Friday, June 15, 2018

ਸਿਹਤ ਮੰਤਰੀ ਦਾ ਬਿਆਨ ਮੰਦਭਾਗਾ-ਡਾ. ਮਿੱਤਰਾ ਅਤੇ ਡਾ. ਗਰੇਵਾਲ

Jun 15, 2018, 4:14 PM
ਲੁਧਿਆਣਾ15 ਜੂਨ 2018: (ਪੰਜਾਬ ਸਕਰੀਨ ਬਿਊਰੋ)::
ਅੱਜ ਛਪੇ ਬਿਆਨ ਜਿਸ ਵਿੱਚ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਨਿਜੀ ਮੈਡੀਕਲ ਕਾਲਜ ਸਰਕਾਰੀ ਕੋਟਾ ਮੁਤਾਬਕ ਦਾਖਲਾ ਨਾ ਕਰਕੇ  ਆਪਣੀ ਮਨ ਮਰਜੀ ਦੇ ਨਾਲ ਫੀਸਾਂ ਲੈ ਸਕਦੇ ਹਨ ਬਹੁਤ ਘਾਤਕ ਹੈ। ਗੁਰੂ ਰਾਮਦਾਸ ਅਤੇ ਆਦੇਸ਼ ਮੈਡੀਕਲ ਕਾਲਜਾਂ ਨੇ ਕਿਹਾ ਹੈ ਕਿ ਉਹ ਸਰਕਾਰੀ ਕੋਟੇ ਦੀ ਪਰਵਾਹ ਕੀਤੇ ਬਿਨਾ ਮਨ ਮਰਜੀ ਦੀਆਂ ਫ਼ੀਸਾਂ ਲੈ ਕੇ ਦਾਖਲੇ ਲੈਣਗੇ ਗੈਰ ਕਾਨੂੰਨੀ ਹੈ। ਇੱਥੋ ਜਾਰੀ ਬਿਆਨ ਵਿੱਚ ਪੰਜਾਬ ਮੈਡੀਕਲ ਕੌੰਸਲ ਦੀ ਐਥੀਕਲ ਕਮੇਟੀ ਦੇ ਸਾਬਕਾ ਚੇਅਰਮੈਨ ਡਾ: ਅਰੁਣ ਮਿੱਤਰਾ, ਸਾਬਕਾ ਪਰਧਾਨ ਪੰਜਾਬ ਮੈਡੀਕਲ ਕੌੰਸਲ ਡਾ: ਜੀ ਐਸ ਗਰੇਵਾਲ ਅਤੇ ਦਯਾਨੰਦ ਮੈਡੀਕਲ ਕਾਲਜ ਦੇ ਸਾਬਕਾ ਮੈਡੀਕਲ ਸੁਪਰਡੰਟ ਨੇ ਕਿਹਾ ਹੈ ਕਿ ਇਸ ਨਾਲ ਮੈਰਿਟ ਤੇ ਆਏ ਯੋਗ ਵਿਦਿਆਰਥੀ ਮੈਡੀਕਲ ਦਾਖਲੇ ਤੋੰ ਵਾਂਝੇ ਰਹਿ ਜਾਣਗੇ ਤੇ ਪੈਸੇ ਦਾ ਬੋਲਬਾਲਾ ਵਧ ਜਾਏਗਾ। ਅਫ਼ਸੋਸ ਦੀ ਗੱਲ ਹੈ ਕਿ ਸਿਹਤ ਮੰਤਰੀ ਇਹਨਾਂ ਨਿਜੀ ਕਾਲਜਾਂ ਦੀ ਦਲਾਲੀ ਕਰ ਰਹੇ ਹਨ। ਸਰਕਾਰ ਦੀ ਜੁੰਮੇਵਾਰੀ ਹੈ ਕਿ ਉਹ ਗੁਣਵੱਤਕ ਸਿਖਿਆ ਤੇ ਸਿਹਤ ਸਾਰੇ ਨਾਗਰਿਕਾਂ ਨੂੰ ਦੇਵੇ। ਪਰ ਸਿਹਤ ਮੰਤ੍ਰੀ ਇਸਤੋੰ ਭੱਜ ਰਹੇ ਹਨ। ਅਸੀ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰਕੇ ਮੈਡੀਕਲ ਕਾਲਜਾਂ ਵਿੱਚ ਸਰਕਾਰੀ ਕੋਟੇ ਨੂੰ ਯਕੀਨੀ ਬਣਾਉਣ ਤੇ ਸਿਹਤ ਮੰਤਰੀ ਆਪਣਾ ਬਿਆਨ ਵਾਪਸ ਲੈਣ।  

No comments: