Thursday, February 22, 2018

ਚੋਣ ਕਮਿਸ਼ਨ ਦੇ ਅਧਿਕਾਰਾਂ ਵਿੱਚ ਵਾਧਾ ਹੋਵੇ--ਕਾਮਰੇਡ ਹਰਦੇਵ ਅਰਸ਼ੀ

ਕਮਿਊਨਿਸਟ ਉਮੀਦਵਾਰ ਵੋਟਰਾਂ ਦੀ ਅਮਾਨਤ ਵਿੱਚ ਖਿਆਨਤ ਨਹੀਂ ਕਰਦੇ 
ਲੁਧਿਆਣਾ: 21 ਫਰਵਰੀ 2018: (ਪਰਦੀਪ ਸ਼ਰਮਾ//ਪਰਮਿੰਦਰ ਕੌਰ//ਪੰਜਾਬ ਸਕਰੀਨ ਟੀਮ)::
ਜਦੋਂ ਸ਼ਰਾਬਾਂ-ਕਬਾਬਾਂ, ਧੰਨ ਦੌਲਤ ਅਤੇ ਗੁੰਡਾਗਰਦੀ ਦੇ ਜ਼ੋਰ ਨਾਲ ਚੋਣਾਂ ਜਿੱਤੀਆਂ ਜਾਂਦੀਆਂ ਹੋਣ ਤਾਂ ਉਦੋਂ ਲੋਕਤੰਤਰ ਖਤਰੇ ਵਿੱਚ ਹੁੰਦਾ ਹੈ। ਬਾਹੂਬਲੀ ਅਖਵਾਉਣ ਵਾਲੇ ਅਨਸਰ ਵੱਖ ਵੱਖ ਭੇਸ ਧਾਰ ਕੇ ਵੋਟਰਾਂ ਕੋਲੋਂ ਵੋਟਾਂ ਹਥਿਆ ਕੇ ਲੈ ਜਾਂਦੇ ਹਨ। ਅਜਿਹੀ ਨਾਜ਼ੁਕ ਹਾਲਤ ਦੇ ਬਾਵਜੂਦ ਕਮਿਊਨਿਸਟਾਂ ਵੱਲੋਂ ਚੋਣਾਂ ਲੜਣਾ ਹਨੇਰੀ ਸਾਹਮਣੇ ਚਿਰਾਗ ਜਗਾਉਣ ਵਾਲੀ ਗੱਲ ਹੈ। ਲੋਕ ਸ਼ਕਤੀ ਦੇ ਆਸਰੇ ਅਜਿਹੇ ਕਰਿਸ਼ਮੇ ਅਕਸਰ ਹੁੰਦੇ ਵੀ ਹਨ। ਜਦੋਂ ਲੋਕ ਕਿਸੇ ਨੂੰ ਆਪਣੇ ਮਨਾਂ ਵਿੱਚ ਵਸਾ ਕੇ ਲਾਮਬੰਦ ਹੋ ਜਾਂਦੇ ਹਨ ਤਾਂ ਉਦੋਂ ਅਜਿਹੇ ਲਾਲਚ ਅਤੇ ਦਾਬੇ ਬੁਰੀ ਤਰਾਂ ਨਾਕਾਮ ਹੋ ਜਾਇਆ ਕਰਦੇ ਹਨ। ਇਹ ਭਾਵਨਾ ਅੱਜ ਸੀਪੀਆਈ ਦੀ ਪੰਜਾਬ ਇਕਾਈ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਨੇ "ਪੰਜਾਬ ਸਕਰੀਨ" ਨਾਲ ਗੱਲਬਾਤ ਦੌਰਾਨ ਪਰ੍ਗਟ ਕੀਤੀ। ਕਾਮਰੇਡ ਅਰਸ਼ੀ ਲੁਧਿਆਣਾ ਦੇ ਵਾਰਡ ਨੰਬਰ ਵਿੱਚ ਸੀਪੀਆਈ ਉਮੀਦਵਾਰ ਕਾਮਰੇਡ ਰਣਧੀਰ ਸਿੰਘ ਧੀਰਾ ਦੀ ਚੋਣ ਮੁਹਿੰਮ ਨੂੰ ਹੋਰ ਭਖਾਉਣ ਲਿਆਏ ਹੋਏ ਸਨ। ਜ਼ਿਕਰਯੋਗ ਹੈ ਕਾਮਰੇਡ ਧੀਰਾ ਇਸ ਇਲਾਕੇ ਦੇ ਹਰਮਨ ਪਿਆਰੇ ਵਿਅਕਤੀ ਹਨ।
ਪੰਜਾਬ ਸਕਰੀਨ ਨਾਲ ਮੁਲਾਕਾਤ ਦੌਰਾਨ ਉਹਨਾਂ ਇਸ ਗੱਲ ਦਾ ਯਕੀਨ ਦੁਹਰਾਇਆ ਕਿ ਭਾਵੇਂ ਅੱਜ ਦੀ ਸਿਆਸਤ ਵਿੱਚ ਦਲਬਦਲੀ ਇੱਕ ਆਮ ਗੱਲ ਹੋ ਚੁੱਕੀ ਹੈ ਫਿਰ ਵੀ ਇਹ ਗੱਲ ਕਿਸੇ ਚਮਤਕਾਰ ਤੋਂ ਘੱਟ ਨਹੀਂ ਕਿ ਜਿੱਤਣ ਤੋਂ ਬਾਅਦ ਕਮਿਊਨਿਸਟ ਕਦੇ ਵੀ ਦਲਬਦਲੀ ਨਹੀਂ ਕਰਦਾ।  ਉਹਨਾਂ ਕਿਹਾ ਇਤਿਹਾਸ ਗਵਾਹ ਹੈ ਕਿ ਕਦੇ ਵੀ ਕਿਸੇ ਕਮਿਊਨਿਸਟ ਨੇ ਕਦੇ ਵੀ ਦਲਬਦਲੀ ਨਹੀਂ ਕੀਤੀ। ਅੱਜ ਦੀ ਸਿਆਸਤ ਦਾ ਅੰਗ ਬਣ ਚੁੱਕੇ ਭਰਿਸ਼ਟਾਚਾਰ ਦੇ ਬਾਵਜੂਦ ਕਿਸੇ ਵੀ ਕਮਿਊਨਿਸਟ ਵਜ਼ੀਰ, ਕਮਿਊਨਿਸਟ ਮੁੱਖ ਮੰਤਰੀ ਜਾਂ ਕਮਿਊਨਿਸਟ ਐਮਪੀ ਜਾਂ ਐਮ ਐਲ ਏ ਨੇ ਕੋਈ ਕੁਰੱਪਸ਼ਨ ਨਹੀਂ ਕੀਤੀ। ਅਜਿਹਾ ਕੋਈ ਮਾਮਲਾ ਇਤਿਹਾਸ ਵਿੱਚ ਹੈਂ ਮਿਲਦਾ। ਉਹਨਾਂ ਇਸ ਸਬੰਧ ਵਿੱਚ ਕੇਂਦਰ ਸਰਕਾਰ, ਪੱਛਮੀ ਬੰਗਾਲ, ਕੇਰਲ ਅਤੇ ਤਰਿਪੁਰਾ ਹਕੂਮਤਾਂ ਦੇ ਸ਼ਾਨਾਂਮੱਤੇ ਹਵਾਲੇ ਵੀ ਦਿੱਤੇ। ਲੁਧਿਆਣਾ ਦੀ ਨਗਰਨਿਗਮ ਚੋਣਾਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਹ ਬਹੁਤ ਹੀ ਦੁਖਦ ਹੈਰਾਨੀ ਵਾਕਈ ਗੱਲ ਹੈ ਕਿ ਕਰੋੜਾਂ ਰੁਪਏ ਦਾ ਬਜਟ ਹੋਣ ਦੇ ਬਾਵਜੂਦ ਲੁਧਿਆਣਾ ਦਾ ਵਿਕਾਸ ਨਹੀਂ ਹੋਇਆ। ਅਜੇ ਵੀ ਇਥੋਂ ਦੀਆਂ ਸਮੱਸਿਆਵਾਂ ਬੇਹੱਦ ਗੰਭੀਰ ਹਨ। ਉਹਨਾਂ ਕਿਹਾ ਕਿ ਅਸਲ ਵਿੱਚ ਸਿਰਫ ਚੌਥਾ ਹਿੱਸਾ ਫ਼ੰਡ ਹੀ ਵਿਕਾਸ ਦੇ ਨਾਮ 'ਤੇ ਖਰਚ ਹੁੰਦੇ ਹਨ ਬਾਕੀ ਦਾ ਸਾਰਾ ਪੈਸੇ  ਕਮਿਸ਼ਨਾਂ ਅਤੇ ਭਰਿਸ਼ਟਾਚਾਰ ਦੀ ਭੇਟ ਚੜ ਜਾਂਦਾ ਹੈ। ਉਹਨਾਂ ਚਿਰਾਂ ਤੋਂ ਲਟਕ ਰਹੀ ਬੁੱਢੇ ਨਾਲੇ ਦੀ ਸਮੱਸਿਆ ਦਾ ਵੀ ਜ਼ਿਕਰ ਕੀਤਾ।  
ਉਹਨਾਂ ਅਪੀਲ ਕੀਤੀ ਕਿ ਲੋਕ ਸਿਆਸਤ ਅਤੇ ਧਾਰਮਿਕ ਜਕੜਣ ਤੋਂ ਮੁਕਤ ਹੋ ਕੇ ਸਿਰਫ ਉਹਨਾਂ ਉਮੀਦਵਾਰਾਂ ਨੂੰ ਵੋਟ ਪਾਉਣ ਜਿਹੜੇ ਸੱਚਮੁੱਚ ਵਿਕਾਸ ਕਰ ਸਕਣ। ਅਜਿਹੀ ਸਮਰਥਾ ਇਸ ਵੇਲੇ ਕੇਵਲ ਕਮਿਊਨਿਸਟ ਉਮੀਦਵਾਰਾਂ ਵਿੱਚ ਹੀ ਹੈ। ਉਹਨਾਂ ਇਸ ਗੱਲਦੀ ਗਾਰੰਟੀ ਦਿਤੀ ਕਿ ਕਮਿਊਨਿਸਟ ਉਮੀਦਵਾਰ ਵੋਟਰਾਂ ਦੀਆਂ ਆਸਾਂ ਉਮੀਦਾਂ 'ਤੇ ਖਰੇ ਉਤਰਨਗੇ ਅਤੇ ਉਹਨਾਂ ਦੀ ਅਮਾਨਤ ਵਿੱਚ ਖਿਆਨਤ ਕਦੇ ਵੀ ਨਹੀਂ ਕਰਨਗੇ। ਇਸਦੇ ਨਾਲ ਹੀ ਉਹਨਾਂ ਇੱਕ ਹੋਰ ਸੁਆਲ ਦਾ ਜੁਆਬ ਦੇਂਦਿਆਂ ਕਿਹਾ ਕਿ ਸੂਬਾਈ ਚੋਣ ਕਮਿਸ਼ਨ ਕੋਲ ਅਧਿਕਾਰ ਹੋਣੇ ਚਾਹੀਦੇ ਹਨ ਕਿ ਉਹ ਕੁਰੱਪਸ਼ਨ ਦਾ ਦੋਸ਼ੀ ਪਾਏ ਜਾਣ ਵਾਲੇ ਜਾਂ ਚੋਣਾਂ ਦੇ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਵਾਲੇ ਉਮੀਦਵਾਰ ਜਾਂ ਪਾਰਟੀ ਨੂੰ ਲੁੜੀਂਦੀ ਸਜ਼ਾ ਵੀ ਦੇ ਸਕਣ। 

No comments: