Saturday, March 31, 2018

ਜਮਹੂਰੀ ਅਧਿਕਾਰ ਸਭਾ ਵੱਲੋਂ ਦਲਿਤ ਵਰਗ ਦੇ ਜਮਹੂਰੀ ਹੱਕਾਂ ਦੀ ਹਮਾਇਤ

Sat, Mar 31, 2018 at 5:49 PM
ਜਮਹੂਰੀ ਅਧਿਕਾਰ ਸਭਾ ਦੀ ਜ਼ਿਲਾ ਲੁਧਿਆਣਾ ਇਕਾਈ ਵੱਲੋਂ ਅਹਿਮ ਮੀਟਿੰਗ 

ਲੁਧਿਆਣਾ: 31 ਮਾਰਚ 2018: (ਪੰਜਾਬ ਸਕਰੀਨ ਬਿਊਰੋ)::
ਦੇਸ਼ ਦੇ ਹਾਲਾਤ ਫਿਰ ਨਾਜ਼ੁਕ ਹਨ। ਸੋਮਵਾਰ 2 ਅਪਰੈਲ ਦੇ ਭਾਰਤ ਬੰਦ ਨੂੰ ਲੈ ਕੇ ਤਰਾਂ ਤਰਾਂ ਦੀਆਂ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਹਨ। ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦਾ ਭਾਂਡਾ ਦਲਿਤ ਵਰਗ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਿਰ ਭੰਨਿਆ ਜਾ ਰਿਹਾ ਹੈ। ਅਜਿਹਾ ਸਭ ਕੁਝ ਬੜੇ ਹੀ ਸਾਜ਼ਿਸ਼ੀ ਢੰਗ ਤਰੀਕਿਆਂ ਨਾਲ ਕੀਤਾ ਜਾ ਰਿਹਾ ਹੈ। ਕੂੜ ਪਰਚਾਰ  ਦੀ ਇਸ ਮੁਹਿੰਮ ਨਾਲ ਜਿੱਥੇ ਦਲਿਤਾਂ ਨਾਲ ਹੁੰਦੀਆਂ ਆਈਆਂ ਬੇਇਨਸਾਫੀਆਂ ਨੂੰ ਨਜ਼ਰ ਅੰਦਾਜ਼ ਕਰਨ ਦੀ ਨਾਪਾਕ ਸਾਜ਼ਿਸ਼ ਚੱਲ ਰਹੀ ਹੈ ਉੱਥੇ ਦੇਸ਼ ਦੀ ਜਨਤਾ ਨੂੰ ਮੁਢਲੀਆਂ ਸਹੂਲਤਾਂ ਦੇਣ ਵਿੱਚ ਵੀ ਨਾਕਾਮ ਰਹੇ ਸਿਸਟਮ ਨੂੰ ਇਸਦੀ ਜ਼ਿੰਮੇਵਾਰੀ ਤੋਂ ਬਰੀ ਕਰਾਉਣ ਦੀ ਕੋਸ਼ਿਸ਼ ਹੋ ਰਹੀ ਹੈ। 
ਇਸ ਸਾਰੀ ਸਥਿਤੀ 'ਤੇ ਵਿਚਾਰ ਕਰਨ ਲਈ ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲਾ ਲੁਧਿਆਣਾ ਇਕਾਈ ਨੇ ਆਪਣੀ ਅਹਿਮ ਮੀਟਿੰਗ ਵਿੱਚ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ। ਇਸ ਮੀਟਿੰਗ ਜਸਵੰਤ ਜੀਰਖ ਦੀ ਪਰਧਾਨਗੀ ਹੇਠ ਬੀਬੀ ਅਮਰ ਕੌਰ ਯਾਦਗਾਰੀ ਹਾਲ (ਆਰਤੀ ਚੌਂਕ) ਲੁਧਿਆਣਾ ਵਿਖੇ ਹੋਈ। ਮੀਟਿੰਗ ਦੌਰਾਨ ਪਿਛਲੀਆਂ ਸਰਗਰਮੀਆਂ ਦਾ ਰਿਵਿਊ ਕਰਦਿਆਂ ਅਗਲੇ ਕੰਮਾਂ ਦੀ ਵਿਉਂਤਬੰਦੀ ਬਣਾਈ ਗਈ। ਮੀਟਿੰਗ ਦੌਰਾਨ ਦੇਸ਼ ਵਿੱਚ ਦਿਨੋ ਦਿਨ ਵੱਧ ਰਹੇ ਫਿਰਕੂ ਫਾਸ਼ੀਵਾਦ ਦੇ ਰੁਝਾਨ ਨੂੰ ਬਹੁਤ ਹੀ ਗੰਭੀਰਤਾ ਨਾਲ ਵਿਚਾਰਿਆ ਗਿਆ। ਤਹਿ ਕੀਤਾ ਗਿਆ ਕਿ ਇਸ ਗੰਭੀਰ ਮਸਲੇ ਸਬੰਧੀ ਚੇਤਨਤਾ ਫੈਲਾਉਣ ਲਈ ਵੱਖ ਵੱਖ ਸੈਮੀਨਾਰ ਅਤੇ ਗੋਸ਼ਟੀਆਂ ਆਦਿ ਵਰਗੇ ਆਯੋਜਨ ਕਰਵਾਏ ਜਾਣ।
    ਮੀਟਿੰਗ ਦੌਰਾਨ 2 ਅਪਰੈਲ ਨੂੰ ਦਲਿਤ ਜੱਥੇਬੰਦੀਆਂ ਵੱਲੋਂ ਆਪਣੇ ਜਮਹੂਰੀ ਹੱਕਾਂ ਲਈ ਵਿੱਢੇ ਸੰਘਰਸ਼ ਦਾ ਸਮਰਥਨ ਦੇਣ ਲਈ ਸਰਵ ਸੰਮਤੀ ਨਾਲ ਫੈਸਲਾ ਲਿਆ ਗਿਆ। ਸੰਵਿਧਾਨਿਕ ਤੌਰ ਤੇ ਦਲਿਤ ਵਰਗ ਨੂੰ ਮਿਲੇ ਹੱਕਾਂ ਨੂੰ ਖਤਮ ਕਰਨ ਵਾਲੀ ਸਿਆਸਤ ਦਾ ਖੰਡਨ ਕੀਤਾ ਗਿਆ। ਮੀਟਿੰਗ ਵਿੱਚ ਸਤੀਸ਼ ਸੱਚਦੇਵਾ, ਡਾ. ਹਰਬੰਸ ਗਰੇਵਾਲ, ਰਣਜੋਧ ਸਿੰਘ, ਮਾਸਟਰ ਜਰਨੈਲ ਸਿੰਘ, ਬਲਵਿੰਦਰ ਸਿੰਘ, ਰੈਕਟਰ ਕਥੂਰੀਆ, ਮਾਸਟਰ ਜਸਦੇਵ ਸਿੰਘ, ਮਾਸਟਰ ਰਮਨਜੀਤ ਸੰਧੂ ਅਤੇ ਅਰੁਣ ਕੁਮਾਰ ਸ਼ਾਮਲ ਸਨ। ਸਾਥੀ ਪਰਦੀਪ ਸ਼ਰਮਾਨੇ ਵੀ ਆਪਣੀ ਹਾਜ਼ਿਰੀ ਲਗਵਾਈ।  

No comments: