Friday, July 20, 2018

ਪੀਏਯੂ ਨੇ ਮਿਰਚਾਂ ਦੀ ਦੋਗਲੀ ਕਿਸਮ ਦੇ ਪ੍ਰਸਾਰ ਲਈ ਕੀਤਾ ਸਮਝੌਤਾ

Jul 20, 2018, 4:23 PM
ਪੂਰੇ ਦੇਸ਼ ਦੀਆਂ ਵੱਖ-ਵੱਖ ਕੰਪਨੀਆਂ ਨਾਲ ਹੁਣ ਤੱਕ 10 ਸੰਧੀਆਂ ਕੀਤੀਆਂ 
ਲੁਧਿਆਣਾ: 20 ਜੁਲਾਈ 2018: (ਪੰਜਾਬ ਸਕਰੀਨ ਬਿਊਰੋ)::
ਅੱਜ ਪੀਏਯੂ ਨੇ ਮਿਰਚਾਂ ਦੀ ਦੋਗਲੀ ਕਿਸਮ ਸੀਐਚ-27 ਦੇ ਪ੍ਰਸਾਰ ਲਈ ਪਟਿਆਲੇ ਦੀ ਕੰਪਨੀ ਜੈਨਰੇਸ਼ਨ ਸੀਡਜ਼ ਪ੍ਰਾਈਵੇਟ ਲਿਮਿਟਡ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ । ਜੈਨਰੇਸ਼ਨ ਸੀਡਜ਼ ਪ੍ਰਾਈਵੇਟ ਲਿਮਿਟਡ ਵੱਲੋਂ ਸ੍ਰੀ ਪਰਮਜੀਤ ਸਿੰਘ ਅਤੇ ਪੀਏਯੂ ਵੱਲੋਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਸਾਂਝੇ ਸਮਝੌਤੇ ਤੇ ਸਹੀ ਪਾਈ । ਡਾ. ਨਵਤੇਜ ਸਿੰਘ ਬੈਂਸ ਨੇ ਬੀਜ ਕੰਪਨੀ ਨੂੰ ਪੀਏਯੂ ਵੱਲੋਂ ਨਿਰਮਤ ਇਸ ਕਿਸਮ ਦੇ ਵਪਾਰੀਕਰਨ ਦਾ ਹਿੱਸਾ ਬਣਨ ਲਈ ਵਧਾਈ ਦਿੱਤੀ । ਉਹਨਾਂ ਨੇ ਖੇਤੀ ਨਾਲ ਸੰਬੰਧਿਤ ਉਚ ਪੱਧਰੀ ਖੋਜਾਂ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ । ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਅਜਮੇਰ ਸਿੰਘ ਢੱਟ ਨੇ ਵਿਸਥਾਰ ਵਿੱਚ ਗੱਲ ਕਰਦਿਆਂ ਦੱਸਿਆ ਕਿ ਮਿਰਚਾਂ ਦੀ ਦੋਗਲੀ ਕਿਸਮ ਸੀਐਚ-27 ਵੱਧ ਝਾੜ ਦੇਣ ਵਾਲੀ ਕਿਸਮ ਹੈ ਜੋ ਦੇਸ਼ ਦੇ ਉਤਰ-ਪੱਛਮੀ ਭਾਗ ਵਿੱਚ ਕਿਸਾਨਾਂ ਵੱਲੋਂ ਵਿਆਪਕ ਤੌਰ ਤੇ ਸਵੀਕਾਰ ਵੀ ਕੀਤੀ ਗਈ ਹੈ। 
ਵਧੀਕ ਨਿਰਦੇਸ਼ਕ ਖੋਜ ਡਾ. ਅਸ਼ੋਕ ਕੁਮਾਰ ਨੇ ਇਸ ਮੌਕੇ ਦੱਸਿਆ ਕਿ ਪੀਏਯੂ ਨੇ ਮਿਰਚਾਂ ਦੀ ਇਸ ਕਿਸਮ ਨੂੰ ਵੱਡੇ ਪੱਧਰ ਤੇ ਪ੍ਰਸਾਰਿਤ ਕਰਨ ਲਈ ਪੂਰੇ ਦੇਸ਼ ਦੀਆਂ ਵੱਖ-ਵੱਖ ਕੰਪਨੀਆਂ ਨਾਲ ਹੁਣ ਤੱਕ 10 ਸੰਧੀਆਂ ਕੀਤੀਆਂ ਹਨ । ਤਕਨੀਕ ਵਪਾਰੀਕਰਨ ਅਤੇ ਆਈ ਪੀ ਆਰ ਸੈਲ ਦੇ ਅੰਡਜੰਕਟ ਪ੍ਰੋਫੈਸਰ ਡਾ. ਐਸ ਐਸ ਚਾਹਲ ਨੇ ਪੀਏਯੂ ਵੱਲੋਂ ਹੁਣ ਤੱਕ ਕੀਤੀਆਂ ਗਈਆਂ 172 ਸੰਧੀਆਂ ਦਾ ਜ਼ਿਕਰ ਕੀਤਾ ਜੋ 39 ਤਕਨੀਕਾਂ ਦੇ ਪਸਾਰ ਲਈ ਦੇਸ਼ ਭਰ ਦੀਆਂ ਕੰਪਨੀਆਂ ਨਾਲ ਹੋਈਆਂ ਹਨ । ਇਹਨਾਂ ਵਿੱਚ ਸਰ ਦੀ ਹਾਈਬ੍ਰਿਡ ਲਾਈਨ, ਬੈਂਗਣਾਂ ਦੀ ਵਿਕਸਿਤ ਕਿਸਮ, ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਪਾਣੀ ਪਰਖ ਕਿੱਟ, ਸੇਬ ਦਾ ਸਿਰਕਾ ਅਤੇ ਹੋਰ ਕਈ ਤਕਨੀਕਾਂ ਹਨ । ਸਹਾਇਕ ਸਬਜ਼ੀ ਵਿਗਿਆਨੀ ਡਾ. ਸਲੇਸ਼ ਜਿੰਦਲ ਨੇ ਦੱਸਿਆ ਕਿ ਸੀਐਚ-27 ਕਿਸਮ ਵੱਧ ਝਾੜ ਦੇਣ ਵਾਲੀ ਅਤੇ ਪੱਤਾ ਮਰੋੜ ਬਿਮਾਰੀ ਅਤੇ ਜੜ ਦੇ ਗਾਲ਼ੇ ਨਾਲ ਲੜਨ ਦੇ ਸਮਰੱਥ ਹੈ । ਇਸ ਦੇ ਪੌਦੇ ਲੰਬੇ ਸਮੇਂ ਤੱਕ ਝਾੜ ਦੇਣ ਦੇ ਸਮਰੱਥ ਹੁੰਦੇ ਹਨ । ਹਲਕੇ ਹਰੇ ਰੰਗ ਦੇ ਅਤੇ ਦਰਮਿਆਨੇ ਤਿੱਖੇਪਣ ਵਾਲੇ ਫ਼ਲ ਇਸ ਕਿਸਮ ਦੀ ਵਿਸ਼ੇਸ਼ਤਾ ਹਨ । ਇਸ ਮੌਕੇ ਸਹਾਇਕ ਨਿਰਦੇਸ਼ਕ ਖੋਜ ਡਾ. ਕੇ ਐਸ ਥਿੰਦ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 

No comments: