Friday, March 30, 2018

ਸੀਪੀਆਈ ਦੀ 23ਵੀਂ ਸੂਬਾ ਕਾਨਫਰੰਸ 4 ਤੋਂ 6 ਅਪਰੈਲ ਤੱਕ ਅੰਮ੍ਰਿਤਸਰ ਵਿੱਚ

ਕਾਮਰੇਡ ਅਰਸ਼ੀ ਨੂੰ ਹੀ ਦੁਬਾਰਾ ਸਕੱਤਰ ਚੁਣੇ ਜਾਣ ਦੀ ਸੰਭਾਵਨਾ 
ਚੰਡੀਗੜ: 29 ਮਾਰਚ 2018: (ਪੰਜਾਬ ਸਕਰੀਨ ਬਿਊਰੋ)::  
ਸੀ ਪੀ ਆਈ ਦੀ ਪੰਜਾਬ ਸੂਬਾ ਕੌਂਸਲ ਨੇ ਪੰਜਾਬ ਦੀ ਆਰਥਿਕ ਅਤੇ ਸਮਾਜਿਕ ਹਾਲਤਾਂ ਬਾਰੇ ਖਰੜਾ ਰਿਪੋਰਟ 'ਤੇ ਵਿਸ਼ੇਸ਼ ਵਿਚਾਰ ਕੀਤੀ। ਇਹ ਰਿਪੋਰਟ ਅੰਮ੍ਰਿਤਸਰ ਦੀ ਉਸ ਇਤਿਹਾਸਿਕ ਧਰਤੀ 'ਤੇ ਪੇਸ਼ ਕੀਤੀ ਜਾਣੀ ਹੈ ਜਿੱਥੇ ਕਦੇ ਸੀਪੀਆਈ ਨੇ ਸਿਰ ਧੜ ਦੀ ਬਾਜ਼ੀ ਲਗਾ ਕੇ "ਫਿਰਕਪਰ੍ਸਤੀ" ਵਿਰੁੱਧ ਜੰਗ ਲੜੀ ਸੀ। ਇਹ ਉਹ ਦਿਨ ਸਨ ਜਦੋਂ ਪਾਰਟੀ ਦਾ ਦਫਤਰ ਅਤੇ ਪਾਰਟੀ ਦੇ ਲੀਡਰ ਖਤਰਿਆਂ ਵਿੱਚ ਸਨ।  ਉਸ ਧਰਤੀ 'ਤੇ ਪਾਰਟੀ ਦੀ ਵਿਸ਼ੇਸ਼ ਕਾਨਫਰੰਸ 4-5-6 ਅਪਰੈਲ 2018 ਨੂੰ  ਹੋਣ ਜਾ ਰਹੀ ਹੈ। ਇਹ ਇਕੱਤਰਤਾ ਪਾਰਟੀ ਦੀ 23ਵੀਂ ਸੂਬਾ ਪਾਰਟੀ ਕਾਨਫਰੰਸ ਹੋਵੇਗੀ। ਇਸ ਮੌਕੇ ਤੇ ਪਾਰਟੀ ਦੇ ਜੱਥੇਬੰਦਕ ਢਾਂਚੇ ਵਿੱਚ ਵੀ ਤਬਦੀਲੀ ਆ ਸਕਦੀ ਹੈ ਅਤੇ ਨੀਤੀਆਂ ਵਿੱਚ ਵੀ। ਇਸ ਕਾਨਫਰੰਸ ਮਗਰੋਂ ਸਿਆਸੀ ਸਮੀਕਰਨ ਵੀ ਬਦਲ ਸਕਦੇ ਹਨ। ਸਮਝਿਆ ਜਾ ਰਿਹਾ  ਹੈ ਕਿ ਇਸ ਕਾਮਰੇਡ ਅਰਸ਼ੀ ਨੂੰ ਹੀ ਦੁਬਾਰਾ ਸੂਬਾ ਸਕੱਤਰ ਚੁਣ ਲਿਆ ਜਾਵੇਗਾ।  ਪਾਰਟੀ ਦੇ ਜੱਥੇਬੰਕ ਢਾਂਚੇ ਨੂੰ ਨਵੀਂ ਬਣਤਰ ਦੇਂਦਿਆਂ ਪਰਧਾਨ ਦਾ ਅਹੁਦਾ ਸਿਰਜੇ ਜਾਣ ਦੀ ਵੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਆਮ ਤੌਰ ਤੇ ਕਮਿਊਨਿਸਟ ਪਾਰਟੀਆਂ ਵਿੱਚ ਸਿਰਫ ਸਕੱਤਰ ਦੀ ਪੋਸਟ ਹੁੰਦੀ ਹੈ। 
ਅੰਮਰਿਤਸਰ ਦੀ ਪਾਵਨ ਧਰਤੀ 'ਤੇ ਇਹ ਸੰਮੇਲਨ ਉਦੋਂ ਹੋ ਰਿਹਾ ਹੈ ਜਦੋਂ ਸੂਬੇ ਵਿੱਚ ਕਾਂਗਰਸ ਸਰਕਾਰ ਹੈ ਪਾਰ ਇਹ ਸਰਕਾਰ ਲੋਕਾਂ ਦੀਆਂ ਆਸਾਂ ਉਮੀਦਾਂ 'ਤੇ ਪੂਰਾ ਨਹੀਂ ਉਤਰ ਸਕੀ। ਸੀਪੀਆਈ ਇਸ ਮੁੱਦੇ 'ਤੇ ਕਾਂਗਰਸ ਸਰਕਾਰ ਦੇ ਖਿਲਾਫ ਸਖਤ ਰੁੱਖ ਅਪਣਾਉਂਦੀ ਹੈ ਜਾਂ ਨਹੀਂ ਇਸਦਾ ਪਤਾ ਇਸ ਕਾਨਫਰੰਸ ਵਿੱਚ ਹੀ ਲੱਗਣਾ ਹੈ। ਖੁਦਕੁਸ਼ੀਆਂ, ਅਮਨ ਕਾਨੂੰਨ ਦੀ ਹਾਲਤ, ਬਿਜਲੀ ਦੀਆਂ ਦਰਾਂ ਵਿੱਚ ਵਾਧਾ ਅਤੇ ਹੋਰ ਕਈ ਗੱਲਾਂ ਹਨ ਜਿਹਨਾਂ ਨੂੰ ਲੈ ਕੇ ਸੀਪੀਆਈ ਦੇ ਕੇਦਰ ਵਿੱਚ ਤਿੱਖਾ ਰੋਸ ਹੈ। ਇਸ ਤਿੱਖੇ ਰੋਸ ਦੇ ਬਾਵਜੂਦ ਪਾਰਟੀ ਕੋਈ ਅਜਿਹਾ ਕਦਮ ਨਹੀਂ ਚੁੱਕ ਸਕਦੀ ਜਿਸ ਨਾਲ ਮੋਦੀ ਸਰਕਾਰ ਜਾਂ ਇਸਦੇ ਭਾਈਵਾਲ ਅਕਾਲੀ ਦਲ ਨੂੰ ਕੋਈ ਫਾਇਦਾ ਪਹੁੰਚ ਸਕਦਾ ਹੋਵੇ। ਇਸ ਲਈ ਸਮਾਂ ਨਾਜ਼ੁਕ ਹੈ। ਇਸ ਵਿੱਚ ਫੌਰੀ ਸੰਘਰਸ਼ਾਂ ਦੇ ਨਾਲ ਨਾਲ ਲੰਮੇ ਸੰਘਰਸ਼ਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਹੈ। 
ਸੂਬਾ ਕਾਨਫਰੰਸਾਂ ਦਾ ਸਿਲਸਿਲਾ ਮੁੱਕਣ ਮਗਰੋਂ ਸੀਪੀਆਈ ਦੀ 23ਵੀਂ  ਕੌਮੀ ਕਾਨਫਰੰਸ ਕੋਲਮ (ਕੇਰਲਾ) ਵਿੱਚ 23 ਤੋਂ 25 ਅਪਰੈਲ ਤੱਕ ਹੋਣੀ ਹੈ। 
ਇਸ ਮੌਕੇ ਕਿ ਪੰਜਾਬ ਅਤੇ ਦੇਸ਼ ਦੇ ਬਾਕੀ ਹਿੱਸਿਆਂ ਨਾਲ ਸਬੰਧਤ ਕਈ ਅਹਿਮ ਮੁੱਦਿਆਂ 'ਤੇ ਵਿਚਾਰ ਹੋਣੀ ਹੈ। ਇਸ ਖਰੜਾ ਰਿਪੋਰਟ ਨੇ ਇਹ ਵੀ ਧਿਆਨ ਦੁਆਇਆ ਹੈ ਕਿ ਸਾਡਾ ਰਾਜ ਖੇਤੀਬਾੜੀ ਅਤੇ ਉਦਯੋਗਿਕ ਦੋਹਾਂ ਖੇਤਰਾਂ ਵਿਚ ਗੰਭੀਰ ਆਰਥਿਕ ਸੰਕਟ 'ਚੋਂ ਲੰਘ ਰਿਹਾ ਹੈ। ਕਰਜ਼ਾ ਗਰਸਤ  ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਲਈ ਮਜਬੂਰ ਹੋ ਰਹੇ ਹਨ। ਕਾਂਗਰਸ ਰਾਜ ਦੇ ਇਕ ਸਾਲ ਵਿਚ ਹੀ ਅਜਿਹੀਆਂ ਖੁਦਕੁਸ਼ੀਆਂ ਦੀ ਗਿਣਤੀ ਚਾਰ ਸੌ ਤੱਕ ਜਾ ਪੁੱਜੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ, ਖੇਤ ਮਜ਼ਦੂਰਾਂ ਦੇ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ, ਪਰ ਚੋਣਾਂ ਜਿੱਤਣ ਮਗਰੋਂ ਇਸ ਨੂੰ ਲਾਗੂ ਕਰਨ ਦੀ ਥਾਂ ਅੰਕੜਿਆਂ ਦੇ ਲਾਰੇ-ਲੱਪੇ ਲਾ ਰਿਹਾ ਹੈ। ਚੋਣਾਂ ਤੋਂ ਪਹਿਲਾਂ ਕੀਤੇ ਹੋਰ ਵਾਅਦੇ ਵੀ ਅਮਲ ਵਿਚ ਨਹੀਂ ਲਿਆਂਦੇ ਗਏ। ਜਿਵੇਂ ਬੇਰੁਜ਼ਗਾਰਾਂ ਲਈ ਨੌਕਰੀ, ਪੈਨਸ਼ਨ ਤੇ ਸ਼ਗਨ ਸਕੀਮ ਦੀ ਰਕਮ ਵਧਾਉਣਾ ਆਦਿ।
ਕਾਮਰੇਡ ਹਰਦੇਵ ਸਿੰਘ ਅਰਸ਼ੀ ਸੂਬਾ ਸਕੱਤਰ ਨੇ ਰਿਪੋਰਟ ਦਾ ਖਰੜਾ ਪੇਸ਼ ਕੀਤਾ ਅਤੇ ਕਿਹਾ ਕਿ ਇਹ ਸੂਬਾ ਕਾਨਫਰੰਸ ਸੀ ਪੀ ਆਈ ਨੂੰ ਮਜ਼ਬੂਤ ਕਰਨ ਲਈ ਢੰਗ-ਤਰੀਕਿਆਂ 'ਤੇ ਵਿਚਾਰ ਕਰੇਗੀ। 
ਸੂਬਾ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ 4 ਅਪਰੈਲ ਨੂੰ ਸਵੇਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਹਮਣੇ ਕਬੀਰ ਪਾਰਕ ਵਿਚ ਇਕ ਜਨਤਕ ਰੈਲੀ ਕੀਤੀ ਜਾਵੇਗੀ, ਜਿਸ ਨੂੰ ਸੂਬਾ ਅਤੇ ਕੇਂਦਰੀ ਆਗੂਆਂ ਤੋਂ ਇਲਾਵਾ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਸੁਧਾਕਰ ਰੈਡੀ ਮੁਖਾਤਬ ਕਰਨਗੇ। ਕਾਨਫਰੰਸ ਵਿਚ ਰਾਜ ਭਰ ਵਿਚੋਂ 300 ਦੇ ਲੱਗਭੱਗ ਡੈਲੀਗੇਟ ਭਾਗ ਲੈਣਗੇ।
ਸੂਬਾ ਕੌਂਸਲ, ਜਿਸ ਦੀ ਮੀਟਿੰਗ ਦੀ ਪਰਧਾਨਗੀ ਸਰਵਸਾਥੀ ਗੁਲਜ਼ਾਰ ਸਿੰਘ ਗੁਰਦਾਸਪੁਰ, ਲਖਬੀਰ ਸਿੰਘ ਨਿਜ਼ਾਮਪੁਰਾ ਅਤੇ ਬੀਬੀ ਨਰਿੰਦਰਪਾਲ ਨੇ ਕੀਤੀ, ਨੇ ਭਖਦੇ ਮਸਲਿਆਂ 'ਤੇ ਕਈ ਮਤੇ ਪਾਸ ਕੀਤੇ। 
ਮੁਲਾਜ਼ਮਾਂ ਦੇ ਚੱਲ ਰਹੇ ਸੰਘਰਸ਼ਾਂ ਬਾਰੇ ਇਕ ਮਤੇ ਵਿਚ ਕਿਹਾ ਕਿ ਠੇਕਾ ਅਧਿਆਪਕ, ਆਂਗਣਵਾੜੀ ਅਤੇ ਦੂਜੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਹਨ, ਜਿਹਨਾਂ ਨਾਲ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਵਾਅਦੇ ਕੀਤੇ ਸਨ, ਪਰ ਉਹਨਾਂ ਨੂੰ ਮੰਨਣ ਦੀ ਥਾਂ ਉਹਨਾਂ ਉੱਤੇ ਜਬਰ ਕੀਤਾ ਜਾਂਦਾ ਹੈ। ਲੁਧਿਆਣਾ ਵਿਚ ਅਤੇ ਹੋਰ ਥਾਵਾਂ ਦੇ ਪੁਰਅਮਨ ਰੋਸ ਵਖਾਵਿਆਂ ਉੱਤੇ ਵੀ ਦਮਨ ਕੀਤਾ ਗਿਆ। ਕਾਰਪੋਰੇਸ਼ਨ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਅਤੇ ਕਿ ਹੋਰ ਅਹਿੱਮ ਗੱਲਾਂ ਤੇ ਵੀ ਪਾਰਟੀ ਕਾਨਫਰੰਸ ਵਿੱਚ ਖੁਲ ਕੇ ਵਿਚਾਰ ਹੋਵੇਗੀ। ਇਹਨਾਂ ਵਿਚਾਰਾਂ ਦੀ ਰੌਸ਼ਨੀ ਵਿੱਚ ਪਾਰਟੀ ਦੀ ਸਿਆਸੀ ਲਾਈਨ ਵਿੱਚ ਕੁਝ ਹੋਰ ਸਖਤੀ ਆਉਣ ਦੀ ਵੀ ਸੰਭਾਵਨਾ ਹੈ। 

No comments: