Wednesday, February 21, 2018

ਹਰਮੀਤ ਵਿਦਿਆਰਥੀ ਵੱਲੋਂ ਮਾਤ ਭਾਸ਼ਾ ਦਿਵਸ ਮੌਕੇ ਖਾਸ

ਅਸੀਂ ਬੇਸ਼ਰਮ//ਸਾਡੀਆਂ ਸਰਕਾਰਾਂ ਬੇਈਮਾਨ

ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਦ੍ਹੀ`ਚ ਪਲ ਕੇ ਜਵਾਨ ਹੋਇਓ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ,
ਜਿੱਥੇ ਖਲਾ ਖਲੋਤਾ ਏਂ ਥਾਂ ਛੱਡ ਦੇ।
ਮੈਨੂੰ ਇੰਝ ਲੱਗਦਾ,ਲੋਕੀਂ ਆਖਦੇ ਨੇ,
ਤੂੰ ਪੁੱਤਰਾਂ ਆਪਣੀ ਮਾਂ ਛੱਡ ਦੇ।
(ਉਸਤਾਦ ਦਾਮਨ ਦੇ ਇਹ ਬੋਲ 'ਮਾਤ-ਭਾਸ਼ਾ ਦੇ ਦਿਵਸ' ਦੇ ਮੌਕੇ...ਪੰਜਾਬੀਆਂ ਲਈ....)
ਸਿਆਣੇ ਆਖਦੇ ਨੇ
ਮਨੁੱਖ ਦੀਆਂ ਤਿੰਨ ਮਾਵਾਂ ਹੁੰਦੀਆਂ ਨੇ
ਮਾਂ ਜਨਣੀ
ਮਾਂ ਧਰਤੀ
ਅਤੇ
ਮਾਂ ਬੋਲੀ
ਅਸੀਂ ਤਿੰਨੇ ਵਿਸਾਰ ਛੱਡੀਆਂ
ਅਸੀਂ ਤਿੰਨਾਂ ਦੇ ਮੁਜਰਿਮ
ਰੋਜ਼ ਸਾਡੇ ਆਲੇ ਦੁਆਲੇ
ਉੱਸਰ ਰਹੇ ਬਿਰਧ ਆਸ਼ਰਮ
ਦੱਸਦੇ ਨੇ
ਕਿ ਸਾਡੇ ਘਰਾਂ ਚ ਮਾਂ ਜਨਣੀ ਦੀ ਹਾਲਤ ਠੀਕ ਨਹੀਂ

ਏਅਰਪੋਰਟ ਅਤੇ ਅੰਬੈਸੀਆਂ ਦੇ ਬਾਹਰ ਲੱਗੀਆਂ
ਬਾਹਰਲੇ ਮੁਲਕ ਜਾਣ ਲਈ
ਤਾਹੂ ਪੰਜਾਬੀ ਗੱਭਰੂਆਂ ਤੇ ਮੁਟਿਆਰਾਂ ਦੀਆਂ
ਲੰਬੀਆਂ ਕਤਾਰਾਂ
ਇਹ ਭਲੀਭਾਂਤ ਦੱਸਦੀਆਂ ਨੇ
ਕਿ ਸਾਡਾ ਮਾਂ ਧਰਤੀ ਨਾਲ ਕੀ ਰਿਸ਼ਤਾ ਹੈ

ਸਾਡੇ ਘਰਾਂ ਦੇ ਬਾਹਰ ਲਟਕਦੀਆਂ
ਅੰਗਰੇਜ਼ੀ ਵਿੱਚ ਲਿਖੇ ਨਾਵਾਂ ਦੀਆਂ ਤਖ਼ਤੀਆਂ
ਬਜ਼ਾਰਾਂ ਵਿੱਚ ਲੱਗੇ ਬੋਰਡ
ਕਿਸੇ ਵੀ ਹਾਜ਼ਰੀ ਰਜਿਸਟਰ ਵਿੱਚ
90% ਅੰਗਰੇਜ਼ੀ ਦਸਤਖ਼ਤ
ਗਵਾਹੀ ਭਰਦੇ ਨੇ
ਕਿ ਅਸੀਂ ਆਪਣੀ ਮਾਂ ਬੋਲੀ ਦੇ ਕਪੁੱਤ ਹਾਂ
ਸਾਨੂੰ ਕੀ ਹੱਕ
ਕਿ ਅਸੀਂ ਮਾਂ ਬੋਲੀ ਦੇ ਨਾਅਰੇ ਲਾਈਏ
ਹੁੱਭ ਹੁੱਭ ਕੇ ਦਿਵਸ ਮਨਾਈਏ

ਅਸੀਂ ਬੇਸ਼ਰਮ
ਸਾਡੀਆਂ ਸਰਕਾਰਾਂ ਬੇਈਮਾਨ

No comments: