Saturday, June 30, 2018

ਕਲਾਪੂਰਨ ਅਲੋਕਿਕ ਦ੍ਰਿਸ਼ਾਂ ਦੀਆਂ ਤਸਵੀਰਾਂ ਦਾ ਖਜ਼ਾਨਾ- “ਗੁਰਬਾਣੀ ਦਰਸ਼ਨ”

Jun 30, 2018, 3:10 PM
“ਗੁਰਬਾਣੀ ਦਰਸ਼ਨ” ਵੱਡੇ ਅਕਾਰ ਦਾ ਤਸਵੀਰ-ਸੰਗ੍ਰਹਿ ਹੈ
ਜਿਸ ਵਿੱਚ ਫੋਟੋ ਖਿੱਚਣ ਵਾਲੇ ਦੀ ਅੱਖ ਦਾ ਚਮਤਕਾਰ ਵੀ ਹੈ ਅਤੇ ਕੈਮਰੇ ਦੀ ਵਰਤੋਂ ਦਾ ਹੁਨਰ ਭਰਿਆ ਕਮਾਲ ਵੀ। ਸ਼ਾਇਦ ਇਸ ਤਰ੍ਹਾ ਦੀ ਇਹ ਇਕੋ ਇਕ ਕਿਤਾਬ ਹੈ ਜਿਸ ਨੂੰ ਬੜੀ ਮਿਹਨਤ ਅਤੇ ਕਲਾ-ਜੁਗਤੀਆਂ ਨਾਲ ਤਿਆਰ ਕੀਤਾ ਗਿਆ ਹੈ।
ਠਾਕੁਰ ਦਲੀਪ ਸਿੰਘ ਤਸਵੀਰਕਸ਼ੀ ਦੇ ਹੁਨਰ ਦੀਆਂ ਬਾਰੀਕੀਆਂ ਨੂੰ ਤਲਾਸ਼ਣ ਅਤੇ ਪਕੜਣਾ ਜਾਣਦੇ ਹਨ ਜਿਸ ਕਾਰਨ ਉਹ ਚੀਜ਼ਾਂ ਦੇ ਜਲਵਿਆਂ ਨੂੰ ਕੈਮਰੇ ਦੀ ਅੱਖ ਤੋਂ ਦੂਰ ਨਹੀਂ ਰਹਿਣ ਦਿੰਦੇ। ਵਸਤੂਆਂ ਚੋਂ ਹਰਕਤ ਵੀ ਫੜਦੇ ਹਨ ਅਤੇ ਕਰਤੇ ਦੀ ਬਰਕਤ ਵੀ।
ਤਸਵੀਰਕਸ਼ੀ ਕਰਦਿਆਂ ਗੁਰਬਾਣੀ ਦੀ ਵਿਆਖਿਆ ਕਰਨੀ ਅਸਾਨ ਕੰਮ ਨਹੀਂ ਪਰ ਉਹ ਆਪਣੀ ਸਿਮਰਨੀ ਤਾਕਤ ਅਤੇ ਤੀਜੇ ਨੇਤਰ ਦੀ ਵਿਲੱਖਣ ਤੱਕਣੀ ਨਾਲ ਦੇਖਣ ਵਿਧੀ ਕਾਰਨ ਉਹ ਕੁਦਰਤ ਦੀਆਂ ਪਰਤਾਂ ਵਿੱਚ ਵਿਚਰਦਿਆਂ ਬ੍ਰਹਿਮੰਡ ਦੇ ਰਹੱਸ਼ਾਂ ਤੱਕ ਜਾ ਪਹੰੁਚਦੇ ਹਨ। ਗੁਰਬਾਣੀ ਨਿਰਾਕਾਰ ਦੀ ਗੱਲ ਕਰਦਿਆਂ ਅਕਾਰ ਨੂੰ ਵੀ ਵਿਸਾਰਦੀ ਨਹੀਂ। ਉਹ ਤਸਵੀਰਕਸ਼ੀ  ਵਿੱਚ ਦੋਵੇਂ ਤਰ੍ਹਾਂ ਦੇ ਜਲਵਿਆਂ ਦੀ ਅਲੌਕਿਕਤਾ ਨੂੰ ਪ੍ਰਗਟਾਉਂਦੇ ਹਨ ਜਿਸ ਲਈ ਸੰਸਾਰ ਦੀਆਂ ਵਸਤੂਆਂ ਦਾ ਸਹਾਰਾ ਹੀ ਲਿਆ ਗਿਆ ਹੈ।
ਗੁਰਬਾਣੀ ਦੀਆਂ ਤੁਕਾਂ ਮੁਤਾਬਕ ਵਿਸ਼ਿਆਂ ਦੀ ਤਲਾਸ਼ ਕਰਕੇ ਢੁਕਵੇ ਅਰਥ ਉਭਾਰਨ ਦਾ ਏਨਾ ਸਫਲ ਜਤਨ ਕੀਤਾ ਗਿਆ ਹੈ ਕਿ ਉਸ ਨੂੰ ਨੀਝ ਅਤੇ ਗਹਿਰਾਈ ਦੀ ਚੋਖੀ ਕੋਸ਼ਿਸ਼ ਕੀਤੇ ਬਗੈਰ ਨਹੀਂ ਰਹਿ ਸਕਦਾ।
ਕਾਦਰ ਦੀ ਕੁਦਰਤ ਦੇ ਵੰਨ ਸੁਵੰਨੇ ਰੰਗਾਂ ਅਤੇ ਢੰਗਾਂ ਦੀ ਸਿਰਜਣਾ ਦਰਸ਼ਕਾਂ ਨੂੰ ਆਪਣੇ ਵੱਲ ਪ੍ਰੇਰਦੀ ਹੀ ਨਹੀਂ ਸਗੋਂ ਬਲਿਹਾਰੇ ਜਾਣ ਲਈ ਵੀ ਉਤੇਜਿਤ ਅਤੇ ਉਤਸ਼ਾਹਿਤ ਕਰਦੀ ਹੈ।
ਇਕ ਤਸਵੀਰ’ਚ ਖੰੁਬ ਦੇ ਉਗਣ ਦੀ ਵਾਹਵਾ ਪ੍ਰਗਟਾਈ ਗਈ ਹੈ ਜਿਸ ਦਾ ਮਕਸਦ ਕੁਦਰਤ ਦੀ ਬਲਿਹਾਰਤਾ ਦੱਸਣਾ ਹੈ।
ਫੋਟੋ ਹੁਨਰਵਾਨ ਨੇ ਕਾਦਰ ਦੀ ਕੁਦਰਤ ਦੇ ਅਨੁਭਵੀ ਅਨੰਦ ਨੂੰ ਕੈਮਰੇ ਦੀ ਅੱਖ ਰਾਹੀਂ ਦੇਖ ਕੇ ਸਾਕਾਰ ਕਰਨ ਦਾ ਯਤਨ ਕੀਤਾ ਹੈ ਜਿਸ ਵਿੱਚ ਰਹੱਸ ਵੀ ਪ੍ਰਗਟਾਏ ਗਏ ਹਨ ਅਤੇ ਵਿਸਮਾਦੀ ਸੰਸਾਰ ਦੀ ਵਿਸ਼ਾਲਤਾ ਵੀ।
ਗੁਰਬਾਣੀ ਦੀਆਂ ਤੁਕਾਂ ਨੂੰ ਅਧਾਰ ਬਣਾ ਕੇ ਉਨ੍ਹਾਂ ਦੇ ਅਰਥਾਂ ਮੁਤਾਬਕ ਢੁਕਵੀਆਂ ਤਸਵੀਰਾਂ ਖਿੱਚੀਆਂ ਅਤੇ ਦਰਸ਼ਕ ਦੀਆਂ ਪਾਰਖੂ ਨਜ਼ਰਾਂ ਵਾਸਤੇ ਉਤਮ ਪੇਸ਼ਕਾਰੀ ਨਾਲ ਪੇਸ਼ ਕਰ ਦਿੱਤੀਆਂ। ਇੰਨ੍ਹਾਂ ਵਿੱਚ ਦੈਵੀ-ਰਮਜ਼ਾਂ ਵੀ ਹਨ ਅਤੇ ਪ੍ਰਤੱਖ ਦਿਸਦੀ ਅਦਭੁੱਤਤਾ ਵੀ।
ਕਿਸੇ ਤਸਵੀਰ ਵਿੱਚ ਕੁਦਰਤ ਦੀ ਚਕਾਚੌਂਦ ਹੈ ਕਿਤੇ ਪਾਣੀ ਪਿਤਾ ਤੋਂ ਕਾਇਨਾਤ ਦੀ ਉਤਪਤੀ। ਕਿਤੇ ਜੰਗਲਾਂ ਪਹਾੜਾਂ ਵਿੱਚ ਈਸ਼ਵਰ ਦੀ ਪ੍ਰਤੱਖਤਾ, ਕਿਤੇ ਪਹਾੜਾਂ ਦੇ ਪੈਰਾਂ ਵਿੱਚ ਮੌਲਦੀ ਖੂਬਸੂਰਤ ਕਲਾਤਮਿਕ ਵਨਸਪਤੀ। ਵੰਨ ਸੁਚੰਨੇ ਦਰੱਖਤਾਂ, ਰੰਗ ਬਰੰਗੇ ਫੁੱਲਾਂ ਦਾ ਨਜ਼ਾਰਾ ਮਨਾਂ ਨੂੰ ਮਂੋਹਦਾ ਵੀ ਹੈ ਅਤੇ ਪ੍ਰਕਿਰਤੀ ਦੀ ਜਲਵਾਗਿਰੀ ਵੱਲ ਪ੍ਰੇਰਦਾ ਵੀ।
ਪਰਮਾਤਮਾ ਦੀ ਸ਼ਕਤੀ ਨੂੰ ਰੂਪਮਾਨ ਕਰਨਾ, ਸੁਰਜ ਚੰਦ ਨਦੀਆਂ ਨਾਲਿਆਂ ਦੇ ਵਹਾਅ’ਤੇ ਕਰਤੇ ਦਾ ਕਾਬੂ ਦੇਖਣਾ, ਵਨਸਪਤੀ ਦੇ ਰੂਪਾਂ ਰੰਗਾਂ ਅਤੇ ਬਣਤਰ ਚੋਂ ਕਰਤਾਰੀ ਹੁਨਰਾਂ ਨੂੰ ਨਿਹਾਰਨਾ ਕਲਾਕਾਰ ਦਾ ਮਕਸਦ ਹੈ। ਸ਼ੂਖਮ ਨਜ਼ਰ ਵਾਲੇ ਠਾਕੁਰ ਦਲੀਪ ਸਿੰਘ ਨੇ ਕੁਦਰਤ ਦੀ ਅਨੰਤਾ ਵੀ ਵੇਖੀ ਹੈ ਅਤੇ ਨਾ ਦਿਸਣ ਵਾਲੀ ਬੇਅੰਤਤਾ ਵੀ।
ਇਸ ਵੱਡ-ਆਕਾਰੀ ਤਸਵੀਰ-ਪੁਸਤਕ’ਗੁਰਬਾਣੀ ਦਰਸ਼ਨ’ ਦਾ ਅਪਣਾ ਵਿਲੱਖਣ ਸਥਾਨ ਹੈ ਅਤੇ ਵਿਸ਼ੇਸ਼ ਮਹੱਤਵ। ਜੀਵਨ ਨੂੰ ਇਕ ਛਿਣ ਦਾ ਦੱਸਣ ਲਈ ਖੁੰਬ ਦੇ ਉੱਗਣ ਵਰਗੀ ਦੱਸ ਕੇ ਥੋੜਚਿਰੀ ਕਹਿਣਾ ਹੈ ਜੋ ਬਹੁਤ ਚਿਰ ਰਹਿਣ ਵਾਲੀ ਨਹੀਂ। ਆਖਰੀ ਤਸਵੀਰ ਕਬਰਾਂ ਦੀ ਹੈ ਜੋ ਮਨੁੱਖੀ ਜੀਵ ਦਾ ਅੰਤਮ ਸਥਾਨ ਵੀ ਅਤੇ ਆਖਰੀ ਸਿਰਨਾਵਾਂ ਵੀ।
ਵੱਡੇ ਆਕਾਰ ਦੀ ਇਸ ਪੁਸਤਕ ਦੀਆਂ ਸਾਰੀਆਂ ਰੰਗੀਨ ਤਸਵੀਰ ਮੋਮੀ ਕਾਗਜ਼’ਤੇ ਪੂਰੀ ਤਰ੍ਹਾਂ, ਸਜੀਵ ਉੱਭਰੀਆਂ ਹਨ ਜੋ ਗੁਰਬਾਣੀ ਦੇ ਆਸ਼ੇ ਨੂੰ ਰੂਪਮਾਨ ਕਰਦੀਆਂ ਹੋਈਆਂ ਸਾਧਕਾਂ ਲਈ ਅਨੁਭਵ ਦਾ ਸੋਮਾ ਹਨ ਅਤੇ ਤੁਰਨ ਲਈ ਰਾਹ। ਸਵਰਨਜੀਤ ਸਵੀ ਅਤੇ ਤੇਜ ਪ੍ਰਤਾਪ ਸੰਧੂ ਦਾ ਯੋਗਦਾਨ ਲਾਜ਼ਮੀ ਮੁੱਲਵਾਨ ਹੈ। ਇਹ ਅਨਮੋਲ ਪੁਸਤਕ ਸੰਭਾਲਣਯੋਗ ਵੀ ਹੈ ਵਾਰ ਵਾਰ ਦੇਖਣਯੋਗ ਵੀ।
ਸੰਪਰਕ: 98141-13338
  

No comments: