Saturday, June 23, 2018

ਨਾਮਧਾਰੀਆਂ ਵੱਲੋਂ ਭਾਮੀਆਂ ਰੋਡ 'ਤੇ ਹੋਇਆ ਵਿਸ਼ਾਲ ਰਾਸ਼ਨ ਵੰਡ ਸਮਾਗਮ

ਗੁਰੂ ਨੂੰ ਮੰਨਣ ਵਾਲਾ ਹਰ ਵਿਅਕਤੀ ਸਿੱਖ ਹੈ-ਠਾਕੁਰ ਦਲੀਪ ਸਿੰਘ 
ਲੁਧਿਆਣਾ: 23 ਜੂਨ 2018: (ਪੰਜਾਬ ਸਕਰੀਨ ਟੀਮ)::
ਨਾਮਧਾਰੀ ਸੰਪਰਦਾ ਦੇ ਮੌਜੂਦਾ ਮੁਖੀ ਸਤਿਗੁਰੁ ਠਾਕੁਰ ਦਲੀਪ ਸਿੰਘ ਨੇ ਅੱਜ ਉਹਨਾਂ ਮੁਟਿਆਰਾਂ ਦੀ ਹੋਂਸਲਾ ਅਫਜਾਈ ਕੀਤੀ ਜਿਹੜੀਆਂ ਆਪਣੇ ਘਰਘਾਟ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਗਰੀਬ ਬੱਚਿਆਂ ਨੂੰ ਪੜ੍ਹਾਉਣ ਦੀ ਮਹੱਤਵਪੂਰਨ ਜ਼ਿੰਮੇਵਾਰੀ ਵੀ ਨਿਭਾ ਰਹੀਆਂ ਹਨ। ਠਾਕੁਰ ਜੀ ਅੱਜ ਭਾਮੀਆਂ ਰੋਡ 'ਤੇ ਸਥਿਤ ਬਚਿੱਤਰ ਐਨਕਲੇਵ ਵਿੱਚ ਹੋਏ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪੁੱਜੇ ਹੋਏ ਸਨ। ਇਹ ਸਮਾਗਮ ਗਰੀਬ ਲੋਕਾਂ ਨੂੰ ਰਾਸ਼ਣ ਦੀ ਵੰਡ ਲਈ ਆਯੋਜਿਤ ਕਰਾਇਆ ਗਿਆ ਸੀ। ਇਸ ਮੌਕੇ ਐਮ ਐਲ ਏ ਸੰਜੇ ਤਲਵਾੜ ਅਤੇ ਹਿੰਦੂ ਸਿੱਖ ਜਾਗ੍ਰਤੀ ਸੈਨਾ ਦੇ ਪ੍ਰਵੀਨ ਡੰਗ ਸਮੇਤ ਕਈ  ਹੋਰ ਸ਼ਖਸੀਅਤਾਂ ਵੀ ਪੁੱਜੀਆਂ ਹੋਈਆਂ ਸਨ।  ਇਸ ਮੌਕੇ ਗਰੀਬ ਪਰਿਵਾਰਾਂ ਨੂੰ ਨਿਤ ਵਰਤੋਂ ਦੀਆਂ ਜ਼ਰੂਰੀ ਚੀਜ਼ਾਂ ਵਾਲਾ ਰਾਸ਼ਨ ਵੀ ਵੰਡਿਆ ਗਿਆ ਜਿਸ ਦੀ ਸ਼ੁਰੂਆਤ ਠਾਕੁਰ ਦਲੀਪ ਸਿੰਘ ਨੇ ਆਪਣੇ ਹੱਥੀਂ ਕੀਤੀ। ਜ਼ਿਕਰਯੋਗ ਹੈ ਕਿ ਝੋਂਪੜ ਪੱਟੀ ਵਿੱਚ ਜਾ ਕੇ ਗਰੀਬ ਬੱਚਿਆਂ ਨੂੰ ਪੜ੍ਹਾਉਣ ਅਤੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਅਤੇ ਇਲਾਜ ਵਰਗੀਆਂ ਜ਼ਰੂਰੀ ਚੀਜ਼ਾਂ ਮੁਹਈਆ ਕਰਾਉਣ ਦਾ ਉਪਰਾਲਾ ਇਥੋਂ ਦੀ ਇੱਕ ਨਾਮਧਾਰੀ ਮੁਟਿਆਰ ਹਰਪ੍ਰੀਤ ਕੌਰ ਅਤੇ ਉਸਦੀਆਂ ਸਾਥਣਾਂ ਵੱਲੋਂ ਤਕਰੀਬਨ ਇੱਕ ਸਾਲ ਪਹਿਲਾਂ ਅਰੰਭਿਆ ਗਿਆ ਹੈ। ਮੀਂਹ ਹਨੇਰੀ ਅਤੇ ਧੁੱਪ ਵਰਗੀਆਂ ਕੁਦਰਤ ਸਖਤੀਆਂ ਦੇ ਬਾਵਜੂਦ ਇਹਨਾਂ ਵਿੱਚ ਕਦੇ ਕੋਈ ਰੁਕਾਵਟ ਨਹੀਂ ਆਈ। ਇਹ ਉਪਰਾਲਾ ਹੁਣ ਵੀ ਬੜੀ ਸਰਗਰਮੀ ਨਾਲ ਜਾਰੀ ਹੈ। ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸਨੂੰ ਇਹ ਪ੍ਰੇਰਨਾ ਠਾਕੁਰ ਦਲੀਪ ਸਿੰਘ ਜੀ ਕੋਲੋਂ ਮਿਲੀ ਹੈ। 
ਠਾਕੁਰ ਦਲੀਪ ਸਿੰਘ ਜੀ ਨੇ ਅੱਜ ਇਹ ਸਨਸਨੀਖੇਜ਼ ਇੰਕਸ਼ਾਫ ਵੀ ਕੀਤਾ ਕਿ ਜਦੋਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਗਰੀਬ ਬੱਚਿਆਂ ਨੂੰ ਪੜ੍ਹਾਉਣ ਅਤੇ ਆਰਥਿਕ ਪੱਖੋਂ ਮਜ਼ਬੂਤ ਬਣਾਉਣ ਦਾ ਇਹ ਉਪਰਾਲਾ ਅਰੰਭਿਆ ਗਿਆ ਤਾਂ ਉੱਥੇ ਈਸਾਈ ਸੰਗਠਨਾਂ ਨੇ ਇਸ ਕੰਮ ਵਿੱਚ ਜਾਣਬੁਝ ਕੇ ਰੁਕਾਵਟ ਪਾਈ ਜੋ ਕਿ ਬੇਹੱਦ ਮਾੜੀ ਗੱਲ ਹੈ। ਉਹਨਾਂ ਈਸਾਈ ਸੰਗਠਨਾਂ ਨੂੰ ਅਜਿਹੀਆਂ ਹਰਕਤਾਂ ਲਈ ਲੰਮੇ ਹੱਥੀਂ ਲਿਆ। 
ਇਸਦੇ ਨਾਲ ਹੀ ਉਹਨਾਂ ਇੱਕ ਵਾਰ ਫੇਰ ਦੁਹਰਾਇਆ ਕਿ ਗੁਰੂ ਨਾਨਕ ਨੂੰ ਮੰਨਣ ਵਾਲਾ ਹਰ ਵਿਅਕਤੀ ਸਿੱਖ ਹੈ। ਭਾਵੇਂ ਉਹ ਕੇਸਾਧਾਰੀ ਹੋਵੇ ਤੇ ਭਾਵੇਂ ਮੋਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਦੇ ਕੇ ਉਹਨਾਂ ਕਿਹਾ ਕਿ ਗੁਰੂ ਕੋਈ ਮਨੁੱਖ ਹੀ ਹੋ ਸਕਦਾ ਹੈ। ਗੁਰੂ ਜਨਮ ਵੀ ਲੈਂਦਾ ਹੈ ਅਤੇ ਖਾਂਦਾ ਪੀਂਦਾ ਵੀ ਹੈ। ਕੋਈ ਜੜ ਵਸਤੂ ਗੁਰੂ ਨਹੀਂ ਹੋ ਸਕਦੀ। 
ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਮੰਦਰਾਂ ਗੁਰਦੁਆਰਿਆਂ 'ਤੇ ਸੋਨਾ ਚਾਂਦੀ ਚੜ੍ਹਾਉਣ ਦੀ ਬਜਾਏ ਲੋੜਵੰਦਾਂ ਦੀ ਮਦਦ ਕਰਨ ਅਤੇ ਉਹਨਾਂ ਵਿੱਚ ਹੀ ਭਗਵਾਨ ਰਾਮ, ਮਾਤਾ ਸੀਤਾ ਅਤੇ ਗੁਰੂਨਾਨਕ ਦੇਵ ਜੀ ਨੂੰ ਦੇਖਣ। ਬਾਣੀ ਵੀ ਇਹੀ ਕਹਿੰਦੀ ਹੈ ਅਤੇ ਧਰਮ ਵੀ ਇਹੀ ਕਹਿੰਦਾ ਹੈ। ਇਸ ਮੌਕੇ ਮਾਹੌਲ ਬਹੁਤ ਹੀ ਜਜ਼ਬਾਤੀ ਹੋ ਗਿਆ। ਉਹਨਾਂ ਗਰੀਬ ਬੱਚਿਆਂ ਨੂੰ ਆਪਣੀ ਗੋਦੀ ਵਿੱਚ ਵੀ ਬਿਠਾਇਆ। ਸਮਾਗਮ ਤੋਂ ਬਾਅਦ ਰਾਜ ਕਰੇਗਾ ਖਾਲਸਾ ਵਾਲੇ ਦੋਹੇ ਸਮੇਤ ਮੁਕੰਮਲ ਅਰਦਾਸ ਵੀ ਕੀਤੀ ਗਈ। 

No comments: