Saturday, March 24, 2018

ਸਫਲਤਾ ਅਤੇ ਖੁਸ਼ੀਆਂ ਦਾ ਖਜ਼ਾਨਾ ਲਈ ਪੀਏਯੂ ਤੁਹਾਨੂੰ ਵੀ ਉਡੀਕ ਰਹੀ ਹੈ

ਹਿੰਮਤ, ਹੋਂਸਲਾ ਅਤੇ ਸਫਲਤਾ ਦੇ ਰਸਤੇ ਦਿਖਾਉਂਦੀ ਦਿਖਾਉਂਦੀ ਪੀਏਯੂ 
ਲੁਧਿਆਣਾ: 24 ਮਾਰਚ 2018: (ਕਾਰਤਿਕਾ ਸਿੰਘ, ਸ਼ੀਬਾ ਸਿੰਘ//ਪੰਜਾਬ ਸਕਰੀਨ ਟੀਮ):: 
ਖੇਤੀ ਅਤੇ ਕਿਸਾਨੀ ਦੇ ਅੰਤ ਦੀ ਦਸਤਕ ਤੇਜ਼ ਹੋ ਰਹੀ ਹੈ। ਲੱਗਦਾ ਹੈ ਭਿਆਨਕ  ਸਮਾਂ ਤੇਜ਼ੀ ਨਾਲ ਨੇੜੇ ਆ ਰਿਹਾ ਹੈ। ਇਸ ਲਈ ਕਿਸਾਨ ਮੇਲਿਆਂ ਵਿੱਚ ਵੀ ਕਿਸਾਨੀ ਅਤੇ ਖੇਤੀ ਦੀ ਚਰਚਾ ਲਗਾਤਾਰ ਘਟ ਰਹੀ ਹੈ ਲੇਕਿਨ ਘਰੇਲੂ ਉਦਯੋਗ ਲਗਾਤਾਰ ਖੁਸ਼ਹਾਲੀ ਲਿਆ ਰਹੇ  ਹਨ। ਇਸ ਵਾਰ ਵੀ ਕਿਸਾਨ ਮੇਲੇ ਮੌਕੇ ਪੁਸਤਕਾਂ ਦਾ ਮੇਲਾ ਸੀ, ਅਧਿਆਤਮ ਦਾ ਮੇਲਾ ਸੀ, ਤਰਕਸ਼ੀਲਾਂ ਦਾ ਵਿਚਾਰ ਮੇਲਾ ਸੀ, ਖੁਦਕੁਸ਼ੀਆਂ ਰੋਕਣ ਲਈ ਸਫਲ ਹੋ ਰਹੀ ਮੁਹਿੰਮ ਉਤਸ਼ਾਹ ਦਾ ਮੇਲਾ, ਜਲੇਬੀਆਂ ਅਤੇ ਪਕੌੜਾ  ਸੀ ਪਾਰ ਖੇਤੀ ਅਤੇ ਕਿਸਾਨੀ ਅਲੋਪ ਹੁੰਦੀ ਮਹਿਸੂਸ ਹੋ ਰਹਿ ਸੀ। ਇਸ ਮੇਲੇ ਵਿੱਚ ਅਜਿਹੇ ਸੈਲਫ ਹੈਲਪ ਗਰੁੱਪ ਵੱਡੀ ਗਿਣਤੀ ਵਿੱਚ ਮੌਜੂਦ ਸਨ ਜਿਹਨਾਂ ਨੇ ਪੀਏਯੂ ਕੋਲੋਂ ਟਰੇਨਿੰਗ ਲਈ, ਬਹੁਤ ਹੀ ਥੋਹੜੀ ਜਿਹੀ ਪੂੰਜੀ ਨਾਲ ਆਪੋ ਆਪਣਾ ਕੰਮਕਾਜ ਸ਼ੁਰੂ ਕੀਤਾ ਅਤੇ ਇਸ ਵਿੱਚ ਸਫਲਤਾ ਹਾਸਲ ਕੀਤੀ। ਆਓ ਤੁਹਾਨੂੰ ਮਿਲਵਾਉਂਦੇ ਹਾਂ ਜਗਰਾਓਂ ਦੀ ਅਨੀਤਾ ਗੋਇਲ, ਲੁਧਿਆਣਾ ਦੇ ਗੁਰਵੰਤ ਸਿੰਘ ਅਤੇ ਕੁਝ ਹੋਰਾਂ ਨਾਲ। ਅੱਜ ਇਹ ਲੋਕ ਆਪਣੇ ਪਰਿਵਾਰਾਂ ਸਮੇਤ ਆਰਥਿਕ ਆਜ਼ਾਦੀ ਵੱਲ ਵੱਧ ਰਹੇ ਹਨ। ਨਾ ਇਹਨਾਂ ਨੇ ਕਦੇ ਕੋਈ ਨੌਕਰੀ ਲਭੀ ਅਤੇ ਨਾ ਹੀ ਕਿਸੇ ਸਰਕਾਰ ਤੋਂ ਕੋਈ ਆਸ ਰੱਖੀ। ਆਪਣੀ ਹਿੰਮਤ ਅਤੇ ਲਗਨ ਨਾਲ ਇਹਨਾਂ ਨੇ ਉਹਨਾਂ ਰਾਹਾਂ 'ਤੇ ਕਦਮ ਵਧਾਏ ਜਿਹੜੇ ਚਮਤਕਾਰਾਂ ਵਰਗੀ ਸਥਿਤੀ ਵੱਲ ਲਿਜਾਂਦੇ ਹਨ। ਸਵੇਰੇ ਤੜਕਸਾਰ ਮੇਲੇ 'ਚ ਲੱਗੇ ਆਪਣੇ ਸਟਾਲ ਵਿੱਚ ਪੁੱਜ ਜਾਣਾ ਅਤੇ ਸ਼ਾਮ ਨੂੰ ਪਰਤ ਆਉਣਾ। ਮੇਲੇ ਦੇ ਇਹ ਦੋ ਦਿਨ ਇਹਨਾਂ ਨੂੰ ਇਹਨਾਂ ਦੀ ਹਢ਼ ਭੰਨਵੀਂ ਮਿਹਨਤ ਦਾ ਚੰਗਾ ਫਲ ਦੇ ਕੇ ਜਾਂਦੇ ਹਨ। ਜੇ ਇਹ  ਮੇਲਾ ਲਗਾਤਾਰ ਹਫਤਾ ਕੁ ਜਾਰੀ ਰਹੇ ਤਾਂ ਇਹਨਾਂ ਦੀ ਆਮਦਨ ਹੋਰ ਵੀ ਵੱਧ ਸਕਦੀ ਹੈ। 
ਜਗਰਾਓਂ ਤੋਂ ਆਈ ਅਨੀਤਾ ਗੋਇਲ ਨੇ ਦੱਸਿਆ ਕਿ ਉਹ ਹਰ ਸਾਲ ਆਪਣੇ ਨਾਲ ਇਸ ਮੇਲੇ ਵਿਚ ਆਉਂਦੀ ਹੈ। ਉਹਨਾਂ ਦਾ ਪਰਿਵਾਰ ਵੀ ਇਸ ਕੰਮ ਵਿੱਚ ਉਹਨਾਂ ਨੂੰ ਸਰਗਰਮ ਸਹਿਯੋਗ ਦੇਂਦਾ ਹੈ। ਆਚਾਰ, ਚਟਨੀਆਂ, ਮਸਾਲੇ, ਸ਼ਹਿਦ, ਬਿਸਕੁਟ ਅਤੇ ਛੋਲਿਆਂ ਵਾਲਿਆਂ ਸਪੈਸ਼ਲ ਪਿੰਨੀਆਂ। ਇਹ ਸਭ ਕੁਝ ਉਹਨਾਂ ਦੇ ਬਰਾਂਡ "ਜ਼ਾਇਕਾ"  ਹੇਠ ਬਣਦਾ ਹੈ। ਹਰ ਉਤਪਾਦਨ ਬੇਹੱਦ ਸੁਆਦ ਹੁੰਦਾ ਹੈ ਅਤੇ ਲੋਕ ਇਸ ਦੀ ਉਡੀਕ ਕਰਦੇ ਹਨ। ਸਫਲਤਾ ਦਾ ਇਹ ਚਮਤਕਾਰ ਰਾਤੋ ਰਾਤ ਨਹੀਂ ਹੋਇਆ। ਇਸ ਪਿੱਛੇ ਸਾਲਾਂ ਬੱਧੀ ਕੀਤੇ ਕੰਮ ਦੀ ਸਾਧਨਾ ਹੈ। ਕਦਮ ਕਦਮ 'ਤੇ ਆਈਆਂ ਮੁਸ਼ਕਲਾਂ ਦੀਆਂ ਕਈ ਕਹਾਣੀਆਂ ਹਨ। ਪੀਏਯੂ ਵੱਲੋਂ ਕਈ ਕਈ ਵਾਰ ਮਿਲੇ ਸਹਿਯੋਗ ਦੇ ਫਖਰਯੋਗ ਜ਼ਿਕਰ ਹਨ। ਪਰਿਵਾਰਿਕ ਜ਼ਿੰਮੇਦਾਰੀਆਂਦੇ ਨਾਲ ਨਾਲ ਇਸ ਬਰਾਂਡ ਨੂੰ ਸਫਲਤਾ ਦੇ ਅਸਮਾਨਾਂ ਤੱਕ ਪਹੁੰਚਾਉਣ ਲਈ ਕੀਤੇ ਮਿਹਨਤ ਦੇ ਅਨੁਭਵ ਹਨ। ਜਿਹਨਾਂ ਦਾ ਜ਼ਿਕਰ ਕਰਦਿਆਂ ਕਿ ਵਾਰ ਖੁਸ਼ੀ ਦੇ ਹੰਝੂ ਵੀ ਅੱਖਾਂ 'ਚ ਛਲਕ ਆਉਂਦੇ ਹਨ।  ਇਸਦੇ ਬਾਵਜੂਦ ਚਿਹਰੇ 'ਤੇ ਇਸ ਮਿਹਨਤ ਦੀ ਚਮਕ ਵੀ ਆਉਂਦੀ ਹੈ ਜਿਹੜੀ ਕਿਸੇ ਵੀ ਮੇਕ ਅਪ ਨਾਲ ਨਹੀਂ ਆਇਆ ਕਰਦੀ। ਬਿਨਾ ਕਿਸੇ ਘਿਓ, ਤੇਲ ਜਾਂ ਹੋਰ ਕਿਸੇ ਅਜਿਹੀ ਚੀਜ਼ ਦੇ ਬਣਾਏ ਲਜ਼ੀਜ਼ ਛੋਲੇ ਇੱਕ ਯਾਦਗਾਰੀ ਸੁਆਦ ਦੇਂਦੇ ਹਨ।  ਇਸਦੇ ਨਾਲ ਹੀ ਅਨੀਤਾ ਗੋਇਲ ਹੋਰਨਾਂ ਔਰਤਾਂ ਨੂੰ ਵੀ ਇਸ ਪਾਸੇ ਆਉਣ ਦੀ ਪ੍ਰੇਰਨਾ ਦੇਂਦੀ ਹੈ। ਲੁੜੀਂਦੀ ਸਿਖਲਾਈ ਦੇ ਨਾਲ ਨਾਲ ਸਹੀ ਰਸਤਾ ਵੀ ਦਿਖਾਉਂਦੀ ਹੈ ਜਿਹੜਾ ਉਸਨੇ ਲੰਮੇ ਸਮੇਂ ਤੱਕ ਕੀਤੀ ਬੜੀ ਮਿਹਨਤ ਨਾਲ ਖੁਦ ਲੱਭਿਆ ਸੀ। ਇਸ ਸਫਲਤਾ ਲਈ ਅਨੀਤਾ ਗੋਇਲ ਪੀਏਯੂ ਦੇ ਸਹਿਯੋਗ ਨੂੰ ਕਦੇ ਨਹੀਂ ਭੁੱਲਦੀ।  
ਇਸਦੇ ਨਾਲ ਹੀ ਗੱਲ ਕਰਦੇ ਹਾਂ ਗੁਰਵੰਤ ਸਿੰਘ ਦੀ। ਸਿਆਸੀ ਅਤੇ ਕਾਰੋਬਾਰੀ ਦੁਨੀਆ ਵਿੱਚ ਨਾਮਣਾ ਖੱਟਣ ਵਾਲੇ ਗੁਰਵੰਤ ਸਿੰਘ ਨੂੰ ਕਦੇ ਅੰਨਾ ਹਜ਼ਾਰੇ ਨਾਲ ਦੇਖਿਆ ਜਾਂਦਾ ਸੀ ਅਤੇ ਕਦੇ ਮੇਧਾ ਪਾਟੇਕਰ ਨਾਲ। ਹੁਣ ਉਹ ਆਪਣੇ ਪਰਿਵਾਰ ਸਮੇਤ ਪੀਏਯੂ ਦੇ ਕਿਸਾਨ ਮੇਲੇ ਵਿੱਚ ਹਰ ਵਾਰ ਆਉਂਦੇ ਹਨ। ਪੂਰਾ ਪਰਿਵਾਰ ਉਹਨਾਂ ਦਾ ਸਾਥ ਦੇਂਦਾ ਹੈ। ਛੋਟੀਆਂ ਛੋਟੀਆਂ  ਵੀ ਬੱਚੀਆਂ ਵੀ ਉਹਨਾਂ ਦੀ ਇਸ ਕਿਰਤ ਕਮਾਈ ਵਿੱਚ ਹੱਥ ਵਟਾਉਂਦੀਆਂ ਹਨ। ਕਿਸਾਨ ਮੇਲੇ ਦੇ ਸਟਾਲ 'ਤੇ ਕੰਮ ਕਰਦਿਆਂ ਸਾਰਾ ਸਾਰਾ ਦਿਨ ਧੁੱਪੇ ਖੜੋ ਕੇ ਜਦੋਂ ਚੇਹਰੇ ਦਾ ਰੰਗ ਸਾਂਵਲਾ ਹੋਣ ਲੱਗਦਾ ਹੈ, ਕਿਸਾਨ ਮੇਲੇ ਦੇ ਰਸਤਿਆਂ ਵਿੱਚ ਉੱਡਦੀ ਧੂੜ ਜਦੋਂ ਚਿਹਰਿਆਂ ਉੱਤੇ ਜੰਮ ਜਾਂਦੀ ਹੈ ਉਦੋਂ ਵੀ ਇੱਕ ਚਮਕ ਇਸ ਸਾਰੀ ਟੀਮ ਦੇ ਚਿਹਰਿਆਂ 'ਤੇ ਹੁੰਦੀ ਹੈ। ਕਿਰਤ ਦੀ ਚਮਕ। ਮਿਹਨਤ ਦੀ ਚਮਕ। ਆਪਣੇ ਕੰਮ ਦੀ ਚਮਕ। ਇਹ ਸਾਧਨਾ ਨਾਲ ਮਿਲੀ ਸਫਲਤਾ ਦੀ ਚਮਕ। ਗੁਰਵੰਤ ਸਿੰਘ ਅਤੇ ਉਹਨਾਂ ਦੀ ਪਤਨੀ ਵੱਲੋਂ ਸੰਚਾਲਿਤ "ਬੀਜੀ ਦੀ ਰਸੋਈ" ਅਤੇ ਸੈਲਫ ਹੈਲਪ ਗਰੁੱਪ "ਸਾਹਸ" ਵਰਗੇ ਬਰਾਂਡ ਬੜੇ ਹਰਮਨ ਪਿਆਰੇ ਹੋ ਚੁੱਕੇ ਹਨ। ਗੁਰਵੰਤ ਸਿੰਘ ਨੇ ਖੁਦ ਪੀਏਯੂ ਤੋਂ ਟਰੇਨਿੰਗ ਲਈ ਅਤੇ ਫਿਰ ਆਪਣੀ ਪਤਨੀ ਦੇ ਨਾਲ ਨਾਲ ਛੋਟੀਆਂ ਬੱਚੀਆਂ ਨੂੰ ਵੀ ਟਰੇਂਡ ਕੀਤਾ। ਦਲੀਆ ਹੋਵੇ ਜਾਂ ਆਂਵਲੇ ਦਾ ਸ਼ਰਬਤ,  ਰਸੋਈ ਦਾ ਸਮਾਂ ਹੋਵੇ ਜਾਂ ਇਸ ਸਮਾਂ ਨੂੰ ਰੱਖਣ ਵਾਲਾ ਸਟੈਂਡ ਹਰ ਚੀਜ਼ ਬੜੀ ਤੇਜ਼ੀ ਨਾਲ ਵਿਕਦੀ ਹੈ। ਗੁਰਵੰਤ ਸਿੰਘ ਨੇ ਵੀ ਕੋਈ ਘੱਟ ਮੁਸ਼ਕਲਾਂ ਨਹੀਂ ਦੇਖੀਆਂ। ਭਰਾ ਦੀ ਅਚਾਨਕ ਮੌਤ, ਸਾਈਕਲ ਉਤਪਾਦਨ ਦੇ ਕਾਰੋਬਾਰ ਦੀ ਤਬਾਹੀ ਅਤੇ ਹੋਰ ਕਿੰਨਾ ਹੀ ਕੁਝ। ਇਸਦੇ ਬਾਵਜੂਦ ਹਮੇਸ਼ਾਂ ਚੜਦੀਕਲਾ ਵਿੱਚ ਰਹਿਣਾ ਇਹ ਸ਼ਾਇਦ ਗੁਰਵੰਤ ਸਿੰਘ 'ਤੇ ਤਕਦੀਰ ਦੀ ਖਾਸ ਮੇਹਰਬਾਨੀ ਵੀ ਹੈ ਜਿਹੜੀ ਮੁਸ਼ਕਲਾਂ ਦੇ ਨਾਲ ਨਾਲ ਹਿੰਮਤ ਵੀ ਦੇਂਦੀ ਰਹੀ। ਹਰ ਮੁਸ਼ਕਲ ਤੋਂ ਬਾਅਦ ਗੁਰਵੰਤ ਸਿੰਘ ਜ਼ਿਆਦਾ ਮਜ਼ਬੂਤ ਹੋ ਏ ਨਿਕਲਿਆ। ਹਰ ਧੋਖੇ ਮਗਰੋਂ ਮਨੁੱਖਤਾ 'ਤੇ ਉਸਦਾ ਵਿਸ਼ਵਾਸ ਜ਼ਿਆਦਾ ਪੱਕਾ ਹੋਇਆ। 
ਆਪਣੀ ਸਫਲਤਾ ਲਈ ਗੁਰਵੰਤ ਸਿੰਘ ਨੇ ਵੀ ਪੀਏਯੂ ਦੀ ਬਹੁਤ ਸ਼ਲਾਘਾ ਕੀਤੀ। 
ਹੁਣ ਜਦੋਂ ਕਿ ਨਿਰਾਸ਼ਾ, ਮੰਦਹਾਲੀ ਅਤੇ ਖੁਦਕੁਸ਼ੀਆਂ ਦਾ ਮੌਸਮ ਤੇਜ਼ ਹੋ ਰਿਹਾ ਹੈ ਉਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਜਿਹੇ ਪਰਿਵਾਰਾਂ ਨੂੰ ਸਫਲਤਾ ਤੋਂ ਮਿਲਦੀ ਖੁਸ਼ੀ ਦੇ ਕਰਿਸ਼ਮੇ ਵਾਂਗ ਸਾਹਮਣੇ ਲਿਆ ਰਹੀ ਹੈ। ਬਿਨਾ ਕਿਸੇ ਰੌਲੇਰੱਪੇ ਦੇ। ਪੀਏਯੂ ਮਗਨ ਹੈ ਇਸ ਨਾਜ਼ੁਕ ਸਮੇਂ ਵਿੱਚ ਵੀ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ। ਕਿ ਤੁਸੀਂ ਵੀ ਨਵਾਂ ਇਤਿਹਾਸ ਰਚ ਲਈ ਇਸ ਕਾਫ਼ਿਲੇ ਵਿੱਚ ਆਉਣਾ ਚਾਹੁੰਦੇ ਹੋ? ਜੇ ਹਾਂ ਤਾਂ ਦੇਰ ਨਾ ਕਰੋ-ਪੀਏਯੂ ਤੁਹਾਨੂੰ ਵੀ ਉਡੀਕ ਰਹੀ ਹੈ। 

No comments: