Tuesday, February 06, 2018

ਰਾਜ ਚੋਣ ਕਮਿਸ਼ਨਰ ਵੱਲੋਂ ਲੁਧਿਆਣਾ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ

ਕਮਿਸ਼ਨ ਸ਼ਾਂਤਮਈ, ਨਿਰਪੱਖ ਤੇ ਪਾਰਦਰਸ਼ੀ ਚੋਣਾਂ ਲਈ ਵਚਨਬੱਧ-ਸੰਧੂ
ਲੁਧਿਆਣਾ: 6 ਫਰਵਰੀ 2018: (ਪੰਜਾਬ ਸਕਰੀਨ ਬਿਊਰੋ)::
ਰਾਜ ਚੋਣ ਕਮਿਸ਼ਨਰ ਸ੍ਰ. ਜਗਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਮਿਤੀ 24 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਨੂੰ ਸ਼ਾਂਤਮਈ ਅਤੇ ਨਿਰਪੱਖ ਤਰੀਕੇ ਨਾਲ ਨੇਪਰੇ ਚਾੜਨ ਲਈ ਰਾਜ ਚੋਣ ਕਮਿਸ਼ਨ ਦੀ ਨਿਗਰਾਨੀ ਵਿੱਚ ਜ਼ਿਲਾ  ਪ੍ਰਸ਼ਾਸਨ ਅਤੇ ਪੁਲਿਸ ਪ੍ਰਸਾਸ਼ਨ ਲੁਧਿਆਣਾ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਜਾ ਰਹੇ ਹਨ। ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਚੋਣਾਂ ਦੌਰਾਨ ਮਾਹੌਲ ਨੂੰ ਖ਼ਰਾਬ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ।  ਅਜਿਹੇ ਅਨਸਰਾਂ ਨਾਲ ਪ੍ਰਸ਼ਾਸਨ ਵੱਲੋਂ ਸਖਤੀ ਨਾਲ ਨਿਪਟਿਆ ਜਾਵੇਗਾ। ਚੋਣ ਕਮਿਸ਼ਨ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰੇਕ ਯੋਗ ਵੋਟਰ ਆਪਣੀ ਵੋਟ ਨਿਰਪੱਖ ਅਤੇ ਬਿਨਾਂ ਕਿਸੇ ਡਰ ਤੇ ਭੈਅ ਦੇ ਪਾ ਸਕੇ। ਇਸ ਮੀਟਿੰਗ ਦੌਰਾਨ ਵੱਖ ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ ਨੇ ਵੀ ਕਮਿਸ਼ਨ ਨਾਲ ਵੱਖ ਵੱਖ ਮੁਲਾਕਾਤਾਂ ਕੀਤੀਆਂ। ਸੀਪੀਆਈ, ਸੀਪੀਐਮ ਅਤੇ ਐਨ ਸੀ ਪੀ ਨੇ ਇਸ ਮੀਟਿੰਗ ਮਗਰੋਂ ਆਪਣੇ ਵਿਚਾਰ ਅਤੇ ਖਦਸ਼ੇ ਵੀ ਦੱਸੇ। ਇਹਨਾਂ ਦੀ ਚਰਚਾ ਵੱਖਰੀ ਰਿਪੋਰਟ ਵਿੱਚ ਪੜ੍ਹੀ ਵੀ ਜਾ ਸਕਦੀ ਹੈ।  
ਅੱਜ ਸਥਾਨਕ ਸਰਕਟ ਹਾਊਸ ਵਿਖੇ ਇਸ ਚੋਣ ਸੰਬੰਧੀ ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਆਮ ਲੋਕਾਂ ਦੇ ਵਿਚਾਰ ਜਾਨਣ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਸ੍ਰ. ਜਗਪਾਲ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੀ ਚੋਣ ਸ਼ਾਂਤੀ ਅਤੇ ਨਿਰਪੱਖ ਤਰੀਕੇ ਨਾਲ ਸਿਰੇ ਚਾੜਨ ਲਈ ਚੋਣ ਕਮਿਸ਼ਨ ਦੀ ਨਿਗਰਾਨੀ ਵਿੱਚ ਪ੍ਰਸਾਸ਼ਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇਹਨਾਂ ਚੋਣਾਂ ਦੌਰਾਨ ਕੋਈ ਵੀ ਸਮਾਜ ਵਿਰੋਧੀ ਤੱਤ ਮਾਹੌਲ ਨੂੰ ਖ਼ਰਾਬ ਨਾ ਕਰ ਸਕੇ। ਉਹਨਾਂ ਸਪੱਸ਼ਟ ਕੀਤਾ ਕਿ ਚੋਣਾਂ ਨੂੰ ਸ਼ਾਂਤਮਈ ਤਰੀਕੇ ਨਾਲ ਕਰਾਉਣ ਲਈ ਲੁਧਿਆਣਾ ਪੁਲਿਸ ਡਿਊਟੀ ਨਿਭਾਏਗੀ, ਲੋੜ ਪੈਣ 'ਤੇ ਲੁਧਿਆਣਾ ਪੁਲਿਸ ਨੂੰ ਹੋਰ ਫੋਰਸ ਵੀ ਮੁਹੱਈਆ ਕਰਵਾਈ ਜਾਵੇਗੀ।  
ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਹੋਵੇਗੀ ਵੀਡੀਓਗ੍ਰਾਫੀ
ਉਹਨਾਂ ਕਿਹਾ ਕਿ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ, ਇਸ ਸੰਬੰਧੀ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਆਰ. ਐੱਨ. ਢੋਕੇ ਵੱਲੋਂ ਰਿਪੋਰਟ ਪ੍ਰਾਪਤ ਹੋਣ 'ਤੇ ਸੰਬੰਧਤ ਪੋਲਿੰਗ ਬੂਥਾਂ 'ਤੇ ਕਮਿਸ਼ਨ ਵੱਲੋਂ ਵੀਡੀਓਗ੍ਰਾਫੀ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਅਜਿਹੇ ਬੂਥਾਂ 'ਤੇ ਲੋੜੀਂਦੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਜਾਵੇਗੀ। ਇਸ ਸੰਬੰਧੀ ਰਾਜਸੀ ਪਾਰਟੀਆਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਵੀ ਸੰਵੇਦਨਸ਼ੀਲ ਬੂਥਾਂ ਬਾਰੇ ਆਪਣੀ ਚਿੰਤਾ ਸੂਚੀ (ਵਰੀ ਲਿਸਟ) ਦੇਣ। ਚੋਣਾਂ ਦੌਰਾਨ ਕਿਸੇ ਵੀ ਤਰਾਂ ਦੀ ਹਿੰਸਾ ਤੋਂ ਬਚਾਅ ਲਈ ਸੰਬੰਧਤ ਖੇਤਰਾਂ ਵਿੱਚ 100 ਫੀਸਦੀ ਹਥਿਆਰਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। 
ਐਤਕੀਂ ਉਮੀਦਵਾਰ ਚੈੱਕਲਿਸਟ ਦੇ ਕੇ ਚੋਣ ਅਧਿਕਾਰੀ ਤੋਂ ਲੈ ਸਕੇਗਾ ਪ੍ਰਾਪਤੀ ਰਸੀਦ
ਸ੍ਰ. ਸੰਧੂ ਨੇ ਕਿਹਾ ਕਿ ਆਮ ਤੌਰ 'ਤੇ ਸੁਣਨ ਵਿੱਚ ਆਉਂਦਾ ਹੈ ਕਿ ਜਿਸ ਉਮੀਦਵਾਰ ਦੇ ਕਾਗਜ਼ ਰੱਦ ਹੋ ਜਾਂਦੇ ਹਨ ਤਾਂ ਉਹ ਸ਼ਿਕਾਇਤ ਕਰਦਾ ਹੈ ਕਿ ਉਸਨੇ ਨਾਮਜ਼ਦਗੀ ਪੱਤਰ ਮੁਕੰਮਲ ਕਰਕੇ ਦਿੱਤੇ ਸਨ ਪਰ ਚੋਣ ਦਫ਼ਤਰ ਵੱਲੋਂ ਉਸਦੇ ਦਸਤਾਵੇਜ਼ਾਂ ਨੂੰ ਇਧਰ-ਓਧਰ ਕਰ ਦਿੱਤਾ ਗਿਆ ਹੈ। ਉਮੀਦਵਾਰਾਂ ਦੇ ਇਸ ਤੌਖ਼ਲੇ ਨੂੰ ਦੂਰ ਕਰਨ ਲਈ ਇਸ ਵਾਰ ਉਮੀਦਵਾਰ ਬਕਾਇਦਾ ਆਪਣੇ ਦੁਆਰਾ ਜਮ•ਾਂ ਕਰਵਾਏ ਜਾ ਰਹੇ ਦਸਤਾਵੇਜਾਂ ਦੀ ਚੈੱਕਲਿਸਟ ਚੋਣ ਅਧਿਕਾਰੀ ਨੂੰ ਸੌਂਪੇਗਾ ਅਤੇ ਚੋਣ ਅਧਿਕਾਰੀ ਸੰਬੰਧਤ ਉਮੀਦਵਾਰ ਨੂੰ ਬਕਾਇਦਾ ਪ੍ਰਾਪਤੀ ਰਸੀਦ (ਐਕਨਾਲਿਜਮੈਂਟ) ਦੇਵੇਗਾ ਤਾਂ ਜੋ ਦਸਤਾਵੇਜ਼ ਇਧਰ-ਓਧਰ ਨਾ ਹੋਣ ਦੀ ਜਿੰਮੇਵਾਰੀ ਨਿਰਧਾਰਤ ਹੋ ਸਕੇ। ਉਹਨਾਂ ਕਿਹਾ ਕਿ ਇਹਨਾਂ  ਚੋਣਾਂ ਦੀ ਨਿਗਰਾਨੀ ਕਰਨ ਲਈ ਰਾਜ ਚੋਣ ਕਮਿਸ਼ਨ ਵੱਲੋਂ 5-6 ਚੋਣ ਨਿਗਰਾਨ ਵੀ ਲਗਾਏ ਜਾਣਗੇ, ਜੋ ਕਿ ਪੂਰੀ ਚੋਣ ਪ੍ਰਕਿਰਿਆ 'ਤੇ ਨਜ਼ਰ ਰੱਖਣਗੇ।
ਸਮੁੱਚਾ ਚੋਣ ਵੇਰਵਾ ਜਾਰੀ
ਚੋਣ ਵੇਰਵਾ ਜਾਰੀ ਕਰਦਿਆਂ ਸ੍ਰ. ਸੰਧੂ ਨੇ ਦੱਸਿਆ ਕਿ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰੀਕ੍ਰਿਆ ਮਿਤੀ 8 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ ਅਤੇ ਮਿਤੀ 13 ਫਰਵਰੀ ਤੱਕ ਪੱਤਰ ਭਰੇ ਜਾ ਸਕਣਗੇ।ਮਿਤੀ 10 ਅਤੇ 11 ਫਰਵਰੀ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰੇ ਜਾ ਸਕਣਗੇ।ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮਿਤੀ 15 ਫਰਵਰੀ ਨੂੰ ਹੋਵੇਗੀ। ਮਿਤੀ 16 ਫਰਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਇਸੇ ਦਿਨ ਭਾਵ ਮਿਤੀ 16 ਫਰਵਰੀ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ।ਮਿਤੀ 24 ਫਰਵਰੀ ਨੂੰ ਵੋਟਾਂ ਪੈਣਗੀਆਂ।ਵੋਟਾਂ ਦੀ ਗਿਣਤੀ ਮਿਤੀ 27 ਫਰਵਰੀ ਨੂੰ ਹੋਵੇਗੀ ।ਨਗਰ ਨਿਗਮ ਲੁਧਿਆਣਾ ਵਿੱਚ ਤਕਰੀਬਨ 10.50 ਲੱਖ ਵੋਟਰ 95 ਵਾਰਡਾਂ ਤੋਂ ਨੁਮਾਇੰਦੇ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨ•ਾਂ ਵਿਚੋਂ ਲਗਭਗ 5.67 ਲੱਖ ਪੁਰਸ਼, 4.82 ਲੱਖ ਇਸਤਰੀਆਂ ਅਤੇ 23 ਤੀਸਰਾ ਲਿੰਗ ਹਨ।ਨਗਰ ਨਿਗਮ ਲੁਧਿਆਣਾ ਅਧੀਨ ਆਉਂਦੇ ਖੇਤਰਾਂ ਵਿਚ ਚੋਣ ਜ਼ਾਬਤਾ ਚੋਣ ਪ੍ਰੀਕ੍ਰਿਆ ਮੁਕੰਮਲ ਹੋਣ ਤੱਕ ਜਾਰੀ ਰਹੇਗਾ।
ਚੋਣ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ
ਇਸ ਤੋਂ ਪਹਿਲਾਂ ਸਾਰੇ ਰਿਟਰਨਿੰਗ ਅਫ਼ਸਰਾਂ, ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰ. ਸੰਧੂ ਨੇ ਕਿਹਾ ਕਿ ਹਦਾਇਤ ਕੀਤੀ ਕਿ ਕਿਸੇ ਵੀ ਸਮਾਜ ਵਿਰੋਧੀ ਤੱਤ ਨੂੰ ਚੋਣਾਂ ਦੌਰਾਨ ਮਾਹੌਲ ਨੂੰ ਖ਼ਰਾਬ ਕਰਨ ਦੀ ਇਜ਼ਾਜ਼ਤ ਨਾ ਦਿੱਤੀ ਜਾਵੇ ਅਤੇ ਅਜਿਹੇ ਅਨਸਰਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇ। ਉਨ•ਾਂ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਇਹ ਯਕੀਨੀ ਬਣਾਇਆ ਜਾਵੇ ਕਿ ਹਰੇਕ ਯੋਗ ਵੋਟਰ ਆਪਣੀ ਵੋਟ ਨਿਰਪੱਖ ਅਤੇ ਬਿਨਾਂ ਕਿਸੇ ਡਰ ਤੇ ਭੈਅ ਦੇ ਪਾ ਸਕੇ। ਉਨ•ਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੂਰੀ ਚੋਣ ਪ੍ਰਕਿਰਿਆ ਦੌਰਾਨ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਉਮੀਦਵਾਰਾਂ ਵੱਲੋਂ ਲਗਾਏ ਜਾ ਰਹੇ ਪ੍ਰਚਾਰ ਹੋਰਡਿੰਗਜ਼ ਉਹਨਾਂ ਦੇ ਚੋਣ ਖ਼ਰਚੇ ਵਿੱਚ ਬੁੱਕ ਕੀਤੇ ਜਾਣਗੇ।
ਚੋਣ ਸ਼ਿਕਾਇਤਾਂ ਸੰਬੰਧੀ ਵਟਸਐਪ ਨੰਬਰ ਹੋਵੇਗਾ ਜਾਰੀ
ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਪ੍ਰੋਵਿੰਜਨਿੰਗ, ਆਈ. ਟੀ ਅਤੇ ਚੋਣ ਸੈੱਲ) ਸ੍ਰੀ ਵੀ. ਕੇ. ਭਾਵਰਾ ਨੇ ਹਦਾਇਤ ਕੀਤੀ ਕਿ ਵੋਟਰਾਂ ਦੀ ਸਹੂਲਤ ਲਈ ਇੱਕ ਵਟਸਐਪ ਨੰਬਰ ਜਾਰੀ ਕੀਤਾ ਜਾਵੇ, ਜਿੱਥੇ ਕਿ ਉਹ ਆਪਣੀ ਸ਼ਿਕਾਇਤ ਸਮੇਤ ਸਬੂਤ (ਤਸਵੀਰ ਜਾਂ ਵੀਡੀਓ ਕਲਿੱਪ) ਪੁਲਿਸ ਨੂੰ ਭੇਜ ਸਕਣ। ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ 'ਤੇ ਤੁਰੰਤ ਕਾਰਵਾਈ ਕਰਨੀ ਵੀ ਯਕੀਨੀ ਬਣਾਉਣ ਬਾਰੇ ਕਿਹਾ ਗਿਆ। ਸ੍ਰੀ ਭਾਵਰਾ ਨੇ ਪੁਲਿਸ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਚੋਣ ਪ੍ਰਕਿਰਿਆ ਦੌਰਾਨ ਸਰਕਾਰੀ ਫੋਨ 'ਤੇ ਸਾਰੀਆਂ ਕਾਲਾਂ ਰਸੀਵ ਕੀਤੀਆਂ ਜਾਣ, ਜੇਕਰ ਕਿਸੇ ਜ਼ਰੂਰੀ ਰੁਝੇਵੇ ਕਾਰਨ ਕਾਲ ਨਹੀਂ ਸੁਣੀ ਗਈ ਤਾਂ ਤੁਰੰਤ ਵਾਪਸ ਕਾਲ (ਕਾਲ ਬੈਕ) ਕੀਤੀ ਜਾਵੇ। 
ਜ਼ਿਲਾ ਚੋਣ ਅਫ਼ਸਰ ਅਤੇ ਪੁਲਿਸ ਕਮਿਸ਼ਨਰ ਵੱਲੋਂ ਭਰੋਸਾ
ਮੀਟਿੰਗ ਵਿੱਚ ਹਾਜ਼ਰ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਿੱਥੇ ਸਮੁੱਚੇ ਚੋਣ ਪ੍ਰਬੰਧਾਂ ਦਾ ਵੇਰਵਾ ਪੇਸ਼ ਕੀਤਾ, ਉਥੇ ਪੁਲਿਸ ਕਮਿਸ਼ਨਰ ਸ੍ਰੀ ਆਰ. ਐੱਨ. ਢੋਕੇ ਨੇ ਭਰੋਸਾ ਦਿੱਤਾ ਕਿ ਇਹ ਚੋਣ ਸ਼ਾਂਤੀਪੂਰਨ ਅਤੇ ਨਿਰਪੱਖ ਤਰੀਕੇ ਨਾਲ ਨੇਪਰੇ ਚਾੜ•ੀ ਜਾਵੇਗੀ। ਹਰ ਤਰ•ਾਂ ਦੀ ਨਿਗਰਾਨੀ ਯਕੀਨੀ ਬਣਾਉਣ ਲਈ ਪੁਲਿਸ ਵੱਲੋਂ ਲੋੜੀਂਦੀ ਗਿਣਤੀ ਵਿੱਚ ਪੁਲਿਸ ਨਾਕੇ ਲਗਾਉਣ ਦੇ ਨਾਲ-ਨਾਲ ਸਟਰੌਂਗ ਰੂਮਾਂ ਦੀ ਸੁਰੱਖਿਆ ਅਤੇ ਹੋਰ ਸੰਬੰਧਤ ਕਦਮ ਤੁਰੰਤ ਉਠਾਏ ਜਾਣਗੇ। ਉਹਨਾਂ ਕਿਹਾ ਕਿ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਪੁਲਿਸ ਵੱਲੋਂ ਤੁਰੰਤ ਕਦਮ ਉਠਾਏ ਜਾਣਗੇ।  
ਕੌਣ-ਕੌਣ ਸਨ ਹਾਜ਼ਰ
ਇਸ ਤੋਂ ਪਹਿਲਾਂ ਉਹਨਾਂ ਵੱਖ-ਵੱਖ ਮੀਟਿੰਗਾਂ ਦੌਰਾਨ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਵਿਚਾਰ ਲਏ ਅਤੇ ਵਫਦਾਂ ਨੂੰ ਮਿਲੇ। ਮੀਟਿੰਗਾਂ ਦੌਰਾਨ ਉਪਰੋਕਤ ਤੋਂ ਇਲਾਵਾ ਨਗਰ ਨਿਗਮ ਕਮਿਸ਼ਨਰ ਸ੍ਰ. ਜਸਕਿਰਨ ਸਿੰਘ, ਵਧੀਕ ਜ਼ਿਲਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਰੂ ਕਤਿਆਲ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਅਸ਼ਵਨੀ ਕਪੂਰ, ਸਾਰੇ ਰਿਟਰਨਿੰਗ ਅਧਿਕਾਰੀ, ਸਹਾਇਕ ਰਿਟਰਨਿੰਗ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਸਾਹਿਬਾਨ ਅਤੇ ਹੋਰ ਹਾਜ਼ਰ ਸਨ। 

No comments: