Sunday, May 13, 2018

ਸ਼ਹੀਦ ਕਾਮਰੇਡ ਗੁਰਮੇਲ ਸਿੰਘ ਹੂੰਝਣ ਨੂੰ ਯਾਦ ਕਰਦਿਆਂ

Sun, May 13, 2018 at 9:56 PM
ਭਾਟੀਆ ਜੀ ਤਿਆਰ ਕਰ  ਰਹੇ ਹਨ ਕਾਮਰੇਡ ਗੁਰਮੇਲ ਬਾਰੇ ਵਿਸ਼ੇਸ਼ ਕਿਤਾਬ 
14 ਮਈ ਬਰਸੀ ਮੌਕੇ ਵਿਸ਼ੇਸ਼                                                        --ਐਮ ਐਸ ਭਾਟੀਆ 
4 ਮਈ 1989 ਦਾ ਮਨਹੂਸ ਦਿਨ ਜਿਸ ਨੇ ਮਜ਼ਦੂਰ ਜਮਾਤ ਦੇ ਖਾੜਕੂ ਘੋਲਾਂ ਦਾ ਇਨਕਲਾਬੀ ਸੂਰਮਾ ਕਾਮਰੇਡ ਗੁਰਮੇਲ ਸਿੰਘ ਹੂੰਝਣ ਗੋਲੀਆਂ ਦਾ ਨਿਸ਼ਾਨਾ ਬਣਾ ਦਿਤਾ ਜਿਹੜਾ ਸਦਾ ਦੀ ਨੀਂਦ ਸੌਂ ਗਿਆ। ਗੁਰਮੇਲ ਦੀ ਸ਼ਹਾਦਤ ਪੂਰੇ ਰਾਸ਼ਟਰ ਤੇ ਮਜਦੂਰ ਜਮਾਤ ਲਈ ਇਕ ਪੂਰਾ ਨਾ ਹੋਣ ਵਾਲਾ ਘਾਟਾ ਸੀ । ਲੋਕਾਂ ਵਿਚ ਮਾਯੂਸੀ ਛਾ ਗਈ। ਅਹਿਮਦਗੜ੍ਹ ਸਾਰਾ ਸ਼ਹਿਰ ਬੰਦ ਰਿਹਾ, ਪੂਰੀ ਹੜਤਾਲ ਹੋਈ।ਲੋਕਾਂ ਨੇ ਜਲੂਸ ਕੱਢਿਆ, ਜਿਹੜਾ ਅਹਿਮਦਗੜ੍ਹ ਸ਼ਹਿਰ ਵਿਚ ਹੁੰਦਾ ਹੋਇਆ ਦਾਣਾ ਮੰਡੀ ਵਿਚ ਜਲਸਾ ਕਰ ਕੇ ਸ਼ਰਧਾਂਜਲੀਆਂ ਭੇਂਟ ਕਰ ਕੇ ਪੰਧੇਰ ਖੇੜੀ ਗੁਰਮੇਲ ਦੇ ਜੱਦੀ ਪਿੰਡ ਨੂੰ ਚਲ ਪਿਆ। ਮਲੌਦ ਕਸਬੇ ਵਿਚ ਵੀ ਹੜਤਾਲ ਹੋਈ। 15 ਮਈ ਨੂੰ ਗੁਰਮੇਲ ਦੇ ਸੰਸਕਾਰ ਸਮੇਂ ਹਜ਼ਾਰਾਂ ਲੋਕਾਂ ਦਾ ਕਾਫਲਾ ਬੱਸਾਂ ਕਾਰਾਂ ਟਰੱਕਾਂ ਟਰਾਲੀਆਂ ਰਾਹੀਂ ਪੰਧੇਰ ਖੇੜੀ ਪੁਜ ਗਿਆ। ਪਿੰਡ ਅਤੇ ਇਲਾਕੇ ਦੇ ਲੋਕ ਗੁਰਮੇਲ ਦੇ ਅੰਤਮ ਦਰਸ਼ਨਾਂ ਲਈ ਖੜੇ ਸਨ। ਪਿੰਡ ਦੇ ਆਲੇ-ਦੁਆਲੇ ਠੰਢੇ ਪਾਣੀ ਦੀਆਂ ਛਬੀਲਾਂ ਆਪ ਮੁਹਾਰੇ ਲੋਕਾਂ ਨੇ ਲਾਈਆਂ ਹੋਈਆਂ ਸਨ। 15 ਮਈ ਨੂੰ ਸੰਸਕਾਰ ਸਮੇਂ ਪੰਜਾਬ ਦੇ ਭਾਰਤੀ ਕਮਿਉਨਿਸਟ ਪਾਰਟੀ ਦੇ ਸਕੱਤਰ ਕਾਮਰੇਡ ਪਿਆਰਾ ਸਿੰਘ ਦਿਓਸੀ, ਕਾਮਰੇਡ ਜਗਜੀਤ ਸਿੰਘ ਅਨੰਦ, ਕਾਮਰੇਡ ਸਖਿੰਦਰ ਸਿੰਘ, ਕਾਮਰੇਡ ਡਾਂਗ, ਕਾਮਰੇਡ ਦੀਦੀ, ਕਾਮਰੇਡ ਜੋਗਿੰਦਰ ਦਿਆਲ, ਕਾਮਰੇਡ ਭਰਤ ਪ੍ਰਕਾਸ਼, ਸ੍ਰੀ ਬੇਅੰਤ ਸਿੰਘ ਪ੍ਰਧਾਨ ਕਾਂਗਰਸ (ਆਈ) ਅਤੇ ਮੁਲਾਜ਼ਮ, ਮਜ਼ਦੂਰ, ਕਿਸਾਨ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ । ਉਪਰੰਤ ਉਹਨਾਂ ਦੇ ਪਿਤਾ ਕਾਮਰੇਡ ਚੰਨਣ ਸਿੰਘ ਬਰੋਲਾ ਨੇ ਚਿਤਾ ਨੂੰ ਅਗਨੀ ਭੇਂਟ ਕੀਤਾ।
ਕਾਮਰੇਡ ਗੁਰਮੇਲ ਸਿੰਘ ਹੂੰਝਣ ਦਾ ਜਨਮ 15 ਅਕਤੂਬਰ 1951 ਨੂੰ ਇੱਕ ਛੋਟੇ ਜਿਹੇ ਪਿੰਡ ਪੰਧੇਰ ਖੇੜੀ ਵਿਚ ਕਾਮਰੇਡ ਚੰਨਣ ਸਿੰਘ ਬਰੋਲਾ ਦੇ ਘਰ ਹੋਇਆ । ਕਾਮਰੇਡ ਬਰੋਲਾ ਮਲੌਦ ਏਰੀਏ ਵਿੱਚ ਸਭ ਤੋਂ ਪਹਿਲਾ ਕਮਿਊਨਿਸਟ ਸੀ । ਪ੍ਰਾਈਮਰੀ ਤੱਕ ਦੀ ਸਿੱਖਿਆ ਗੁਰਮੇਲ ਨੇ ਪਿੰਡ ਵਿੱਚ ਹੀ ਹਾਸਲ ਕੀਤੀ, ਬਾਅਦ ਵਿੱਚ ਉਸ ਨੂੰ ਮਲੌਦ ਸਕੂਲ ਭੇਜਿਆ ਗਿਆ। 14 - 15 ਸਾਲ ਦੇ ਬੱਚਿਆਂ ਦੀ ਉਹਨੇ ਇੱਕ ਟੋਲੀ ਬਣਾ ਰੱਖੀ ਸੀ ਜਿਸ ਦਾ ਆਗੂ ਉਹ ਆਪ ਸੀ । ਨੌਜਵਾਨ ਗੁਰਮੇਲ ਨੇ ਨੌਜਵਾਨ ਸਭਾ ਬਣਾਈ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਨੌਜਵਾਨ ਸਭਾਵਾਂ ਬਣਾਈਆਂ ਅਤੇ ਉਹ ਨੌਜਵਾਨ ਸਭਾ ਦਾ ਸਕੱਤਰ ਚੁਣਿਆ ਗਿਆ। ਇੱਕ ਸਾਲ ਉਹ ਰਾੜ੍ਹਾ ਸਾਹਿਬ ਕਾਲਜ ਦਾ ਵਿਦਿਆਰਥੀ ਰਿਹਾ ਜਿੱਥੇ ਉਸ ਨੇ ਸਟੂਡੈਂਟ ਫੈਡਰੇਸ਼ਨ ਬਣਾਈ ਬਾਅਦ ਵਿੱਚ ਉਹ ਮਲੇਰ ਕੋਟਲਾ ਕਾਲਜ ਵਿੱਚ ਦਾਖਲ ਹੋਇਆ ਜਿੱਥੇ ਉਸ ਨੇ ਸਟੂਡੈਂਟ ਫੈਡਰੇਸ਼ਨ ਬਣਾਈ। ਸਟੂਡੈਂਟ ਫੈਡਰੇਸ਼ਨ ਦੀਆਂ ਚੋਣਾ ਲੜੀਆਂ ਅਤੇ ਸੈਕਟਰੀ ਚੁਣਿਆ ਗਿਆ। 1970 ਵਿੱਚ ਗੁਰਮੇਲ ਕਮਿਊਨਿਸਟ ਪਾਰਟੀ ਦਾ ਮੈਂਬਰ ਬਣਿਆ। ਉਸੇ ਸਾਲ ਉਹ ਨੌਜਵਾਨ ਸਭਾ ਜ਼ਿਲ੍ਹਾ ਲੁਧਿਆਣਾ ਦਾ ਸਕੱਤਰ ਚੁਣਿਆ ਗਿਆ। ਮਾਰਕਸਵਾਦ ਲੈਨਿਨਵਾਦ ਦੀ ਚੰਗੀ ਪਕੜ ਸਕਦਾ ਛੇਤੀ ਹੀ ਉਹ ਜ਼ਿਲ੍ਹਾ ਅੇਗਜੈਕਟਿਵ ਦਾ ਮੈਂਬਰ ਬਣ ਗਿਆ। 1975 ਵਿੱਚ ਗੁਰਮੇਲ ਨੇ ਕੋਆਪ੍ਰੇਟਿਵ ਬੈਂਕ ਦੇ ਮੁਲਾਜ਼ਮ ਵਜੋਂ ਨੌਕਰੀ ਸ਼ੁਰੂ ਕੀਤੀ। ਕਾਮਰੇਡ ਗੁਰਮੇਲ ਅਫ਼ਸਰਾਂ ਦੀ ਚਾਪਲੂਸੀ ਦੇ ਖਿਲਾਫ ਸੀ । 1975 ਵਿੱਚ ਹੀ ਪਿੰਡ ਵਿੱਚ ਹੋਏ ਇੱਕ ਕਤਲ ਦੇ ਝੂਠੇ ਕੇਸ ਵਿੱਚ ਉਸ ਨੂੰ ਫਸਾ ਦਿੱਤਾ ਗਿਆ ਅਤੇ ਕੁੱਝ ਮਹੀਨੇ ਜੇਲ ਵਿੱਚ ਰਿਹਾ। 1976 ਵਿੱਚ ਕੇਸ ਤੋਂ ਬਰੀ ਹੋ ਕੇ ਉਹ ਪਾਰਟੀ ਦੇ ਕੁਲਵਕਤੀ ਦੇ ਤੌਰ ਤੇ ਕੰਮ ਕਰਨ ਲੱਗਿਆ। 1977 ਵਿੱਚ ਕਾਮਰੇਡ ਗੁਰਮੇਲ ਦੀ ਸ਼ਾਦੀ ਪਿੰਡ ਦੁੱਗਰੀ ਵਿਖੇ ਬੀਬੀ ਸ਼ਰਨਜੀਤ ਕੌਰ ਨਾਲ ਹੋਈ। ਕਾਮਰੇਡ ਗੁਰਮੇਲ ਦੇ ਦਿਲ ਵਿੱਚ ਇੱਛਾ ਸੀ ਕਿ ਉਹ ਕਿਸੇ ਸੋਸ਼ਲਿਸਟ ਦੇਸ਼ ਵਿਚ ਪੜ੍ਹ ਕੇ ਪਾਰਟੀ ਦਾ ਗਿਆਨ ਪ੍ਰਾਪਤ ਕਰੇ। ਸਤੰਬਰ 1982 ਨੂੰ ਜ਼ਿਲ੍ਹਾ ਪਾਰਟੀ ਦੇ ਫੈਸਲੇ ਅਨੁਸਾਰ ਉਹ ਪੂਰਬੀ ਜਰਮਨੀ ਚਲਿਆ ਗਿਆ ਜਿੱਥੇ ਉਸ ਨੇ ਛੇ ਮਹੀਨੇ ਪੜ੍ਹਾਈ ਕੀਤੀ। 
ਕਾਮਰੇਡ ਗੁਰਮੇਲ ਸਿੰਘ ਹੂੰਝਣ ਇਕ ਇਨਕਲਾਬੀ ਜੋਸ਼ੀਲਾ ਦੇਸ਼ ਭਗਤ ਨੌਜਵਾਨ ਸੀ।ਧਰਤੀ ਉਤੇ ਖੁਸ਼ੀ ਅਤੇ ਕੌਮਾਂ ਵਿਚਕਾਰ ਸ਼ਾਂਤੀ ਕਾਇਮ ਕਰਨ ਲਈ ਗੁਰਮੇਲ ਦੇ ਅਮਰ ਕਾਰਨਾਮੇ ਨੇ ਹੀ ਇਕ ਵਿਅਕਤੀ ਵਜੋਂ ਉਸਦੇ ਸਾਰ ਦੀ ਸਿਰਜਣਾ ਕੀਤੀ ਸੀ।ਗੁਰਮੇਲ ਦੀ ਗਤੀ ਵਿਧੀ ਦਾ ਖੇਤਰ ਰਾਸ਼ਟਰੀ ਅਤੇ ਵਿਸ਼ਵ ਰਾਜਨੀਤੀ ਸੀ।ਮਨੁੱਖ ਦੇ ਕਲਿਆਣ ਤੇ ਭਲਾਈ ਤੋਂ ਪਰ੍ਹੇ ਧਰਤੀ ਉਤੇ ਹੋਰ ਖੁਸ਼ੀ ਨਹੀਂ। ਇਹ ਗੁਣ ਉਹਨੂੰ ਆਪਣੇ ਪਿਤਾ ਚੰਨਣ ਸਿੰਘ ਬਰੋਲਾ ਅਤੇ ਮਾਰਕਸਵਾਦ ਦੇ ਵਿਰਸੇ ਵਿਚ ਮਿਲਿਆ ਹੋਇਆ ਸੀ ਦੁਨੀਆਂ ਦੀ ਏਕਤਾ, ਸਭਿਅਤਾ ਦੀਆਂ ਸਾਂਝੀਆਂ ਜੜ੍ਹਾਂ ਤੇ ਇਸ ਦੀ ਸਾਂਝੀ ਹੋਣ ਦੇ ਸੰਕਲਪ ਉਹਨੂੰ ਪਿਆਰੇ ਸਨ।ਅੱਜ ਸਮਾਂ ਆ ਗਿਆ ਹੈ ਜਦੋਂ ਸਭਨਾਂ ਦੇਸਾਂ ਨੂੰ ਵੱਡੇ ਤੇ ਛੋਟੇ, ਨਵੇਂ ਤੇ ਪੁਰਾਣੇ ਪੂੰਜੀਵਾਦੀ ਸਾਮਾਰਾਜਵਾਦੀ ਜਾਂ ਵਿਕਾਸਸ਼ੀਲ ਦੇਸ਼ਾਂ ਨੂੰ ਉਹਨਾਂ ਦੇ ਸਮਾਜਕ ਰਾਜਸੀ ਨਜ਼ਾਮ ਭਾਵੇਂ ਕੋਈ ਭੀ ਕਿਉਂ ਨਾ ਹੋਣ 20ਵੀਂ ਸਦੀ ਦਾ ਸਭ ਤੋਂ ਅਹਿਮ ਮਸਲਾ ਜੰਗ ਤੇ ਅਮਨ ਦਾ ਹੈ। ਮਸਲਾ ਹਲ ਕਰਨ ਲਈ ਜੁਟ ਜਾਣਾ ਚਾਹੀਦਾ ਹੈ। ਗੁਰਮੇਲ ਨੇ ਮੁੜ ਮੁੜ ਅਪੀਲਾਂ ਕੀਤੀਆਂ ਕਿ ਆਉ ਮਨੁੱਖਜਾਤੀ ਨੂੰ ਬਚਾਉਣ ਲਈ ਮਿਲ ਕੇ ਕੰਮ ਕਰੀਏ। ਭਾਵੇਂ ਦੇਸ਼ ਨੂੰ ਬਚਾਉਣ ਖਾਤਰ ਜਾਨਾਂ ਕਿਉਂ ਨਾ ਕੁਰਬਾਨ ਕਰਨੀਆਂ ਪੈਣ   ਭਾਰਤ ਵਿਰੋਧੀ ਕੌਮਾਂਤਰੀ ਦਹਿਸ਼ਤਪਸੰਦੀ ਨੇ ਇਸ ਜੁਸ਼ੀਲੇ ਦੇਸ਼ ਭਗਤ ਇਨਕਲਾਬੀ ਦੀ ਜਾਨ ਲੈ ਲਈ। ਪਰ ਉਹਦੇ ਰੂਹਾਨੀ ਤੇ ਰਾਜਸੀ ਵਿਰਸੇ ਨੂੰ ਧਰਤੀ ਉਤੇ ਅਮਨ ਲਈ ਉਹਦੇ ਫਲਦਾਇਕ ਕੰਮ ਨੂੰ ਤਬਾਹ ਨਹੀਂ ਕੀਤਾ ਜਾ ਸਕਦਾ । 
ਕਾਮਰੇਡ ਗੁਰਮੇਲ ਨੂੰ ਪਤਾ ਸੀ ਕਿ ਕਿਸੇ ਸਮੇਂ ਵੀ ਉਸ ਉਤੇ ਹਮਲਾ ਹੋ ਸਕਦਾ ਹੈ ਪਰ ਉਹਨੇ ਸੋਚ ਦਾ ਦਲੇਰੀ ਨਾਲ ਪੱਲਾ ਫੜੀ ਰੱਖਿਆ। ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਦ੍ਰਿੜ ਰਿਹਾ। ਦੋ ਦਿਨ ਪਹਿਲਾਂ ਜਲਸੇ ਵਿਚ ਬੋਲਦਿਆਂ ਗੁਰਮੇਲ ਨੇ ਕਿਹਾ ਸੀ ਕਿ ਦੇਸ਼ ਦੀ ਸੇਵਾ ਲਈ ਮਰਨਾ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ।  14 ਮਈ, 1989 ਨੂੰ ਸਵੇਰੇ ਪੰਜ ਵਜ ਕੇ ਪੈਂਤੀ ਮਿੰਟ ਤੇ ਹਤਿਆਰਿਆਂ ਨੇ ਗੁਰਮੇਲ ਅਤੇ ਉਹਦੇ ਬਾਡੀਗਾਰਡ ਜੋਗਿੰਦਰ ਸਿੰਘ ਨੂੰ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ।ਸਾਡੀਆਂ ਆਸਾਂ ਤੇ ਉਮੀਦਾਂ ਉਤੇ ਪਾਣੀ ਫਿਰ ਗਿਆ।ਲੋਕਾਂ ਦੇ ਪੀਲੇ ਕਾਰਡ ਬਣਾਉਣਾ, ਪੀਲੇ ਕਾਰਡਾਂ ਤੇ ਕਰਜ਼ੇ ਦਵਾਉਣਾ, ਖੇਤ ਮਜ਼ਦੂਰਾਂ ਦੇ ਘਰੇਲੂ ਕੰਮਾਂ ਤਕ, ਬਰਾਚਾਂ ਦੀਆਂ ਮੀਟਿੰਗਾਂ ਤੱਕ ਕੰਮ  ਕਰਨ ਵਾਲਾ  ਇਕ ਅਮੋਲਕ ਹੀਰਾ ਗਵਾ ਬੈਠੇ ਹਾਂ ਸਾਮਰਾਜ ਨਹੀਂ ਚਾਹੁੰਦਾ ਕਿ ਇਹੋ ਜਿਹੇ ਹੀਰੇ ਕਿਸੇ ਪਾਰਟੀ ਕੋਲ ਰਹਿਣ ਆਉਂ ਅਸੀਂ ਉਸ ਦੇ ਪੂਰਨਿਆਂ ਤੇ ਚੱਲਣ ਦਾ ਪ੍ਰਣ ਕਰੀਏ, ਉਸਦੇ ਰਹਿੰਦੇ ਕੰਮ ਨੇਪਰੇ ਚਾੜ੍ਹੀਏ ਤਾਂ ਹੀ ਗੁਰਮੇਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ । 
ਐੱਮ. ਐੱਸ. ਭਾਟੀਆ
ਮੋਬਾ: 98884-91002

No comments: