Thursday, July 19, 2018

ਬੁੱਢੇ ਦਰਿਆ ਨੇ ਢਾਹਿਆ ਕਹਿਰ; 50 ਏਕਡ਼ ਝੋਨੇ ਦੀ ਫ਼ਸਲ ਡੁੱਬੀ

Thu, Jul 19, 2018 at 6:16 PM 
ਐਮ ਪੀ ਰਵਨੀਤ ਬਿੱਟੂ ਨੇ ਕੀਤਾ ਪ੍ਰਭਾਵਿਤ ਪਿੰਡਾਂ ਦਾ ਦੌਰਾ 
ਲੁਧਿਆਣਾ(ਉੱਤਮ ਕੁਮਾਰ ਰਾਠੌਰ//ਪੰਜਾਬ ਸਕਰੀਨ)::
ਪਿਛਲੇ ਦਿਨਾਂ ਤੋਂ ਹੋ ਰਹੀ ਧਡ਼ੱਲੇਦਾਰ ਬਾਰਿਸ਼ ਕਾਰਨ ਬੁੱਢੇ ਨਾਲੇ ਨੇ ਆਪਣਾ ਕਹਿਰ ਵਰਤਾਉਣਾ ਸ਼ੁਰੂ ਕਰ ਦਿੱਤਾ ਹੈ। ਮਹਿਕਮੇ ਦੀ ਲਾਪ੍ਰਵਾਹੀ ਕਾਰਨ ਪਿਛਲੇ ਲੰਮੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਅੱਜ ਪਿੰਡ ਗੌਂਸਪੁਰ ਅਤੇ ਖਹਿਰਾ ਬੇਟ ਦੇ ਕੰਢੇ ਇਹ ਬੁੱਢਾ ਨਾਲਾ ਓਵਰਫਲੋਅ ਹੋ ਗਿਆ, ਜਿਸ ਨਾਲ ਪਾਣੀ ਖੇਤਾਂ ਵਿਚ ਜਾ ਵਡ਼ਿਆ ਤੇ ਦਰਜਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਲਗਭਗ 50 ਏਕਡ਼ ਦੇ ਕਰੀਬ ਤਬਾਹ ਹੋ ਗਈ। ਇਸ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਗੌਂਸਪੁਰ, ਖਹਿਰਾ ਬੇਟ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਉਣ ਲਈ ਤੁਰੰਤ ਡੀ. ਸੀ. ਲੁਧਿਆਣਾ ਨੂੰ ਵਿਸ਼ੇਸ਼ ਗਰਦਾਵਰੀ ਕਰਨ ਦੇ ਹੁਕਮ ਦਿੱਤੇ । ਉਨ੍ਹਾਂ ਕਿਹਾ ਕਿ ਉਹ ਇਸ ਗੰਭੀਰ ਮਸਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਵਿਚਾਰ ਕਰਨਗੇ ਤਾਂ ਜੋ ਇਸ ਦਾ ਸਥਾਈ ਹੱਲ ਲੱਭ ਕੇ ਕਿਸਾਨਾਂ ਦੇ ਹਰ ਵਰ੍ਹੇ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾਵੇ।  ਇਸ ਮੌਕੇ ਕਿਸਾਨਾਂ ਨੇ ਐੱਮ. ਪੀ. ਬਿੱਟੂ ਨੂੰ  ਆਪਣੇ ਦੁੱਖਡ਼ੇ ਸੁਣਾਉਂਦਿਆਂ ਦੱਸਿਆ ਕਿ ਸਾਡੇ ਕੋਲ ਜ਼ਮੀਨਾਂ ਬਹੁਤ ਘੱਟ ਹਨ। ਅਸੀਂ ਪਹਿਲਾਂ ਹੀ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਮੁਸ਼ਕਲ ਨਾਲ ਕਰ ਰਹੇ ਹਾਂ । ਇਸ ਲਈ ਸਰਕਾਰ ਬੁੱਢੇ ਨਾਲੇ ਦੇ ਨਾਲ ਪੀਡ਼ਤ ਕਿਸਾਨਾਂ ਲਈ ਇਕ ਵਿਸ਼ੇਸ਼ ਸਹਾਇਤਾ ਦੀ ਯੋਜਨਾ ਬਣਾਏ ਅਤੇ ਨਾਲ ਸਾਨੂੰ ਸਹਾਇਕ ਧੰਦੇ ਆਪਣਾਉਣ ਲਈ ਸਬਸਿਡੀ ’ਤੇ ਕਰਜ਼ੇ ਦਿੱਤੇ ਜਾਣ।

 ਇਸ ਕਹਿਰ ਨੇ ਚਾਰ ਕੁਆਰੀਆਂ ਭੈਣਾਂ ਦੇ ਇਕੱਲੇ ਭਰਾ  (ਜਿਨ੍ਹਾਂ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ) ਦੀ ਸਾਰੀ ਫ਼ਸਲ ਬਰਬਾਦ ਕਰ ਦਿੱਤੀ। ਉਕਤ ਆਗੂਆਂ ਨੇ ਆਪਣੀ ਕਮਾਈ ’ਚੋਂ ਉਸ ਪਰਿਵਾਰ ਦੀ ਮਦਦ ਕਰਨ ਦਾ ਭਰੋਸਾ ਦਿੱਤਾ।

No comments: