Wednesday, April 04, 2018

ਅਸੀਂ ਨਾਮਧਾਰੀ ਮੂਹਰੇ ਹੋ ਕੇ ਰਾਮ ਮੰਦਰ ਬਣਾਵਾਂਗੇ ਠਾਕੁਰ ਸਤਿਗੁਰੂ ਦਲੀਪ ਸਿੰਘ

ਧਰਮ ਸਾਨੂੰ ਜੁੜਨਾ ਸਿਖਾਉਂਦਾ ਹੈ, ਤੋੜਨਾ ਨਹੀਂ: ਡਾ. ਮੋਹਨ ਭਾਗਵਤ
ਸਿਰਸਾ (ਹਰਿਆਣਾ): 4 ਅਪਰੈਲ 2018: (ਪੰਜਾਬ ਸਕਰੀਨ ਟੀਮ):: 
ਨਾਮਧਾਰੀ ਸੰਗਤਾਂ ਨੇ ਅੱਜ ਹਰਿਆਣਾ ਦੇ ਸਿਰਸਾ ਇਲਾਕੇ ਵਿੱਚ ਹਿੰਦੂਆਂ ਅਤੇ ਸਿੱਖਾਂ ਵੱਲੋਂ ਰਾਮਨੌਮੀ ਦਾ ਤਿਓਹਾਰ ਸਾਂਝੇ ਤੌਰ ਤੇ ਮਨਾ ਕੇ ਇੱਕ ਵਾਰ  ਫੇਰ ਆਪਣੀ ਸੋਚ, ਮਿਸ਼ਨ ਅਤੇ ਸਟੈਂਡ ਨੂੰ ਖੁਲ ਕੇ ਸਪਸ਼ਟ ਕੀਤਾ ਹੈ। ਸੰਗਤਾਂ ਦੇ ਵਿਸ਼ਾਲ ਸਮੁੰਦਰ ਸਾਹਮਣੇ ਇਸ ਮੌਕੇ ਨਾਮਧਾਰੀਆਂ ਨੇ ਰਾਮ ਮੰਦਿਰ ਬਣਾਉਣ ਲਈ ਸਭਨਾਂ ਤੋਂ ਅੱਗੇ ਹੋ ਕੇ ਆਉਣ ਦਾ ਵੀ ਐਲਾਨ ਕੀਤਾ। ਇਸ ਇਕੱਤਰਤਾ ਵਿੱਚ ਆਰ ਐਸ ਐਸ ਮੁਖੀ ਡਾਕਟਰ ਮੋਹਨ ਭਾਗਵਤ ਉਚੇਚ ਨਾਲ ਸਮਾਂ ਕੱਢ ਕੇ ਮੁੱਖ ਮਹਿਮਾਨ ਵੱਜੋਂ ਪੁੱਜੇ। ਡਾਕਟਰ ਮੋਹਨ ਭਾਗਵਤ ਨੇ ਬੇਇਨਸਾਫੀ ਦੇ ਖਾਤਮੇ ਲਈ ਬਲਸ਼ਾਲੀ ਹੋਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਸੁਰੱਖਿਆ ਦਾ ਭਾਰੀ ਬੰਦੋਬਸਤ ਸੀ। ਸ਼ਰਦਾਈ, ਹਵਨ ਅਤੇ ਭਜਨ ਕੀਰਤਨ ਦੇ ਅਲੌਕਿਕ ਜਿਹੇ ਮਾਹੌਲ ਦੌਰਾਨ "ਜੈ ਸ਼ਰੀ ਰਾਮ" ਅਤੇ "ਬੋਲੇ ਸੋ ਨਿਹਾਲ ਦੇ ਜੈਕਾਰੇ" ਸਾਰੇ ਵਾਤਾਵਰਨ ਵਿੱਚ ਉਤਸ਼ਾਹ ਵਾਲਾ ਜੋਸ਼ ਭਰ ਰਹੇ ਸਨ। ਨਾਮਧਾਰੀ ਸਿੱੱਖਾਂ ਨੇ ਹਿੰਦੂ-ਸਿੱੱਖ ਏਕਤਾ ਨੂੰ ਸਮਰਪਿਤ “ਰਾਮ-ਨੌਮੀ” ਮਨਾ ਕੇ ਧਾਰਮਿਕ ਸਦਭਾਵਨਾ ਦੀ ਲਹਿਰ ਨੂੰ ਹੁਲਾਰਾ ਦਿੱਤਾ। ਨਾਮਧਾਰੀ ਮੁਖੀ ਠਾਕੁਰ ਦਲੀਪ ਵੱਲੋਂ ਖਿੱਚੀਆਂ ਤਸਵੀਰਾਂ ਵਾਲੀ ਐਲਬਮ ਅੱਜ ਵੀ ਮੁੱਖ ਪਰਦਰਸ਼ਨੀ ਸਟਾਲ 'ਤੇ ਬੇਹੱਦ ਹਰਮਨ ਪਿਆਰੀ ਰਹੀ। 
ਅੱਜ ਸਿਰਸਾ  ਵਿਖੇ ਹਿੰਦੂ-ਸਿੱੱਖ ਏਕਤਾ ਨੂੰ ਸਮਰਪਿਤ “ਰਾਮ-ਨੌਮੀ” ਵਿਸ਼ਵ ਨਾਮਧਾਰੀ ਸੰਗਤ ਨੇ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਆਪਣੇ ਹਿੰਦੂ ਸਿੱੱਖ ਭਰਾਵਾਂ ਨਾਲ ਮਿਲਕੇ ਮਨਾਈ ਜਿਸ ਵਿੱੱਚ ਹਜ਼ਾਰਾਂ ਦੀ ਗਿਣਤੀ ਵਿੱੱਚ ਸੰਗਤਾਂ ਨੇ ਹਾਜਰੀ ਲਵਾਈ। ਹਿੰਦੂ-ਸਿੱੱਖ ਭਰਾਵਾਂ ਦਾ ਆਪਸੀ ਪਰੇਮ ਹਿੰਦੂ- ਸਿੱਖ ਏਕਤਾ ਦਾ ਇੱੱਕ ਆਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ।ਸਤਿਗੁਰੂ ਦਲੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਨਾਮਧਾਰੀ ਸਮਾਜ ਹਿੰਦੂ- ਸਿੱਖ ਏਕਤਾ ਲਈ ਇਹੋ ਜਿਹੇ ਆਯੋਜਨ ਲਗਾਤਾਰ ਕਰਵਾ ਰਿਹਾ ਹੈ। ਅੱਜ ਵੀ ਜਿੰਨੀ ਕੁ ਸੰਗਤਾਂ ਦਾਣਾ ਮੰਡੀ ਵਿੱਚ ਲੱਗੇ ਪੰਡਾਲ ਦੇ ਅੰਦਰ ਸੀ ਓਨੀ ਕੁ ਹੀ ਸੰਗਤ ਲੰਗਰ ਵਾਲੇ ਪੰਡਾਲ ਵਿੱਚ ਵੀ ਸੀ। ਲੰਗਰ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਰੀ ਰਿਹਾ। ਸ਼ਰਦਾਈ ਵਾਲੇ ਪਾਸੇ ਤਾਂ ਸਮਾਗਮ ਖਤਮ ਹੋਣ ਤੋਂ ਬਾਅਦ ਵੀ ਭਾਰੀ ਭੀੜ ਰਹੀ। 
ਇਸ ਮੌਕੇ ਸਤਿਗੁਰੂ ਦਲੀਪ ਸਿੰਘ ਜੀ ਨੇ ਬੋਲਦਿਆਂ ਕਿਹਾ ਕਿ ਗੁਰਬਾਣੀ ਵਿੱੱਚ “ਸਰੀ ਰਾਮਚੰਦ ਜਿਸ ਰੂਪ ਨ ਰੇਖਿਆ॥ਮਾਰੂ ਮਹਲਾ 5” ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਪਰ੍ਭੂ ਅਵਤਾਰ ਅਤੇ ਤਰੇਤਾ ਯੁਗ ਦੇ ਸਤਿਗੁਰੂ ਲਿਖਿਆ ਹੈ ਜਿਸ ਕਰਕੇ ਉਹ ਸਾਡੇ ਪੂਜਨੀਕ ਹਨ। ਬਾਣੀ ਵਿੱੱਚ ਪਰ੍ਭੂ ਅਵਤਾਰ ਲਿਖੇ ਹੋਣ ਕਰਕੇ ਅਸੀਂ ਰਾਮਨੌਮੀ ਮਨਾਉਂਦੇ ਹਾਂ। 
ਰਾਮ ਮੰਦਿਰ ਬਾਰੇ ਵੀ ਇਸ ਮੰਚ ਤੋਂ ਸਪਸ਼ਟ ਸਟੈਂਡ ਵਾਲਾ ਐਲਾਨ ਕੀਤਾ ਗਿਆ। ਮੰਚ ਤੋਂ ਠਾਕੁਰ ਦਲੀਪ ਸਿੰਘ ਹੁਰਾਂ ਨੇ ਕਿਹਾ ਕਿ ਭਗਵਾਨ ਰਾਮ ਦੀ ਜਨਮ ਭੂਮੀ ਅਯੁੱੱਧਿਆ ਵਿੱੱਚ ਰਾਮ ਮੰਦਰ ਬਨਾਉਣਾ ਸਾਡਾ ਹੱੱਕ ਹੈ।  ਅਸੀਂ ਨਾਮਧਾਰੀ ਸਭ ਤੋਂ ਮੂਹਰੇ  ਹੋਕੇ ਮੰਦਰ ਬਨਾਵਾਂਗੇ। 
ਹਰ ਕੇਸਾਧਾਰੀ ਸਿੱੱਖ ਨਹੀਂ ਅਤੇ ਹਰ ਮੋਨਾ ਹਿੰਦੂ ਨਹੀਂ। ਕੇਸ ਰਹਿਤ ਵੀ ਸਿੱੱਖ ਹੋ ਸਕਦਾ ਹੈ। ਅੰਮ੍ਰਿਤਧਾਰੀ ਖਾਲਸਾ ਹੋਣ ਵਾਸਤੇ ਕੇਸ ਰੱੱਖਣੇ ਜਰੂਰੀ ਹਨ। ਇਸ ਮੌਕੇ ਸੰਗਤ ਵਿੱੱਚ ਇੱੱਕ ਪਿਤਾ ਪੁੱੱਤਰ ਨੂੰ ਮੰਚ 'ਤੇ ਖੜੇ ਕਰਕੇ ਉਹਨਾਂ ਨੇ ਇਸ ਗੱੱਲ ਦਾ ਪਰਤੱਖ ਸਬੂਤ ਦਿੱੱਤਾ। ਉਹਨਾਂ ਸੁਆਲ ਪੁੱਛਿਆ ਕਿ ਇਹਨਾਂ ਦੋਹਾਂ ਨੂੰ ਹਿੰਦੂ ਜਾਂ ਸਿੱਖ ਆਖ ਕੇ ਵੰਡਿਆ ਜਾ ਸਕਦਾ ਹੈ? ਉਹਨਾਂ ਕਿਹਾ ਕਿ ਸਿੱੱਖ ਪੰਥ ਦੀ ਹੋਂਦ ਸੁਤੰਤਰ ਹੈ ਤੇ ਸੁਤੰਤਰ ਹੀ ਰਹਿਣੀ ਚਾਹੀਦੀ ਹੈ।
ਇਸ ਮੌਕੇ ਨਾਮਧਾਰੀ ਸਤਿਗੁਰੂ ਦਲੀਪ ਸਿੰਘ ਜੀ ਦੇ ਵਿਸ਼ੇਸ਼ ਸੱੱਦੇ ਤੇ ਸਿਰਸਾ ਪਹੁੰਚੇ ਆਰ.ਐਸ.ਐਸ. ਦੇ ਪਰਮ ਸਤਿਕਾਰਯੋਗ ਸਰਸੰਘਚਾਲਕ ਡਾ. ਮੋਹਨ ਭਾਗਵਤ  ਮੁਖ ਵਕਤਾ ਦੇ ਰੂਪ ਵਿੱੱਚ ਸ਼ਾਮਲ ਹੋਏ। ਇਸ ਮੌਕੇ ਸੰਘ ਮੁਖੀ ਨੇ ਬੋਲਦਿਆਂ ਕਿਹਾ ਕਿ ਇਸ ਤਰਾਂ ਰਾਮਨੌਮੀ ਮਨਾਉਣਾ ਸਭ ਨੂੰ ਜੋੜਨ ਵਾਲੀ ਗੱੱਲ ਹੈ ਜਿਸ ਕਰਕੇ ਇਥੇ ਸ਼ਾਂਤੀ ਅਤੇ ਸੁੱੱਖ ਹੈ। ਇਹ ਅੱੱਜ ਦੇ ਸਮੇਂ ਦੀ ਜਰੂਰਤ ਹੈ। ਉਹਨਾਂ ਨੇ ਇਸ ਏਕਤਾ ਵਾਲੇ ਆਯੋਜਨ ਰਾਮਨੌਮੀ ਮੌਕੇ ਉਹਨਾਂ ਨੂੰ ਸੱਦਾ ਦੇਣ ਦਾ ਧੰਨਵਾਦ ਕੀਤਾ। ਸਾਨੂੰ ਸਾਰਿਆਂ ਨੂੰ ਮਿਲਕੇ ਰਹਿਣਾ ਅਤੇ ਚਲਣਾ ਚਾਹੀਦਾ ਹੈ, ਇਹ ਹੀ ਸਾਡਾ ਧਰਮ ਹੈ। ਸਾਡਾ ਧਰਮ ਸਾਨੂੰ ਜੁੜਨਾ ਸਿਖਾਉਂਦਾ ਹੈ, ਤੋੜਨਾ ਨਹੀਂ।ਇਸਦੇ ਨਾਲ ਹੀ ਸਾਨੂੰ ਆਪਣੀ ਸਵੈ-ਰੱੱਖਿਆ ਅਤੇ ਅਨਿਆਏ ਨੂੰ ਖਤਮ ਕਰਨ ਲਈ ਬਲਸ਼ਾਲੀ ਵੀ ਹੋਣਾ ਚਾਹੀਦਾ ਹੈ। ਸਾਨੂੰ ਆਪਣੀ ਸ਼ਕਤੀ ਦੀ ਵਰਤੋਂ ਜੋੜਨ ਲਈ ਕਰਨੀ ਚਾਹੀਦਾ ਹੈ ਨਾਕਿ ਤੋੜਨ ਲਈ। ਸੰਗਤਾਂ ਨੇ ਡਾਕਟਰ ਮੋਹਨ ਭਾਗਵਤ ਨੂੰ ਇੱਕ ਸਾਹ ਹੋ ਕੇ ਸੁਣਿਆ। ਏਨੇ ਵਿਸ਼ਾਲ ਪੰਡਾਲ ਵਿੱਚ ਇਹਨਾਂ ਦੇ ਭਾਸ਼ਣ ਦੌਰਾਨ ਪੂਰੀ ਖਾਮੋਸ਼ੀ ਰਹੀ। ਇਸ ਮੌਕੇ ਅੰਗਰੇਜ਼ੀ ਸ਼ਬਦਾਂ ਪਿੰਨ ਡਰਾਪ ਸਾਈਲੈਂਸ ਦੀ ਯਾਦ ਆ ਰਹੀ ਸੀ। ਨੌਜਵਾਨ ਮੁੰਡੇ ਕੁੜੀਆਂ ਤਾਂ ਡਾਕਟਰ ਮੋਹਨ ਭਾਗਵਤ ਦੇ ਭਾਸ਼ਣ ਨਾਲ ਹੀ ਕੀਲੇ ਗਏ ਲੱਗਦੇ ਸਨ। ਠਾਕੁਰ ਦਲੀਪ ਸਿੰਘ ਹੁਰਾਂ ਦੇ ਵਿਚਾਰਾਂ ਨੇ ਰਾਮਨੌਮੀ ਮੇਲੇ ਵਿੱਚ ਮੌਜੂਦ ਗੈਰ ਨਾਮਧਾਰੀ ਨਵੀਂ ਪੀਡ਼ੀ ਨੂੰ ਵੀ ਪੂਰੀ ਤਰਾਂ ਪਰਭਾਵਿਤ ਕੀਤਾ। 
ਇਸ ਰਾਮਨੌਮੀ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬੀ ਗਾਇਕੀ ਦੇ ਬਾਦਸ਼ਾਹ ਹੰਸ ਰਾਜ ਹੰਸ ਨੇ ਵੀ ਹਾਜ਼ਰੀ ਭਰਦਿਆਂ ਹੋਇਆਂ ਬਹੁਤ ਹੀ ਸੁਰੀਲੀ ਆਵਾਜ ਵਿੱੱਚ ਭਜਨ ਗਾਕੇ ਸਮੂਹ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਹੰਸਰਾਜ ਹੰਸ ਦੀ ਮੌਜੂਦਗੀ ਨੇ ਇਸ ਮੇਲੇ ਵਿੱਚ ਇੱਕ ਨਵਾਂ ਉਤਸ਼ਾਹ ਭਰਿਆ। "ਸੁਣੋ ਮਹਾਰਾਜ" ਦੇ ਗਾਇਨ ਦਾ ਅੰਦਾਜ਼ ਬੇਹੱਦ ਯਾਦਗਾਰੀ ਹੋ ਨਿੱਬੜਿਆ।  
ਨਸ਼ਾ ਮੁਕਤ ਭਾਰਤ ਅਤੇ ਮਹਿਲਾ ਸਸ਼ਕਤੀਕਰਨ ਲਈ ਨਿਰੰਤਰ ਸਰਗਰਮ ਸੰਗਠਨ "ਬੇਲਣ ਬਰਗੇਡ" ਸੁਪਰੀਮੋ ਅਨੀਤਾ ਸ਼ਰਮਾ  ਇਸ ਮੌਕੇ ਆਪਣੀ ਟੀਮ ਸਹਿਤ ਇਸ ਸਮਾਗਮ ਵਿੱਚ ਸ਼ਾਮਲ ਹੋਏ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰਨਾਂ ਥਾਵਾਂ ਤੋਂ ਸੰਗਤਾਂ ਭਾਰੀ ਗਿਣਤੀ ਵਿੱਚ ਪੁੱਜੀਆਂ। 
ਇਸ ਮੌਕੇ ਬਜਰੰਗ ਲਾਲ ਜੀ, ਦੇਵੀ ਪ੍ਰਸਾਦ ਜੀ, ਹੇਮਰਾਜ ਜੀ, ਵਿਵੇਕਾ ਨੰਦ ਜੀ, ਰਮੇਸ਼ ਗੁਪਤਾ ਜੀ, ਪਵਨ ਕੌਸ਼ਿਕ ਜੀ, ਸੁਰਿੰਦਰ ਮਲਹੋਤਰਾ ਜੀ, ਅਵਿਨਾਸ਼ ਰਾਏ ਖੰਨਾ ਮੀਤ ਪ੍ਰਧਾਨ ਬੀ.ਜੇ.ਪੀ.  ਅਤੇ ਬਹੁਤ ਵੱੱਡੀ ਗਿਣਤੀ ਵਿੱੱਚ ਸੰਤ-ਮਹਾਂਪੁਰਸ਼ ਮੌਜੂਦ ਸਨ। ਇਸ ਮੌਕੇ ਅੰਤ ਤੇ ਗਏ ਗਏ ਗੀਤ--ਯੇਹ ਭਾਰਤ ਦੇਸ਼ ਹੈ  ਮੇਰਾ--ਵਾਲੇ ਗੀਤ ਦੇ ਗਾਇਨ ਨਾਲ ਜਿੱਥੇ ਸੰਗਤਾਂ ਝੂਮ ਉੱਠੀਆਂ ਉੱਥੇ ਖੁਦ ਡਾਕਟਰ ਮੋਹਨ ਭਾਗਵਤ ਵੀ ਝੂਮਦੇ ਨਜ਼ਰ ਆਏ।  ਨਾਮਧਾਰੀ ਜੱਥੇ ਦਾ ਇਹ ਗਾਇਨ ਬਹੁਤ ਸੁਰੀਲਾ ਸੀ। 

No comments: