Friday, June 01, 2018

ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਗਿਣਾਈਆਂ ਬੀਜੇਪੀ ਸਰਕਾਰ ਦੀਆਂ ਪ੍ਰਾਪਤੀਆਂ

ਲੁਧਿਆਣਾ ਵਿੱਚ ਹੋਇਆ ਗਰਮਜੋਸ਼ੀ ਨਾਲ ਸਵਾਗਤ-ਥਾਂ ਥਾਂ ਲੱਗੇ ਹੋਰਡਿੰਗਜ਼ 
ਲੁਧਿਆਣਾ: 1 ਜੂਨ 2018: (ਪਰਦੀਪ ਸ਼ਰਮਾ// ਪੰਜਾਬ ਸਕਰੀਨ):: 
ਅੱਜ ਲੁਧਿਆਣਾ ਵਿੱਚ ਵਿਸ਼ੇਸ਼ ਚਹਿਲ ਪਹਿਲ ਸੀ। ਸੁਰੱਖਿਆ ਕਾਰਨਾਂ ਕਰਕੇ ਥਾਂ ਥਾਂ ਤੇ ਲੱਗੇ ਨਾਕਿਆਂ ਦੇ ਬਾਵਜੂਦ ਵੀ ਉਤਸਵ ਵਰਗਾ ਮਾਹੌਲ ਸੀ। ਹਰ ਪਾਸੇ ਇੱਕ ਰੌਣਕ ਜਿਹੀ ਮਹਿਸੂਸ ਹੁੰਦੀ ਸੀ। ਅਸਲ ਵਿੱਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅੱਜ ਲੁਧਿਆਣਾ ਵਿੱਚ ਸਨ। ਆਪਣੀ ਇਸ ਲੀਡਰ ਦੀ ਲੁਧਿਆਣਾ ਫੇਰੀ ਦਾ ਫਾਇਦਾ ਉਠਾਉਂਦਿਆਂ ਭਾਰਤੀ ਜਨਤਾ ਪਾਰਟੀ ਦੇ ਵੱਖ ਵੱਖ ਆਗੂਆਂ ਨੇ ਵੱਡੇ ਵੱਡੇ ਬੋਰਡ ਅਤੇ ਹੋਰਡਿੰਗਜ਼ ਫਿਰੋਜ਼ਪੁਰ ਰੋਡ ਵਾਲੀ ਸੜਕ ਦੇ ਦੋਹੀਂ ਪਾਸੇ ਲਗਾਏ ਹੋਏ ਸਨ। ਇਸ ਤਰਾਂ ਲੱਗਦਾ ਸੀ ਜਿਵੇਂ ਕੋਈ ਚੋਣ ਮੁਹਿੰਮ ਵੱਡੀ ਪੱਧਰ 'ਤੇ ਸ਼ੁਰੂ ਹੋ ਗਈ ਹੋਵੇ। ਜ਼ਿਮਨੀ ਚੋਣਾਂ ਦੇ ਭਾਜਪਾ ਵਿਰੋਧੀ ਨਤੀਜਿਆਂ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦਾ ਇਹ ਉਤਸ਼ਾਹ ਨਿਸਚੇ ਹੀ ਪਾਰਟੀ ਦੀ ਹਿੰਮਤ ਦਾ ਸ਼ਕਤੀਸ਼ਾਲੀ ਪਰਦਰਸ਼ਨ ਵੀ ਸੀ।  ਬੀਜੇਪੀ ਵਿਰੋਧੀ ਸੋਚ ਦੇ ਕੁਝ ਬੁਧੀਜੀਵੀ ਇਸ ਦੀ ਆਲੋਚਨਾ ਕਰਦੇ ਵੀ ਸੁਣੇ ਗਏ ਪਰ ਭਾਰਤੀ ਜਨਤਾ ਪਾਰਟੀ ਦੇ ਪ੍ਰਬੰਧਕ ਇਸ ਪੱਖੋਂ ਪੂਰੀ ਤਰਾਂ ਨਿਰਲੇਪ ਰਹਿੰਦਿਆਂ ਆਪਣੀ ਡਿਊਟੀ ਵਿੱਚ ਮਗਨ ਸਨ। 
ਲੁਧਿਆਣਾ ਦੇ "ਮਹਾਰਾਜਾ ਰਿਜੈਂਸੀ" ਵਿੱਚ ਹੋਏ ਪੱਤਰਕਾਰ ਸੰਮੇਲਨ ਦੌਰਾਨ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਕਾਰਜਾਂ ਦੀ ਵਿਸਥਾਰ ਨਾਲ ਚਰਚਾ ਕੀਤੀ। ਇਸ ਸਬੰਧੀ ਮੀਡੀਆ ਨੂੰ ਵੱਖ ਵੱਖ ਖੇਤਰਾਂ ਦੇ ਵਿਕਾਸ ਦਾ ਵੇਰਵਾ ਵੀ ਦਿੱਤਾ ਗਿਆ। ਛਪੇ ਹੋਏ ਪੈਂਫਲਿਟ ਅਤੇ ਹੋਰ ਪ੍ਰਚਾਰ ਸਮਗਰੀ ਵੀ ਵੰਡੀ ਗਈ। 
ਬੀਜੀਪੀ ਦੇ ਇਤਿਹਾਸ ਵਿੱਚ ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਫੇਰੀ ਸੀ। ਬੀਜੇਪੀ ਵਿਰੋਧੀ ਪਾਰਟੀਆਂ ਇਸਦਾ ਕੋਈ ਜੁਆਬ ਦੇ ਸਕਣਗੀਆਂ ਜਾਂ ਨਹੀਂ ਇਹ ਗੱਲ ਸਮਾਂ ਆਉਣ ਤੇ ਹੀ ਪਤਾ ਲੱਗੇਗੀ ਕਿਓਂਕਿ ਪੰਜਾਬ ਦੀ ਕਾਂਗਰਸ ਸਰਕਾਰ ਅਜੇ ਤੱਕ ਪੰਜਾਬ ਦੇ ਲੋਕਾਂ ਦੀਆਂ ਆਸਾਂ ਉਮੀਦਾਂ 'ਤੇ ਪੂਰੀ ਨਹੀਂ ਉਤਰ ਸਕੀ। ਅਜਿਹੀ ਹਾਲਤ ਵਿੱਚ ਭਾਜਪਾ ਵੱਲੋਂ ਆਪਣੀਆਂ ਪ੍ਰਾਪਤੀਆਂ ਗਿਣਵਾਉਣ ਲਈ ਏਨੇ ਮਹੱਤਵਪੂਰਨ ਪ੍ਰੋਫ਼ਾਈਲ ਵਰਗੀ ਮੰਤਰੀ ਨੂੰ ਭੇਜਿਆ ਜਾਣਾ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਉੱਤੇ ਕਿਸੇ ਸਿਆਸੀ ਬੰਬਬਾਰੀ ਤੋਂ ਘੱਟ ਨਹੀਂ। ਇਸ ਪ੍ਰੈਸ ਕਾਨਫਰੰਸ ਮੌਕੇ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਨਿੱਕੀਆਂ ਨਿੱਕੀਆਂ ਫ਼ਿਲਮਾਂ ਦੇ ਕਲਿੱਪ ਜਿਹੇ ਵੀ ਦਿਖਾਏ ਗਏ ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਸਨ। ਭਾਜਪਾ ਆਗੂ ਅਤੇ ਵਰਕਰ ਆਪਣੀ ਇਸ ਲੀਡਰ ਦੇ ਸਵਾਗਤ ਵਿੱਚ ਵੱਧ ਚੜ੍ਹ ਕੇ ਪੁੱਜੇ ਹੋਏ ਸਨ। 
ਇਸ ਸਾਦੇ ਜਿਹੇ ਆਯੋਜਨ ਨਾਲ ਜਿਥੇ ਭਾਜਪਾ ਨੇ ਲੁਧਿਆਣਾ ਅਤੇ ਪੰਜਾਬ ਵਿਚ ਆਪਣੀ ਸਥਿਤੀ ਦਾ ਅੰਦਾਜ਼ਾ ਲਗਾ  ਲਿਆ ਹੈ ਉੱਥੇ ਮੀਡੀਆ ਨਾਲ ਵੀ ਆਪਣੇ ਸਬੰਧਾਂ ਨੂੰ "ਹੋਰ ਮਜ਼ਬੂਤ" ਬਣਾਇਆ ਹੈ।  ਰੱਖਿਆ ਮੰਤਰੀ ਨੇ ਇਸ ਆਉਣ ਵਾਲੀ ਚੋਣ ਜੰਗ ਵਿੱਚ ਇੱਕ ਫੌਜੀ ਜਰਨੈਲ ਵਾਂਗ ਆਪਣੀ ਪਾਰਟੀ ਦੇ ਸਿਪਾਹੀਆਂ ਦੀ ਪਿੱਠ ਥਾਪੜੀ ਹੈ ਅਤੇ ਉਹਨਾਂ ਦਾ ਮਨੋਬਲ ਵਧਾਇਆ ਹੈ। ਅਜਿਹਾ ਕਰਨਾ ਹਰ ਸਿਆਸੀ ਲੀਡਰ ਦਾ ਫਰਜ਼ ਵੀ ਬਣਦਾ ਹੈ ਅਤੇ ਅਧਿਕਾਰ ਵੀ। ਇਸ ਬਾਰੇ ਕਿੰਤੂ ਪ੍ਰੰਤੂ ਕਰਨ ਵਾਲਿਆਂ ਨੂੰ ਵੀ ਆਪਣਾ ਪੱਖ ਇਸੇ ਉਤਸ਼ਾਹ ਨਾਲ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ। ਹੁਣ ਜੇ ਇਹਨਾਂ ਪਾਰਟੀਆਂ ਕੋਲ ਲੁੜੀਂਦਾ ਜੋਸ਼ ਅਤੇ ਉਤਸ਼ਾਹ ਹੀ ਨਹੀਂ ਬਚਿਆ ਤਾਂ ਇਸ ਵਿੱਚ ਬੀਜੇਪੀ ਦਾ ਕਿ ਕਸੂਰ? ਇਸ ਆਯੋਜਨ ਨਾਲ ਇਹ ਗੱਲ ਸਾਫ ਜ਼ਾਹਿਰ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਇਸਦੇ ਸਹਿਯੋਗੀਆਂ ਕੋਲ ਬਾਕੀਆਂ ਪਾਰਟੀਆਂ ਨਾਲੋਂ ਜ਼ਿਆਦਾ ਚੰਗੀ ਟੀਮ ਮੌਜੂਦ ਹੈ। ਇਹ ਟੀਮ 2019 ਲਈ ਭਾਰਤੀ ਜਨਤਾ ਪਾਰਟੀ ਦੇ ਰਸਤਿਆਂ ਨੂੰ ਹੋਰ ਆਸਾਨ ਕਰ ਸਕਦੀ ਹੈ। 

No comments: