Saturday, February 03, 2018

ਧਰਮ ਦਿਲਾਂ 'ਚੋਂ ਨਿਕਲ ਕੇ ਸਿਰਾਂ 'ਤੇ ਸਵਾਰ ਹੋ ਗਿਐ-ਵਰਿਆਮ ਸਿੰਘ ਸੰਧੂ

Saturday: February 3, 2018 at 10:00 PM
ਪੰਜਾਬ ਟੋਟੇ ਟੋਟੇ ਹੋ ਕੇ ਲਹੂ-ਲੁਹਾਨ ਹੋਇਆ ਪਿਆ ਏ
ਫੇਸਬੁੱਕ: 3 ਫਰਵਰੀ 2018: (ਪੰਜਾਬ ਸਕਰੀਨ//ਸੋਸ਼ਲ ਮੀਡੀਆ ਡੈਸਕ)::
-ਮੇਰਾ ਮੰਨਣਾ ਏ ਤੇ ਮੈਂ ਸਦਾ ਇਹ ਗੱਲ ਕਹਿੰਦਾਂ ਕਿ ਕੋਈ ਵੀ ਇਨਾਮ-ਸਨਮਾਨ ਕਿਸੇ ਨੂੰ ਉਦੋਂ ਹੀ ਮਿਲਦਾ ਹੈ ਜਦੋਂ ਇਨਾਮ-ਸਨਮਾਨ ਦੇਣ ਵਾਲਿਆਂ ਵਿਚ ਉਹਦੀ ਕੋਈ ਆਪਣੀ ਧਿਰ ਹੁੰਦੀ ਹੈ। ਹੁਣ ਵੀ ਮੈਨੂੰ ਕਹਿਣ ਵਿਚ ਝਿਜਕ ਨਹੀਂ ਕਿ ਮੇਰੀ ਧਿਰ ਮੰਚ 'ਤੇ ਸਭ ਦੇ ਸਾਹਮਣੇ ਬੈਠੀ ਹੈ, ਸੁਰਜੀਤ ਪਾਤਰ ਤੇ ਲਖਵਿੰਦਰ ਜੌਹਲ ਵਰਗੇ ਦੋਸਤਾਂ ਦੇ ਰੂਪ ਵਿਚ। ਆਰਟਸ ਕੌਂਸਲ ਦਾ ਚੇਅਰ-ਪਰਸਨ ਸੁਰਜੀਤ ਪਾਤਰ , ਜਿਸਨੇ ਹੁਣੇ ਮੁਢਲੇ ਸ਼ਬਦਾਂ ਵਿਚ, ਭਾਵੇਂ ਅਤਿਕਥਨੀ ਅਲੰਕਾਰ ਦੀ ਭਾਸ਼ਾ ਵਿਚ ਹੀ ਕਿਹਾ ਹੈ ਕਿ "ਮੈਂ ਵਰਿਆਮ ਸੰਧੂ ਦੀ ਇਕ ਕਹਾਣੀ 'ਮੈਂ ਹੁਣ ਠੀਕ ਠਾਕ ਹਾਂ' ਤੋਂ ਪੰਜਾਬ ਸੰਕਟ ਬਾਰੇ ਲਿਖੀ ਸਾਰੀ ਕਵਿਤਾ ਵਾਰ ਸਕਦਾ ਹਾਂ" ਤਾਂ ਮੈਨੂੰ ਕਿਸੇ ਹੋਰ ਇਨਾਮ ਸਨਮਾਨ ਦੀ ਲੋੜ ਹੀ ਨਹੀਂ ਰਹਿ ਜਾਂਦੀ ਤੇ ਜੇ ਹੁਣ ਵਾਲਾ ਸਨਮਾਨ ਮਿਲ ਰਿਹਾ ਏ ਤਾਂ ਮੈਂ ਕੋਈ ਹੈਰਾਨ ਵੀ ਨਹੀਂ।
-ਇਸ ਸਨਮਾਨ ਦਾ ਨਾਂ 'ਪੰਜਾਬ ਗੌਰਵ' ਹੈ। ਸਹਿਜੇ ਹੀ ਭੁਲੇਖਾ ਲੱਗਾ ਸਕਦਾ ਏ ਜਾਂ ਜਿਹੜਾ ਬੰਦਾ ਇਹ ਪੁਰਸਕਾਰ ਪ੍ਰਾਪਤ ਕਰ ਰਿਹਾ ਹੈ, ਉਹ ਇਸ ਭਰਮ ਦਾ ਸ਼ਿਕਾਰ ਹੋ ਸਕਦਾ ਏ ਜਿਵੇਂ ਉਹ ਬਜ਼ਾਤੇ ਖ਼ੁਦ ਪੰਜਾਬ ਦਾ ਗੌਰਵ ਹੋਵੇ। 
-ਘੱਟੋ ਘੱਟ ਮੈਨੂੰ ਅਜਿਹਾ ਕੋਈ ਭਰਮ ਨਹੀਂ ਮੈਂ ਪੰਜਾਬ ਦਾ ਗੌਰਵ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਧਰਤੀ ਦਾ ਬੜਾ ਗੌਰਵਸ਼ਾਲੀ ਇਤਿਹਾਸ ਹੈ। ਇਹ ਗੁਰੂਆਂ, ਪੀਰਾਂ, ਯੋਧਿਆਂ, ਆਸ਼ਕਾਂ ਤੇ ਅਣਖ਼ੀਲੇ ਲੋਕਾਂ ਦੀ ਸ਼ਾਨਾਂ ਮੱਤੀ ਧਰਤੀ ਹੈ। ਏਥੇ ਵੇਦ ਲਿਖੇ ਗਏ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ। ਏਥੇ ਮੇਰੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਬੋਲ ਹਵਾਵਾਂ ਵਿਚ ਘੁਲਦੇ ਮਹਿਕਦੇ ਰਹੇ ਤੇ ਏਥੇ ਹੀ ਭਾਈ ਮਰਦਾਨੇ ਦੀ ਰਬਾਬ ਗੂੰਜੀ। ਇਸੇ ਧਰਤੀ 'ਤੇ ਕਲਗੀ ਵਾਲੇ ਦੇ ਸੁੰਬਾਂ ਦੀ ਟਾਪ ਖੜਕੀ ਤੇ ਏਥੇ ਬੰਦਾ ਬਹਾਦਰ ਚੰਨ ਵਾਂਗ ਚਮਕਿਆ। ਸ਼ਾਹ-ਹੁਸੈਨ ਤੇ ਬੁੱਲ੍ਹੇ ਦੀਆਂ ਕਾਫ਼ੀਆਂ ਮਜੀਠੀ ਰੰਗ ਘੁਲਿਆ।
-ਮੈਂ ਇਸ ਵਿਰਾਸਤ 'ਤੇ ਮਾਣ ਕਰਦਾ ਹਾਂ ਪਰ ਮੇਰਾ ਦੁਖਾਂਤ ਹੈ ਕਿ ਪਿਛਲੀ ਅੱਧੀ ਸਦੀ ਤੋਂ ਵੀ ਵਧੀਕ ਸਮਾਂ ਆਪਣੀ ਸਮਰੱਥਾ ਅਨੁਸਾਰ ਲਿਖਦਿਆਂ, ਬੋਲਦਿਆਂ ਤੇ ਅਮਲੀ ਤੌਰ 'ਤੇ ਕੁਝ-ਨਾ-ਕੁਝ 'ਕਰਦਿਆਂ' ਮੈਂ ਆਪਣੇ ਪੰਜਾਬ ਦੇ ਗੌਰਵ ਦਾ ਵਾਰਸ ਹੋਣ ਦੇ ਬਾਵਜੂਦ, ਪੰਜਾਬ ਦੇ ਗੌਰਵ ਨੂੰ ਸਾਲ-ਬ-ਸਾਲ ਧੁੰਦਲਾ ਹੁੰਦਾ ਵੇਖਦਾ ਆਇਆ ਹਾਂ। 
ਪੰਜਾਬ ਜੋ ਸ਼ਾਇਰੀ ਤੇ ਸੰਗੀਤ ਦਾ ਪੁੱਤਰ ਸੀ, ਉਸੇ ਪੰਜਾਬ ਨੂੰ ਸਭਿਆਚਾਰ ਦੇ ਨਾਂ 'ਤੇ ਨੰਗੇ ਨਾਚਾਂ, ਲੁੱਚੇ ਬੋਲਾਂ, ਬੇਸੁਰੀਆਂ ਚੀਕਾਂ ਤੇ ਬਾਂਦਰ ਟਪੂਸੀਆਂ ਵਾਲੇ ਸੰਗੀਤ ਤੇ ਗਾਇਕੀ ਦੇ ਕੁਲੱਛਣੇ ਪ੍ਰਛਾਵੇਂ ਨੇ ਗ੍ਰਹਿਣ ਲਾ ਦਿੱਤਾ ਹੈ। ਬਾਬੇ ਨਾਨਕ ਦੇ ਬੋਲ ਵਿਸਰਦੇ ਜਾ ਰਹੇ ਨੇ, ਮਰਦਾਨੇ ਦੀ ਰਬਾਬ ਤਿੜਕਦੀ ਜਾ ਰਹੀ ਏ। 
-ਵੱਡੇ ਵੱਡੇ ਧੱਕੜ ਧਾਵੀਆਂ ਨਾਲ ਲੋਹਾ ਲੈਣ ਲਈ ਹਲ ਦੀ ਜੰਘੀ ਛੱਡ ਕੇ ਤਲਵਾਰ ਦੀ ਮੁੱਠ 'ਤੇ ਹੱਥ ਰੱਖ ਲੈਣ ਵਾਲੇ ਤੇ ਆਪਣੀ ਫ਼ਸਲ ਦੇ ਸਿੱਧੇ ਸਤੋਰ ਸਿੱਟਿਆਂ ਵਾਂਗ ਸਵੈਮਾਣ ਵਾਂਗ ਆਪਣੀ ਧੌਣ ਸਿੱਧੀ ਰੱਖਣ ਵਾਲੇ ਸਾਡੇ ਕਿਸਾਨ ਦੀ ਧੌਣ ਦਰਖ਼ਤਾਂ ਨਾਲ ਲਟਕੀ ਤੇ ਸਲਫ਼ਾਸ ਖਾ ਕੇ ਲੁੜਕੀ ਨਜ਼ਰ ਆਉਂਦੀ ਹੈ। ਮੈਂ ਗੱਭਰੂ ਦੇਸ਼ ਪੰਜਾਬ ਦਾ ਆਖਣ ਵਾਲਾ ਤੇ ਚਟਾਨ ਦੀ ਛਾਤੀ ਦੇ ਬੁਗਦਰ ਵਰਗੇ ਡੌਲਿਆਂ 'ਤੇ ਮਾਣ ਕਰਨ ਵਾਲਾ ਪੰਜਾਬ ਦਾ ਗੱਭਰੂ ਜਾਂ ਤਾਂ ਇਸ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿਚ ਦੌੜ ਜਾਣਾ ਚਾਹੁੰਦਾ ਹੈ ਤੇ ਉਹਦੇ ਡੌਲਿਆਂ ਦੀ ਮੱਛੀਆਂ ਨੂੰ ਨਸ਼ਿਆਂ ਦਾ ਜ਼ਹਿਰ ਚਟਮ ਕਰ ਗਿਆ ਹੈ। ਧਰਮ ਦਿਲਾਂ 'ਚੋਂ ਨਿਕਲ ਕੇ ਸਿਰਾਂ 'ਤੇ ਸਵਾਰ ਹੋ ਗਿਐ ਤੇ 'ਏਕਿ ਪਿਤਾ ਏਕਸ ਕੇ ਹਮ ਬਾਰਿਕ' ਦੀ ਪਰੰਪਰਾ ਵਾਲਾ ਪੰਜਾਬ ਟੋਟੇ ਟੋਟੇ ਹੋ ਕੇ ਲਹੂ-ਲੁਹਾਨ ਹੋਇਆ ਪਿਆ ਏ। ਇਹਦਾ ਧੜ ਇਕ ਪਾਸੇ, ਸਿਰ ਇਕ ਪਾਸੇ ਤੇ ਲੱਤਾਂ ਦੂਜੇ ਪਾਸੇ ਜਾ ਪਈਆਂ ਨੇ ਤੇ ਇਹਦੇ ਸਾਰੇ ਅੰਗ ਇਕ ਦੂਜੇ ਦੇ ਖ਼ਿਲਾਫ਼ ਅੱਗ ਉਗਲਦੇ ਹਥਿਆਰ ਚੁੱਕੀ ਫਿਰਦੇ ਨੇ। ਘਰ ਘਰ ਮੀਆਂ ਸਭਨਾਂ ਜੀਆਂ ਦੀ ਬੋਲੀ 'ਅਵਰ' ਹੁੰਦੀ ਜਾ ਰਹੀ ਹੈ ਤੇ ਅੱਜ ਪੰਜਾਬ ਦੀ ਬੋਲੀ ਦੇ ਨਾਲ ਨਾਲ ਪੰਜਾਬ ਦੀ ਪੱਗ ਵੀ ਰੁਲ ਰਹੀ ਏ। 
-ਇਹ ਸਭ ਕੁਝ ਪਿਛਲੇ ਸਾਲਾਂ ਵਿਚ ਮੇਰੇ ਵਿੰਹਦਿਆਂ ਵਿੰਹਦਿਆਂ ਹੋਇਆ ਹੈ। ਮੈਂ ਆਪਣੇ ਸਾਰੇ ਯਤਨਾਂ ਦੇ ਬਾਵਜੂਦ ਇਸ ਗੁਲਾਬ ਦੇ ਫੁੱਲ ਦੀ ਪੱਤੀ ਪੱਤੀ ਨੂੰ ਵਲੂੰਧਰੇ ਜਾਣੋ ਰੋਕਣ ਲਈ ਕੁਝ ਨਹੀਂ ਕਰ ਸਕਿਆ। 
-ਪਰ ਮੇਰੇ ਮਿਹਰਬਾਨਾਂ ਨੂੰ, ਚੋਣਕਾਰਾਂ ਨੂੰ ਸ਼ਾਇਦ ਫਿਰ ਵੀ ਮੇਰੇ ਵਿਚੋਂ ਕੋਈ ਕਿਣਕਾ ਨਜ਼ਰ ਆ ਗਿਆ ਹੋਵੇਗਾ ਜਿਸਦੀ ਮੱਧਮ ਜਿਹੀ ਲਿਸ਼ਕੋਰ ਨੇ ਸ਼ਾਇਦ ਉਹਨਾਂ ਦਾ ਧਿਆਨ ਖਿੱਚ ਲਿਆ ਹੋਵੇ ਤੇ ਉਹਨਾਂ ਨੇ ਮੈਨੂੰ ਇਸ ਸਨਮਾਨ ਦੇ ਯੋਗ ਸਮਝ ਲਿਆ ਹੋਵੇ। ਉਹਨਾਂ ਦੀ ਨਜ਼ਰ ਨੂੰ ਸਲਾਮ! 
-ਮੇਰੇ ਇਹਨਾਂ ਬੋਲਾਂ 'ਚ ਉਦਾਸੀਨਤਾ ਨਜ਼ਰ ਆਉਂਦੀ ਹੋਵੇਗੀ, ਪਰ ਮੈਂ ਇਸ ਸਭ ਕੁਝ ਦੇ ਬਾਵਜੂਦ ਉਦਾਸ ਤਾਂ ਹਾਂ ਨਿਰਾਸ਼ ਨਹੀਂ ਹਾਂ। ਮੈਂ ਸਾਰੀ ਉਮਰ ਉਹਨਾਂ ਤਾਕਤਾਂ ਦੇ ਖ਼ਿਲਾਫ਼ ਲੜਿਆ ਹਾਂ, ਜਿਨ੍ਹਾਂ ਨੇ ਮੇਰੇ ਪੰਜਾਬ ਤੇ ਮੇਰੇ ਲੋਕਾਂ ਨਾਲ ਧੱਕੇ ਕੀਤੇ ਤੇ ਧੋਖੇ ਦਿੱਤੇ ਨੇ, ਜਿਨ੍ਹਾਂ ਨੇ ਸਾਡੀ ਵਿਰਾਸਤ ਨੂੰ ਦਾਗ਼ਦਾਰ ਕੀਤਾ ਹੈ।
- ਤੁਹਾਡੇ ਇਸ ਸਨਮਾਨ ਨੇ ਮੇਰੇ ਵਿਚ ਮੇਰਾ ਵਿਸ਼ਵਾਸ ਹੋਰ ਬਹਾਲ ਕੀਤਾ ਹੈ ਤੇ ਮੈਨੂੰ ਹੌਂਸਲਾ ਦਿੱਤਾ ਹੈ ਕਿ ਇਸ ਲੜਾਈ ਵਿਚ ਮੈਂ ਇਕੱਲਾ ਨਹੀਂ ਹਾਂ, ਅਸੀਂ-ਤੁਸੀਂ ਸਾਰੇ ਸ਼ਾਮਲ ਹਾਂ। ਜਿਨ੍ਹਾਂ ਵਿਚੋਂ ਕੁਝ ਸਰਕਾਰ ਵਿਚ ਵੀ ਹੋ ਸਕਦੇ ਨੇ, ਉਹ ਵੀ ਹੋ ਸਕਦੇ ਨੇ ਜੋ ਸਰਕਾਰਾਂ ਨਾਲ ਰਲ ਕੇ ਚੱਲਦੇ ਨੇ, ਤੇ ਵੱਡੀ ਗਿਣਤੀ ਵਿਚ ਉਹ ਤਾਂ ਹੋ ਹੀ ਸਕਦੇ ਨੇ, ਜਿਹੜੇ ਮੇਰੇ ਵਾਂਗ ਹੀ ਸਦਾ ਸਰਕਾਰਾਂ ਨਾਲ ਲੜਦੇ ਆਏ ਨੇ।
-ਵਰਿਆਮ ਸਿੰਘ ਸੰਧੂ

No comments: