Saturday, February 10, 2018

ਮਾਲਦੀਵ ਵਿੱਚ ਮੀਡੀਆ 'ਤੇ ਹਮਲੇ ਜਾਰੀ

ਪੱਤਰਕਾਰ ਮਨੀ ਸ਼ਰਮਾ ਅਤੇ ਆਤਿਸ਼ ਪਟੇਲ ਗ੍ਰਿਫਤਾਰ 
ਨਵੀਂ ਦਿੱਲੀ: 10 ਫਰਵਰੀ 2018: (ਪੰਜਾਬ ਸਕਰੀਨ//ਇੰਟ.):: 
23 ਅਪ੍ਰੈਲ 2017 ਨੂੰ ਕਤਲ ਕੀਤੇ ਗਏ ਬਲੋਗਰ ਦੀ ਫੋਟੋ 
ਮੀਡੀਆ ਲਗਾਤਾਰ ਖਤਰਿਆਂ ਵਿੱਚ ਘਿਰਿਆ ਹੋਇਆ ਹੈ। ਪੂਰੀ ਦੁਨੀਆ ਵਿੱਚ ਰਿਪੋਰਟਿੰਗ ਹੁਣ ਹੋਰ ਖਤਰਾ ਭਰੀ ਹੋ ਗਈ ਹੈ। ਨਵੀਂ ਖਬਰ ਆਈ ਹੈ ਮਾਲਦੀਵ ਤੋਂ। ਮਾਲਦੀਵ ਸੰਕਟ 'ਚ ਦੋ ਭਾਰਤੀ ਪੱਤਰਕਾਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਦੋਨੋਂ ਪੱਤਰਕਾਰ ਸਮਾਚਾਰ ਏਜੰਸੀ ਏ ਐੱਫ ਪੀ 'ਚ ਕੰਮ ਕਰਦੇ ਹਨ। 
ਇੱਕ ਰਿਪੋਰਟ ਮੁਤਾਬਕ ਅੰਮ੍ਰਿਤਸਰ ਦੇ ਮਨੀ ਸ਼ਰਮਾ ਅਤੇ ਲੰਡਨ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਪੱਤਰਕਾਰ ਆਤਿਸ਼ ਰਾਵਜੀ ਪਟੇਲ ਨੂੰ ਮਾਲਦੀਵ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪ੍ਰੈੱਸ 'ਤੇ ਹੋਏ ਇਸ ਹਮਲੇ ਬਾਰੇ ਮਾਲਦੀਵ ਦੇ ਸੰਸਦ ਮੈਂਬਰ ਅਲੀ ਜ਼ਹੀਰ ਨੇ ਕਿਹਾ ਹੈ ਕਿ ਹੁਣ ਇੱਥੇ ਪ੍ਰੈੱਸ ਦੀ ਆਜ਼ਾਦੀ ਨਹੀਂ ਬਚੀ। ਪਿਛਲੀ ਰਾਤ ਇੱਕ ਟੀ ਵੀ ਚੈਨਲ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਅਸੀਂ ਫੌਰੀ ਤੌਰ 'ਤੇ ਇਨ੍ਹਾਂ ਦੀ ਰਿਹਾਈ ਅਤੇ ਦੇਸ਼ ਵਿੱਚ ਜਮਹੂਰੀਅਤ ਦੀ ਬਹਾਲੀ ਦੀ ਮੰਗ ਕਰਦੇ ਹਾਂ। 
ਦਰਅਸਲ ਮਾਲਦੀਵ ਸੁਪਰੀਮ ਕੋਰਟ ਨੇ ਆਪੋਜ਼ੀਸ਼ਨ ਦੇ 9 ਆਗੂਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਰਾਸ਼ਟਰਪਤੀ ਯਾਮੀਨ ਦੀ ਸਰਕਾਰ ਨੇ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਚੀਫ ਜਸਟਿਸ ਅਬਦੁੱਲਾ ਸਈਦ ਅਤੇ ਇੱਕ ਹੋਰ ਜੱਜ ਅਲੀ ਹਮੀਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ 'ਚ ਸਰਕਾਰ ਦੇ ਦਬਾਅ ਹੇਠ ਸੁਪਰੀਮ ਕੋਰਟ ਨੂੰ ਆਪਣਾ ਫੈਸਲਾ ਬਦਲਣਾ ਪਿਆ। ਭਾਰਤ ਤੇ ਚੀਨ ਦੋਹਾਂ ਦੇ ਲਿਹਾਜ਼ ਨਾਲ ਮਾਲਦੀਵ ਸੰਕਟ ਕਾਫੀ ਅਹਿਮ ਹੈ। ਦੋਵੇਂ ਦੇਸ਼ ਬਰੀਕੀ ਨਾਲ ਇਸ ਘਟਨਾਕ੍ਰਮ 'ਤੇ ਨਜ਼ਰ ਰੱਖ ਰਹੇ ਹਨ।
ਇਸੇ ਦੌਰਾਨ ਚੀਨ ਨੇ ਕਿਹਾ ਹੈ ਕਿ ਉਹ ਮਾਲਦੀਵ ਵਿੱਚ ਜਾਰੀ ਸਿਆਸੀ ਸੰਕਟ ਨੂੰ ਸੁਝਲਾਉਣ ਲਈ ਭਾਰਤ ਦੇ ਸੰਪਰਕ 'ਚ ਹੈ। ਚੀਨ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਭਾਰਤ ਨਾਲ ਕਿਸੇ ਤਰ੍ਹਾਂ ਦਾ ਟਕਰਾਅ ਨਹੀਂ ਚਾਹੁੰਦਾ। 
ਚੀਨ ਦੇ ਅਧਿਕਾਰਤ ਸੂਤਰਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਮਾਲਦੀਵ ਆਪਣੇ ਅੰਦਰੂਨੀ ਸੰਕਟ ਨੂੰ ਸੁਝਲਾਉਣ ਦੇ ਸਮੱਰਥ ਹੈ ਅਤੇ ਕਿਸੇ ਵੀ ਬਾਹਰੀ ਧਿਰ ਨੂੰ ਦਖਲ ਨਹੀਂ ਦੇਣਾ ਚਾਹੀਦਾ। ਇਸੇ ਦਰਮਿਆਨ ਚੀਨ ਨੇ ਨਵੀਂ ਦਿੱਲੀ ਨਾਲ ਵੀ ਇਸ ਮਾਮਲੇ ਦੇ ਹੱਲ ਲਈ ਸੰਪਰਕ ਕੀਤਾ ਹੈ। ਮਾਲਦੀਵ ਦੇ ਸੰਕਟ ਦੇ ਹੱਲ ਲਈ ਭਾਰਤ ਦੀਆਂ ਵਿਸ਼ੇਸ਼ ਫੋਰਸਾਂ ਨੂੰ ਤਿਆਰ ਹੋਣ ਦੀਆਂ ਖਬਰਾਂ ਤੋਂ ਬਾਅਦ ਚੀਨ ਨੇ ਕਿਸੇ ਬਾਹਰੀ ਦਖਲ ਨਾ ਦਿੱਤੇ ਜਾਣ ਦੀ ਗੱਲ ਆਖੀ ਹੈ। 
ਚੀਨੀ ਸੂਤਰਾਂ ਨੇ ਕਿਹਾ ਕਿ ਮਾਲਦੀਵ ਸੰਕਟ ਨੂੰ ਚੀਨ-ਭਾਰਤ ਨਾਲ ਟਕਰਾਅ ਦਾ ਕੋਈ ਮਸਲਾ ਨਹੀਂ ਬਣਾਇਆ ਜਾਣਾ ਚਾਹੀਦਾ। ਪਿਛਲੇ ਸਾਲ ਭੂਟਾਨ, ਭਾਰਤ ਅਤੇ ਚੀਨ ਦੀ ਸਰਹੱਦ 'ਤੇ ਸਥਿਤ ਡੋਕਲਾਮ ਪਠਾਰ ਨੂੰ ਲੈ ਕੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਆਹਮੋ-ਸਾਹਮਣੇ ਆ ਗਈਆਂ ਸਨ। ਇਸ ਤੋਂ ਇਲਾਵਾ ਪਾਕਿਸਤਾਨ ਸਥਿਤ ਖਤਰਨਾਕ ਅੱਤਵਾਦੀ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰਵਾਉਣ ਦੇ ਭਾਰਤ ਦੀਆਂ ਕੋਸ਼ਿਸ਼ਾਂ ਵਿੱਚ ਚੀਨ ਵੱਲੋਂ ਲੱਤ ਅੜਾਏ ਜਾਣ ਕਾਰਨ ਦੋਹਾਂ ਦੇਸ਼ਾਂ ਦੇ ਸੰਬੰਧ ਤਣਾਅਪੂਰਨ ਹੋ ਗਏ ਸਨ। 
ਮਾਲਦੀਵ ਸੰਕਟ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੋਈ ਗੱਲਬਾਤ ਬਾਰੇ ਪੁੱਛੇ ਗਏ ਸਵਾਲ 'ਤੇ ਚੀਨੀ ਵਿਦੇਸ਼ ਮੰਤਾਲੇ ਦੇ ਬੁਲਾਰੇ ਨੇ ਕਿਹਾ ਕਿ ਕਿਸੇ ਬਾਹਰੀ ਧਿਰ ਨੂੰ ਇਸ ਮਾਮਲੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਉਹਨਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਮਾਲਦੀਵ ਦੀ ਪ੍ਰਭੂਸੱਤਾ ਅਤੇ ਅਜ਼ਾਦੀ ਦਾ ਸਨਮਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਾਲਦੀਵ ਦੀ ਮੌਜੂਦਾ ਸਥਿਤੀ ਉਸ ਦਾ ਅੰਦਰੂਨੀ ਮਾਮਲਾ ਹੈ ਅਤੇ ਗੱਲਬਾਤ ਰਾਹੀਂ ਸਾਰੀਆਂ ਸੰਬੰਧਤ ਧਿਰਾਂ ਨੂੰ ਇਸ ਮਸਲੇ ਦਾ ਸਹੀ ਢੰਗ ਨਾਲ ਹੱਲ ਕਰਨਾ ਚਾਹੀਦਾ ਹੈ। 
ਇਸੇ ਦੌਰਾਨ ਮਾਲਦੀਵ ਦੇ ਰਾਸ਼ਟਰਪਤੀ ਅਬਦੁਲਾ ਯਾਮੀਨ ਨੇ ਦੇਸ਼ ਦੇ ਖਜ਼ਾਨਾ ਮੰਤਰੀ ਮੁਹੰਮਦ ਸਈਦ ਨੂੰ ਆਪਣੇ ਵਿਸ਼ੇਸ਼ ਦੂਤ ਦੇ ਤੌਰ 'ਤੇ ਚੀਨ ਭੇਜਿਆ ਹੈ।

No comments: