Monday, July 30, 2018

ਸਾਲ 2018 ਦੇ ਜੀਵਨ ਰਕਸ਼ਾ ਪਦਕ ਐਵਾਰਡਾਂ ਲਈ ਅਰਜ਼ੀਆਂ ਮੰਗੀਆਂ

ਮੁਕੰਮਲ ਦਰਖਾਸਤਾਂ ਲਈ ਅੰਤਿਮ ਤਾਰੀਖ 25 ਅਗਸਤ 2018 ਤੱਕ
Courtesy image
ਲੁਧਿਆਣਾ: 30 ਜੁਲਾਈ 2018: (ਪੰਜਾਬ ਸਕਰੀਨ ਬਿਊਰੋ)::
ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰ੍ਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਿਹ ਮੰਤਰਾਲੇ ਵੱਲੋਂ ਸਾਲ 2018 ਲਈ 'ਜੀਵਨ ਰਕਸ਼ਾ ਪਦਕ' ਲੜੀ ਦੇ ਐਵਾਰਡ ਦਿੱਤੇ ਜਾਣੇ ਹਨ।  ਇਸ ਲਈ ਇਹਨਾਂ ਐਵਾਰਡਾਂ ਲਈ ਯੋਗਤਾ ਪੂਰੀ ਕਰਦੇ ਸਬੰਧਤ ਵਿਅਕਤੀਆ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।  
ਡੀਸੀ ਅਗਰਵਾਲ ਨੇ ਇਸ ਬਾਰੇ ਹੋਰ ਦੱਸਿਆ ਕਿ ਇਹਨਾਂ ਐਵਾਰਡਾਂ ਲਈ ਰਾਜ ਸਰਕਾਰ ਵੱਲੋਂ ਨਿਰਧਾਰਤ ਸ਼ਰਤਾਂ ਅਤੇ ਲੋੜੀਦੀ ਯੋਗਤਾ ਪੂਰੀ ਕਰਦੇ ਸਬੰਧਤਾਂ ਦੀਆਂ ਸਿਫ਼ਾਰਸ਼ਾਂ ਅੱਗੇ ਕੇਂਦਰ ਸਰਕਾਰ ਨੂੰ 15 ਸਤੰਬਰ ਤੱਕ ਭੇਜੀਆਂ ਜਾਣੀਆਂ ਹਨ। ਇਸ ਲਈ ਜ਼ਿਲਾ ਲੁਧਿਆਣਾ ਅੰਦਰ ਜੋ ਵੀ ਨਾਗਰਿਕ ਕੋਈ ਜੀਵਨ ਰਕਸ਼ਾ ਪਦਕ ਐਵਾਰਡ ਲਈ ਯੋਗਤਾ ਪੂਰੀ ਕਰਦਾ ਹੈ ਤਾਂ ਉਹ ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਪੁਲਿਸ ਕਮਿਸ਼ਨਰੇਟ ਬਿਲਡਿੰਗ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਲੁਧਿਆਣਾ ਵਿਖੇ ਆਪਣੀ ਮੁਕੰਮਲ ਦਰਖਾਸਤ ਪੂਰੇ ਸਬੂਤਾਂ ਅਤੇ ਲੋੜੀਂਦੇ ਦਸਤਾਵੇਜਾਂ ਸਮੇਤ 25 ਅਗਸਤ 2018 ਤੱਕ ਜਮਾ ਕਰਵਾ ਸਕਦਾ ਹੈ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਿਯਤ ਮਿਤੀ ਤੋਂ ਬਾਅਦ ਮਿਲੀ ਕਿਸੇ ਦਰਖਾਸਤ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ, ਕਿਉਂਕਿ ਰਾਜ ਸਰਕਾਰ ਵੱਲੋਂ ਇਹ ਦਰਖਾਸਤਾਂ ਅੱਗੇ ਸਿਫ਼ਾਰਸ਼ ਕਰਕੇ ਆਨਲਾਈਨ ਭੇਜੀਆਂ ਜਾਣੀਆਂ ਹਨ। ਡਿਪਟੀ ਕਮਿਸ਼ਨਰ ਅਗਰਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਹ 'ਜੀਵਨ ਰਕਸ਼ਾ ਪਦਕ' ਐਵਾਰਡ ਕਿਸੇ ਵਿਅਕਤੀ ਵੱਲੋਂ ਕਿਸੇ ਦੂਸਰੇ ਦਾ ਮਨੁੱਖੀ ਜੀਵਨ ਨੂੰ ਬਚਾਉਣ ਹਿੱਤ ਸਨਮਾਨ ਵਜੋਂ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਜਾਨ ਬਚਾਉਣ ਵਾਲੇ ਵਿਅਕਤੀ ਵੱਲੋਂ ਕਿਸੇ ਹਾਦਸੇ ਦੇ ਪੀੜਤ, ਡੁੱਬਣ, ਅੱਗ, ਭੂਮੀ ਖਿਸਕਾਅ, ਕਿਸੇ ਜਾਨਵਰ ਦੇ ਹਮਲੇ ਦੇ ਪੀੜਤ, ਅਸਮਾਨੀ ਬਿਜਲੀ, ਖਾਣਾਂ 'ਚ ਲਾਪਤਾ ਹੋਣ ਵਾਲੇ ਕਿਸੇ ਵਿਅਕਤੀ ਨੂੰ ਬਚਾਉਣਾ ਆਦਿ ਦੇ ਦਲੇਰਾਨਾ ਕੰਮ ਕੀਤੇ ਹੋਣੇ ਚਾਹੀਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਐਵਾਰਡ ਤਿੰਨ ਵਰਗਾਂ 'ਚ ਵਿਲੱਖਣ ਕੰਮ ਕਰਨ ਵਾਲੇ ਨੂੰ ਉਤਸ਼ਾਹ ਵਧਾਉਣ ਹਿੱਤ ਦਿੱਤਾ ਜਾਂਦਾ ਹੈ, ਪਹਿਲਾ ਸਰਵੋਤਮ ਜੀਵਨ ਰਕਸ਼ਾ ਪਦਕ, ਇਸ 'ਚ ਕਿਸੇ ਬੇਹੱਦ ਭਿਆਨਕ ਸਥਿਤੀ 'ਚ ਆਪਣੀ ਜਾਨ ਭਿਆਨਕ ਜੋਖਮ 'ਚ ਪਾ ਕੇ ਕਿਸੇ ਦੀ ਜਾਨ ਬਚਾਉਣਾ, ਦੂਜਾ ਉੱਤਮ ਜੀਵਨ ਰਕਸ਼ਾ ਪਦਕ ਇਸ 'ਚ ਕਿਸੇ ਗੰਭੀਰ ਸਥਿਤੀ 'ਚ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਵੀ ਕਿਸੇ ਹੋਰ ਦੀ ਜਾਨ ਬਚਾਈ ਹੋਵੇ ਜਦੋਂਕਿ ਜੀਵਨ ਰਕਸ਼ਾ ਪਦਕ ਤੀਜਾ ਉਹ ਐਵਾਰਡ ਹੈ ਜਿਸ 'ਚ ਬਚਾਅ ਕਾਰਜ ਕਰਨ ਵਾਲਾ ਬੁਰੀ ਤਰਾਂ ਜਖ਼ਮੀ ਹੋ ਗਿਆ ਹੋਵੇ।
ਡਿਪਟੀ ਕਮਿਸ਼ਨਰ ਅਗਰਵਾਲ ਨੇ ਦੱਸਿਆ ਕਿ ਇਹਨਾਂ ਐਵਾਰਡਾਂ ਲਈ ਆਮ ਨਾਗਰਿਕ ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਦੂਜੇ ਦੀ ਜਾਨ ਬਚਾਈ ਹੋਵੇ ਸਮੇਤ ਆਰਮਡ ਫੋਰਸ, ਪੁਲਿਸ ਫੋਰਸ ਅਤੇ ਅੱਗ ਬੁਝਾਊ ਦਸਤੇ ਦੇ ਮੈਂਬਰ ਵੀ ਯੋਗ ਹੋਣਗੇ, ਜਿਹਨਾਂ ਨੇ ਆਪਣੀ ਡਿਊਟੀ ਤੋਂ ਵੱਖਰੇ ਤੌਰ 'ਤੇ ਸੇਵਾ ਕਰਦਿਆਂ ਅਜਿਹਾ ਵਿਲੱਖਣ ਕਾਰਜ ਕੀਤਾ ਹੋਵੇ। ਉਹਨਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਭੇਜੀਆਂ ਇਹਨਾਂ ਸਿਫ਼ਾਰਸ਼ਾਂ ਨੂੰ ਉਚ ਤਾਕਤੀ ਕਮੇਟੀ ਵੱਲੋਂ ਘੋਖਿਆ ਜਾਂਦਾ ਹੈ ਤੇ ਇਸ ਵੱਲੋਂ ਆਪਣੀਆਂ ਸਿਫ਼ਾਰਸ਼ਾਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਦਫ਼ਤਰ ਨੂੰ ਭੇਜੀਆਂ ਜਾਂਦੀਆਂ ਹਨ।

No comments: