Wednesday, May 16, 2018

ਸੀਪੀਆਈ ਆਗੂ ਗੁਰਨਾਮ ਸਿੱਧੂ ਨੂੰ ਧਮਕੀਆਂ

ਭਾਰਤੀ ਕਮਿਊਨਿਸਟ ਪਾਰਟੀ ਕੋਲ ਮੌਜੂਦ ਹਨ ਸਾਰੇ ਸਬੂਤ 
ਲੁਧਿਆਣਾ: 16 ਮਈ 2018: (ਪੰਜਾਬ ਸਕਰੀਨ ਬਿਊਰੋ):: 
ਭਾਰਤੀ ਕਮਿਉਨਿਸਟ ਪਾਰਟੀ ਦੇ ਆਗੂ ਕਾਮਰੇਡ ਗੁਰਨਾਮ ਸਿੱਧੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸੀਪੀਆਈ ਨੇ ਇਸ ਸਬੰਧੀ  ਫੌਰੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਪਾਰਟੀ ਦਾ ਵਫਦ ਪੁਲਿਸ ਕਮਿਸਨਰ ਨੂੰ ਵੀ ਮਿਲਿਆ। ਇਸ ਦੀ ਜਾਣਕਾਰੀ ਸੀਪੀਆਈ ਦੀ ਲੁਧਿਆਣਾ ਸ਼ਹਿਰੀ ਇਕਾਈ ਦੇ ਸਕੱਤਰ ਕਾਮਰੇਡ ਰਮੇਸ਼ ਰਤਨ ਨੇ ਦਿੱਤੀ।   
ਉਹਨਾਂ ਦੱਸਿਆ ਕਿ ਭਾਰਤੀ ਕਮਿਉਨਿਸਟ ਪਾਰਟੀ ਦਾ ਇੱਕ ਵਫਦ ਪੁਲਿਸ ਕਮਿਸਨਰ ਲੁਧਿਆਣਾ ਨੂੰ ਮਿਲਿਆ ਜਿਸ ਵਿੱਚ ਵਫਦ ਨੇ ਗਰੀਬ ਦੱਬੇ ਕੁਚਲੇ ਮਜਦੂਰਾਂ, ਅਨਪੜ ਪਰਵਾਸੀਆਂ, ਦਲਿਤਾਂ ਅਤੇ ਆਮ ਜਨਤਾ ਨਾਲ ਹੋ ਰਹੀ ਬੇਇਨਸਾਫੀ ਅਤੇ ਧੱਕੇਸ਼ਾਹੀ ਦੇ ਲੰਮੇਂ ਸਮੇਂ ਤੋਂ ਲਟਕਦੇ ਆ ਰਹੇ ਸੰਗੀਨ ਅਪਰਾਧਾਂ ਦੇ ਕੇਸਾਂ ਵਿੱਚ ਪੁਲਿਸ, ਸਿਆਸਤ ਅਤੇ ਗੁੰਡਾ ਲੋਕਾਂ ਦੀ ਮਿਲੀਭੁਗਤ ਕਾਰਨ ਇਹਨਾਂ ਲੋਕਾਂ ਦੀ ਹੋ ਰਹੀ ਦੁਰਦਸ਼ਾ ਤੋਂ ਜਾਣੂ ਕਰਵਾਇਆ। ਇਸ ਤਰਾਂ ਪਾਰਟੀ ਨੇ ਦੋਸ਼ੀਆਂ ਅਤੇ ਅਪਰਾਧੀਆਂ ਪ੍ਰ੍ਤੀ ਹਮਾਇਤ ਭਰੇ ਵਤੀਰੇ ਕਾਰਨ ਅਪਰਾਧਾਂ ਵਿੱਚ ਵਾਧਾ ਹੋਣ ਦੀ ਗਲ ਕਹੀ। 
ਵਫਦ ਨੇ ਦੱਸਿਆ ਕਿ ਅਪਰਾਧ ਦਰਜ ਨਾ ਹੋਣ ਕਰਕੇ ਇਸ ਕਿਸਮ ਦੀਆਂ ਘਟਨਾਵਾਂ ਵਿੱਚ ਹੋਇਆ ਵਾਧਾ ਨਜ਼ਰ ਨਹੀਂ ਆ ਰਿਹਾ। ਬਹੁਤ ਸਾਰੇ ਮਾਮਲੇ ਰਫਦਫ਼ਾ ਕਰਕੇ ਰਿਕਾਰਡ ਵਿੱਚ ਆਉਣ ਹੀ ਨਹੀਂ ਦਿੱਤੇ।  ਪਿਛਲੇ ਕਾਫੀ ਲੰਮੇਂ ਸਮੇਂ  ਤੋਂ ਲਟਕਦੇ ਕੇਸਾਂ ਨੂੰ ਦਰ ਕਿਨਾਰ ਕਰਦੇ ਹੋਏ ਪੁਲਿਸ ਦੇ ਦੋਸ਼ੀਆਂ ਪ੍ਰ੍ਤੀ ਹਮਾਇਤੀ ਰਵੱਈਏ ਦੀ ਤਾਜਾ ਇੱਕ ਕੇਸ ਦੀ ਮਿਸਾਲ ਦਿੰਦਿਆਂ ਉਹਨਾਂ ਦੱਸਿਆ ਕਿ ਭਾਰਤੀ ਕਮਿਉਨਿਸਟ ਪਾਰਟੀ ਦੇ ਜਿਲਾ ਇਕਾਈ ਦੇ ਉੱਘੇ ਆਗੂ ਕਾਮਰੇਡ ਗੁਰਨਾਮ ਸਿੱਧੂ ਨੂੰ ਜਾਨੋਂ ਮਾਰਨ ਦੀਆਂ  ਧਮਕੀਆਂ ਦਿੱਤੇ ਜਾਣ ਤੋਂ ਇਲਾਵਾ ਉਹਨਾਂ ਨੂੰ ਝੂਠੀਆਂ ਦਰਖਾਸਤਾਂ ਦੇ ਰਾਹੀਂ ਵੀ ਉਲਝਾਇਆ ਜਾ ਰਿਹਾ ਹੈ। 
ਵਫਦ ਨੇ ਕੁਝ ਪੁਖਤਾ ਸਬੂਤਾਂ ਦੀਆਂ ਸੀ ਡੀਆਂ  ਪੇਸ਼  ਕਰਦੇ ਹੋਏ  ਬੇਨਤੀ ਕੀਤੀ ਕਿ ਜੇਕਰ ਬਿਨਾ ਕਿਸੇ ਦੇਰੀ ਤੋਂ 10 ਮਈ 2018 ਅਤੇ 29 ਮਾਰਚ 2018 ਦੀਆਂ ਧਮਕੀਆਂ ਤੇ ਕਾਰਵਾਈ ਕੀਤੀ ਜਾਵੇ ਤਾਂ ਪੂਰੇ ਦਾ ਪੂਰਾ ਹਥਲਾ ਕੇਸ ਸੁਲਝ ਜਾਵੇਗਾ।  ਪੁਲਿਸ ਕਮਿਸ਼ਨਰ ਵਲੋਂ ਵਫਦ ਨੂੰ ਗੰਭੀਰਤਾ ਨਾਲ ਸੁਣਿਆ ਗਿਆ ਅਤੇ ਇਹ ਮਾਮਲਾ ਡੀ ਸੀ ਪੀ ਅਸ਼ਵਨੀ ਕਪੂਰ ਨੂੰ ਆਪਣੇ ਪੱਧਰ ਤੇ ਫੌਰੀ ਹਲ ਕਰਨ ਲਈ ਦਿੱਤਾ ਗਿਆ। ਇਸ ਵਫਦ ਵਿੱਚ ਪਾਰਟੀ ਦੇ ਸਹਿਰੀ ਸਕੱਤਰ ਕਾਮਰੇਡ ਰਮੇਸ਼ ਰਤਨ, ਜਿਲ੍ਹਾ ਸਹਾਇਕ ਸਕੱਤਰ ਚਮਕੌਰ ਸਿੰਘ, ਗੁਰਨਾਮ ਸਿੱਧੂ, ਐਮ ਐਸ ਭਾਟੀਆ, ਅਵਤਾਰ ਛਿੱਬੜ, ਕੇਵਲ ਸਿੰਘ ਬਨਵੈਤ ਅਤੇ ਐਸ ਪੀ ਸਿੰਘ ਸ਼ਾਮਿਲ ਸਨ। 

No comments: