਰਿਵਾਰ ਨੂੰ ਅਤੇ ਪਰਿਵਾਰ ਦੀ ਇਸ ਜ਼ਿੱਦ ਨੂੰ ਗੁਪਤ ਥਾਪੜੀ ਦੇਣ ਵਾਲਿਆਂ ਨੂੰ ਲੱਗਦਾ ਹੈ ਕਿ ਇਸ ਲਾਸ਼ ਨੂੰ ਹਥਿਆਰ ਬਣਾ ਕੇ ਸ਼ਾਇਦ ਜਲਦੀ ਇਨਸਾਫ ਮਿਲ ਸਕਦਾ ਹੈ। ਪੋਸਟ ਮਾਰਟਮ ਤੋਂ ਬਾਅਦ ਲਾਸ਼ ਡਾਕਟਰੀ ਪੱਖੋਂ ਜ਼ਿਆਦਾ ਗੰਭੀਰ ਹੋ ਗਈ ਹੈ। ਹਸਪਤਾਲ ਦੇ ਵਿਦਿਆਰਥੀ ਅਤੇ ਸਟਾਫ ਵੀ ਇਸਤੋਂ ਖਤਰਾ ਮਹਿਸੂਸ ਕਰ ਰਿਹਾ ਹੈ। ਪੁਲਿਸ ਨੇ ਜਿਹੜਾ ਨੋਟਿਸ ਇਸ ਲਾਸ਼ ਦੇ ਅੰਤਿਮ ਸੰਸਕਾਰ ਲਈ ਜਾਰੀ ਕੀਤਾ ਹੈ ਉਸਤੋਂ ਸਾਫ ਜ਼ਾਹਿਰ ਹੈ ਕਿ ਜਿਹੜਾ ਕੰਮ ਸਿਆਸੀ ਅਤੇ ਸਮਾਜਿਕ ਸੰਗਠਨਾਂ ਨੂੰ ਖੁਦ ਅੱਗੇ ਆ ਕੇ ਕਰਨਾ ਚਾਹੀਦਾ ਸੀ ਉਹ ਕੰਮ ਹੁਣ ਪੁਲਿਸ ਨੂੰ ਆਪਣੇ ਪੁਲਸੀਆ ਅੰਦਾਜ਼ ਨਾਲ ਹੀ ਕਰਨਾ ਪੈਣਾ ਹੈ। ਪੁਲਿਸ ਨੇ ਇਸ ਸਬੰਧੀ ਜਾਰੀ ਕੀਤੇ ਨੋਟਿਸ ਵਿੱਚ ਕੁਝ ਫੋਨ ਨੰਬਰ ਵੀ ਜਾਰੀ ਕੀਤੇ ਹਨ। 
ਰਿੰਕਲ ਦੇ ਪਰਿਵਾਰ ਵਾਲਿਆਂ ਦੀ ਅੱਜ ਪੁਲੀਸ ਨਾਲ ਕਈ ਘੰਟੇ ਮੀਟਿੰਗ ਵੀ ਹੋਈ ਜਿਸਦਾ ਕੋਈ ਸਿੱਟਾ ਨਹੀਂ ਨਿਕਲਿਆ। ਇਸ ਤੋਂ ਬਾਅਦ ਸ਼ਾਮ ਵੇਲੇ ਪੁਲੀਸ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਜੇਕਰ ਰਿੰਕਲ ਦੇ ਪਰਿਵਾਰ ਵਾਲੇ ਉਸਦਾ ਸਸਕਾਰ ਕਰਨਾ ਚਾਹੁੰਦੇ ਹਨ ਤਾਂ ਉਹ ਕਰ ਸਕਦੇ ਹਨ। ਜੇਕਰ ਅੰਤਿਮ ਸੰਸਕਾਰ ਨਾ ਕੀਤਾ ਗਿਆ ਤਾਂ 24 ਘੰਟਿਆਂ ਬਾਅਦ ਪੁਲੀਸ ਵੱਲੋਂ ਰੀਤੀ-ਰਿਵਾਜਾਂ ਨਾਲ ਉਸਦਾ ਸੰਸਕਾਰ ਕਰਵਾ ਦਿੱਤਾ ਜਾਵੇਗਾ। ਪੁਲੀਸ ਦਾ ਦਾਅਵਾ ਹੈ ਕਿ 11 ਦਿਨਾਂ ਤੋਂ ਰਿੰਕਲ ਦੀ ਲਾਸ਼ ਹਸਪਤਾਲ ਦੀ ਮੌਰਚਰੀ ਵਿੱਚ ਪਈ ਹੈ, ਜਿਸ ਦੀ ਬੇਅਦਬੀ ਹੋ ਰਹੀ ਹੈ। ਲਾਸ਼ ਦੀ ਬੇਕਦਰੀ ਨਿਸਚੇ ਹੀ ਸਾਡੇ ਸਮਾਜ ਵਿੱਚ ਬਹੁਤ ਮਾੜੀ ਗਿਣੀ ਜਾਂਦੀ ਹੈ। 
ਨੋਟਿਸ ਜਾਰੀ ਕਰਨ ਤੋਂ ਪਹਿਲਾਂ ਸੋਮਵਾਰ ਨੂੰ ਥਾਣਾ ਡਿਵੀਜ਼ਨ ਨੰਬਰ 2 ਵਿੱਚ ਪੁਲੀਸ ਦੇ ਉਚ ਅਧਿਕਾਰੀਆਂ ਨਾਲ ਪਰਿਵਾਰ ਦੀ ਦੋ ਘੰਟੇ ਮੀਟਿੰਗ ਚੱਲੀ, ਜੋ ਕਿਸੇ ਸਿਰੇ ਨਾ ਲੱਗੀ। ਪੁਲੀਸ ਅਧਿਕਾਰੀ ਲਗਾਤਾਰ ਪੀੜਤ ਪਰਿਵਾਰ ਨੂੰ ਮਨਾਉਣ ਵਿੱਚ ਲੱਗੇ ਰਹੇ ਕਿ ਉਹ ਰਿੰਕਲ ਦੀ ਲਾਸ਼ ਦਾ ਸਸਕਾਰ ਕਰ ਦੇਣ, ਪਰ ਪਰਿਵਾਰ ਇਸ ਗੱਲ ’ਤੇ ਅੜਿਆ ਹੋਇਆ ਹੈ ਕਿ ਪਹਿਲਾਂ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਨੀਟੂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਸ ਤੋਂ ਬਾਅਦ ਹੀ ਰਿੰਕਲ ਦੀ ਲਾਸ਼ ਦਾ ਸਸਕਾਰ ਕੀਤਾ ਜਾਵੇਗਾ। ਪਰਿਵਾਰ ਵਾਲਿਆਂ ਨੇ ਪੁਲੀਸ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ ਉਹ ਸਰਕਾਰ ਦਾ ਪੱਖ ਪੂਰ ਰਹੇ ਹਨ ਅਤੇ ਉਹਨਾਂ ’ਤੇ ਦਬਾਅ ਬਣਾ ਰਹੇ ਹਨ ਕਿ ਉਹ ਸੰਸਕਾਰ ਕਰਨ ਤੇ ਉਸ ਤੋਂ ਬਾਅਦ ਹੀ ਮੁਲਜ਼ਮਾਂ ਨੂੰ ਗਰਿਫਤਾਰ ਕੀਤਾ ਜਾਵੇਗਾ।
ਰਿੰਕਲ ਦੇ ਭਰਾ ਮਨੀ ਖੇੜਾ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਏਡੀਸੀਪੀ ਸੁਰਿੰਦਰ ਲਾਂਬਾ ਦੀ ਅਗਵਾਈ ’ਚ ਥਾਣਾ ਡਿਵੀਜ਼ਨ ਨੰਬਰ 2 ਵਿੱਚ ਉਹ ਪਰਿਵਾਰ ਸਮੇਤ ਗਏ ਸਨ। ਉੱਥੇ ਉਨ੍ਹਾਂ ਨੇ ਏਡੀਸੀਪੀ ਲਾਂਬਾ ਨੂੰ ਬਿਆਨ ਲਿਖੇ ਹੋਏ ਆਪਣੇ ਕੁਝ ਕਾਗਜ਼ ਦਿੱਤੇ ਅਤੇ ਕਾਂਗਰਸੀ ਕੌਂਸਲਰ ਨੀਟੂ ਤੇ ਹੋਰ ਮੁਲਜ਼ਮਾਂ ਨੂੰ ਜਲਦੀ ਗਰਿਫਤਾਰ ਕਰਨ ਦੀ ਮੰਗ ਕੀਤੀ। ਮਨੀ ਖੇੜਾ ਨੇ ਦੋਸ਼ ਲਾਇਆ ਕਿ ਪੁਲੀਸ ਅਧਿਕਾਰੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਹਨਾਂ ’ਤੇ ਰਿੰਕਲ ਦੀ ਲਾਸ਼ ਦਾ ਸਸਕਾਰ ਕਰਨ ਦਾ ਦਬਾਅ ਬਣਾਉਂਦੇ ਰਹੇ। ਦੋ ਘੰਟੇ ਉਹ ਇਹੀ ਕਹਿੰਦੇ ਰਹੇ ਕਿ ਉਹ ਰਿੰਕਲ ਦੀ ਲਾਸ਼ ਦਾ ਸਸਕਾਰ ਕਰ ਦੇਣ। ਮਨੀ ਖੇੜਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਉਨ੍ਹਾਂ ਨੇ ਪੁਲੀਸ ਅਧਿਕਾਰੀਆਂ ਨੂੰ ਸਾਫ਼ ਤੌਰ ’ਤੇ ਆਖ ਦਿੱਤਾ ਹੈ ਕਿ ਜਦੋਂ ਤੱਕ ਕੌਂਸਲਰ ਗੁਰਦੀਪ ਨੀਟੂ ਦੀ ਗਰਿਫਤਾਰੀ ਨਹੀਂ ਹੁੰਦੀ, ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ। ਉਹਨਾਂ  ਕਿਹਾ ਕਿ ਪੁਲੀਸ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਮੰਗਲਵਾਰ ਨੂੰ ਉਹ ਜਗਰਾਉਂ ਪੁਲ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕ ਪ੍ਰਦਰਸ਼ਨ ਕਰਨਗੇ। ਉਹਨਾਂ ਕਿਹਾ ਕਿ ਜਦੋਂ ਤੱਕ ਕੌਂਸਲਰ ਨੀਟੂ ਬਾਹਰ ਹੈ, ਉਦੋਂ ਤੱਕ ਉਸਦੀ ਤੇ ਪਰਿਵਾਰ ਵਾਲਿਆਂ ਦੀ ਜਾਨ ਨੂੰ ਖ਼ਤਰਾ ਬਣਿਆ ਰਹੇਗਾ।
ਇਸ ਮਾਮਲੇ ਵਿੱਚ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਇਸ ਸਬੰਧੀ ਕਿਹਾ ਕਿ 11 ਦਿਨਾਂ ਤੋਂ ਲਾਸ਼ ਹਸਪਤਾਲ ਵਿੱਚ ਪਈ ਹੈ ਅਤੇ ਲਾਸ਼ ਦੀ ਬੇਕਦਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਮੀਡੀਆ ਜ਼ਰੀਏ ਹੁਣ ਪਰਿਵਾਰ ਵਾਲਿਆਂ ਨੂੰ ਨੋਟਿਸ ਭੇਜਿਆ ਗਿਆ ਹੈ ਕਿ ਉਹ 24 ਘੰਟਿਆਂ ਵਿੱਚ ਸਸਕਾਰ ਕਰਨ ਅਤੇ ਅਜਿਹਾ ਨਾ ਕਰਨ ’ਤੇ ਪੁਲੀਸ ਖੁਦ ਸਸਕਾਰ ਕਰੇਗੀ। ਹੁਣ ਦੇਖਣਾ ਹੈ ਕਿ ਇਸ ਮਕਸਦ ਲਈ ਸਮਾਜਿਕ ਸੰਗਠਨ ਅਤੇ ਸਿਆਸੀ ਪਾਰਟੀਆਂ ਵੀ ਅੱਗੇ ਆਉਂਦੀਆਂ ਹਨ ਜਾਂ ਇਹ ਸਭ ਕੁਝ ਵੀ ਇਕੱਲੀ ਪੁਲਿਸ ਨੂੰ ਹੀ ਕਰਨਾ ਪੈਣਾ ਹੈ। 

No comments: