Sunday, June 17, 2018

ਲੈਂਡ ਮਾਫੀਆ ਦੇ ਖਿਲਾਫ ਸੀਪੀਆਈ ਨੇ ਲਿਆ ਸਹਿਦੇਵ ਨਾਲ ਸਟੈਂਡ

2015 ਵਿੱਚ ਵੀ ਹੋਇਆ ਸੀ ਸਹਿਦੇਵ ਵਾਲੇ ਪਲਾਟ 'ਤੇ ਲੈਂਡ ਮਾਫੀਆ ਦਾ ਹਮਲਾ
ਲੁਧਿਆਣਾ: 17 ਜੂਨ 2018: (ਪੰਜਾਬ ਸਕਰੀਨ ਟੀਮ)::
ਦੇਸ਼ ਦੇ ਸਿਸਟਮ ਦੀਆਂ ਚੋਰ ਮੋਰੀਆਂ, ਕਾਨੂੰਨੀ ਕਮਜ਼ੋਰੀਆਂ, ਕੁਰੱਪਸ਼ਨ ਦਾ ਬੋਲਬਾਲਾ ਅਤੇ ਡਾਢੇ ਦਾ ਸੱਤੀਂ ਵੀਹੀਂ ਸੋ ਵਾਲਾ ਹਿਸਾਬ ਕਿਤਾਬ ਅੱਜ ਦੇ ਵਿਕਸਿਤ ਯੁਗ ਵਿੱਚ ਵੀ ਜਾਰੀ ਹੈ। ਇਸ ਸਾਰੇ ਝਮੇਲੇ ਦੀਆਂ ਵਧੀਕੀਆਂ ਦਾ ਸ਼ਿਕਾਰ ਹੁੰਦਾ ਹੈ ਆਮ ਤੌਰ ਤੇ ਆਮ ਵਿਅਕਤੀ ਜਿਸਨੂੰ ਪਹਿਲਾਂ ਹੀ ਰੋਜ਼ੀ ਰੋਟੀ ਦਾ ਫਿਕਰ ਸਾਹ ਨਹੀਂ ਲੈਣ ਦੇਂਦਾ। ਲੁਧਿਆਣਾ ਵਿੱਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਇੱਕ ਗਰੀਬ ਕਿਰਤੀ ਸਹਿਦੇਵ ਸਾਹਨੀ ਦਾ। ਸਹਿਦੇਵ ਨੇ ਹਿੰਮਤ ਕੀਤੀ ਹੈ ਲੈਂਡ ਮਾਫੀਆ ਦੇ ਖਿਲਾਫ਼ ਖੜੇ ਹੋਣ ਦੀ। ਭਾਰਤੀ ਕਮਿਊਨਿਸਟ ਪਾਰਟੀ ਇਸ ਮਾਮਲੇ ਵਿੱਚ ਸਹਿਦੇਵ ਦੇ ਨਾਲ ਚਟਾਨ ਵਾਂਗ ਖੜੀ ਹੋ ਗਈ ਹੈ। ਸੀਪੀਆਈ ਦੇ ਇਸ ਸਟੈਂਡ ਨੂੰ ਦੇਖਦਿਆਂ ਪੁਲਿਸ ਵੀ ਹਰਕਤ ਵਿੱਚ ਆਈ ਹੈ ਅਤੇ ਪੁਲਿਸ ਨੇ ਸਹਿਦੇਵ ਦੀ ਸ਼ਿਕਾਇਤ 'ਤੇ ਦਵਿੰਦਰ ਸਿੰਘ ਘੁੰਮਣ ਉਰਫ ਕਾਲਾ ਅਤੇ ਹੈਪੀ ਸਮੇਤ ਹੋਰਾਂ ਦੇ ਖਿਲਾਫ ਖਿਲਾਫ਼ ਦਫ਼ਾ 452/447/294/511/506 ਅਧੀਨ ਮੁਕਦਮਾ ਦਰਜ ਕਰ ਲਿਆ ਹੈ। ਇਹਨਾਂ ਵਿਅਕਤੀਆਂ ਨੇ ਹੀ ਹਮਲਾਵਰ ਬਣ ਕੇ 14 ਜੂਨ ਵਾਲੇ ਦਿਨ ਸਹਿਦੇਵ ਸਾਹਨੀ ਦੀ ਰਿਹਾਇਸ਼ ਵਾਲੇ ਪਲਾਟ ਵਿੱਚ ਹੋ ਰਹੀ ਉਸਾਰੀ ਨੂੰ  ਰੋਕਦਿਆਂ ਉਸਦੀ ਨਵੀਂ ਬਾਣੀ ਕੰਧ ਢਾਹ ਦਿੱਤੀ ਸੀ।  
ਸਹਿਦੇਵ ਸਾਹਨੀ ਤੁਲਸੀ ਡਰੋਪਸ ਅਤੇ ਕਈ ਹੋਰ ਸਵਦੇਸ਼ੀ ਦਵਾਈਆਂ ਬਣਾਉਣ ਵਾਲੀ ਇੱਕ ਸਥਾਨਕ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਪਿਛਲੇ 18 ਸਾਲਾਂ ਤੋਂ ਇਸ ਪਲਾਟ ਵਿੱਚ ਰਹਿ ਰਿਹਾ ਹੈ। ਉਸਨੇ ਇਹ ਪਲਾਟ ਕਿਸੇ ਹੋਰ ਕੋਲੋਂ ਲਿਆ ਸੀ। ਸਹਿ ਸਹਿਦੇਵ ਦਾ ਕਹਿਣਾ ਹੈ ਕਿ ਜੇ ਪਲਾਟ ਦਾ ਮਾਲਕ ਉਸਨੂੰ ਆ ਕੇ ਕਹੇ ਤਾਂ ਉਹ ਕਾਨੂੰਨ ਮੁਤਾਬਿਕ ਉਸਨੂੰ ਵੀ ਸਹਿਯੋਗ ਕਰੇਗਾ। ਇਸਦੇ ਨਾਲ ਹੀ ਉਹ ਆਪਣੇ ਸਬੂਤ ਵੀ ਦਿਖਾਉਂਦਾ ਹੈ ਕਿ ਉਹ ਪਿਛਲੇ ਦੋ ਦਹਾਕਿਆਂ ਤੋਂ ਇਥੇ ਰਹਿ ਰਿਹਾ ਹੈ। ਇਸਦੀ ਪੁਸ਼ਟੀ ਸੀਪੀਆਈ ਦੇ ਸਥਾਨਕ ਆਗੂ ਅਤੇ ਉਘੇ ਸਮਾਜਸੇਵਕ ਕਾਮਰੇਡ ਗੁਰਨਾਮ ਸਿੰਘ ਸਿੱਧੂ ਨੇ ਵੀ ਕੀਤੀ ਹੈ। ਕਾਮਰੇਡ ਸਿੱਧੂ ਨੇ ਇਹ ਵੀ ਦੱਸਿਆ ਕਿ 22 ਮਾਰਚ 2015 ਨੂੰ ਵੀ ਸਹਿਦੇਵ ਦੇ ਮਕਾਨ 'ਤੇ ਇਸੇ ਤਰਾਂ ਦਾ ਹਮਲਾ ਹੋਇਆ ਸੀ। ਉਦੋਂ ਵੀ ਅਸੀਂ ਇਹ ਮਾਮਲਾ ਏ ਡੀ ਸੀ ਪੀ-2 ਕੋਲ ਉਠਾਇਆ ਸੀ। ਉਦੋਂ ਹੈਪੀ ਨਾਮ ਦਾ ਵਿਅਕਤੀ ਖੁਦ ਖੁੱਲ ਕੇ ਸਾਹਮਣੇ ਆਇਆ ਸੀ। ਹੁਣ ਉਸਦੇ ਨਾਲ ਦਵਿੰਦਰ ਘੁੰਮਣ ਉਰਫ ਕਾਲਾ ਵੀ ਹੈ।
ਜਿਸ ਦਿਨ ਉਸਦੀ ਕੰਧ ਢਾਹੀ ਗਈ ਉੱਸੇ ਵੇਲੇ ਉਸਦਾ ਪਤਾ ਲੈਣ ਸੀਪੀਆਈ ਲੀਡਰ ਜ਼ਿਲਾ ਸਕੱਤਰ ਡੀ ਪੀ ਮੌੜ ਦੀ ਅਗਵਾਈ ਹੇਠ ਮੌਕੇ 'ਤੇ ਪਹੁੰਚੇ। ਉਹਨਾਂ ਦੇ ਨਾਲ ਕਾਮਰੇਡ ਰਮੇਸ਼ ਰਤਨ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਰਮੇਸ਼ ਰਤਨ ਅਤੇ ਕਈ ਹੋਰ ਵੀ ਸਨ। 
ਕਾਮਰੇਡ ਸਿੱਧੂ ਨੇ ਦੱਸਿਆ ਕਿ ਸਹਿਦੇਵ ਕੋਲ ਕੋਈ ਡੇੜ ਦੋ ਸੋ ਗਜ਼ ਦਾ ਪਲਾਟ ਹੈ ਜਿਸ ਵਿੱਚ ਉਹ ਪਿਛਲੇ 18 ਸਾਲਾਂ ਤੋਂ ਰਹਿ ਰਿਹਾ ਹੈ। ਇਸ ਪਲਾਟ 'ਤੇ ਲੈਂਡ ਮਾਫੀਆ ਦੀ ਅੱਖ ਹੈ। ਇਸ ਮਾਫੀਆ ਨੇ ਪਹਿਲਾਂ ਸੰਨ 2012 ਵਿੱਚ ਇਸਦੇ ਨਾਲ ਲੱਗਦਾ ਪਲਾਟ ਖਰੀਦਿਆ ਸੀ ਤਾਂਕਿ ਇਸ ਨੂੰ ਅਗਲਾ ਨਿਸ਼ਾਨਾ ਬਣਾਉਣ  ਲਈ ਸੌਖ ਰਹੇ। ਉਹਨਾਂ ਦੱਸਿਆ ਕਿ ਲੈਂਡ ਮਾਫੀਆ ਦਾ ਇਹ ਸਟਾਈਲ ਹੈ ਕਿ ਪਹਿਲਾਂ ਕੋਈ ਛੋਟਾ ਮੋਟਾ ਪਲਾਟ ਖਰੀਦ ਲਓ ਫਿਰ ਆਲੇਦੁਆਲੇ ਦਹਿਸ਼ਤ ਫੈਲਾ ਕੇ ਬਾਕੀਆਂ 'ਤੇ ਕਬਜ਼ਾ ਕਰ ਲਓ।  ਡਾਢੇ ਵਿਅਕਤੀਆਂ ਅੱਗੇ ਕੋਈ ਬੋਲਦਾ ਵੀ ਨਹੀਂ। ਲੋਕ ਆਮ ਤੌਰ 'ਤੇ ਇਹਨਾਂ ਨਾਲ ਸਮਝੌਤੇ ਕਰ ਲੈਂਦੇ ਹਨ। ਇਸ ਤਰਾਂ ਮਹਿੰਗੇ ਪਲਾਟ ਕੌਡੀਆਂ ਦੇ ਭਾਅ ਲੈਂਡ ਮਾਫੀਆ ਦੇ ਹੱਥ ਆ ਜਾਂਦੇ ਹਨ ਇਹਨਾਂ ਨੂੰ ਬਾਅਦ ਵਿੱਚ ਕਲੋਨੀ ਕੱਟ ਕੇ ਮਹਿੰਗੇ ਭਾਵਾਂ 'ਤੇ ਵੇਚਿਆ ਜਾਂਦਾ ਹੈ। ਪਰਸ਼ਾਸਨ ਸਾਰਾ ਤਮਾਸ਼ਾ ਚੁੱਪਚਾਪ ਦੇਖਦਾ ਰਹਿੰਦਾ ਹੈ।  ਲੈਂਡ ਮਾਫੀਆ ਬਣਾਏ ਪਲਾਟਾਂ ਅਤੇ ਫਲੈਟਾਂ ਦੇ ਮਾਮਲੇ ਵਿੱਚ ਵੀ ਅਜਿਹਾ ਕੁਝ ਹੀ ਕਰਦਾ ਰਹਿੰਦਾ ਹੈ। ਜਦੋਂ ਲੋਕ ਇਹਨਾਂ ਖਰੀਦੇ ਹੋਏ ਪਲਾਟਾਂ ਵਿੱਚ ਕਾਬਜ਼ ਹੋ ਜਾਂਦੇ ਹਨ ਤਾਂ ਫਿਰ ਇਸ ਨੂੰ ਨਜਾਇਜ਼ ਕਬਜ਼ਾ ਆਖਦਿਆਂ ਡੰਡਾ ਚਲਾ ਕੇ ਖਾਲੀ ਕਰਾਇਆ ਜਾਂਦਾ ਹੈ। ਗਿਆਸਪੁਰਾ ਅਜਿਹੇ ਹੀ ਮਾਮਲੇ  ਦੀ  ਮਿਸਾਲ ਹੈ ਜਿੱਥੇ ਕਈ ਕਈ ਫਲੈਟ ਕਈ ਕਈ ਵਾਰ ਬਿਨਾ ਕਾਗਜ਼ ਪੱਤਰਾਂ ਤੋਂ ਹੀ ਵੇਚ ਦਿੱਤੇ ਗਏ। ਕਈ ਵਾਰ ਜਾਅਲੀ ਕਾਗਜ਼ਾਂ ਪੱਤਰਾਂ ਦੇ ਨਾਲ ਵੀ ਅਜਿਹਾ ਕੁਝ ਕੀਤਾ ਜਾਂਦਾ ਹੈ। 
ਹੁਣ ਸਹਿਦੇਵ ਏ ਪਲਾਟ ਨੰਬਰ 213, ਗਲੀ ਨੰਬਰ 3, ਅੰਮ੍ਰਿਤ ਡੇਅਰੀ ਕੰਪਲੈਕਸ ਹੈਬੋਵਾਲ ਦੇ ਮਾਮਲੇ ਵਿੱਚ ਵੀ ਲੈਂਡ ਮਾਫੀਆ ਸਰਗਰਮ ਹੈ। ਸਾਰਾ ਦਿਨ ਨੌਕਰੀ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੇ ਸਹਿਦੇਵ ਕੋਲ ਨਾ ਤਾਂ ਲੜਨ ਦਾ ਸਮਾਂ ਹੈ ਅਤੇ ਨਾ ਹੀ ਏਨਾ ਬਾਹੂਬਲ ਜਾਂ ਪੈਸੇ। ਅਜਿਹੇ ਲੋਕ ਹੀ ਅਕਸਰ ਲੈਂਡ ਮਾਫੀਆ ਦਾ ਸਾਫਟ ਟਾਰਗੈਟ ਬਣਦੇ ਹਨ।
ਇਸ ਵਾਰ ਸਹਿਦੇਵ ਦੇ ਨਾਲ ਸੀਪੀਆਈ ਵੀ ਖੁਲ ਕੇ ਆ ਡਟੀ ਹੈ। ਗਿਆਸਪੁਰਾ ਦੇ ਮਾਮਲੇ ਵਿੱਚ ਸੀਪੀਆਈ (ਐਮ) ਨੇ ਵੀ ਖੁੱਲ ਕੇ ਆਵਾਜ਼ ਬੁਲੰਦ ਕੀਤੀ ਸੀ। ਇਸਦੇ ਬਾਵਜੂਦ ਕੋਈ ਠੋਸ ਕਦਮ ਨਹੀਂ ਸੀ ਚੁੱਕਿਆ ਗਿਆ। ਲੋਕਾਂ ਦੀਆਂ ਜੇਬਾਂ ਕੱਟਣ ਵਾਲੇ ਉਦੋਂ ਵੀ ਸਰਗਰਮ ਰਹੇ। 
ਦੇਸ਼ ਭਰ ਵਿੱਚ ਲੈਂਡ ਮਾਫੀਆ ਸਰਗਰਮ ਹੈ। ਇਹ ਮਾਫੀਆ ਕਾਨੂੰਨ ਨੂੰ ਆਪਣੀ ਜੇਬ ਵਿੱਚ ਸਮਝਦਾ ਹੈ।  ਕਈ ਕੋਲੋਨਾਈਜ਼ਰਾਂ ਨੇ ਤਾਂ ਆਪਣੇ  ਵਿੱਚ ਮੀਡੀਆ ਦੇ ਨਾਲ ਨਾਲ ਪੁਲਿਸ ਅਤੇ ਬਾਹੂਬਲੀ ਵੀ ਰੱਖੇ ਹੁੰਦੇ ਹਨ। ਦੋ ਤਿੰਨ ਸਾਲਾਂ ਮਗਰੋਂ ਟਰਸਟ ਦੇ ਪੁਰਾਣੇ ਮੈਂਬਰ ਵਿਦੇਸ਼ਾਂ ਵਿੱਚ ਪੁੱਜ ਜਾਂਦੇ ਹਨ ਅਤੇ ਅਤੇ ਉਹਨਾਂ ਦੀ ਥਾਂ ਤੇ ਉਹਨਾਂ ਦੇ ਹੀ ਨਾਮਜ਼ਦ ਵਿਅਕਤੀ ਨਵੇਂ ਮੈਂਬਰ ਬਣ ਜਾਂਦੇ ਹਨ। ਲੁੱਟ ਮਾਰ ਦਾ ਸਿਲਸਿਲਾ ਉਸੇ ਤਰਾਂ ਚਲਦਾ ਰਹਿੰਦਾ ਹੈ। ਹੁਣ ਦੇਖਣਾ ਹੈ ਕਿ ਸੀਪੀਆਈ ਇਸ  ਰੁਝਾਣ ਨੂੰ ਠੱਲ ਪਾਉਣ ਵਿੱਚ ਕਿੰਨੀ ਕੁ ਕਾਮਯਾਬ ਰਹਿੰਦੀ ਹੈ ਅਤੇ ਬਾਕੀ ਪਾਰਟੀਆਂ ਇਸ ਮਾਮਲੇ ਵਿੱਚ ਕੁਝ ਬੋਲਦਿਆਂ ਹਨ ਜਾਂ ਇੱਕ ਚੁੱਪ ਅਤੇ ਸੋ ਸੁੱਖ ਵਾਲੇ ਗੱਲ 'ਤੇ ਅਮਲ ਕਰਦਿਆਂ ਹਨ। ਜ਼ਿਕਰਯੋਗ ਹੈ ਕਿ ਅਜਿਹੇ ਲੈਂਡ ਮਾਫੀਆ ਵੱਲੋਂ ਸਿਆਸੀ ਪਾਰਟੀਆਂ ਨੂੰ ਵੀ ਫ਼ੰਡ ਜਾਣਾ ਹੁੰਦਾ ਹੈ ਅਤੇ ਮੀਡੀਆ ਨੂੰ ਵੀ ਇਸ਼ਤਿਹਾਰ ਮਿਲਣੇ ਹੁੰਦੇ ਹਨ। 

No comments: