Friday, July 20, 2018

ਨਾਟਕ ਅਤੇ ਫਿਲਮਾਂ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ

Thu, Jul 19, 2018 at 10:36 PM
ਧਰਮ ਅਤੇ ਇਤਿਹਾਸ ਦੇ ਪ੍ਰਚਾਰ/ਪ੍ਰਸਾਰ ਲਈ ਸੰਜੀਵਨ ਸਿੰਘ ਦੀ ਲਿਖਤ 
ਮੋਹਾਲੀ: 19 ਜੁਲਾਈ 2018: (ਸੰਜੀਵਨ ਸਿੰਘ//ਪੰਜਾਬ ਸਕਰੀਨ):: 
ਵੈਸੇ ਤਾਂ ਫਿਲਮ ਜਾਂ ਨਾਟਕ ਆਪਣੇ ਆਪ ਵਿਚ ਸਾਹਿਤ ਦੀਆਂ ਹੋਰ ਵਿਧਾਵਾਂ ਨਾਲੋਂ ਕਠਿਨ ਵਿਧਾ ਹੈ ਪਰ ਧਾਰਮਿਕ ਅਤੇ ਇਤਿਹਾਸਿਕ ਫਿਲਮ ਜਾਂ ਨਾਟਕ ਲਿਖਣਾ ਬਹੁਤ ਹੀ ਜੌਖ਼ਮ ਭਰਿਆ ਕਾਰਜ ਹੈ, ਤਲਵਾਰ ਦੀ ਧਾਰ ’ਤੇ ਤੁਰਨ ਸਮਾਨ ਹੈ। ਮੈਨੂੰ ਇਸ ਗੱਲ ਦਾ ਅਹਿਸਾਸ ਇਸ ਲਈ ਹੈ ਕਿਓਂਕਿ ਮੈਂ ਭਗਤ ਸਿੰਘ ਬਾਰੇ ਨਾਟਕ “ਸਰਦਾਰ”, ਬਾਬਾ ਦੀਪ ਸਿੰਘ ਬਾਰੇ ਨਾਟਕ “ਸਿਰ ਦੀਜੈ, ਕਾਣਿ ਨਾ ਕੀਜੈ” ਅਤੇ ਨਾਮਧਾਰੀ ਲਹਿਰ ਬਾਰੇ ਨਾਟਕ “ਮਸਤਾਨੇ” ਲਿਖੇ ਹਨ।
ਪਹਿਲਾਂ ਵੀ “ਨਾਨਕ ਨਾਮ ਜਹਾਜ਼ ਹੈ”, “ਨਾਨਕ ਦੁਖੀਆ ਸਭ ਸੰਸਾਰ”, “ਦੁੱਖ ਭੰਜਨ ਤੇਰਾ ਨਾਮ” ਆਦਿ ਧਾਰਮਿਕ ਫਿਲਮਾਂ ਦਾ ਨਿਰਮਾਣ ਹੋ ਚੁੱਕਾ ਹੈ।ਪਰ ਜਿਨਾਂ ਵਿਵਾਦ “ਨਾਨਕ ਸ਼ਾਹ ਫਕੀਰ” ਫਿਲਮ ਬਾਰੇ ਪੈਦਾ ਹੋਇਆ ਹੈ। ਪਹਿਲਾਂ ਵੱਧ ਘੱਟ ਹੀ ਪੜਣ-ਸੁਣਨ ਨੂੰ ਮਿਲਿਆ ਹੈ।ਮੇਰੇ ਵਿਚਾਰ ਅਨੁਸਾਰ ਪਹਿਲਾਂ ਜਿਹੜੀਆਂ ਧਾਰਮਿਕ ਫਿਲਮਾਂ ਬਣੀਆਂ ਹਨ। ਸਾਡੇ ਗੁਰੁ ਸਾਹਿਬਾਨਾਂ ਬਾਰੇ ਨਾ ਹੋ ਕੇ ਉਨਾਂ ਦੀ ਕਹਾਣੀ ਇਕ ਸ਼ਰਧਾਵਾਨ ਪ੍ਰੀਵਾਰ ਨਾਲ ਵਾਪਰਦੀਆਂ ਘਟਨਾਵਾਂ ਦੇ ਇਰਧ-ਗਿਰਧ ਵਾਪਰਦੀ ਸੀ। “ਨਾਨਕ ਸ਼ਾਹ ਫਕੀਰ” ਅਤੇ “ਚਾਰ ਸਾਹਿਬਜ਼ਾਦੇ” ਗੁਰੁ ਨਾਨਕ ਦੇਵ ਜੀ ਅਤੇ ਸਾਹਿਜਾਦਿਆਂ ਦੇ ਜੀਵਨ ਨੂੰ ਵਿਅਕਤ ਕਰਦੀਆਂ ਫਿਲਮਾਂ ਹਨ।ਸਿੱਖ ਧਰਮ ਦੀ ਰਾਹਿਤ-ਮਰਿਆਦਾ ਮੁਤਾਬਿਕ ਗੁਰੂੁ ਸਾਹਿਬਾਨਾ ਦੇ ਕਿਰਦਾਰ ਨੂੰ ਫਿਲਮਾਂ ਜਾਂ ਨਾਟਕਾਂ ਵਿਚ ਕੋਈ ਵੀ ਮਨੁੱਖ ਨਹੀਂ ਨਿਭਾ ਸਕਦਾ।“ਨਾਨਕ ਸ਼ਾਹ ਫਕੀਰ” ਫਿਲਮ ਵਿਚ ਗੁਰੁ ਨਾਨਕ ਦੇਵ ਦੀ ਦਾ ਕਿਰਦਾਰ ਭਾਵੇਂ ਐਨੀਮੈਟਿਡ ਵਿਧੀ ਰਾਹੀ ਫਿਲਮਾਇਆ ਗਿਆ ਹੈ।ਪਰ ਫੇਰ ਵੀ ਕਿਤੇ ਕਿਤੇ ਅਸਲ ਦਾ ਝਾਉਲਾ ਪੈਂਦਾ ਹੈ।“ਚਾਰ ਸਾਹਿਬਜ਼ਾਦੇ” ਫਿਲਮ ਬਿਨਾਂ ਕਿਸੇ ਵਾਦ-ਵਿਵਾਦ ਦੇ ਰਲੀਜ਼ ਵੀ ਹੋਈ ਅਤੇ ਚਰਚਿੱਤ ਵੀ। ਕਾਰਣ ਸਾਰੇ ਦੇ ਸਾਰੇ ਕਿਰਦਾਰ ਐਨੀਮੈਟਿਡ ਵਿਧੀ ਨਾਲ ਫਿਲਮਾਉਣਾਂ ਹੈ।
ਤਕਰੀਬਨ ਡੇਢ ਦੋ ਸਾਲ ਪਹਿਲਾਂ ਫਿਲਮ “ਨਾਨਕ ਸ਼ਾਹ ਫਕੀਰ” ਕੁੱਝ ਥਾਵਾਂ ਦੇ ਰਲੀਜ਼ ਹੋ ਚੁੱਕੀ ਹੈ। ੳਦੋਂ ਮੈਂ  ਇਹ ਫਿਲਮ ਵੇਖੀ ਸੀ। ਕੁੱਝ ਕਮੀਆਂ ਜੋ ਮੈਂ ਵੀ ਮਹਿਸੂਸ ਕੀਤੀਆਂ ਸਨ।ਸਭ ਤੋਂ ਪਹਿਲਾਂ ਤਾਂ ਗੁਰੁ ਨਾਨਕ ਦੇਵ ਦੀ ਦੇ ਪਿਤਾ ਮਹਿਤਾ ਕਾਲੂ ਅਤੇ ਭੈਣ ਬੇਬੇ ਨਾਨਕੀ ਆਦਿ ਦੇ ਕਿਰਦਾਰ ਕਲਾਕਰਾਂ ਵੱਲੋਂ ਅਦਾ ਕਰਨਾ ਮੈਂਨੂੰ ਅਟਪਟਾ ਲੱਗਿਆ ਸੀ।ਭਾਈ ਬਾਲਾ ਅਤੇ ਭਾਈ ਮਰਦਾਨਾ ਦੋਵੇਂ ਗੁਰੁ ਨਾਨਕ ਦੇਵ ਜੀ ਨਾਲ ਲੰਮਾ ਸਮਾਂ ਨਾਲ ਰਹੇ।ਇਨਾਂ ਵਿੱਚੋਂ ਇਕ ਦਾ ਤਾਂ ਸਾਰੀ ਫਿਲਮ ਵਿਚ ਕਿਤੇ ਵੀ ਜ਼ਿਕਰ ਤੱਕ ਨਹੀਂ ਹੈ।ਇਹ ਆਪਣੇ ਆਪ ਵਿਚ ਵੱਡੀਆਂ ਕੁਤਾਹੀਆਂ ਕਹੀਆਂ ਜਾ ਸਕਦੀਆਂ ਹਨ।ਅਜਿਹੀਆਂ ਕੁਤਾਹੀਆਂ ਤੋਂ ਬਚੇ ਜਾਣਾ ਚਾਹੀਦਾ ਸੀ।ਕਿਸੇ ਵੀ ਸਮਾਜ ਦੇ ਧਾਰਿਮਕ ਜਾਂ ਇਤਿਹਾਸਕ ਪੱਖ ਨੂੰ ਉਜਾਗਰ ਕਰਨ ਤੋਂ ਪਹਿਲਾਂ ਹਰ ਪਹਿਲੂ ਅਤੇ ਪੱਖ ਤੋਂ ਜਾਣੂੰ ਹੋਣਾਂ ਬੇਹੱਦ ਜ਼ਰੂਰੀ ਹੈ।
ਧਰਮ ਅਤੇ ਇਤਿਹਾਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਾਟਕ ਅਤੇ ਫਿਲਮਾਂ ਸਭ ਤੋਂ ਕਾਰਗਾਰ ਅਤੇ ਪ੍ਰਭਾਵਸ਼ਾਲੀ ਮਾਧਿਅਮ ਹਨ।ਪਰ ਜੇ ਧਾਰਮਿਕ ਅਤੇ ਇਤਿਹਾਸਕ ਰਵਾਇਤਾਂ ਅਤੇ ਬੰਦਿਸ਼ਾ ਅਨੁਸਾਰ ਕਾਰਜ ਕੀਤਾ ਜਾਵੇ।ਬਿਨਾਂ ਧਾਰਿਮਕ ਵਿਦਵਾਨਾਂ ਅਤੇ ਇਤਿਹਾਕਾਰਾਂ ਨਾਲ ਸਲਾਹ-ਮਸ਼ਵਰੇ ਤੋਂ ਕੀਤੇ ਕਿਸੇ ਵੀ ਨਾਟਕ ਅਤੇ ਫਿਲਮ ਬਾਰੇ ਵਿਵਾਦ ਪੈਦਾ ਹੋਣ ਦੀ ਸੰਭਾਨਾਵਾਂ ਹੁੰਦੀ ਹੀ ਹੈ।ਨਾਟਕਕਾਰ ਅਤੇ ਫਿਲਮਕਾਰ ਨੂੰ ਵੀ ਥੋੜੀ ਬਹੁਤ ਖੁੱਲ ਮਿਲਣੀ ਹੀ ਚਾਹੀਦੀ ਹੈ।ਕਲਾ ਅਤੇ ਕਲਮ ਕਿਸੇ ਵੀ ਖਿੱਤੇ ਦੇ ਧਰਮ ਅਤੇ ਇਤਿਹਾਸ ਦੇ ਵਿਸਥਾਰ, ਪ੍ਰਚਾਰ ਅਤੇ ਪ੍ਰਸਾਰ ਦੇ ਨਾਲ ਨਾਲ ਸੱਤਾ ਪ੍ਰਾਪਤੀ ਲਈ ਜ਼ਮੀਨ ਵੀ ਤਿਆਰ ਕਰ ਸਕਦੀ ਹੈ।ਜਿਸ ਦੀ ਮਿਸਾਲ ਕਲਾ ਦੇ ਉਤਮ ਨਮੂਨੇ ਰਮਾਇਣ ਅਤੇ ਮਹਾਂ ਭਾਰਤ ਸੀਰੀਅਲ ਹਨ।ਇਨਾਂ ਸੀਰੀਅਲਾਂ ਨੇ ਇਕ ਰਾਜਨੀਤਿਕ ਧਿਰ ਲਈ ਸੱਤਾ ਦਾ ਰਾਹ ਮੋਕਲਾ ਕਰ ਦਿੱਤਾ।ਲੋਕ ਆਪਣੇ ਕਾਰਜ ਇਨਾਂ ਸੀਰੀਅਲਾਂ ਦੇ ਪ੍ਰਸਾਰਣ ਸਮੇਂ ਨੂੰ ਧਿਆਨ ਵਿਚ ਰੱਖਕੇ ਤਹਿ ਕਰਦੇ ਹਨ।ਜੇ ਖੁਦਾ ਨਾ ਖਾਸਤਾ ਪ੍ਰਸਾਰਣ ਦੌਰਾਨ ਬਿਜਲੀ ਚੱਲੇ ਜਾਂਦੀ ਤਾਂ ਲੋਕ ਬਿਜਲੀ ਘਰਾਂ ਦਾ ਘਿਰਾਓ ਤੱਕ ਕਰਦੇ।ਕਈਆਂ ਥਾਵਾਂ ’ਤੇ ਤਾਂ ਨੌਬਤ ਤੋੜਫੋੜ ਤੱਕ ਵੀ ਚਲੀ ਜਾਂਦੀ। ਇਸ ਤੋਂ ਇਨਾਂ ਸੀਰੀਅਲਾਂ ਦੀ ਮਕਬੂਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਜਿਥੇ ਫਿਲਮਕਾਰਾਂ ਅਤੇ ਨਾਟਕਕਾਰਾਂ ਨੂੰ ਇਨਾਂ ਵਿਸ਼ਿਆਂ ਨੂੰ ਛੋਹਣ ਲੱਗੇ ਸੀਮਾਵਾਂ ਅਤੇ ਮਰਿਆਦਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ।ਉਥੇ ਹੀ ਜੇ ਸੰਭਵ ਹੋ ਸਕੇ ਤਾਂ ਧਾਰਮਿਕ ਅਤੇ ਇਤਿਹਾਸਕ ਸੰਸਥਾਵਾਂ ਅਤੇ ਵਿਦਵਾਨਾਂ ਵੱਲੋਂ ਵੀ ਕੁੱਝ ਹੱਦ ਤੱਕ ਖੁੱਲਾਂ/ਛੋਟਾ ਦੇਣ ਵਿਚ ਵੀ ਕੋਈ ਹਰਜ਼ ਨਹੀਂ।ਬਸ਼ਰਤੇ ਫਿਲਮ ਅਤੇ ਨਾਟਕ ਦੇ ਪ੍ਰਭਾਵ ਨੂੰ ਤੀਖਣ ਕਰਨ ਵਿਚ ਸਹਾਈ ਹੋਣ। 
ਪੇਸ਼ਕਸ਼: ਸੰਜੀਵਨ ਸਿੰਘ
 94174-60656
  

No comments: