Thursday, July 19, 2018

ਬੈਂਕਾਂ ਦੇ ਕੌਮੀਕਰਨ ਨੂੰ ਬਚਾਉਣ ਦਾ ਸੰਕਲਪ ਦੁਹਰਾਇਆ

ਬੈਂਕ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਲੁਧਿਆਣਾ ਵਿੱਚ ਮਨਾਈ ਕੌਮੀਕਰਨ ਦੀ ਖੁਸ਼ੀ 
ਲੁਧਿਆਣਾ:  19 ਜੁਲਾਈ 2018: (ਐਮ ਐਸ ਭਾਟੀਆ)::
ਵੀਰਵਾਰ ਨੂੰ ਪੰਜਾਬ ਬੈਂਕ ਇੰਪਲਾਈਜ ਫੈਡਰੇਸ਼ਨ ਅਤੇ ਆਲ ਇੰਡੀਆ ਬੈਂਕ ਆਫ਼ੀਸਰਜ਼ ਐਸੋਸੀਏਸ਼ਨ ਦੀਆਂ ਲੁਧਿਆਣਾ ਇਕਾਈਆਂ ਵੱਲੋਂ ਇੱਥੇ ਸੈਂਟਰਲ ਬੈਂਕ ਆਫ ਇੰਡੀਆ ਦੀ ਇੰਡਸਟਰੀਅਲ ਏਰੀਆ ਸ਼ਾਖਾ ਵਿੱਚ ਬੈਂਕਾਂ ਦੇ ਕੌਮਿਕਰਨ ਦੀ 50 ਵੀਂ ਵਰ੍ਹੇਗੰਢ ਮਨਾਈ ਗਈ। ਬੁਲਾਰਿਆਂ ਨੇ ਕਿਹਾ ਕਿ 1969 ਵਿੱਚ ਅੱਜ ਦੇ ਦਿਨ ਉਸ ਵੇਲੇ ਦੇ ਪ੍ਰਧਾਨ ਮੰਤਰੀ ਮੈਡਮ ਇੰਦਰਾ ਗਾਂਧੀ ਨੇ ਦੇਸ਼ ਦੇ 14 ਵੱਡੇ ਨਿੱਜੀ ਬੈਂਕਾਂ ਦਾ ਕੌਮੀਕਰਨ ਦਾ ਆਰਡੀਨੈਂਸ ਜਾਰੀ ਕੀਤਾ ਸੀ। ਉਸ ਵੇਲੇ ਨਿਜੀ ਬੈਂਕਾਂ ਦੇ ਮਾਲਕ ਦੇਸ਼ ਦੀ ਸਰਮਾਏਦਾਰੀ ਜਮਾਤ ਵੱਲੋਂ ਇਸਦਾ ਬਹੁਤ ਤਿੱਖਾ ਵਿਰੋਧ ਹੋਇਆ ਸੀ ਅਤੇ ਉਹ ਇਸ ਦੇ ਖਿਲਾਫ਼ ਦੇਸ਼ ਦੀ ਸਰਵਉਚ ਅਦਾਲਤ ਵਿੱਚ ਵੀ ਗਏ। ਆਪਣੀਆਂ ਇਹਨਾਂ ਚਾਲਾਂ ਨਾਲ ਉਹਨਾਂ  ਨੇ   ਇਹ ਆਰਡੀਨੈਂਸ ਰੱਦ ਕਰਵਾ ਦਿੱਤਾ।  ਬੈਂਕ ਕਰਮਚਾਰੀਆਂ ਦੇ ਤਿੱਖੇ ਵਿਰੋਧ ਅਤੇ ਸਿਰੜੀ ਸੰਘਰਸ਼ ਦੇ ਸਿੱਟੇ ਵੱਜੋਂ ਮਜਬੂਰ ਹੋ ਕੇ 14 ਫ਼ਰਵਰੀ 1970 ਵਾਲੇ ਦਿਨ ਸਰਕਾਰ ਨੂੰ ਦੁਬਾਰਾ ਆਰਡੀਨੈਂਸ ਲਿਆਉਣਾ ਪਿਆ ਅਤੇ ਇਸ ਦੀ ਜਗ੍ਹਾ ਬਿੱਲ ਲਿਆਂਦਾ ਗਿਆ ਜਿਸ ਨੂੰ ਲੋਕ ਸਭਾ ਨੇ 24 ਮਾਰਚ 1970 ਨੂੰ ਦੇਰ ਰਾਤ 10:30 ਵਜੇ ਤੱਕ ਬੈਠ ਕੇ ਪਾਸ ਕੀਤਾ। 
ਇਥੇ ਇਹ ਗੱਲ ਵਰਨਣਯੋਗ ਹੈ ਕਿ ਅੱਜ ਵੀ ਸੱਤਾ 'ਤੇ ਕਾਬਜ਼ ਬੀਜੇਪੀ ਜੋ ਉਸ ਵੇਲੇ ਜਨਸੰਘ ਸੀ ਇਸਨੇ ਖੁੱਲ੍ਹ ਕੇ ਕੌਮੀਕਰਨ ਦਾ ਵਿਰੋਧ ਕੀਤਾ ਸੀ ਪਰ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਕਮਿਉਨਿਸਟ ਪਾਰਟੀ ਨੇ ਖੁੱਲ੍ਹ ਕੇ ਇਸ ਦੀ ਹਮਾਇਤ ਕੀਤੀ।  ਇੱਥੇ ਇਹ ਗੱਲ ਵਰਨਣਯੋਗ ਹੈ ਕਿ ਉਸ ਵੇਲੇ ਦੀ ਏ ਆਈ ਬੀ ਈ ਏ ਦੀ ਲੀਡਰਸ਼ਿਪ ਜਿਨ੍ਹਾਂ ਵਿੱਚ ਕਾਮਰੇਡ ਪ੍ਰਭਾਤ ਕਰ, ਐੱਚ ਐਲ ਪਰਵਾਨਾ ਅਤੇ ਕਈ ਹੋਰ ਆਗੂ ਸ਼ਾਮਲ ਸਨ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਿਲ ਕੇ ਮੁਬਾਰਕਬਾਦ ਦਿੱਤੀ ਅਤੇ ਕਰਮਚਾਰੀਆਂ ਵੱਲੋਂ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਬੈਂਕ  ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ ਅਤੇ ਉਨ੍ਹਾਂ ਨੇ  ਬੈਂਕਾਂ ਵਿਚ ਕਾਰੋਬਾਰ ਵਧਾਉਣ ਲਈ ਬੜੀ ਮਿਹਨਤ ਕੀਤੀ ਸੀ। ਬੁਲਾਰਿਆਂ ਨੇ ਦਸਿਆ ਕਿ 2008 ਵਾਲੀ ਵਿਸ਼ਵਵਿਆਪੀ ਮੰਦੀ; ਜਿਸ ਵਿੱਚ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਨਿਜੀ ਬੈਂਕ ਫੇਲ ਹੋ ਗਏ ਸਨ। ਉਸ ਵੇਲੇ ਸਾਡੇ ਦੇਸ਼ ਨੂੰ ਬੈਂਕਾਂ ਦੇ ਕੌਮੀਕਰਨ ਨੇ ਹੀ ਬਚਾਇਆ। ਜ਼ਿਕਰਯੋਗ ਹੈ ਕਿ ਸੰਨ 1991 ਤੋਂ ਸਰਕਾਰਾਂ ਵੱਲੋਂ ਬੈਂਕਾਂ ਨੂੰ ਇੱਕ ਵਾਰ ਫੇਰ ਨਿਜੀਕਰਨ ਵੱਲ ਲਿਜਾਣ ਦੀ ਸਾਜ਼ਿਸ਼ ਦੇ ਖਿਲਾਫ ਬੈਂਕ ਕਰਮਚਾਰੀਆਂ ਨੇ ਹੁਣ ਤੱਕ ਦੇਸ਼ ਅਤੇ ਲੋਕ ਹਿੱਤ ਵਿੱਚ 42 ਹੜਤਾਲਾਂ ਕੀਤੀਆਂ ਹਨ। 
ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ ਕਾਮਰੇਡ ਨਾਰੇਸ਼ ਗੌੜ, ਰਾਜੇਸ਼ ਵਰਮਾ, ਗੁਰਮੀਤ ਸਿੰਘ, ਹਰਵਿੰਦਰ ਸਿੰਘ ਅਤੇ  ਮੈਡਮ ਪਰਵੀਨ ਮੌਦਗਿਲ। ਫੈਡਰੇਸ਼ਨ ਦੀ ਲੁਧਿਆਣਾ ਇਕਾਈ ਦੇ ਪਰਧਾਨਪਵਨ ਠਾਕੁਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਨਰਕੇਸ਼ਵਰ ਰਾਏ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਫੈਡਰੇਸ਼ਨ ਦੇ ਜੱਥੇਬੰਦਕ ਸਕੱਤਰ ਐਮ ਐਸ ਭਾਟੀਆ ਨੇ ਕਿਹਾ ਕਿ ਅੱਜ ਦੀ ਇਹ ਮੀਟਿੰਗ ਹਰ ਪੱਖ ਤੋਂ ਕਮਾਯਾਬ ਰਹੀ। 

No comments: