Tuesday, July 17, 2018

ਸੱਚ ਮੁੱਚ ਦਿਲਾਂ ਦਾ ਮਹਿਰਮ-ਮਨਜੀਤ ਸਿੰਘ ਮਹਿਰਮ

Jul 17, 2018, 2:11 PM
ਭੋਗ 'ਤੇ ਵਿਸ਼ੇਸ਼ 18 ਜੁਲਾਈ 2018
ਸਾਡਾ ਨਿੱਘਾ ਮਿੱਤਰ ਸ. ਮਨਜੀਤ ਸਿੰਘ ਬੀਤੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਉਹ ਸੱਚ ਮੁੱਚ ਦਿਲਾਂ ਦਾ ਮਹਿਰਮ ਸੀ। ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭਾਸ਼ਾ ਤੇ ਸੱਭਿਆਚਾਰ ਵਿਭਾਗ ਵਿਚ ਕੰਮ ਕਰਦਿਆਂ ਉਹਸ ਨੇ ਲੇਖ ਲਿਖਣਾ ਤੇ ਛਪਣਾ ਆਰੰਭ ਕੀਤਾ ਤਾਂ ਦੋਸਤਾਂ ਦੇ ਦਾਇਰੇ ਅਤੇ ਉਹਨੇ ਖ਼ੁਦ ਮਹਿਸੂਸ ਕੀਤਾ ਕਿ ਛਪਣ ਲਈ ਇਕ ਸੋਹਣਾ ਤਖ਼ੱਲਸ ਹੋਣਾ ਚਾਹੀਦਾ ਹੈ। ਦੋਸਤਾਂ ਦੇ ਦਾਇਰੇ ਵਿਚ ਡਾ. ਸ. ਸ. ਦੁਸਾਂਝ, ਡਾ. ਸਾਧੂ ਸਿੰਘ, ਡਾ. ਸ. ਨ. ਸੇਵਕ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਰਜੀਤ ਪਾਤਰ ਜੀ ਤੇ ਸਾਰਿਆਂ ਨੇ ਸਹਿਮਤੀ ਦਿੱਤੀ। ਫਿਰ ਮਹਿਰਮ ਤਖ਼ੱਲਸ ਹੀ ਨਹੀਂ ਬਣਿਆ ਸਗੋਂ ਮਨਜੀਤ ਸਿੰਘ ਮਹਿਰਮ ਸੱਚੀ ਮੁੱਚੀ ਮਹਿਰਮ ਬਣ ਕੇ ਨਿਭਿਆ। ਉਹ ਅਕਸਰ ਆਖਿਆ ਕਰਦਾ ਸੀ ਕਿ ਮੈਂ ਗ਼ਰੀਬ ਪਰਿਵਾਰ ਵਿਚੋਂ ਮਿਹਨਤ ਕਰਕੇ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਬੰਧਕੀ ਅਫ਼ਸਰ ਤੱਕ ਪਹੁੰਚਿਆ ਹਾਂ। ਗ਼ਰੀਬ ਲੋਕਾਂ ਦਾ ਉਹ ਮਹਿਰਮ ਦੀ ਹੱਦ ਤਕ ਹਮਦਰਦ ਸੀ। ਇਹੀ ਕਾਰਨ ਸੀ ਕਿ ਉਹ ਪੀ. ਏ .ਯੂ. ਦੀ ਮੁਲਾਜ਼ਮ ਯੂਨੀਅਨ ਦੇ ਸਾਬਕਾ ਪ੍ਰਧਾਨ ਰੂਪ ਵਿਚ ਰੂਪਾ ਦੇ ਨਾਲ ਨਾਲ ਰਹਿੰਦਿਆਂ ਸਾਬਕਾ ਪ੍ਰਧਾਨ ਡੀ. ਪੀ. ਮੌੜ ਤਕ ਉਹਨਾਂ ਦੀ ਸੱਜੀ ਬਾਂਹ ਬਣ ਕੇ ਵਿਚਰਿਆ। ਇਥੇ ਹੀ ਉਸ ਦੇ ਸੰਬੰਧ ਮੁਲਾਜ਼ਮਾਂ ਦੇ ਆਗੂ ਚਰਨ ਸਿੰਘ ਗੁਰਮ ਨਾਲ ਬਣੇ। ਰੂਪ ਸਿੰਘ ਰੂਪਾ ਅਤੇ ਚਰਨ ਸਿੰਘ ਗੁਰਮ ਅੱਜ ਕਲ• ਅਮਰੀਕਾ ਰਹਿੰਦੇ ਹਨ। ਜਦੋਂ ਵੀ ਲੋੜ ਪੈਂਦੀ ਇਹ ਉਪਰੋਕਤ ਦੋਨਾਂ ਦੋਸਤਾਂ ਤੋਂ ਲੋਕ ਹਿਤ ਵਿਚ ਵਿਤੀ ਸਹਾਇਤਾ ਵੀ ਕਰਵਾਉਂਦਾ। ਮਹਿਰਮ ਦਾ ਜਨਮ 9 ਦਸੰਬਰ 1949 ਦਾ ਸੀ। ਸੰਨ 2000 ਵਿਚ ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ ਉਹ ਉਪਰੋਕਤ ਦੋਸਤਾਂ ਦੀ ਟੀਮ ਵਿਚ ਲੋਕ ਭਲਾਈ ਦੇ ਕੰਮਾਂ ਵਿਚ ਜੁਟ ਗਿਆ। ਉਹ ਦੇਸ ਭਗਤਾਂ ਬਾਰੇ ਖੋਜ ਭਰਪੂਰ ਲੇਖ ਲਿਖਦਾ। ਰੋਜ ਵਾਪਰਦੇ ਐਕਸੀਡੈਂਟਾਂ ਤੋਂ ਉਹ ਬਹੁਤ ਚਿੰਤਤ ਹੁੰਦਾ ਅਤੇ ਟਰੈਫਿਕ ਦੇ ਨਿਯਮਾਂ ਆਦਿ ਬਾਰੇ ਸੋਸ਼ਲ ਮੀਡੀਆ ਤੇ ਲਿਖਦਾ ਰਹਿੰਦਾ। ਸਾਹਿਤ ਮੱਸ ਹੋਣ ਕਰਕੇ ਆਪਣੀ ਮਾਂ ਬੋਲੀ ਪ੍ਰਤੀ ਗਹਿਰਾ ਮੋਹ ਹੋਣ ਕਰਕੇ ਉਹ ਪੰਜਾਬੀ ਸਭਿਆਚਾਰ ਅਕਾਡਮੀ ਲੁਧਿਆਣਾ ਦਾ ਮੀਡੀਆ ਸਲਾਹਕਾਰ ਬਣਿਆ। ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵਿਚ ਉਹ ਵੱਧ ਚੜ• ਕੇ ਕੰਮ ਕਰਦਾ ਸੀ। ਪੀ. ਏ. ਯੂ. ਇੰਪਲਾਈਜ਼ ਯੂਨੀਅਨ ਦਾ ਪ੍ਰਧਾਨ ਸ. ਬਲਦੇਵ ਸਿੰਘ ਵਾਲੀਆ ਅਤੇ ਹੋਰ ਆਗੂ ਅੱਜ ਵੀ ਮਹਿਰਮ ਦੀਆਂ ਯੂਨੀਅਨ ਪ੍ਰਤੀ ਸੇਵਾਵਾਂ ਨੂੰ ਯਾਦ ਕਰਦੇ ਹਨ।
ਸੇਵਾ ਮੁਕਤੀ ਤੋਂ ਬਾਅਦ ਉਹ ਲੋਕ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਦੇ ਮੀਡੀਆ ਸਲਾਹਕਾਰ ਵੀ ਰਹੇ। ਇਸੇ ਤਰਾਂ ਉਸ ਦੇ ਸੰਬੰਧ ਕਾਂਗਰਸੀ ਆਗੂ ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ ਅਤੇ ਚਰਨ ਸਿੰਘ ਗੁਰਮ ਨਾਲ ਇੰਨੇ ਹੀ ਗੂੜੇ ਸਨ। ਇਸੇ ਤਰਾਂ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਬੁਲਾਰੇ ਸ. ਦਰਸ਼ਨ ਸਿੰਘ ਡੀ. ਪੀ. ਆਰ. ਓ. ਦੇ ਵੀ ਉਹ ਗੂੜੇ ਮਿੱਤਰ ਸਨ। ਸਿਆਸੀ ਤੌਰ ਤੇ ਭਾਵੇਂ ਉਹ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਪੱਕੇ ਤੌਰ 'ਤੇ ਨਹੀਂ ਜੁੜੇ ਪਰ ਸਭ ਤੋਂ ਨੇੜੇ ਦੇ ਸੰਬੰਧ ਕਮਿਊਨਿਸਟ ਪਾਰਟੀ ਦੇ ਜ਼ਿਲਾ ਸਕੱਤਰ ਕਾ. ਡੀ. ਪੀ. ਮੌੜ ਨਾਲ ਹੀ ਸਨ। ਅਸ਼ਵਨੀ ਜੇਤਲੀ ਤੋਂ ਲੈ ਕੇ ਜਸਵੀਰ ਝੱਜ ਤਕ ਲੁਧਿਆਣੇ ਦਾ ਸਮੁੱਚਾ ਮੀਡੀਆ ਪਰਿਵਾਰ ਉਹਨਾਂ ਦੇ ਦੋਸਤਾਂ ਦੇ ਦਾਇਰੇ ਵਿਚ ਸਨ।
ਸ. ਮਨਜੀਤ ਸਿੰਘ ਮਹਿਰਮ ਆਪਣੇ ਪਿਤਾ ਸ. ਲਛਮਣ ਸਿੰਘ ਦੇ ਤਿੰਨਾਂ ਪੁੱਤਰਾਂ ਸ. ਹਰਭਗਵਾਨ ਸਿੰਘ ਅਤੇ ਸ. ਹਰੀ ਸਿੰਘ ਤੋਂ ਛੋਟੇ ਸਨ ਜੋ ਇਹਨਾਂ ਦਿਨਾਂ ਵਿੱਚ 679 ਸੀ ਦੁੱਗਰੀ ਫੇਜ਼ 2 ਲੁਧਿਆਣਾ ਵਿਖੇ ਆਪਣੀ ਸੁਪਤਨੀ ਸਿੰਦਰ ਕੌਰ ਸਮੇਤ ਰਹਿੰਦੇ ਸਨ। ਉਹਨਾਂ ਦੇ ਇਕ ਪੁੱਤਰ ਦੀ ਪਹਿਲਾਂ ਛੋਟੀ ਉਮਰ ਵਿਚ ਹੀ ਮੌਤ ਹੋ ਗਈ ਸੀ ਤੇ ਇਕ ਬੇਟੀ  ਨੂਰੀ ਵਿਆਹੀ ਹੋਈ ਹੈ। ਸੋ ਪਰਿਵਾਰਕ ਤੌਰ ਤੇ ਪਤਨੀ ਲਈ ਜੀਵਨ ਵਧੇਰੇ ਕਠਿਨ ਹੋ ਗਿਆ ਹੈ।
ਉਹ ਆਪਣੇ ਲੋਕ-ਪੱਖੀ ਕਾਰਜਾਂ ਕਰਕੇ ਆਪਣੇ ਦੋਸਤਾਂ ਦੇ ਵਸੀਹ ਦਾਇਰੇ ਵਿਚ ਹੀ ਨਹੀਂ ਸਮੁੱਚੇ ਸਮਾਜ ਵਿਚ ਯਾਦ ਕੀਤੇ ਜਾਂਦੇ ਰਹਿਣਗੇ।
ਡਾ. ਗੁਲਜ਼ਾਰ ਸਿੰਘ ਪੰਧੇਰ
ਪ੍ਰਧਾਨ,
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ
9464762825

No comments: