Monday, May 28, 2018

ਛਬੀਲ ਪਿਆ ਕੇ ਸਿਖਰ ਦੁਪਹਿਰੇ ਲਈ ਪੁਲਿਸ ਮੁਲਾਜ਼ਮਾਂ ਦੀ ਸਾਰ

ਠਾਕੁਰ ਜੀ ਦੀ ਪ੍ਰੇਰਨਾ ਸਦਕਾ ਸੜਕਾਂ 'ਤੇ ਨਿਕਲੀ ਨਾਮਧਾਰੀ ਸੰਗਤ 
ਜਲੰਧਰ: 27 ਅਪਰੈਲ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਅੱਤ ਦੀ ਗਰਮੀ ਅਤੇ ਵਧਦੀ ਹੋਈ ਤਪਸ਼ ਦੀ ਲਹਿਰ ਵਿੱਚ "ਜਲੰਧਰ ਵਿੱਦਿਅਕ ਸੋਸਾਇਟੀ" ਦੇ ਮੈਂਬਰਾਂ ਵਲੋਂ ਭਰੀ ਦੁਪਹਿਰ ਵਿੱਚ ਮਿਹਨਤ ਕਰ ਰਹੇ ਲੋਕਾਂ ਨੂੰ ਛਬੀਲ ਛਕਾ ਕੇ ਸੇਵਾ ਕੀਤੀ। ਇਸ ਟੀਮ ਨੇ ਖਾਸ ਕਰਕੇ ਅਤਿ ਗਰਮੀ ਵਿੱਚ ਧੁੱਪੇ ਖੜੋ ਕੇ ਸੇਵਾ ਕਰਨ ਵਾਲੇ ਪੁਲਿਸ ਕਰਮਚਾਰੀਆਂ ਦੀ ਬਿਸਕੁਟ ਅਤੇ ਜਲ ਛਕਾ ਕੇ ਸੇਵਾ ਕੀਤੀ ਅਤੇ ਗਰਮੀ ਤੋਂ ਥੋੜੀ ਰਾਹਤ ਪਹੁੰਚਾਈ।ਪੁਲਿਸ  ਮੁਲਾਜ਼ਮ ਬਹੁਤ ਖੁਸ਼ ਹੋਏ। "ਜਲੰਧਰ ਵਿੱਦਿਅਕ ਸੋਸਾਇਟੀ" ਦੇ ਪਰਧਾਨ ਪਲਵਿੰਦਰ ਸਿੰਘ ਅਤੇ ਹਰਦੇਵ ਸਿੰਘ ਨਾਮਧਾਰੀ ਨੇ ਪੁਲਿਸ ਮੁਲਾਜ਼ਮਾਂ ਦੇ ਪੁੱਛਣ ਤੇ  ਦੱਸਿਆ ਕਿ ਅਸੀਂ ਸਤਿਗੁਰੂ ਦਲੀਪ ਸਿੰਘ ਜੀ ਦੀ ਪਰੇਰਨਾ ਨਾਲ ਇਹ ਉਪਰਾਲਾ ਸ਼ੁਰੂ ਕੀਤਾ ਹੈ। ਉਹਨਾਂ ਦਾ ਬਚਨ ਹੈ ਕਿ ਜਿਹੜੇ ਪੁਲਿਸ ਮੁਲਾਜ਼ਮ ਅਤਿ ਦੀ ਗਰਮੀ ਅਤੇ ਠੰਡ ਵਿੱਚ ਵੀ ਸਮਾਜ ਦੀ ਸੇਵਾ ਵਾਸਤੇ ਤੈਨਾਤ ਰਹਿੰਦੇ ਹਨ ਉਹਨਾਂ ਦੀ ਵੀ ਸੇਵਾ ਕਰੋ। ਇਹ ਸੁਣ ਕੇ ਡਿਊਟੀ ਤੇ ਖੜੇ ਪੁਲਿਸ ਵਾਲੇ ਕਹਿਣ ਲੱਗੇ ਐਸੀ ਮਹਾਨ ਸੋਚ ਕੋਈ ਕੋਈ ਹੀ ਰੱਖਦਾ ਹੈ। ਪੁਲਿਸ ਮੁਲਾਜ਼ਮਾਂ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ। ਪਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਅਸੀਂ ਫੋਕਲ ਪੁਆਇੰਟ ਚੋਂਕ ਤੋਂ ਲੈ ਕੇ ਟਰਾਂਸਪੋਰਟ ਨਗਰ, ਪੀ.ਏ.ਪੀ., ਅਤੇ ਰਾਮਾ ਮੰਡੀ ਚੋਂਕ ਤੱਕ ਗਏ। ਗਰਮੀ ਸਿਖਰਾਂ 'ਤੇ ਸੀ ਪਰ ਇਸ ਦੇ ਬਾਵਜੂਦ ਇਹ ਸੇਵਾ ਕਰਦਿਆਂ ਸਾਨੂੰ ਬਹੁਤ ਚੰਗਾ ਲੱਗਿਆ। ਠਾਕੁਰ ਦਲੀਪ ਸਿੰਘ ਜੀ ਦੇ ਬਚਨਾਂ 'ਤੇ ਅਮਲ ਕਰਦਿਆਂ ਸਾਨੂੰ ਮਨ ਦੀ ਸ਼ਾਂਤੀ ਮਿਲੀ। ਠਾਕੁਰ ਜੀ ਦੀ ਪ੍ਰੇਰਨਾ ਸਦਕਾ ਇਸ ਤਰਾਂ ਦੇ ਸਾਡੇ ਉਪਰਾਲੇ ਲਗਾਤਾਰ ਹੀ ਚਲਦੇ ਰਹਿੰਦੇ ਹਨ। ਗਰੀਬ ਵਰਗ ਨੂੰ ਪੜਾਉਣ ਅਤੇ ਆਰਥਿਕ ਪੱਖੋਂ ਸਹਾਇਤਾ ਵਰਗੇ ਕਈ ਕੰਮ ਜਲੰਧਰ ਵਿੱਦਿਅਕ ਸੋਸਾਇਟੀ ਦੇ ਮੈਂਬਰ ਅਤੇ ਨਾਮਧਾਰੀ ਸੰਗਤ ਰੱਲ ਕੇ ਕਰਦੀ ਹੈ। ਜਲੰਧਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਇਸ ਕੰਮ ਦੀ ਬਹੁਤ ਸ਼ਲਾਘਾ ਹੋ ਰਹੀ ਹੈ। 

No comments: