Sunday, July 01, 2018

ਕੀ ਸਾਡੇ ਬੱਚੇ ਸਾਡੇ ਲਈ ਬਲੀ ਦਾ ਬੱਕਰਾ ਹਨ?

ਗੁਰੂਨਾਨਕ ਭਵਨ ਵਿੱਚ ਛੇ ਘੰਟੇ ਤੱਕ ਚੱਲੀ ਪਰਿਵਰਤਨ ਵਰਕਸ਼ਾਪ 
ਲੁਧਿਆਣਾ: 30 ਜੂਨ 2018: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::
ਅੱਜ ਸ਼ਾਮ ਵਰਕਸ਼ਾਪ ਸੀ। ਸਫਲ ਪਰਵਰਿਸ਼ ਬਾਰੇ। ਸਕਸੈੱਸਫੁੱਲ ਪੇਰੈਂਟਿੰਗ। ਇਹ ਵਰਕਸ਼ਾਪ ਗੁਰੂਨਾਨਕ ਭਵਨ ਵਿੱਚ ਰਾਤ ਦੇ ਤਕਰੀਬਨ 11 ਵਜੇ ਤੱਕ ਜਾਰੀ ਰਹੀ।ਬੜੇ ਸੁਆਲ ਵੀ ਉੱਠੇ ਅਤੇ ਬੜੇ ਜੁਆਬ ਵੀ ਮਿਲੇ। 
ਆਖਿਰ ਕਿੱਥੇ ਰਹਿ ਜਾਂਦੀ ਹੈ ਕਮੀ ਕਿ ਸਾਡੇ ਪਿਆਰੇ ਬੱਚੇ ਸਾਡੇ ਕੋਲ ਨਹੀਂ ਰਹਿੰਦੇ। ਸਾਡੇ ਹੱਥਾਂ ਵਿੱਚੋਂ ਹੀ ਉਹ ਕਿਤੇ ਹੋਰ ਨਿਕਲ ਜਾਂਦੇ ਹਨ ਅਤੇ ਫਿਰ ਕਦੇ ਹੱਥ ਨਹੀਂ ਆਉਂਦੇ। ਕਦੇ ਨਸ਼ਿਆਂ ਵੱਲ, ਕਦੇ ਕਰਾਈਮ ਵੱਲ ਅਤੇ ਕਦੇ ਕਿਤੇ ਹੋਰ। ਇਸ ਲਈ ਇਹ ਵਰਕਸ਼ਾਪ ਖਾਸ ਸੀ। ਆਯੋਜਨ ਕੀਤਾ ਸੀ ਪਰਿਵਰਤਨ ਨਾਮ ਦੀ ਸੰਸਥਾ ਨੇ। ਇਹ ਸੰਸਥਾ ਪਿਛਲੇ 15 ਸਾਲਾਂ ਤੋਂ ਇਹ ਮੁਹਿੰਮ ਚਲਾ ਰਹੀ ਹੈ। ਸ਼ਾਇਰ ਜਸਵੰਤ ਜ਼ਫ਼ਰ ਅਤੇ ਪਰੋਫੈਸਰ ਰੂਪਾ ਕੌਰ ਇਸ ਵਾਰ ਵੀ ਇਸ ਆਯੋਜਨ ਦੀ ਖਾਸ ਪਰਾਪਤੀ ਰਹੇ। 
ਜਸਵੰਤ ਜ਼ਫ਼ਰ ਹੁਰਾਂ ਨੇ ਬਿਨਾ ਕਿਸੇ ਬਨਾਵਟੀ ਅੰਦਾਜ਼ ਤੋਂ ਬੜੇ ਸਾਫ ਸ਼ਬਦਾਂ ਵਿੱਚ ਬਹੁਤ ਸਾਰੀਆਂ ਗੱਲਾਂ ਸਪਸ਼ਟ ਕੀਤੀਆਂ- ਉਹ ਵੀ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਦੇ ਹਵਾਲੇ ਦੇ ਕੇ। ਫਿਰ ਉਹਨਾਂ ਰੱਬ ਬਾਰੇ ਵੀ ਗੱਲ ਕੀਤੀ। ਕਿਹਾ-ਪਤਾ ਨਹੀਂ ਰੱਬ ਹੁੰਦਾ ਹੈ ਜਾਂ ਨਹੀਂ ਪਰ ਜਿਸਨੇ ਵੀ ਰੱਬ ਦੀ ਕਾਢ ਕੱਢੀ-ਉਹ ਕਾਢ ਪਤੇ ਦੀ ਹੈ। ਇਹ ਰੱਬ ਵਾਲੀ ਭਾਵਨਾ ਸਾਨੂੰ ਕਣ ਕਣ ਨਾਲ ਜੋੜਦੀ ਹੈ। 
ਪਰ ਅੱਜ ਦੇ ਆਯੋਜਨ ਦਾ ਮਾਮਲਾ ਤਾਂ ਸਭ ਤੋਂ ਨੇੜਲੇ ਰਿਸ਼ਤਿਆਂ ਨੂੰ ਬਚਾਉਣ ਦਾ ਸੀ। ਅਸੀਂ ਬਹੁਤ ਕੁਝ ਕਮਾਉਂਦੇ ਹਾਂ--ਬਹੁਤ ਕੁਝ ਬਣਾਉਂਦੇ ਵੀ ਹਾਂ ਪਰ ਇਸ ਚੱਕਰ ਵਿੱਚ ਅਕਸਰ ਆਪਣਿਆਂ ਨਾਲੋਂ ਟੁੱਟ ਜਾਂਦੇ ਹਾਂ। ਇਸ ਵਕਫੇ ਦੌਰਾਨ ਹੀ ਓਹ ਕਿਤੇ ਹੋਰ ਜੁੜ ਜਾਂਦੇ ਹਨ।  ਕਿਸੇ ਹੋਰ ਵਿਅਕਤੀ ਨਾਲ--ਜਿਹੜਾ ਖਤਰਨਾਕ ਵੀ ਹੋ ਸਕਦਾ ਹੈ। ਕਿਸੇ  ਹੋਰ ਰੁਝਾਨ ਨਾਲ ਵੀ ਜਿਹੜਾ ਜਾਨਲੇਵਾ ਹੋ ਸਕਦਾ ਹੈ। ਕਿਸੇ ਅਜਿਹੇ ਚੱਕਰ ਵਿੱਚ ਵੀ ਜਿਹੜਾ ਪੂਰੇ ਸਮਾਜ ਲਈ ਖਤਰਨਾਕ ਵੀ ਹੋ ਸਕਦਾ ਹੈ। 
ਜਦੋਂ ਇਸ ਵਰਕਸ਼ਾਪ ਦੇ ਮੁੱਖ ਬੁਲਾਰੇ ਡਾਕਟਰ ਸੰਦੀਪ ਜੋਤ ਨੇ ਪਹਿਲਾ ਸੁਆਲ ਪੁੱਛਿਆ ਕਿ ਅਸੀਂ ਬੱਚੇ  ਪੈਦਾ ਹੀ ਕਿਓਂ ਕਰਦੇ ਹਾਂ ਤਾਂ ਕਿਸੇ ਨੂੰ ਛੇਤੀ ਕੀਤਿਆਂ ਜੁਆਬ ਨਹੀਂ ਅਹੁੜਿਆ। ਜਿਹੜੇ ਜੁਆਬ ਸਾਹਮਣੇ ਆਏ ਉਹਨਾਂ ਨਾਲ ਸਾਡੇ ਸਮਾਜ ਦਾ ਬਹੁਤ ਕੁਝ ਉੱਘੜ ਕੇ ਸਾਹਮਣੇ ਆ ਗਿਆ ਕਿ ਕਿਵੇਂ ਅਸੀਂ ਬੱਦੇ ਸੁਪਨਿਆਂ ਦੇ ਸੁਪਨਿਆਂ ਦੀ ਪਰਵਾਹ ਕੀਤੇ ਬਗੈਰ ਬੱਚਿਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਵਾਲਾ ਘੋੜਾ ਸਮਝਦੇ ਹਾਂ।  ਜੋ ਕੁਝ ਸਾਨੂੰ ਮਾਪਿਆਂ ਨੇ ਨਹੀਂ ਦਿੱਤਾ ਅਸੀਂ ਉਹ ਕੁਝ ਦੇਣ ਦਾ ਭਰਮ ਪਾਲ ਕੇ ਆਪਣੇ ਬਜ਼ੁਰਗ ਜਾਂ ਸਵਰਗੀ ਮਾਪਿਆਂ ਕੋਲੋਂ ਬਦਲਾ ਲੈਣ ਵਾਲਾ ਸਾਧਨ ਵੀ ਆਪਣੇ ਇਹਨਾਂ ਬੱਚਿਆਂ ਨੂੰ ਹੀ ਸਮਝਦੇ ਹਾਂ। ਕਈਆਂ ਨੇ ਆਖਿਆ ਅਸੀਂ ਆਪਣੇ ਅਧੂਰੇਪਣ ਨੂੰ ਮਿਟਾ ਕੇ ਮੁਕੰਮਲ ਹੋਣ ਲਈ ਬੱਚੇ ਪੈਦਾ ਕਰਦੇ ਹਾਂ। ਸੁਆਲਾਂ ਜੁਆਬਾਂ ਦਾ ਇਹ ਦਿਲਚਸਪ ਸਿਲਸਿਲਾ ਕਾਫੀ ਰੌਚਕ ਸੀ। ਹਾਲ ਵਿੱਚ ਮੌਜੂਦ ਤਕਰੀਬਨ 100 ਕੁ ਵਿਅਕਤੀ ਇਹਨਾਂ ਸੁਆਲਾਂ ਜੁਆਬਾਂ ਨਾਲ ਜੁੜੇ ਹੋਏ ਸਨ। ਸਾਡੀਆਂ ਅੰਦਰਲੀਆਂ ਪਰਤਾਂ ਵਿੱਚ ਲੁਕਿਆ ਬਹੁਤ ਕੁਝ ਸਾਹਮਣੇ ਆ ਰਿਹਾ ਸੀ। ਉਮੀਦ ਸੀ ਕਿਸੇ ਅਲੌਕਿਕ ਬਾਗ ਦਾ ਦਰਵਾਜ਼ਾ ਖੁੱਲੇਗਾ ਅਤੇ ਬੜੀ ਅਲੌਕਿਕ ਜਿਹੀ ਮਹਿਕ ਆਏਗੀ। ਰੰਗ ਬਿਰੰਗੇ ਫੁਲ ਸਾਹਮਣੇ ਆਉਣਗੇ ਪਰ ਇਹ ਤਾਂ ਮਾਮਲਾ ਹੀ ਉਲਟ ਗਿਆ ਸੀ। ਇਹ ਦਰਵਾਜ਼ਾ ਕਿਸੇ ਬੰਦ ਬਾਗ ਦਾ ਨਹੀਂ ਸੀ ਬਲਕਿ ਸਦੀਆਂ ਤੋਂ ਬਣ ਚਲੇ ਆ ਰਹੇ ਕਿਸੇ ਅਜਿਹੇ ਕਮਰੇ ਦਾ ਸੀ ਜਿਸ ਵਿੱਚ ਸੜਾਂਦ ਮਾਰਦੇ ਸਾਡੇ ਰੀਤੀ ਰਿਵਾਜਾਂ ਦਾ ਸ਼ਿਕਾਰ ਹੋਏ ਸਾਡੇ ਹੀ ਆਪਣੀਆਂ ਦੀਆਂ ਲਾਸ਼ਾਂ ਦੀ ਬਦਬੂ ਬਾਹਰ ਆ ਰਹੀ ਸੀ। ਸਭ ਕੁਝ ਇਸ ਤਰਾਂ ਸੀ ਜਿਵੇਂ ਬੱਚੇ ਨਾ ਹੋ ਕੇ ਸਾਡੇ ਲਈ ਬਲੀ ਦਾ ਬੱਕਰਾ ਹੋਣ ਜਿਹਨਾਂ ਦੀ ਬਲੀ ਦੇ ਕੇ ਅਸੀਂ ਆਪਣੀਆਂ ਮੰਨਤਾਂ-ਮੁਰਾਦਾਂ ਪੂਰੀਆਂ ਕਰਨ ਦਾ ਭਰਮ ਪਾਲਣਾ ਹੁੰਦਾ ਹੈ। 
ਇਹ ਸਭ ਕੁਝ ਸਾਹਮਣੇ ਆਉਣ 'ਤੇ ਮਹਿਸੂਸ ਹੋਣ ਲੱਗ ਪਿਆ ਸੀ ਕਿ ਇਹ ਤਾਂ ਹੋਣਾ ਹੀ ਸੀ। ਜਿਹਨਾਂ ਬੱਚਿਆਂ ਨੂੰ ਅਸੀਂ ਬਲਿ ਦੇ ਰਹੇ ਸਾਂ ਉਹਨਾਂ ਨੇ ਸਮਾਂ ਮਿਲਦੀਆਂ ਸਾਰ ਹੀ ਸਾਡੇ ਜਲਾਦੀ ਹੱਥਾਂ ਵਿੱਚੋਂ ਬਚ ਕੇ ਨਿਕਲਣਾ ਹੀ ਸੀ। ਸਥਿਤੀ ਗੰਭੀਰ ਸੀ।  ਲੱਗਦਾ ਸੀ ਹਾਲਾਤ ਹੰਝੂਆਂ ਭਰੇ ਹੋ ਸਕਦੇ ਹਨ ਪਰ ਨਹੀਂ--ਏਨੀ ਜਲਦੀ ਪੱਥਰ ਕਿੱਥੇ ਪਿਘਲਦੇ ਹਨ। ਕਿਸੇ ਨੇ ਦਿਲ 'ਤੇ ਨਹੀਂ ਲਿਆ।  ਜੇ ਆਉਂਦੀਆਂ ਵਰਕਸ਼ਾਪਾਂ ਵਿੱਚ ਅਜਿਹਾ ਹੋ ਸਕੇ ਤਾਂ ਸ਼ਾਇਦ ਕੁਝ ਭਲਾ ਹੀ ਹੋਵੇ। ਅਸੀਂ ਖੂਨ ਪੀਣ ਵਾਲੇ ਡਰੈਕੁਲਾ ਬਣ ਚੁੱਕੇ ਹਾਂ ਸ਼ਾਇਦ। 
ਇਹ ਤਾਂ ਡਾਕਟਰ ਸੰਦੀਪ ਜੋਤ ਹੀ ਹਨ ਜਿਹਨਾਂ ਨੇ ਸਾਡੇ ਸਮਾਜ ਵਿਚਲੇ ਇਹਨਾਂ ਲੋਕਾਂ ਨੂੰ ਡਰੈਕੁਲਾ ਨਾ ਆਖ ਕੇ ਸਿਰਫ ਤਿੰਨ ਚਾਰ ਵਰਗਾਂ ਵਿੱਚ ਵੰਡਿਆ , ਮੱਖੀ, ਮੱਛਰ, ਮਧੂ ਮੱਖੀ ਅਤੇ ਮਾਲੀ। ਡਾਕਟਰ ਸੰਦੀਪ ਜੋਤ ਦੇ ਪਹਿਲੇ ਹੀ ਸੁਆਲ ਦੀ ਆਲੋਚਨਾ ਵੀ ਹੋਈ ਪਰ ਗੱਲ ਛੇਤੀ ਹੀ ਨਿੱਬੜ ਗਈ। 
ਡਾਕਟਰ ਸੰਦੀਪ ਜੋਤ ਨੇ ਦੱਸਿਆ ਕਿ ਕੁਝ ਮਾਪੇ ਮੱਖੀ ਵਰਗੇ ਹੁੰਦੇ ਹਨ ਜਿਹੜੀ ਸਿਰਫ ਗੰਦਗੀ 'ਤੇ ਬੈਠਦੀ ਹੈ।  ਇਹ ਲੋਕ ਵੀ ਹਰ ਥਾਂ ਹਰ ਵੇਲੇ ਆਪਣੇ ਬੱਚੇ ਦੀ ਕੋਈ ਨ ਕੋਈ ਬੁਰਾਈ ਲੱਭ ਕੇ ਬਾਰ ਬਾਰ ਉਸਦੀ ਚਰਚਾ ਕਰਕੇ ਉਸਨੂੰ  ਭੰਡਦੇ ਰਹਿੰਦੇ ਹਨ। ਕੁਝ ਹੋਰ ਮਾਪੇ ਖਤਰਨਾਕ ਮੱਛਰ ਵਾਂਗ ਹੁੰਦੇ ਹਨ ਜਿਹੜੇ ਬੋਲਦੇ ਤਾਂ ਨਹੀਂ ਪਰ ਚੁੱਪਚਾਪ ਆਪਣੀ ਦਹਿਸ਼ਤ ਨਾਲ ਹੀ ਆਪਣੇ ਬੱਚਿਆਂ ਦਾ ਖੂਨ ਪੀਂਦੇ ਰਹਿੰਦੇ ਹਨ। ਕੁਝ ਹੋਰ ਮਾਪੇ ਮਧੂ ਮੱਖੀ ਵਾਂਗ ਹੁੰਦੇ ਹਨ ਜਿਹੜੀ ਸ਼ਹਿਦ ਇਕੱਤਰ ਕਰਦੀ ਹੈ। ਸਿਰਫ ਚੰਗੀਆਂ ਗੱਲਾਂ ਹੀ ਲਭਦੇ ਹਨ। ਬਾਹਰ ਵੀ ਇਹਨਾਂ ਖੂਬੀਆਂ ਦਾ ਹੀ ਪਰਚਾਰ ਕਰਦੇ ਹਨ। ਇਹਨਾਂ ਨੇ ਵੀ ਆਪਣੇ ਬੱਚਿਆਂ ਦੀਆਂ ਖੂਬੀਆਂ ਦੇ ਸਿਰ 'ਤੇ ਹੀ ਵੱਡਾ ਹੋਣਾ ਹੁੰਦਾ ਹੈ। ਕੁਝ ਕੁ ਮਾਪੇ ਮਾਲੀ ਵਾਂਗ ਹੁੰਦੇ ਹਨ ਜਿਹੜੇ ਲੋੜ ਅਨੁਸਾਰ ਆਪਣੇ ਵੱਡੇ ਛੋਟੇ ਬੱਚਿਆਂ ਨੂੰ  ਲੁੜੀਂਦਾ ਖਾਦ ਪਾਣੀ ਦੇਂਦੇ ਹਨ। 
ਦਿਲਾਂ ਨੂੰ ਹਲੂਣਾ ਦੇਣ ਵਾਲੇ ਸ਼ਾਇਰ ਅਤੇ ਇੰਜੀਨੀਅਰ ਜਸਵੰਤ ਜ਼ਫ਼ਰ ਨੇ ਆਪਣੀ ਇੱਕ ਕਵਿਤਾ ਸੁਣਾ ਕੇ ਆਖਿਆ ਕਿ ਅਸੀਂ ਜ਼ਿੰਦਗੀ ਵਿੱਚ ਸਿਰਫ ਲੈਣ ਵਾਲੀ ਭਾਸ਼ਾ ਸਿੱਖੀ ਹੈ। ਨੌਕਰੀ ਲੈਣੀ ਹੈ ਤਾਂਕਿ ਰਿਸ਼ਵਤ ਵਗੈਰਾ ਵੀ ਲਈ ਜਾ ਸਕੇ। ਦੁਕਾਨ ਜਾਂ ਏਜੰਸੀ ਲੈਣੀ ਹੈ ਤਾਂਕਿ ਦਲਾਲੀ ਵਗੈਰਾ ਵੀ ਲਈ ਜਾ ਸਕੇ। ਅਸੀਂ ਜਨਮ ਤੋਂ ਲੈ ਕੇ ਮੌਤ ਤੱਕ ਸਿਰਫ ਲੈਣਾ ਹੀ ਜਾਣਦੇ ਹਾਂ। ਸਰਦਾਰ ਜ਼ਫ਼ਰ ਨੇ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਦੇਣ ਜੋਗਾ ਬਣਾਓ। ਭਾਵੇਂ ਉਹ ਮਲੰਗ ਹੀ ਹੋਣ ਤਾਂ ਵੀ ਉਹ ਸਮਾਜ ਲਈ ਬੜੇ ਅਨਮੋਲ ਹੋਣਗੇ। ਪਰ ਤੁਹਾਡੇ ਬੱਚੇ ਅਜਿਹੇ ਤਾਂ ਹੀ ਬਣ ਸਕਣਗੇ ਜੇ ਤੁਸੀਂ ਵੀ ਉਹੋ ਜਿਹੇ ਹੋਵੋਗੇ। ਜ਼ਫ਼ਰ ਹੁਰਾਂ ਨੇ ਕਿਹਾ ਕਿ ਅੱਜ ਕੱਲ ਦੀ ਪਰਵਰਿਸ਼ ਮੁਤਾਬਿਕ ਜੇ ਤੁਸੀਂ ਬਹੁਤ ਵੱਡੀ ਛਾਲ ਵੀ ਮਾਰੋਗੇ ਤਾਂ ਆਪਣੇ ਬੱਚਿਆਂ ਨੂੰ ਆਪਣੇ ਵਰਗਾ ਬਣਾ  ਲਵੋਗੇ। ਇਹ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ। ਇਸ ਵਰਕਸ਼ਾਪ ਦਾ ਮੁੱਖ ਮਕਸਦ ਸੀ ਬੱਚਿਆਂ ਨੂੰ ਰੱਬੀ ਤੋਹਫ਼ਾ ਸਮਝਦਿਆਂ ਉਹਨਾਂ ਨੂੰ ਉਹ ਬਣਨ ਦੇਣਾ ਜਿਸ ਕੰਮ ਲਈ ਉਹਨਾਂ ਨੂੰ ਦੁਨੀਆ ਵਿੱਚ ਭੇਜਿਆ ਗਿਆ ਹੈ ਨਾ ਕਿ ਆਪਣੀ ਮਰਜ਼ੀ ਅਨੁਸਾਰ ਉਹਨਾਂ ਨੂੰ ਢਾਲਣਾ। 
ਕੁਝ ਗੱਲਾਂ ਹੋਰ ਵੀ ਸਨ। ਵਰਕਸ਼ਾਪ ਦਾ ਸਮਾਂ ਬਹੁਤ ਲੰਮਾ ਸੀ। ਅੱਜਕਲ ਦੇ ਹਾਲਾਤ ਅਤੇ ਸਾਂਝੇ ਪਰਿਵਾਰਾਂ ਵਿੱਚ ਐਨਾ ਲੰਮਾ ਸਮਾਂ ਵਾਰਾ ਨਹੀਂ ਖਾਂਦਾ। ਫੀਸ ਦਾ ਮਾਮਲਾ ਵੀ ਜ਼ਰੂਰੀ ਵਿਚਾਰਨ ਵਾਲਾ ਸੀ। ਪੱਕੀਆਂ ਤਨਖਾਹਾਂ ਜਾਂ ਨਿਜੀ ਕੰਮਾਂ ਵਾਲਿਆਂ ਨੂੰ ਸ਼ਾਇਦ ਇਹ ਫੀਸ ਪੁੱਗਦੀ ਹੋਵੇ ਪਰ ਦਿਹਾੜੀਦਾਰ ਦਾ ਤਾਂ ਇਥੇ ਆ ਕੇ ਪੈਸਾ ਵੀ ਗਿਆ ਅਤੇ ਸਮਾਂ ਵੀ। ਕੀ ਸਿੱਖਣ ਦਾ ਇਹ ਹੱਕ ਸਿਰਫ ਅਮੀਰਾਂ ਨੂੰ ਹੈ? ਆਯੋਜਨਾਂ ਦੇ ਖਰਚੇ ਚਲਾਉਣ ਲਈ ਤਾਂ ਹੋਰ ਰਸਤੇ ਵੀ ਬਥੇਰੇ ਹਨ। ਤੁਲਸੀ ਵਾਲੇ ਬੂਟੇ ਦੇ ਨਾਲ ਨਾਲ ਜੇ ਜ਼ਫ਼ਰ ਸਾਹਿਬ ਦੀਆਂ ਪੁਸਤਕਾਂ ਵੀ ਸੌਗਾਤ ਵਿੱਚ ਸਭ ਨੂੰ  ਮਿਲਦੀਆਂ ਤਾਂ ਹੋਰ ਵੀ ਚੰਗਾ ਹੁੰਦਾ। ਇਸਦੇ ਲਈ ਵਾਲਾਂਟਿਅਰੀ ਕੌਂਟਰੀਬਿਊਸ਼ਨ ਵੀ ਰੱਖੀ ਜਾ ਸਕਦੀ ਸੀ। ਅਜਕਲ 18 ਤੋਂ 20 ਘੰਟਿਆਂ ਤੱਕ ਦੀ ਡਿਊਟੀ ਵਾਲੇ ਲੋਕ ਵੀ ਹਨ। ਕਈ ਮਾਮਲਿਆਂ ਵਿੱਚ ਤਾਂ ਪਤੀ ਪਤਨੀ ਇੱਕ ਇੱਕ ਹਫਤਾ ਇੱਕ ਦੂਜੇ ਦੀ ਸ਼ਕਲ ਵੀ ਨਹੀਂ ਦੇਖ ਸਕਦੇ ਬੱਚੇ ਦੇਖਣੇ ਤਾਂ ਬਹੁਤ ਦੂਰ ਦੀ ਗੱਲ। ਟੀਵੀ ਦੇ ਪਰੋਗਰਾਮਾਂ ਵਿੱਚ ਭੜਕਾਈਆਂ  ਜਾਂਦੀਆਂ ਭਾਵਨਾਵਾਂ ਅਤੇ ਨਸ਼ਿਆਂ ਦੇ ਵਰਤਾਰੇ ਬਾਰੇ ਵੀ ਕੋਈ ਗੱਲਾਂ ਨਹੀਂ ਹੋਈਆਂ। ਕੀ ਵਿਗੜ ਰਿਹਾ ਸਮਾਜਿਕ ਢਾਂਚਾ ਸਿਰਫ ਅਤੇ ਸਿਰਫ ਪਰਵਰਿਸ਼ ਦੀਆਂ ਕਮੀਆਂ ਕਰਕੇ ਹੈ?

No comments: