Saturday, May 05, 2018

ਕੌਮਾਂਤਰੀ ਮੰਦੀਆਂ ਦੀ ਭਵਿੱਖਬਾਣੀ ਮਾਰਕਸ ਨੇ ਡੇੜ ਸਦੀ ਪਹਿਲਾਂ ਹੀ ਕਰ ਦਿੱਤੀ ਸੀ

ਸਮਾਜ ਵਿੱਚਲੀਆਂ ਮੁਸ਼ਕਲਾਂ ਦਾ ਕਾਰਣ ਮਨੁੱਖ ਹਥੋ ਮਨੁੱਖ ਦੀ ਹੋ ਰਹੀ ਲੁੱਟ
ਕਿਸੇ ਦੈਵੀ ਸ਼ਕਤੀ ਕਰਕੇ ਨਹੀਂ ਆਉਂਦਾ ਕੋਈ ਦੁੱਖ ਜਾਂ ਮੁਸੀਬਤ 
ਲੁਧਿਆਣਾ: 5 ਮਈ 2018: (ਪੰਜਾਬ ਸਕਰੀਨ ਬਿਊਰੋ):: 
ਮਜ਼ਦੂਰਾਂ ਨੂੰ ਮੁਕਤੀ ਦਾ ਰਾਹ ਦੱਸਣ ਵਾਲੇ ਮਹਾਨ ਦਾਰਸ਼ਨਿਕ ਕਾਰਲ ਮਾਰਕਸ ਦੇ ਜਨਮ ਦਿਵਸ ਮੌਕੇ ਅੱਜ ਭਾਰਤੀ ਕਮਿਊਨਿਸਟ ਪਾਰਟੀ ਦੀ ਲੁਧਿਆਣਾ ਇਕਾਈ ਨੇ ਇੱਕ ਵਿਸ਼ੇਸ਼ ਆਯੋਜਨ ਕੀਤਾ। ਸੈਮੀਨਾਰ ਨੁਮਾ ਇਸ ਇਕੱਤਰਤਾ ਵਿੱਚ ਵਿਚਾਰਿਆ ਗਿਆ ਵਿਸ਼ਾ ਸੀ: "ਮਾਰਕਸਵਾਦ:ਅੱਜ ਦੇ ਸੰਦਰਭ ਵਿੱਚ"। ਸੀਪੀਆਈ ਦੇ ਸਥਾਨਕ ਆਗੂਆਂ ਨੇ ਇਹ ਵਿਸ਼ਾ ਉਸ ਸਮੇਂ ਚੁਣਿਆ ਜਦੋਂ ਵੱਡੀ ਗਿਣਤੀ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਾਮਰੇਡ ਵੀ ਖਤਮ ਹੋ ਗਏ ਹਨ ਅਤੇ ਮਾਰਕਸਵਾਦ ਵੀ। ਪ੍ਰੋਗਰਾਮ ਦਾ ਸਮਾਂ ਬਾਅਦ ਦੁਪਹਿਰ ਢਾਈ ਤੋਂ ਚਾਰ ਵਜੇ ਤੱਕ ਦਾ ਸੀ ਪਰ ਬਹਿਸ ਵਟਾਂਦਰੇ ਅਤੇ ਵਿਚਾਰ ਵਟਾਂਦਰੇ ਵਿੱਚ ਸ਼ਾਮ ਦੇ ਪੰਜ ਵੱਜ ਗਏ। ਇਸ ਬਹਿਸ ਦੌਰਾਨ ਸਾਹਿਤਕਾਰ ਡਾਕਟਰ ਗੁਲਜ਼ਾਰ ਪੰਧੇਰ ਨੇ ਜਿੱਥੇ ਲਾਲ ਕਿਲੇ ਨੂੰ "ਵੇਚਣ" ਦਾ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ ਉੱਥੇ ਕੁਝ ਕੁ ਹੋਰ ਮਾਮਲਿਆਂ ਵਿੱਚ ਪਾਰਟੀ ਦੇ ਐਕਸ਼ਨਾਂ ਨੂੰ ਹੋਰ ਤਿੱਖੇ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। 
ਇਸ ਆਯੋਜਨ ਨੇ ਅੱਜ ਦੇ ਭਖਦੇ ਮਸਲਿਆਂ ਵੱਲ ਧਿਆਨ ਦੁਆਇਆ। ਦੱਸਿਆ ਗਿਆ ਕਿ ਅੱਜ ਮਜਦੂਰ ਜਮਾਤ ਦੇ ਸਾਹਮਣੇ ਨਾ ਕੇਵਲ ਆਪਣੇ ਅਧਿਕਾਰਾਂ ਦੇ ਲਈ ਸੰਘਰਸ਼ ਦਾ ਸਮਾਂ ਹੈ ਬਲਕਿ ਸਮਾਜ ਨੂੰ ਤੋੜਨ ਵਾਲੀਆਂ ਫਿਰਕੂ ਅਤੇ ਜਾਤ ਪਾਤ 'ਤੇ ਅਧਾਰਿਤ ਸ਼ਕਤੀਆਂ ਦੇ ਖਿਲਾਫ ਮੈਦਾਨ ਵਿੱਚ ਨਿਤਰਨ ਦਾ ਵੀ ਸੰਕਟਕਾਲੀਨ ਵੇਲਾ ਹੈ। ਇਸਤੋਂ ਇਲਾਵਾ ਦੁਨੀਆਂ ਨੂੰ ਪਰਮਾਣੂ ਤਬਾਹੀ ਅਤੇ ਵਾਤਾਵਰਣ ਵਿੱਚ ਆ ਰਹੇ ਨਿਘਾਰ ਬਾਰੇ ਕੰਮ ਕਰਨ ਦੀ ਲੋੜ ਹੈ। ਕਮਿਊਨਿਸਟ ਲਹਿਰ ਦੇ ਮੋਢੀ ਅਤੇ ਉੱਘੇ ਦਾਰਸ਼ਨਿਕ ਕਾਰਲ ਮਾਰਕਸ ਨੂੰ ਯਾਦ ਕਰਨ ਦੇ ਲਈ ਉਹਨਾਂ ਦੇ 200ਵੇਂ ਜਨਮ ਦਿਨ ਤੇ ਕੀਤੀ ਗਈ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਈ ਹੋਰ ਮੁੱਦੇ ਵੀ ਉਠਾਏ।  
ਮਾਰਕਸ ਨੇ ਕਿਹਾ ਸੀ ਕਿ ਅਨੇਕਾਂ ਦਾਰਸ਼ਨਿਕਾਂ ਨੇ ਸਮਾਜ ਨੂੰ ਬਦਲਣ ਦੀ ਗੱਲ ਕੀਤੀ ਹੈ ਪਰ ਅਸਲ ਲੋੜ ਤਾਂ ਇਸਨੂੰ ਅਮਲੀ ਜਾਮਾ ਪਹਿਨਾਉਣ ਦੀ ਹੈ। ਉਹਨਾਂ  ਨੇ ਇਸ ਗੱਲ ਨੂੰ ਨਕਾਰਿਆ ਕਿ ਸਮਾਜ ਦੀਆਂ ਸਮੱਸਿਆਵਾਂ ਕਿਸੇ ਦੈਵੀ ਸਕਤੀ ਦੇ ਕਾਰਨ ਹਨ ਬਲਕਿ ਇਸਦਾ ਕਰਾਨ ਸਮਾਜ ਵਿੱਚ ਮੱਨੁਖ ਦੁਆਰਾ ਮੱਨੁਖ ਦੀ ਲੁੱਟ ਹੈ। ਇਸ ਲਈ ਇਸ ਲੁੱਟ ਨੂੰ ਰੋਕਣ ਨਾਲ ਹੀ ਲੋਕਾਂ ਦੀਆਂ ਮੁਸ਼ਕਲਾਂ ਦਾ ਸਥਾਈ ਹਲ ਹੋ ਸਕਦਾ ਹੈ। 
ਪਿਛਲੀ ਸਦੀ ਦੀ ਅਖ਼ੀਰਲੀ ਚੌਥਾਈ ਤੋਂ ਵਿਗਿਆਨ ਅਤੇ ਤਕਨਾਲੋਜ਼ੀ ਖਾਸ ਕਰਕੇ ਜਾਣਕਾਰੀ ਅਤੇ ਸੰਚਾਰ ਦੇ ਸਾਧਨਾਂ ਵਿੱਚ ਵੱਡੀ ਕਰਾਂਤੀ ਹੋਈ ਹੈ। ਇਸ ਦਾ ਲਾਭ ਵੀ ਅੱਜ ਦੇ ਸ਼ੋਸ਼ਿਤ ਵਰਗ (ਸਰਮਾਏਦਾਰੀ ਅਤੇ ਅਜਾਰੇਦਾਰੀ) ਨੂੰ ਸਭ ਤੋਂ ਜ਼ਿਆਦਾ ਹੋਇਆ ਹੈ, ਜਦੋਂ ਕਿ ਕਿਰਤੀ ਵਰਗ ਨੂੰ ਨਿਗੂਣਾ ਫ਼ਾਇਦਾ ਮਿਲਿਆ ਹੈ। ਦੂਜੇ ਪਾਸੇ ਇਸ ਕਰਾਂਤੀ ਨੇ ਕਿਰਤੀ ਵਰਗ ਨੂੰ ਹੋਰ ਵੀ ਕੰਗਾਲ ਕਰ ਦਿੱਤਾ ਹੈ। 
ਨਤੀਜੇ ਵਜੋਂ ਰੁਜ਼ਗਾਰ, ਸਮਾਜਿਕ ਸੁਰੱਖਿਆ, ਸਿੱਖਿਆ ਅਤੇ ਸਿਹਤ ਸੇਵਾਵਾਂ ਦਾ ਅਧਿਕਾਰ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੋ ਗਈਆਂ ਹਨ। ਅੱਜ ਦੁਨੀਆਂ ਦਾ 99 ਫ਼ੀਸਦੀ ਸਰਮਾਇਆ ਕੇਵਲ ਇੱਕ ਫੀਸਦੀ ਲੋਕਾਂ ਕੋਲ ਹੈ। ਇਸਨੂੰ ਬਦਲਣ ਦੀ ਲੋੜ ਹੈ ਤਾਂ ਜੋ ਸਰਬਪੱਖੀ ਵਿਕਾਸ ਹੋ ਸਕੇ।  ਸੰਨ 2008 ਦਾ ਅੰਤਰਰਾਸ਼ਟਰੀ ਮੰਦਵਾੜਾ ਵੀ ਇਸੇ ਡੂੰਘੇ ਸੰਕਟ ਦੀ ਨਿਸ਼ਾਨੀ ਹੈ ਜਿਸ ਦੀ ਮਾਰਕਸ ਨੇ ਡੇਢ ਸਦੀ ਪਹਿਲਾਂ ਹੀ ਨਿਸ਼ਾਨਦੇਹੀ ਕਰ ਦਿੱਤੀ ਸੀ। 
ਸਾਡੇ ਦੇਸ਼ ਵਿੱਚ ਮੌਜੂਦਾ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਮਜ਼ਦੂਰਾਂ ਦੇ ਹੱਕਾਂ ਤੇ ਸੱਟ ਮਾਰੀ ਜਾ ਰਹੀ ਹੈ ਤੇ  ਕਾਨੂੰਨ ਬਦਲੇ ਜਾ ਰਹੇ ਹਨ। ਆਰ ਐਸ ਐਸ ਦੀ ਪਿੱਠ ਠੋਕੀ ਭਾਜਪਾ ਸਰਕਾਰ ਕਾਮਿਆਂ, ਕਿਸਾਨਾਂ 'ਤੇ ਮੱਧਮ ਵਰਗਾਂ ਦੇ ਅਧਿਕਾਰਾਂ ਤੇ ਲਗਾਤਾਰ ਰੋਕ ਲਾ ਰਹੀ ਹੈ। ਪਹਿਲਾਂ ਕੀਤੇ  ਵਾਅਦੇ ਪੂਰੇ ਕਰਨ ਵਿੱਚ ਅਸਮਰਥ ਰਹੀ ਸਰਕਾਰ ਹੁਣ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਸਮਾਜ ਨੂੰ ਫਿਰਕੂ ਲੀਹਾਂ ਤੇ ਵੰਡ ਰਹੀ ਹੈ। ਉਪਰੋਕਤ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮਾਰਕਸ ਇੱਕ ਮਹਾਨ ਦਾਰਸ਼ਨਿਕ ਸੀ ਅਤੇ ਉਸ ਦੇ ਦਰਸ਼ਨ ਦੀ ਸਾਰਥਕਤਾ ਅੱਜ ਵੀ ਕਾਇਮ ਹੈ।  ਹੋਰਨਾਂ ਤੋਂ ਇਲਾਵਾ ਮੀਟਿੰਗ ਨੂੰ ਡਾ: ਅਰੁਣ ਮਿੱਤਰਾ, ਕਾਮਰੇਡ ਡੀ ਪੀ ਮੌੜ, ਗੁਲਜ਼ਾਰ ਗੋਰੀਆ, ਰਮੇਸ਼ ਰਤਨ , ਚਮਕੌਰ ਸਿੰਘ, ਐਮ ਐਸ ਭਾਟੀਆ, ਗੁਰਨਾਮ ਸਿੱਧੂ,  ਕਾਮਰੇਡ ਭਰਪੂਰ ਸਿੰਘ, ਕਾਮਰੇਡ ਵਿਜੈ ਕੁਮਾਰ, ਅਵਤਾਰ ਗਿੱਲ,   ਕਾਮਰੇਡ ਸੁਰਿੰਦਰ ਸਿੰਘ  ਜਲਾਲਦੀਵਾਲ,  ਕੇਵਲ ਸਿੰਘ ਬਨਵੈਤ, , ਰਾਮ ਪਰਤਾਪ, ਕਾਮੇਸ਼ਵਰ ਯਾਦਵ, ਗੁਰਮੇਲ ਮੈਡਲੇ, ਮੇਵਾ ਸਿੰਘ, ਸੰਜੀਵ ਕੁਮਾਰ ਨੇ ਸੰਬੋਧਨ ਕੀਤਾ। 
ਹੁਣ ਦੇਖਣਾ ਹੈ ਕਿ ਸੂਬਾ ਕਾਨਫਰੰਸਾਂ ਅਤੇ ਕੌਮੀ ਕਾਨਫਰੰਸ ਵਿੱਚ ਅਹਿਮ ਮੁੱਦਿਆਂ 'ਤੇ ਵਿਚਾਰ ਕਰ ਚੁੱਕੀ ਭਾਰਤੀ ਕਮਿਊਨਿਸਟ ਪਾਰਟੀ ਨੇੜ ਭਵਿੱਖ ਵਿੱਚ ਲੋਕਾਂ  ਨੂੰ  ਕਿ ਐਕਸ਼ਨ ਪਲੈਨ ਦੇਂਦੀ ਹੈ। 

No comments: