Thursday, March 29, 2018

2020 ਤੱਕ ਮਿਸਲਸ ਨੂੰ ਖ਼ਤਮ ਕਰਨ ਅਤੇ ਰੁਬੇਲਾ ਨੂੰ ਕੰਟਰੋਲ ਕਰਨ ਦੀ ਮੁਹਿੰਮ

Thu, Mar 29, 2018 at 10:21 AM
ਜਲੰਧਰ ਸਕੂਲ ਵਿਖੇ ਡਾਕਟਰ ਹੇਮੰਤ ਮਲਹੋਤਰਾ ਦੀ ਵਿਸ਼ੇਸ਼ ਫੇਰੀ 
ਜਲੰਧਰ: 28  ਮਾਰਚ 2018: (ਰਾਜਪਾਲ ਕੌਰ//ਪੰਜਾਬ ਸਕਰੀਨ):: 
ਵਿਕਾਸ ਦੇ ਨਾਲ ਨਾਲ ਜਿੱਥੇ ਜ਼ਿੰਦਗੀ ਦੀਆਂ ਉਲਝਣਾਂ ਵੱਧ ਰਹੀਆਂ ਹਨ ਉੱਥੇ ਸਿਹਤ ਦੀਆਂ ਸਮੱਸਿਆਵਾਂ ਵੀ ਆਪਣੇ ਰੰਗ ਰੂਪ ਬਦਲ ਕੇ ਗੰਭੀਰ ਹੋ ਰਹੀਆਂ ਹਨ। ਪਾਣੀ, ਦੁੱਧ, ਸਬਜ਼ੀਆਂ, ਫਲ ਅਨਾਜ ਅਤੇ ਬਹੁਤ ਸਾਰੀਆਂ ਚੀਜ਼ਾਂ ਹਨ ਜਿਹਨਾਂ ਦੇ  ਸ਼ੁੱਧ ਮਿਲਣ ਦੀ ਕੋਈ ਗਾਰੰਟੀ ਨਹੀਂ। ਇਹ ਜਿਸ ਤਰਾਂ ਦੀਆਂ ਮਿਲਦੀਆਂ ਹ ਉਸੇ ਤਰਾਂ ਦੀ ਸਵੀਕਾਰ ਕਰਨੀਆਂ ਪੈਂਦੀਆਂ ਹਨ। ਆਉਣ ਵਾਲੇ ਸਮੇਂ ਵਿੱਚ ਇਹ ਸਮੱਸਿਆ ਹੋਰ ਗੰਭੀਰ ਹੋਣਾ ਅਟੱਲ ਹੈ। ਘਰਾਂ ਵਿੱਚ ਥੋਹੜੀ ਜਿਹੀ ਥਾਂ ਨਿਜੀ ਬਗੀਚੀ ਲਈ ਛੱਡ ਕੇ ਸ਼ਾਇਦ ਕੋਈ ਸੰਭਾਵਨਾ ਬਚ ਜਾਵੇ। ਅਜਿਹੀ ਨਾਜ਼ੁਕ ਹਾਲਤ ਵਿੱਚ ਸਿਹਤ ਸੰਭਾਲ ਖਤਰਿਆਂ ਵਿੱਚ ਹੈ। ਸਰਕਾਰ ਦੇ ਸਿਹਤ ਵਿਭਾਗ ਇਸ ਮਕਸਦ ਲਈ ਜੋ ਜੋ ਕੁਝ ਕਰ ਸਕਦੇ ਹਨ ਉਹ ਕੁਝ ਸਰਗਰਮੀ ਨਾਲ ਹੋ ਵੀ ਰਿਹਾ ਹੈ। ਇਸਦੀ ਤਾਜ਼ਾ ਮਿਸਾਲ ਮਿਲੀ ਜਲੰਧਰ ਸਕੂਲ ਵਿੱਚ ਆਈ ਮਾਹਰ ਡਾਕਟਰਾਂ ਦੀ ਟੀਮ ਨੂੰ ਦੇਖ ਕੇ। 
ਜਲੰਧਰ ਸਕੂਲ ,ਗਦਾਈਪੁਰ ਵਿਖੇ ਅੱਜ ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਦੀ ਕੁਝ ਮਾਹਿਰ ਡਾਕਟਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਆਯੂਰਵੈਦਿਕ ਮੈਡੀਕਲ ਅਫਸਰ ਡਾਕਟਰ ਹੇਮੰਤ ਮਲਹੋਤਰਾ ਵਲੋਂ ਬੱਚਿਆਂ ਨੂੰ ਖਤਰਨਾਕ ਬਿਮਾਰੀਆਂ ਤੋਂ ਬਚਾਉਣ ਦੀ ਖਾਸ  ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਸਰਕਾਰ ਵਲੋਂ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਲਈ ਮਿਸਲਸ ਅਤੇ ਰੁਬੇਲਾ ਟੀਕਾਕਰਣ ਅਭਿਆਨ ਸ਼ੁਰੂ ਕੀਤਾ ਗਿਆ ਹੈ ,ਜੋ ਬਹੁਤ ਹੀ ਸੁਰੱਖਿਅਤ ਹੈ ਅਤੇ ਸਾਰੇ ਬੱਚਿਆਂ ਲਈ ਬਹੁਤ ਜਰੂਰੀ ਵੀ।  ਉਹਨਾਂ ਦੱਸਿਆ ਕਿ ਇਹ ਉਪਰਾਲਾ ਐਸ.ਐਮ.ਓ ਕਰਤਾਰਪੁਰ ਡਾਕਟਰ ਊਸ਼ਾ ਕੁਮਾਰੀ ਦੇ ਨਿਰਦੇਸ਼ ਅਨੁਸਾਰ ਅਤੇ ਏ. ਐਨ.ਐਮ ਜਯੋਤੀ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਹੈ। ਉਹਨਾਂ ਅਨੁਸਾਰ ਇਹ ਟੀਕਾਕਰਨ ਸਰਕਾਰ ਵਲੋਂ ਬਿਲਕੁਲ ਮੁਫ਼ਤ ਅਤੇ ਸੁਰੱਖਿਤ ਰੂਪ ਨਾਲ ਸਕੂਲ ਵਿੱਚ ਹੀ ਮੁਹਈਆ ਕਰਵਾਇਆ ਜਾਵੇਗਾ।  ਡਾਕਟਰ ਹੇਮੰਤ ਨੇ ਅੱਗੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਸਰਕਾਰ ਵਲੋਂ 2020 ਤੱਕ ਮੀਸਲਸ ਨੂੰ ਖ਼ਤਮ ਕਰਨ ਅਤੇ ਰੁਬੇਲਾ  ਨੂੰ ਕੰਟਰੋਲ ਕਰਨ ਦਾ ਉਦੇਸ਼ ਹੈ। ਸਮੁਚੇ ਸਕੂਲ ਸਟਾਫ ਅਤੇ ਮੁੱਖ-ਅਧਿਆਪਕਾ ਰਾਜਪਾਲ ਕੌਰ ਵਲੋਂ ਡਾਕਟਰ ਸਾਹਿਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਸਿਹਤ ਪੱਖੋਂ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ। ਮੈਡਮ ਮੀਨਾਕਸ਼ੀ ਨੇ ਵੀ ਬਹੁਤ ਚੰਗੇ ਤਰੀਕੇ ਨਾਲ ਸਟੇਜ ਦਾ ਸੰਚਾਲਨ ਕੀਤਾ ਅਤੇ ਡਾਕਟਰ ਸਾਬ ਦਾ ਧੰਨਵਾਦ ਵੀ ਕੀਤਾ। 

No comments: