Thursday, June 14, 2018

ਇੱਕ ਹੋਰ ਸਫਾਈ ਵਰਕਰ ਸੀਵਰੇਜ ਦੀ ਗੈਸ ਦਾ ਸ਼ਿਕਾਰ

ਦੋ ਹਸਪਤਾਲਾਂ ਵਿੱਚ ਇਲਾਜ ਤੋਂ ਬਾਅਦ ਦਿੱਤੀ ਗਈ ਛੁੱਟੀ 
ਲੁਧਿਆਣਾ: 14 ਜੂਨ 2018:  (ਪੰਜਾਬ ਸਕਰੀਨ ਬਿਊਰੋ)::
ਲੰਮੇ ਸਮੇਂ ਤੋਂ ਚਲੇ ਆ ਰਹੇ ਸਿਲਸਿਲੇ ਅਨੁਸਾਰ ਅੱਜ ਇੱਕ ਹੋਰ ਸਫਾਈ ਵਰਕਰ ਸੀਵਰੇਜ ਦੀ ਗੈਸ ਦਾ ਸ਼ਿਕਾਰ ਹੋ ਗਿਆ। ਅਜੈ ਨਾਮ ਦੇ ਇਸ ਵਰਕਰ ਨੂੰ ਬੁਧਵਾਰ 13 ਜੂਨ ਵਾਲੇ ਦਿਨ ਅਚਾਨਕ ਜਦੋਂ ਇਕ ਗੱਟਰ ਦੀ ਸਫਾਈ ਲਈ ਉਤਾਰਿਆ ਗਿਆ ਤਾਂ ਉਸਦੀਆਂ ਅੱਖਾਂ ਨੂੰ ਗੈਸ ਚੜ ਗਈ। ਵਰਕਰ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਸਨੂੰ ਨੰਬਰਦਾਰ ਨੇ ਜਬਰਸਤੀ ਦਬਾਅ ਪਾ ਕੇ ਸੇਫਟੀ ਕਿੱਟ ਤੋਂ ਬਿਨਾ ਗੱਟਰ ਵਿੱਚ ਉਤਰਨ ਲਈ ਮਜਬੂਰ ਕੀਤਾ। ਇਸਦੀ ਹਾਲਤ ਅੱਜ ਦੁਪਹਿਰ ਤੱਕ ਵੀ ਇੱਕ ਹਸਪਤਾਲ ਵਿੱਚ ਨਾਜ਼ੁਕ ਜਿਹੀ  ਬਣੀ ਲੱਗਦੀ ਸੀ। ਉਸ ਵੇਲੇ ਉਹ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਸੀ। ਜਦੋਂ ਡਾਕਟਰ ਨੂੰ ਪੁੱਛਿਆ ਗਿਆ ਤਾਂ ਡਾਕਟਰ ਨੇ ਕਿਹਾ ਕਿ ਉਸਦੀ ਹਾਲ ਸਥਿਰ ਹੈ ਬਾਕੀ ਦੀ ਗੱਲ ਅੱਖਾਂ ਦਾ ਮਾਹਰ ਡਾਕਟਰ ਹੀ ਦੱਸ ਸਕਦਾ ਹੈ। 
ਜਦੋਂ ਇਸ ਹਾਦਸੇ ਬਾਰੇ ਸਬੰਧਤ ਨੰਬਰਦਾਰ ਅਤੇ ਐਸ ਡੀ  ਓ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ। ਉਹਨਾਂ ਨੂੰ ਇਸਦੀ ਜਾਣਕਾਰੀ ਅੱਜ ਹੀ ਮਿਲੀ ਹੈ। ਇਸਦੇ ਨਾਲ ਹੀ ਇਹਨਾਂ ਦੋਹਾਂ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਸੀਵਰੇਜ ਦੀ ਗੈਸ ਨਾਲ ਜ਼ਖਮੀ ਹੋਏ ਇਸ ਵਰਕਰ ਨੇ ਆਪਣੇ ਇੱਕ ਸਾਥੀ ਨਾਲ ਛੁੱਟੀ ਤੋਂ ਬਾਅਦ ਕਿਸੇ ਦੇ ਨਿਜੀ ਕੰਮ ਨੂੰ ਹੱਥ ਪਾਇਆ ਹੋਵੇਗਾ। ਇਸੇ ਦੌਰਾਨ ਵਰਕਰ ਆਗੂਆਂ ਨੇ ਕਿਹਾ ਹੈ ਕਿ ਉਹ ਇਸ ਸਾਰੇ ਮਾਮਲੇ ਦਾ ਪਰਦਾਫਾਸ਼ ਕਰਨਗੇ ਅਤੇ ਇਸ ਮੁੱਦੇ ਨੂੰ ਲੈ ਕੇ ਸੰਘਰਸ਼ ਚਲਾਉਣਗੇ। 
ਵਰਕਰਾਂ ਦਾ ਇੱਕ ਸਰਗਰਮ ਗਰੁੱਪ ਵਰਕਰ ਨੂੰ ਬਣਦਾ ਮੁਆਵਜ਼ਾ ਦੁਆਉਣ ਲਈ ਅੜਿਆ ਹੋਇਆ ਹੈ ਜਦੋਕਿ ਨਗਰਨਿਗਮ ਮੁਲਾਜ਼ਮਾਂ ਦਾ ਹੀ ਇੱਕ ਹੋਰ ਸਰਗਰਮ ਗਰੁੱਪ ਉਹਨਾਂ ਅਧਿਕਾਰੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਹੈ ਜਿਹੜੇ ਇਸ ਮਾਮਲੇ ਵਿੱਚ  ਦੋਸ਼ੀ ਕਹੇ ਜਾ ਰਹੇ ਹਨ। 

No comments: