Friday, February 23, 2018

ਕੀ ਸੀ ਟਰੂਡੋ ਨਾਲ ਅਚਾਨਕ ਪਰਿਕਰਮਾ 'ਚ ਆ ਮਿਲੀ ਇਸਤਰੀ ਵਾਲਾ ਰਾਜ਼ ?

ਸਿੱਖ ਮੁੱਦੇ ਉਠਾਉਣ ਵਿੱਚ SGPC ਦੇ ਅਧਿਕਾਰੀ ਪੂਰੀ ਤਰਾਂ  ਨਾਕਾਮ ਰਹੇ 
ਅੰਮ੍ਰਿਤਸਰ 22 ਫਰਵਰੀ (ਜਸਬੀਰ ਸਿੰਘ ਪੱਟੀ//ਪੰਜਾਬ ਸਕਰੀਨ//ਵਟਸਐਪ)::
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਭੋਮਾਂ ਨੇ ਬੀਤੇ ਕਲ੍ਹ ਕਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਜਸਟਿਨ ਟਰੂਡੋ ਵੱਲੋ ਇੱਕ ਨਿਮਾਣੇ ਵਿਅਕਤੀ ਦੇ ਤੌਰ ਤੇ ਦੁਨੀਆ ਭਰ ਵਿੱਚ ਸਾਂਝੀਵਾਲਤਾ ਦੇ ਮੁਜੱਸਮੇ ਵਜੋ ਸਤਿਕਾਰ ਸਾਹਿਤ ਜਾਣੇ ਜਾਂਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ  ਵਿਖੇ ਨਤਸਮਤਕ ਹੋਣ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲੋ ਇੱਕ ਅਗਿਆਤ ਔਰਤ ਨੂੰ ਸੁਰੱਖਿਆ ਘੇਰਾ ਤੋੜ ਕੇ ਵਿਸ਼ੇਸ਼ ਤੌਰ 'ਤੇ ਬਿਨਾਂ ਕਿਸੇ ਪ੍ਰੋਗਰਾਮ ਦੇ ਮਿਲਾਏ ਜਾਣ ਵਾਲੇ ਅਧਿਕਾਰੀ ਦੇ ਵਿਰੁੱਧ ਕਾਰਵਾਈ ਦੀ ਮੰਗ ਕਰਦਿਆ ਕਿਹਾ ਕਿ ਜਸਟਿਨ ਟਰੂਡੋ ਕੋਲ ਸਿੱਖ ਮੁੱਦੇ ਉਠਾਉਣ ਵਿੱਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਪੂਰੀ ਤਰਾਂ  ਨਾਕਾਮ ਰਹੇ ਹਨ।
          ਜਾਰੀ ਇੱਕ ਬਿਆਨ ਰਾਹੀ ਸ੍ਰ ਮਨਜੀਤ ਸਿੰਘ ਭੋਮਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਨੇ ਟਰੂਡੋ ਦੇ ਸਵਾਗਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੇ ਸਿੱਖ ਪੰਥ ਦੀ ਧਾਰਮਿਕ ਯੂਨੀਵਰਸਿਟੀ ਜਾਣੀ ਜਾਂਦੀ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਸੱਦਾ ਪੱਤਰ ਦੇ ਕੇ ਬੁਲਾ ਤਾਂ ਲਿਆ ਪਰ ਉਹਨਾਂ ਦੇ ਨਾਮ ਕਨੇਡੀਅਨ ਅਧਿਕਾਰੀਆ ਕੋਲ ਲਿਸਟ ਵਿੱਚ ਦਰਜ ਕਿਉ ਨਹੀ ਕਰਵਾਏ ਗਏ? ਉਹਨਾਂ ਕਿਹਾ ਕਿ ਟਰੂਡੋ ਤੋ ਪਹਿਲਾਂ ਵੀ ਕਨੇਡਾ ਦੇ ਤਿੰਨ ਪ੍ਰਧਾਨ ਮੰਤਰੀ ਆ ਚੁੱਕੇ ਹਨ ਤੇ ਉਹਨਾਂ ਦੇ ਸੁਆਗਤ ਕਰਨ ਵਿੱਚ ਸ਼ਾਮਲ ਵਿਅਕਤੀਆ ਦੀ ਪਹਿਲਾਂ ਲਿਸਟ ਦੇ ਦਿੱਤੀ ਜਾਂਦੀ ਸੀ ਪਰ ਇਸ ਵਾਰੀ ਬਹੁਤ ਸਾਰੀਆ ਖਾਮੀਆ ਰਹਿ ਜਾਣ ਕਾਰਨ ਸਤਿਕਾਰਤ ਸਖਸ਼ੀਅਤਾਂ ਦਾ ਅਪਮਾਨ ਹੋਇਆ ਹੈ ਜੋ ਸਿੱਖ ਪੰਥ ਦੀ ਤੌਹੀਨ ਹੈ। ਉਹਨਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਜਦੋ ਇੱਕ ਦਿਨ ਪਹਿਲਾਂ ਮੀਡੀਆ ਵਾਲਿਆ ਨੇ ਪੁੱਛਿਆ ਕਿ ਕੀ ਉਹ ਜਸਟਿਨ ਟਰੂਡੋ ਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਨਮਾਨ ਕਰਨਗੇ ? ਉਹਨਾਂ ਜਵਾਬ ਵਿੱਚ ਕਿਹਾ ਸੀ ਕਿ ਜੇਕਰ ਟਰੂਡੋ ਸ੍ਰੀ ਅਕਾਲ ਤਖਤ ਸਾਹਿਬ ਤੇ ਆਉਦੇ ਹਨ ਤਾਂ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਪਰ ਸ਼੍ਰੋਮਣੀ ਕਮੇਟੀ ਦੇ ਕੁਝ ਆਪਹੁਦਰੇ ਅਧਿਕਾਰੀਆ ਦੀ ਵਜਾ ਕਰਕੇ ਸਨਮਾਨ ਨਹੀ ਹੋ ਸਕਿਆ ਜਦ ਕਿ ਜਥੇਦਾਰ ਜੀ ਵੱਲੋ ਪੂਰੀ ਤਿਆਰੀ ਕੀਤੀ ਗਈ ਸੀ। ਉਹਨਾਂ ਕਿਹਾ ਕਿ ਜਿਹੜੇ ਅਧਿਕਾਰੀ ਇਹ ਕਹਿ ਰਹਿ ਹਨ ਕਿ ਟਰੂਡੋ ਦਾ ਅਕਾਲ ਤਖਤ ਤੇ ਜਾ ਕੇ ਸਨਮਾਨ ਲੈਣਾ ਪ੍ਰੋਗਰਾਮ ਵਿੱਚ ਸ਼ਾਮਲ ਨਹੀ ਸੀ ਤਾਂ ਉਹ ਇਹ ਵੀ ਦੱਸਣ ਕਿ ਜਿਹੜੀ ਬੀਬੀ ਡਾ ਹਰਜੋਤ ਕੌਰ ਨੂੰ ਵਿਸ਼ੇਸ਼ ਤੌਰ ਤੇ ਜਸਟਿਨ ਟਰੂਡੋ ਨੂੰ ਮਿਲਾਇਆ ਗਿਆ ਹੈ  ਕੀ ਉਸ ਦਾ ਸੁਰੱਖਿਆ ਘੇਰਾ ਤੋੜ ਕੇ ਮਿਲਾਉਣਾ ਪ੍ਰੋਗਰਾਮ ਵਿੱਚ ਸ਼ਾਮਲ ਸੀ? ਉਹਨਾਂ ਕਿਹਾ ਕਿ ਜਦੋਂ ਇੰਗਲੈਂਡ ਦੀ ਮਹਾਰਾਣੀ 1996 ਵਿੱਚ ਮੱਥਾ ਟੇਕਣ ਆਈ ਸੀ ਤਾਂ ਉਸ ਵੇਲੇ ਵੀ ਉਸ ਦੇ ਦੌਰੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾਣਾ ਸ਼ਾਮਲ ਨਹੀ ਸੀ ਪਰ ਤੱਤਕਾਲੀ ਸਕੱਤਰ ਸ਼੍ਰੋਮਣੀ ਕਮੇਟੀ ਸ੍ਰ ਮਨਜੀਤ ਸਿੰਘ ਕਲਕੱਤਾ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਅਕਾਲ ਤਖਤ ਸਾਹਿਬ ਤੇ ਲੈ ਕੇ ਗਏ ਤੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਤੇ ਸਾਕਾ ਨੀਲਾ ਤਾਰਾ ਸਮੇਂ ਢਾਹੇ ਜਾਣ ਬਾਰੇ ਜਾਣਕਾਰੀ ਵਿਸਥਾਰ ਸਾਹਿੱਤ ਦਿੱਤੀ ਸੀ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਨਹੀ ਸਗੋ ਸ੍ਰੀ ਦਰਬਾਰ ਸਾਹਿਬ ਦਾ ਹੀ ਇੱਕ ਹਿੱਸਾ ਹੈ ਤੇ ਅਧਿਕਾਰੀਆ ਵੱਲੋ ਇਹ ਕਹਿ ਕੇ ਕਿ ਅਕਾਲ ਤਖਤ ਸਾਹਿਬ ਤੇ ਜਾਣਾ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਦਾ ਬਹਾਨਾ ਬਣਾਉਣਾ ਪੂਰੀ ਤਰਾਂ ਗੁੰਮਰਾਹਕੁੰਨ ਬਹਾਨੇਬਾਜ਼ੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਗੋਵਾਲ ਕੋਲੋਂ ਉਹਨਾਂ ਮੰਗ ਕੀਤੀ ਕਿ ਉਹ ਇੱਕ ਅਗਿਆਤ ਬੀਬੀ ਨੂੰ ਟਰੂਡੋ ਨੂੰ ਮਿਲਾਉਣ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਟਰੂਡੋ ਨੂੰ ਨਾ ਲਿਜਾਣ ਦੀ ਜਾਂਚ ਕਰਵਾਉਣ ਅਤੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਕੜੀ ਕਾਰਵਾਈ ਨੂੰ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਵੀ ਸ਼ਕਾਇਤ ਕਰਨਗੇ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਵੱਲੋ ਸਾਜਗਰ ਪ੍ਰਬੰਧ ਨਾ ਕੀਤੇ ਜਾਣੇ ਸਾਬਤ ਕਰਦਾ ਹੈ ਕਿ ਇਹਨਾਂ ਅਧਿਕਾਰੀਆਂ ਵਿੱਚ ਸ੍ਰ. ਕਲਕੱਤਾ ਵਾਲੀ ਯੋਗਤਾ ਨਹੀ ਹੈ ਜਦ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਵੇਲੇ ਉਸ ਨਾਲੋ ਵੀ ਵੱਧ ਯੋਗਤਾ ਵਾਲੇ ਅਧਿਕਾਰੀਆ ਦੀ ਸਖਤ ਜਰੂਰਤ ਹੈ। 
        ਟਰੂਡੋ ਨੂੰ ਸੁਰੱਖਿਆ ਘੇਰਾ ਤੋੜ ਕੇ ਵਿਸ਼ੇਸ਼ ਤੌਰ ਤੇ ਮਿਲਣ ਵਾਲੀ  ਬੀਬੀ ਡਾ ਹਰਜੋਤ ਕੌਰ ਨੂੰ ਮਿਲਉਣ ਬਾਰੇ ਜਾਣਕਾਰੀ ਹਾਸਲ ਕਰਨ ਲਈ ਜਦੋ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ ਰੂਪ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਆਪਣਾ ਫੋਨ ਨਹੀ ਚੁੱਕਿਆ।

No comments: