Monday, April 02, 2018

ਭਾਰਤ ਬੰਦ ਦੌਰਾਨ ਦਲਿਤ ਸ਼ਕਤੀ ਨੇ ਕੀਤਾ ਆਪਣੀ ਸ਼ਕਤੀ ਦਾ ਪਰਗਟਾਵਾ

ਰੇਲਵੇ ਸਟੇਸ਼ਨਾਂ 'ਤੇ ਜਾ ਕੇ ਨਹੀਂ ਲਈ ਕਿਸੇ ਨੇ ਵੀ ਸਵਾਰੀਆਂ ਦੀ ਸਾਰ 
ਨਵੀਂ ਦਿੱਲੀ//ਚੰਡੀਗੜ੍ਹ//ਲੁਧਿਆਣਾ: 2 ਅਪਰੈਲ 2018: (ਪੰਜਾਬ ਸਕਰੀਨ ਟੀਮ)::
ਭਾਰਤ ਬੰਦ ਦੌਰਾਨ ਕਈ ਥਾਂਵਾਂ ਤੋਂ ਭੰਨਤੋੜ ਅਤੇ ਹਿੰਸਾ ਦੀਆਂ ਖਬਰਾਂ ਵੀ ਮਿਲੀਆਂ ਹਨ। ਮਧ ਪ੍ਰਦੇਸ਼ ਵਿੱਚ ਚਾਰ ਅਤੇ ਰਾਜਸਥਾਨ ਵਿੱਚ ਇੱਕ ਮੌਤ ਦੀ ਖਬਰ ਦੱਸੀ ਗਈ ਹੈ। ਪੰਜਾਬ ਵਿੱਚ ਵੀ ਕੁਝ ਥਾਂਵਾਂ ਤੋਂ ਭੰਨਤੋੜ ਦੀਆਂ ਖਬਰਾਂ ਮਿਲੀਆਂ ਹਨ। 
ਸਰਹਿੰਦ:ਦਿੱਲੀ ਤੋਂ ਲਾਹੌਰ ਜਾਣ ਵਾਲੀ ਬਸ ਸਦਾ-ਏ-ਸਰਹੱਦ ਨੂੰ ਸਰਹਿੰਦ ਨੇੜੇ ਇੱਕ ਰੈਸਟੁਰੈਂਟ ਵਿਖੇ ਪੰਜਾਂ ਘੰਟਿਆਂ ਤੱਕ ਰੋਕ ਕੇ ਰੱਖਿਆ ਗਿਆ। ਪੰਜਾਂ ਘੰਟਿਆਂ ਦੇ ਲੰਮੇ ਅਰਸੇ ਮਗਰੋਂ ਇਸ ਬਸ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਸਰਹੱਦ ਵੱਲ ਰਵਾਨਾ ਕੀਤਾ ਗਿਆ।  ਇਸ ਬਸ ਵਿੱਚ 16 ਯਾਤਰੀ ਸਵਾਰ ਸਨ। 
ਪਠਾਨਕੋਟ: ਪਠਾਨਕੋਟ ਵਿੱਚ ਦੁਕਾਨਾਂ ਬੰਦ ਕਰਾਉਣ ਦੇ ਮਾਮਲੇ ਤੇ ਹਿੰਸਕ ਟਕਰਾਓ ਦੀਆਂ ਖਬਰਾਂ ਆ ਰਹੀਆਂ ਹਨ।ਪਠਾਨਕੋਟ ਦੇ ਇਲਾਕੇ ਮਾਮੂਲ ਵਿੱਚ ਦੁਕਾਨਾਂ ਬੰਦ ਕਰਾਉਣ ਦੇ ਮਾਮਲੇ ਨੂੰ ਲੈ ਕੇ ਟਕਰਾਓ ਵਾਲੀ ਸਥਿਤੀ ਪੈਦਾ ਹੋ ਗਈ।  ਦੁਕਾਨਦਾਰਾਂ ਨੇ ਕਿਹਾ ਕਿ ਵਖਾਵਕਾਰੀ ਉਹਨਾਂ ਦੀਆਂ ਦੁਕਾਨਾਂ ਨੂੰ ਜਬਰੀ ਬੰਦ ਕਰਾਉਣਾ ਚਾਹੁੰਦੇ ਸਨ। ਵਖਾਵਕਾਰੀਆਂ 'ਤੇ ਦੁਕਾਨਾਂ ਨੂੰ ਲੁੱਟਣ ਦੀਆਂ ਕੋਸ਼ਿਸ਼ਾਂ ਦਾ ਵੀ ਦੋਸ਼ ਲਾਇਆ ਗਿਆ।  
ਫਿਰੋਜ਼ਪੁਰ: ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੋਹਾਂ ਤੋਂ ਹੀ ਭੰਨਤੋੜ ਦੀਆਂ ਖਬਰਾਂ ਆ ਰਹੀਆਂ ਹਨ। ਫਿਰੋਜ਼ਪੁਰ ਵਿਛਕ ਸ਼ਰਾਰਤੀ ਅਨਸਰਾਂ ਨੇ ਇੱਕ ਟਰੇਨ ਵਿੱਚ ਦਾਖਲ ਹੋ ਕੇ ਇੱਕ ਏ ਸੀ ਕੋਚ ਦਾ ਦਰਵਾਜ਼ਾ ਤੋੜ ਦਿੱਤਾ ਅਤੇ  ਇੱਕ ਬਾਥਰੂਮ ਦੇ ਸ਼ੀਸ਼ੇ ਵੀ ਭੰਨ ਦਿੱਤੇ। ਫਿਰੋਜ਼ਪੁਰ ਮੋਗਾ ਮਾਰਗ 'ਤੇ ਵੀ ਇੱਕ ਪੈਟਰੋਲ ਪੰਪ ਦੀ ਮਸ਼ੀਨ ਤੋੜੇ ਜਾਣ ਦੀ ਖਬਰ ਮਿਲੀ ਹੈ। 
ਲੁਧਿਆਣਾ: ਲੁਧਿਆਣਾ ਵਿੱਚ ਭਾਰਤ ਬੰਦ ਦਾ ਅਸਰ ਜ਼ਬਰਦਸਤ ਰਿਹਾ। ਜਿਹੜੇ ਲੋਕ ਮਜਬੂਰੀ ਵਿੱਚ ਘਰੋਂ ਬਾਹਰ ਨਿਕਲ ਵੀ ਆਏ ਉਹਨਾਂ ਨੂੰ ਜਾਂ ਤਾਂ ਬੰਦ ਸਮਰਥਕਾਂ ਨੇ ਵਾਪਿਸ ਮੋੜ ਦਿੱਤਾ ਤੇ ਜਾਂ ਟਰੈਫਿਕ ਪੁਲਿਸ ਨੇ ਉਹਨਾਂ ਨੂੰ ਬਦਲਵੇਂ ਰਸਤੇ ਪਾ ਦਿੱਤਾ। ਪੂਰਾ ਲੁਧਿਆਣਾ ਇਸ ਬੰਦ ਦਾ ਗਵਾਹ ਰਿਹਾ। ਹਰ ਪਾਸੇ ਤਕਰੀਬਨ ਨੀਲੇ ਰੰਗ ਦਾ ਝੰਡਾ ਦਲਿਤ ਸ਼ਕਤੀ ਦੇ ਰੋਸ ਅਤੇ ਰੋਹ ਦਾ ਇਜ਼ਹਾਰਕਰ ਰਿਹਾ ਸੀ। ਹਰ ਗਲੀ ਮੋਹੱਲੇ ਅਤੇ ਵੱਡੀਆਂ ਸੜਕਾਂ 'ਤੇ ਘੁੰਮਦੇ ਬਾਈਕ ਸਵਾਰ ਇੱਕ ਦਹਿਸ਼ਤ ਭਰੀ ਚੇਤਾਵਨੀ ਵਾਂਗ ਗੇੜੇ ਲਗਾ ਰਹੇ ਸਨ।  
ਕੈਲਾਸ਼ ਸਿਨੇਮਾ ਚੋਂਕ, ਦਮੋਰੀਆ , ਛਾਉਣੀ ਮੋਹੱਲਾ, ਮਾਤਾ ਰਾਣੀ ਚੋਂਕ, ਕਪੂਰ ਹਸਪਤਾਲ ਚੋਂਕ, ਘੰਟਾ ਘਰ, ਰੇਲਵੇ ਸਟੇਸ਼ਨ, ਫਵਾਰਾ ਚੋਂਕ, ਮਾਲ ਰੋਡ, ਭਾਰਤ ਨਗਰ ਚੋਂਕ, ਕੋਚਰ ਮਾਰਕੀਟ, ਜਵਾਹਰ ਨਗਰ ਕੈਂਪ, ਬਸ ਅੱਡਾ, ਸ਼ਾਮ ਨਗਰ, ਰੇਲਵੇ ਕਲੋਨੀਆਂ ਸਮੇਤ ਬਹੁਤ ਸਾਰੇ ਇਲਾਕਿਆਂ ਵਿੱਚ ਬੰਦ ਦੀ ਸਫਲਤਾ ਨੇ ਬਦਲ ਰਹੇ ਸਿਆਸੀ ਸਮੀਕਰਨਾਂ ਦੀ ਚਰਚਾ ਵੀ ਛੇੜੀ। 
ਬਸ ਅੱਡੇ 'ਤੇ ਸਫ਼ਰ ਦੌਰਾਨ ਫਸੀਆਂ ਸਵਾਰੀਆਂ ਦੀ ਗਿਣਤੀ ਭਾਵੇਂ ਕਾਫੀ ਘੱਟ ਸੀ ਪਰ ਰੇਲਵੇ ਸਟੇਸ਼ਨ 'ਤੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਫਸੇ ਹੋਏ ਸਨ। 
ਰੇਲਵੇ ਸਟੇਸ਼ਨ ਦੇ ਅੰਦਰ ਆਉਣ ਅਤੇ ਬਾਹਰ ਜਾਣ ਲਈ ਬਣੇ ਤਿੰਨਾਂ ਰਸਤਿਆਂ 'ਤੇ ਭਾਰੀ ਪੁਲਿਸ ਫੋਰਸ ਬੈਰੀਕੇਡ ਲਗਾ ਕੇ ਮੌਜੂਦ ਨਜ਼ਰ ਆਈ। ਰੇਲਵੇ ਪਲੇਟਫਾਰਮਾਂ ਤੇ ਲੋਕ ਭਾਰੀ ਗਿਣਤੀ ਵਿੱਚ ਜਮਾ ਸਨ। ਇੱਕ ਤਾਂ ਸਵਾਰੀਆਂ ਨੂੰ ਲਿਜਾਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਭਾਰਤ ਬੰਦ ਕਾਰਨ ਦੂਜੇ ਸਟੇਸ਼ਨਾਂ ਤੋਂ ਲੁਧਿਆਣਾ ਪਹੁੰਚ ਹੀ ਨਹੀਂ ਸਕੀਆਂ ਅਤੇ ਜਿਹੜੀਆਂ ਪਹੁੰਚ ਗਈਆਂ ਉਹਨਾਂ ਨੂੰ ਅੱਗੇ ਨਹੀਂ ਸੀ ਤੋਰਿਆ ਗਿਆ। ਅਗਲੇ ਅਗਲੇਰੇ ਸਟੇਸ਼ਨਾਂ 'ਤੇ ਵੀ ਗੱਡੀਆਂ ਰੋਕੇ ਜਾਣ ਜਾਂ ਰੁਕਣ ਕਾਰਣ ਟਰੈਕ ਰੁਕੀ ਹੋਈ ਸੀ। ਸ਼ਤਾਬਦੀ ਵਰਗੀਆਂ ਰੇਲ ਗੱਡੀਆਂ ਦੀਆਂ ਸਵਾਰੀਆਂ ਪਰੇਸ਼ਾਨ ਨਜ਼ਰ ਆਈਆਂ। ਰੇਲਵੇ ਅਧਿਕਾਰੀਆਂ ਕੋਲ ਰੋਸ ਪ੍ਰਗਟ ਕਰਨ 'ਤੇ ਉਹਨਾਂ ਨੇ ਟਾਲ ਮਟੋਲ ਵਾਲਾ ਰਵਈਆ ਅਪਣਾਈ ਰੱਖਿਆ। 
ਬਸ ਸਟੈਂਡ 'ਤੇ ਨਿਜੀ ਬਸਾਂ ਦਾ ਸਟਾਫ ਵੀ ਫਰਸ਼ 'ਤੇ ਸੁੱਤਾ ਨਜ਼ਰੀ ਆਇਆ। ਇਸ ਸਟਾਫ ਨੂੰ ਇਥੇ ਪਹੁੰਚ ਕੇ ਪਤਾ ਲੱਗਿਆ ਕਿ ਅੱਜ ਬਸਾਂ ਨਹੀਂ ਚੱਲਣੀਆਂ। ਜਲੰਧਰ ਬਾਈਪਾਸ, ਕਪੂਰ ਹਸਪਤਾਲ ਚੋਂਕ, ਘੰਟਾ ਘਰ, ਜਗਰਾਓਂ ਪੁਲ ਅਤੇ ਭਾਰਤ ਨਗਰ ਚੋਕ ਰੋਸ ਵਖਾਵੀਆਂ ਦਾ ਮੁੱਖ ਕੇਂਦਰ ਬਣੇ ਰਹੇ।  
ਕਾਂਗਰਸ ਪਾਰਟੀ ਦੇ ਵਰਕਰ ਅਤੇ ਆਗੂ ਇਹਨਾਂ ਵਖਾਵਿਆਂ ਵਿੱਚ ਪੂਰੀ ਸਰਗਰਮੀ ਨਾਲ ਸ਼ਾਮਲ ਹੋਏ। ਸਰਕਾਰੀ ਪੱਧਰ  'ਤੇ ਕਰਾਈ ਗਈ ਛੁੱਟੀ ਨੇ ਬੰਦ ਨੂੰ ਹਿੰਸਕ ਟਕਰਾਓ ਤੋਂ ਬਚਾ ਲਿਆ। ਜੇ ਦਲਿਤ ਵਿਰੋਧੀ ਤਾਕਤਾਂ ਨੂੰ ਦੁਕਾਨਾਂ ਖੋਹਲਣ ਦੀ ਛੋਟ ਮਿਲ ਜਾਂਦੀ ਤਾਂ ਹਿੰਸਕ ਟਕਰਾਓ ਨਿਸਚਿਤ ਸਨ। ਕੈਪਟਨ ਸਰਕਾਰ ਨੇ ਬੜੀ ਸੂਝਬੂਝ ਅਤੇ ਦੂਰ ਅੰਦੇਸ਼ੀ ਤੋਂ ਕੰਮ ਲੈਂਦਿਆਂ ਇਸ ਨਾਜ਼ੁਕ ਸਮੇਂ ਨੂੰ ਸੰਭਾਲਿਆ। 

No comments: