Saturday, June 09, 2018

7.65 ਐੱਮ ਐੱਮ ਦੇ ਦੇਸੀ ਪਿਸਤੌਲ ਨਾਲ ਹੀ ਹੋਇਆ ਗੌਰੀ ਲੰਕੇਸ਼ ਦਾ ਕਤਲ

ਐੱਮ ਐੱਮ ਕੁਲਬੁਰਗੀ ਦੇ ਕਤਲ ਲਈ ਵੀ ਵਰਤਿਆ ਗਿਆ ਇਹੀ ਪਿਸਤੌਲ 
ਇਸ ਪਾਰਕ ਵਿੱਚ ਬਣਾਈ ਗਈ ਸੀ ਗੌਰੀ ਲੰਕੇਸ਼ ਦੇ ਕਤਲ ਦੀ ਸਾਜ਼ਿਸ਼ 
ਬੰਗਲੁਰੂ: 8 ਜੂਨ 2018:  (ਪੰਜਾਬ ਸਕਰੀਨ ਸਰਵਿਸ):: 
ਬਹੁਤ ਪਹਿਲਾਂ ਕਿਸੇ ਸ਼ਾਇਰ ਨੇ ਲਿਖਿਆ ਸੀ: 
ਖ਼ੁਦਾਯਾ ਖੈਰ ਹੋ ਕਾਤਿਲ ਕੀ ਮੇਰੇ;
ਸੁਨਾ ਯੇਹ ਹੈ ਕਿ ਖੰਜਰ ਬੋਲਤਾ ਹੈ!
ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਵਹਿਸ਼ੀਆਨਾ ਕਤਲ ਦੇ ਮਾਮਲੇ ਵਿੱਚ ਵੀ ਇਹੀ ਗੱਲ ਸਾਬਿਤ ਹੋ ਰਹੀ ਹੈ। ਖੰਜਰ ਬੋਲ ਰਿਹਾ ਹੈ। ਖੰਜਰ ਦੱਸ ਰਿਹਾ ਹੈ ਕਿ ਉਹ ਕਿੰਨਾਂ ਦੇ ਹੱਥਾਂ ਵਿੱਚ ਸੀ। ਇਹ ਖੰਜਰ ਇਹ ਵੀ ਦੱਸ ਰਿਹਾ ਹੈ ਜਿਹਨਾਂ ਹੱਥਾਂ ਨੇ ਉਸਨੂੰ ਹਥਿਆਰ ਬਣਾਇਆ ਉਹ ਹੱਥ ਕਿਹਨਾਂ ਲੋਕਾਂ ਦੇ ਸਨ। ਜਦੋਂ ਇਸ ਬੇਬਾਕ ਪੱਤਰਕਾਰ ਨੂੰ ਦਰਵਾਜ਼ਾ ਖੜਕਾ ਕੇ ਬਾਹਰ ਬੁਲਾਇਆ ਗਿਆ ਅਤੇ  ਫਿਰ ਦਰਵਾਜ਼ਾ ਖੁੱਲਦਿਆਂ ਹੀ ਅੰਨੇਵਾਹ ਗੋਲੀਆਂ ਚਲਾਇਆ ਗਈਆਂ ਉਹ ਇੱਕ ਵਹਿਸ਼ੀਆਨਾ ਘਟਨਾ ਸੀ। ਇਸ ਕਤਲ ਨੇ ਅਤਿਥੀ ਦੇਵੋ ਭਵ ਵਾਲੇ ਭਾਰਤੀ ਸਿਧਾਂਤ ਦੀਆਂ ਧੱਜੀਆਂ ਉਡਾ ਦਿੱਤੀਆਂ।  ਇਸ ਕਤਲ ਨੇ ਇਹ ਸਾਬਿਤ ਕਰ ਦਿੱਤਾ ਕਿ ਹੁਣ ਅਜਿਹੇ ਦਰਿੰਦਿਆਂ ਤੋਂ ਬਚਣ ਲਈ ਘਰਾਂ ਵਿੱਚ ਸ਼ਿਕਾਰੀ ਕਿਸਮ ਦੇ ਕੁੱਤੇ ਰੱਖਣ ਦੀ ਲੋੜ ਹੈ ਅਤੇ ਨਾਲ ਹੀ ਕੰਧਾਂ ਉੱਤੇ ਇਹ ਲਿਖਣ ਦੀ ਵੀ ਕਿ "ਕੁੱਤੋਂ  ਸੇ ਸਾਵਧਾਨ"
ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਮਾਮਲੇ 'ਚ ਫੋਰੈਂਸਿਕ ਲੈਬ ਦੀ ਰਿਪੋਰਟ 'ਚ ਹੁਣ ਜਿਹੜਾ ਅਹਿਮ ਖੁਲਾਸਾ ਹੋਇਆ ਹੈ ਉਸਨੇ ਬਹੁਤ ਸਾਰੀਆਂ ਸ਼ੰਕਾਵਾਂ ਸੱਚ ਸਾਬਿਤ ਕਰ ਦਿੱਤੀਆਂ ਹਨ। ਇਸ ਰਿਪੋਰਟ ਅਨੁਸਾਰ ਗੌਰੀ ਲੰਕੇਸ਼ ਦੇ ਕਤਲ 'ਚ ਉਸੇ ਹਥਿਆਰ ਦੀ ਵਰਤੋਂ ਕੀਤੀ ਗਈ, ਜਿਸ ਨਾਲ ਕਰਨਾਟਕ ਦੇ ਹੀ ਪਰਸਿੱਧ ਤਰਕਵਾਦੀ ਅਤੇ ਲੇਖਕ ਐੱਮ ਐੱਮ ਕਲਬੁਰਗੀ ਦਾ ਕਤਲ ਕੀਤਾ ਗਿਆ ਸੀ। ਗੌਰੀ ਲੰਕੇਸ਼ ਕਤਲ ਕਾਂਡ 'ਚ ਗਰਿਫਤਾਰ ਮੁੱਖ ਦੋਸ਼ੀ ਟੀ ਨਵੀਨ ਕੁਮਾਰ ਖ਼ਿਲਾਫ਼ ਦਾਖ਼ਲ ਚਾਰਜਸ਼ੀਟ ਨਾਲ ਲਾਈ ਗਈ ਫੋਰੈਂਸਿਕ ਲੈਬ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। ਰਿਪੋਰਟ ਅਨੁਸਾਰ ਗੌਰੀ ਲੰਕੇਸ਼ ਅਤੇ ਐੱਮ ਐੱਮ ਕੁਲਬੁਰਗੀ ਦੇ ਕਤਲ 'ਚ 7.65 ਐੱਮ ਐੱਮ ਦੇ ਦੇਸੀ ਪਿਸਤੌਲ ਦੀ ਵਰਤੋਂ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਕਰਨਾਟਕ ਸਪੈਸ਼ਲ ਜਾਂਚ ਟੀਮ (ਸਿੱਟ) ਨੇ 21 ਮਈ ਨੂੰ ਦਾਵਨਗਿਰੀ ਜ਼ਿਲੇ ਤੋਂ ਇੱਕ ਦੋਸ਼ੀ ਅਮੋਲ ਕਾਲੇ ਨੂੰ ਗਰਿਫਤਾਰ ਕੀਤਾ ਸੀ, ਜਿਸ 'ਤੇ ਕਲਬੁਰਗੀ ਦੇ ਕਤਲ 'ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ। ਕਲਬੁਰਗੀ ਦੇ ਕਤਲ ਦੀ ਜਾਂਚ ਕਰ ਰਹੀ ਐੱਸ ਆਈ ਟੀ ਦਾ ਕਹਿਣਾ ਹੈ ਕਿ ਕਲਬੁਰਗੀ ਦਾ ਦਰਵਾਜ਼ਾ ਖੜਕਾਉਣ ਵਾਲੇ ਦੋ ਦੋਸ਼ੀਆਂ 'ਚ ਅਮੋਲ ਕਾਲੇ ਵੀ ਸ਼ਾਮਲ ਸੀ।
ਇਸ ਤੋਂ ਪਹਿਲਾਂ ਉਸ ਨੇ ਮੁੱਖ ਦੋਸ਼ੀ ਨਵੀਨ ਕੁਮਾਰ ਦਾ ਬਿਆਨ ਦਰਜ ਕੀਤਾ। ਨਵੀਨ ਕੁਮਾਰ ਦੀ ਪਤਨੀ ਦਾ ਬਿਆਨ ਵੀ ਲਿਆ ਗਿਆ। ਉਸ ਦੀ ਪਤਨੀ ਨੇ ਮੰਨਿਆ ਕਿ ਨਵੀਨ ਕੁਮਾਰ ਹਿੰਦੂਵਾਦੀ ਜਥੇਬੰਦੀ ਸਨਾਤਨ ਸੰਸਥਾ ਨਾਲ ਜੁੜਿਆ ਰਿਹਾ ਹੈ ਅਤੇ ਉਸ ਨੂੰ ਸਨਾਤਨ ਸੰਸਥਾ ਦੇ ਪ੍ਰੋਗਰਾਮਾਂ ਵਿੱਚ ਲੈ ਕੇ ਜਾਂਦਾ ਸੀ। ਨਵੀਨ ਦੀ ਪਤਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਗੌਰੀ ਲੰਕੇਸ਼ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਅਚਾਨਕ ਉਹ ਘਰ ਆਇਆ ਅਤੇ ਉਸ ਨੂੰ ਮੰਗਲੁਰੂ ਦੇ ਸਨਾਤਨ ਆਸ਼ਰਮ ਵਿੱਚ ਲੈ ਕੇ ਚਲਾ ਗਿਆ। 
ਜ਼ਿਕਰਯੋਗ ਹੈ ਕਿ ਗੌਰੀ ਲੰਕੇਸ਼ ਕਤਲ ਕੇਸ 'ਚ ਕਰਨਾਟਕ ਪੁਲਸ ਨੇ 20 ਮਈ ਨੂੰ ਚਾਰਜਸ਼ੀਟ ਦਾਖ਼ਲ ਕੀਤੀ ਸੀ, ਜਿਸ 'ਚ ਪੁਲਸ ਵੀ ਇਸ ਨਤੀਜੇ 'ਤੇ ਪਹੁੰਚੀ ਹੈ। ਹਿੰਦੂ ਧਰਮ ਦੀ ਆਲੋਚਨਾ ਦੇ ਚਲਦਿਆਂ ਹੀ ਗੌਰੀ ਲੰਕੇਸ਼ ਦਾ ਕਤਲ ਕੀਤਾ ਗਿਆ ਸੀ। ਚਾਰਜਸ਼ੀਟ 'ਚ ਨਵੀਨ ਕੁਮਾਰ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਉਸ ਦੇ ਨਾਲ ਹੀ ਪਰਵੀਨ ਕੁਮਾਰ ਨੂੰ ਦੋਸ਼ੀ ਬਣਾਇਆ ਗਿਆ ਹੈ, ਜੋ ਫਿਲਹਾਲ ਫਰਾਰ ਹੈ। ਕਰੀਬ ਪੰਜ ਸੌ ਸਫ਼ਿਆਂ ਦੀ ਇਸ ਚਾਰਜਸ਼ੀਟ 'ਚ 100 ਵਿਅਕਤੀਆਂ ਦੇ ਨਾਂਅ ਬਤੌਰ ਗਵਾਹ ਦਰਜ ਹਨ। ਭਾਵੇਂ ਕਿ 600 ਸਫ਼ਿਆਂ ਦੀ ਇਸ ਚਾਰਜਸ਼ੀਟ ਦੇ 110 ਸਫ਼ੇ ਜਨਤਕ ਨਹੀਂ ਕੀਤੇ ਗਏ। ਜਾਣਕਾਰੀ ਅਨੁਸਾਰ ਗੌਰੀ ਲੰਕੇਸ਼ ਦੇ ਕਤਲ ਦੇ ਕਾਰਨਾਂ ਅਤੇ ਸਾਜ਼ਿਸ਼ ਦੀ ਜਾਣਕਾਰੀ ਇਨ੍ਹਾਂ ਇਸ 110 ਸਫ਼ਿਆਂ ਦੇ ਵਿੱਚ ਹੈ। ਇਸ ਤੋਂ ਇਲਾਵਾ ਮੁੱਖ ਦੋਸ਼ੀ ਨਵੀਨ ਕੁਮਾਰ ਦੇ ਬਿਆਨ ਨੂੰ ਵੀ ਜਨਤਕ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਚਾਰਜਸ਼ੀਟ ਦੇ ਇਨ੍ਹਾਂ ਜਨਤਕ ਨਾ ਕੀਤੇ ਗਏ ਸਫ਼ਿਆਂ ਵਿੱਚ ਕਿਹਾ ਗਿਆ ਹੈ ਕਿ ਦੋਸ਼ੀ ਗੌਰੀ ਲੰਕੇਸ਼ ਵੱਲੋਂ ਪਰਕਾਸ਼ਤ ਹਫ਼ਤਾਵਾਰੀ ਅਖ਼ਬਾਰ 'ਟੈਬਾਲਾਈਡ' 'ਚ ਹਿੰਦੂ ਧਰਮ ਦੀ ਤਿੱਖੀ ਆਲੋਚਨਾ ਕਰਨ, ਹਿੰਦੂ ਦੇਵੀ-ਦੇਵਤਿਆਂ ਅਤੇ ਹਿੰਦੂ ਧਰਮ ਦੀ ਬੁਰਾਈ ਕੀਤੇ ਜਾਣ ਤੋਂ ਨਾਰਾਜ਼ ਸਨ। ਚਾਰਜਸ਼ੀਟ 'ਚ ਜੋ ਸਭ ਤੋਂ ਅਹਿਮ ਖੁਲਾਸਾ ਹੋਇਆ ਹੈ, ਉਹ ਇਹ ਹੈ ਕਿ ਨਵੀਨ ਕੁਮਾਰ ਗੋਰੀ ਲੰਕੇਸ਼ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ ਅਤੇ ਪੂਰੀ ਸਾਜਿਸ਼ ਬੰਗਲੁਰੂ ਦੇ ਵਿਜੈ ਨਗਰ ਸਥਿਤ ਬੀ ਬੀ ਐੱਮ ਪੀ ਪਾਰਕ ਵਿੱਚ ਬੈਠ ਕੇ ਰਚੀ ਗਈ ਸੀ।
ਇਸਦੇ ਨਾਲ ਹੀ ਹੁਣ ਉਹਨਾਂ ਸੰਭਾਵਨਾਵਾਂ ਦਾ ਵੀ ਖ਼ਤਮ ਹੋ ਗਿਆ ਹੈ ਜਿਹਨਾਂ ਵਿੱਚ ਕਿਹਾ ਗਿਆ ਸੀ ਕਿ ਇਹ ਕਤਲ ਕਿਸੇ ਨਕਸਲੀ ਧਿਰ ਵੱਲੋਂ ਵੀ ਕੀਤਾ ਗਿਆ ਹੋ ਸਕਦਾ ਹੈ ਕਿਓਂਕਿ ਗੌਰੀ ਲੰਕੇਸ਼ ਉਹਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ। 

No comments: