Friday, February 02, 2018

ਨਾਮਧਾਰੀ ਸੰਗਤਾਂ ਵਿੱਚ ਸਾਜ਼ਿਸ਼ੀ ਸਿਆਸਤ ਵਿਰੁੱਧ ਭਾਰੀ ਰੋਹ

ਤਾਰੀ ਦੇ ਕਤਲ ਨੂੰ ਮਾਤਾ ਚੰਦ ਕੌਰ ਜੀ ਦੀ ਸ਼ਹੀਦੀ ਨਾਲ ਜੋੜਣ 'ਤੇ ਭਾਰੀ ਰੋਸ
ਲੁਧਿਆਣਾ: 1 ਫਰਵਰੀ 2018: (ਪੰਜਾਬ ਸਕਰੀਨ ਬਿਊਰੋ)::
ਮਾਤਾ ਚੰਦ ਕੌਰ ਜੀ ਦੇ ਕਾਤਲਾਂ ਨੂੰ ਫੜ ਕੇ ਸੰਗਤਾਂ ਦੇ ਸਾਹਮਣੇ ਲਿਆਉਣ ਵਿੱਚ ਨਾਕਾਮ ਰਹੀ ਪੰਜਾਬ ਸਰਕਾਰ ਨੇ ਹੁਣ ਆਪਣੀ ਨਾਕਾਮੀ ਲੁਕਾਉਣ ਲਈ ਕੇਸ ਨੂੰ ਕੁਰਾਹੇ ਪਾਉਣ ਦੀਆਂ ਚਾਲਾਂ ਰਚੀਆਂ ਹਨ। ਇਹ  ਦਾਅਵਾ ਅੱਜ ਇਥੇ ਨਾਮਧਾਰੀ ਸੰਗਤ ਦੇ ਪ੍ਰਧਾਨ ਹਰਭਜਨ ਸਿੰਘ ਅਤੇ ਜਨਰਲ ਸਕੱਤਰਹਰਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਨਾਮਧਾਰੀ ਸੰਗਤ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁਖੀ ਵੱਲੋਂ ਸ੍ਰੀ ਭੈਣੀ ਸਾਹਿਬ ਵਿਖੇ ਕਾਬਜ਼ ਧੜੇ ਦੇ ਮੁਖੀ ਨਾਲ ਕੀਤੀ ਗਈ ਗੁਪਤ ਵਾਰਤਾ ਨੇ ਆਮ ਲੋਕਾਂ ਵਿੱਚ ਵੀ ਬਹੁਤ ਸਾਰੀਆਂ ਸ਼ੰਕਾਵਾਂ ਪੈਦਾ ਕੀਤੀਆਂ ਹਨ।  ਕਮੇਟੀ ਨੇ ਆਪਣੇ ਜ਼ਿੰਮੇਵਾਰ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਮਾਤਾ ਚੰਦ ਕੌਰ ਜੀ ਵਰਗੀ ਪੂਜਨੀਕ ਸ਼ਖ਼ਸੀਅਤ ਦੇ ਅਣਮਨੁੱਖੀ ਕਤਲ ਨੂੰ ਅਵਤਾਰ ਸਿੰਘ ਤਾਰੀ ਵਰਗੇ ਗੁੰਡੇ ਦੇ ਕਤਲ ਨਾਲ ਜੋੜਨਾ ਸਾਬਿਤ ਕਰਦਾ ਹੈ ਕਿ ਸਿਆਸੀ ਪੁਸ਼ਤਪਨਾਹੀ ਨਾਲ ਸ੍ਰੀ ਭੈਣੀ ਸਾਹਿਬ 'ਤੇ ਕਾਬਜ਼ ਧੜਾ ਇਸ ਕੇਸ ਨੂੰ ਮਨਚਾਹੇ ਢੰਗਾਂ ਨਾਲ ਚਲਾਉਣਾ ਚਾਹੁੰਦਾ ਹੈ।
ਠਾਕੁਰ ਦਲੀਪ ਸਿੰਘ ਜੀ ਦੀਆਂ ਏਕਤਾਂ ਕੋਸ਼ਿਸ਼ਾਂ ਨੂੰ ਤਾਰਪੀਡੋ ਕਰਦਿਆਂ ਸੰਗਤਾਂ ਦੀ ਬਹੁਗਿਣਤੀ ਤੋਂ ਇਹ ਧੜਾ ਬੁਖਲਾਇਆ ਹੋਇਆ ਹੈ। ਬਹੁਗਿਣਤੀ ਸੰਗਤਾਂ ਦੀ ਗੱਲ ਨੂੰ ਮੰਨ ਕੇ ਠਾਕੁਰ ਦਲੀਪ ਸਿੰਘ ਜੀ ਦੀ ਸ਼ਖ਼ਸੀਅਤ ਨੂੰ ਸਵੀਕਾਰਨ ਦੀ ਥਾਂ ਇਹ ਧੜਾ ਲਗਾਤਾਰ ਸਾਜ਼ਿਸ਼ੀ ਹੱਥਕੰਡੇ ਆਪਣਾ ਕੇ ਚੁਣੌਤੀਆਂ ਦੇ ਰਿਹਾ ਹੈ। ਇਸਦੇ ਨਾਲ ਹੀ ਇਹ ਧੜਾ ਮਾਤਾ ਚੰਦ ਕੌਰ ਜੀ ਦੇ ਕਤਲ ਵਾਲੇ ਮਾਮਲੇ ਵਿੱਚ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਨੂੰ ਗੁੰਮਰਾਹ ਵੀ ਕਰ ਰਿਹਾ ਹੈ।
ਹੁਣ ਅਵਤਾਰ ਸਿੰਘ ਤਾਰੀ ਦੇ ਮਾਮਲੇ ਨੂੰ ਚੁੱਕਣਾ ਵੀ ਇਸੇ ਸਾਜ਼ਿਸ਼ ਦਾ ਹੀ ਇੱਕ ਹਿੱਸਾ ਹੈ। ਇਸ ਕਤਲ ਨੂੰ ਮਾਤਾ ਜੀ ਵਰਗੀ ਸ਼ਖ਼ਸੀਅਤ ਨਾਲ ਜੋੜਨਾ ਇੱਕ ਅਸਹਿ ਗੱਲ ਹੈ।
ਐਕਸ਼ਨ ਕਮੇਟੀ ਨੇ ਦੱਸਿਆ ਕਿ ਅਵਤਾਰ ਸਿੰਘ ਤਾਰੀ ਦਾ ਕਤਲ ਉਸ ਦੀ ਰਖੇਲ ਦੇ ਘਰ ਹੁੰਦਾ ਹੈ ਜਦਕਿ ਮਾਤਾ ਜੀ ਨੂੰ ਦਿਨ ਦਿਹਾੜੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਕਤਲ ਕੀਤਾ ਜਾਂਦਾ ਹੈ। ਅਵਤਾਰ ਸਿੰਘ ਤਾਰੀ ਦਾ ਕਤਲ ਰਾਈਫਲ ਨਾਲ ਹੁੰਦਾ ਹੈ ਜਦਕਿ ਮਾਤਾ ਜੀ ਦਾ ਕਤਲ ਪਿਸਤੋਲ ਨਾਲ ਹੁੰਦਾ ਹੈ।
ਅਵਤਾਰ ਸਿੰਘ ਤਾਰੀ ਉੱਪਰ ਸਾਰਾ ਪੰਥ ਥੁੱਕਦਾ ਸੀ ਜਦਕਿ ਮਾਤਾ ਜੀ ਅੱਗੇ ਸਾਰਾ ਪੰਥ ਝੁਕਦਾ ਸੀ। ਅਵਤਾਰ ਸਿੰਘ ਤਾਰੀ ਦੀ ਮੌਤ ਤੇ ਨਾਮਧਾਰੀ ਸੰਗਤਾਂ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੱਡੂ ਵੰਡੇ ਅਤੇ ਦੀਵੇ ਜਗਾਏ ਜਦਕਿ ਮਾਤਾ ਚੰਦ ਕੌਰ ਜੀ ਦੀ ਸ਼ਹੀਦੀ ਕਾਰਣ ਅੱਜ ਸਾਰਾ ਪੰਥ ਰੋਂਦਾ ਹੈ। ਕਮੇਟੀ ਨੇ ਦੱਸਿਆ ਕਿ ਅਵਤਾਰ ਸਿੰਘ ਤਾਰੀ ਬੇਗਾਨੀਆਂ ਔਰਤਾਂ ਨਾਲ ਸੰਬੰਧ ਰੱਖਦਾ ਸੀ ਜਦਕਿ ਮਾਤਾ ਜੀ ਨੇ ਅਨੇਕ ਗਰੀਬ ਕੁੜੀਆਂ ਦੇ ਵਿਆਹ ਚੰਗੇ ਘਰਾਂ ਵਿੱਚ ਕਰਾਏ। ਅਵਤਾਰ ਸਿੰਘ ਤਾਰੀ ਪੰਥ ਨੂੰ ਤੋੜਨ ਵਾਲਾ ਸੀ ਜਦਕਿ ਮਾਤਾ ਜੀ ਪੰਥ ਨੂੰ ਜੋੜਨ ਵਾਲੇ ਸਨ। ਕਮੇਟੀ ਨੇ ਤਾਰੀ ਦੇ ਲਾਈਫ ਸਟਾਈਲ ਬਾਰੇ ਅੱਗੇ ਦੱਸਿਆ ਕਿ ਅਵਤਾਰ ਸਿੰਘ ਤਾਰੀ ਨੇ ਕਦੇ ਵੀ ਕਿਸੇ ਕੰਮ ਨੂੰ ਹੱਥ ਨਹੀਂ ਸੀ ਲਾਇਆ ਅਤੇ ਕਦੇ ਵੀ ਡੱਕਾ ਭੰਨ ਕੇ ਦੂਹਰਾ ਨਹੀਂ ਸੀ ਕੀਤਾ।  ਦੂਜੇ ਪਾਸੇ ਮਾਤਾ ਜੀ ਸੇਵਾ ਅਤੇ ਸਿਮਰਨ ਦੀ ਮੂਰਤੀ ਸਨ। ਆਪ ਸਾਰਾ ਸਾਰਾ ਦਿਨ ਸਿਰ ਉੱਪਰ ਟੋਕਰਾ ਢੋਅ ਕੇ ਸੇਵਾ ਕਰਦੇ ਸਨ। ਮਾਤਾ ਜੀ ਆਪ ਤਾਂ ਸੇਵਾ ਕਰਦੇ ਹੀ ਸਨ ਸੰਗਤਾਂ ਤੋਂ ਵੀ ਸੇਵਾ ਕਰਾਉਂਦੇ ਸਨ।
ਕਮੇਟੀ ਨੇ ਅਵਤਾਰ ਸਿੰਘ ਤਾਰੀ ਦੇ ਕਿਰਦਾਰ ਬਾਰੇ ਦੱਸਦਿਆਂ ਹੋਰ ਕਿਹਾ ਕਿ ਸਤਿਗੁਰੂ ਜਗਜੀਤ ਸਿੰਘ ਜੀ ਦੀ ਸੁਰੱਖਿਆ ਛਤਰੀ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਕੇ ਤਾਰੀ ਨੇ ਇਸੇ ਬਹਾਨੇ ਸਤਿਗੁਰੂ ਜਗਜੀਤ ਜੀ ਨੂੰ ਇੱਕ ਤਰਾਂ ਨਾਲ ਕਿਡਨੈਪ ਹੀ ਕਰ ਲਿਆ ਸੀ। ਇਸ ਬਹਾਨੇ ਨਾਲ ਤਾਰੀ ਨੇ ਸਤਿਗੁਰੂ ਜੀ ਨੂੰ ਇੱਕ ਤਰਾਂ ਨਾਲ ਬੰਧਕ ਬਣਾ ਕੇ ਹੀ ਰੱਖਿਆ ਹੋਇਆ ਸੀ। 
 ਅਵਤਾਰ ਸਿੰਘ ਤਾਰੀ ਦੀ ਦਹਿਸ਼ਤ ਅਤੇ ਸਖਤੀ ਏਨੀ ਸੀ ਸਤਿਗੁਰਾਂ ਦਾ ਆਪਣਾ ਪਰਿਵਾਰ ਵੀ ਤਾਰੀ ਦੀ ਮਰਜ਼ੀ ਬਿਨਾ ਸਤਿਗੁਰੂ ਜੀ ਨੂੰ ਨਹੀਂ ਸੀ ਮਿਲ ਸਕਦਾ। ਆਪਣੇ ਇਸ  ਤਾਨਾਸ਼ਾਹੀ ਵਾਲੇ ਸਿਸਟਮ ਨੂੰ ਸ਼ਾਤਰਾਨਾ ਢੰਗ ਨਾਲ ਚਲਾਈ ਰੱਖਣ ਲਈ ਤਾਰੀ ਨੇ ਆਪਣੇ ਜੀਜੇ ਬਲਵੰਤ ਨੂੰ ਸੁਰੱਖਿਆ ਇੰਚਾਰਜ ਬਣਾਇਆ ਹੋਇਆ ਸੀ ਅਤੇ ਆਪਣੇ ਕੁੜਮ ਨੂੰ ਸਤਿਗੁਰਾਂ ਦਾ ਡਰਾਈਵਰ ਬਣਾਇਆ ਹੋਇਆ ਸੀ।  ਹਾਲਤ ਅਜਿਹੀ ਬਣਾ ਦਿੱਤੀ ਗਈ ਸੀ ਕਿ ਸਤਿਗੁਰੂ ਜੀ ਵੀ ਆਪਣੀ ਮਰਜ਼ੀ ਨਾਲ ਕਦੇ ਕਿਤੇ ਆ ਜਾ ਨਹੀਂ ਸਨ ਸਕਦੇ। ਤਾਰੀ ਸਤਿਗੁਰਾਂ ਦੇ ਨਾਮ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੋਂ ਲੱਖਾਂ ਰੁਪਏ ਦੀ ਰਕਮ ਅਕਸਰ ਮੰਗਦਾ ਰਹਿੰਦਾ ਸੀ। ਜੇ ਸਤਿਗੁਰੂ ਜੀ ਕਿਸੇ ਗਰੀਬ ਦੀ ਸਹਾਇਤਾ ਕਰਨਾ ਚਾਹੁੰਦੇ ਤਾਂ ਵੀ ਤਾਰੀ ਅਕਸਰ ਅੜਿੱਕੇ ਖੜੇ ਕਰਦਾ ਸੀ। ਉਸਦੇ ਇਸ ਅਣਮਨੁੱਖੀ ਕਿਰਦਾਰ ਤੋਂ ਦੁਖੀ ਹੋ ਕੇ ਤਾਰੀ ਦਾ ਆਪਣਾ ਮੁੰਡਾ ਵੀ ਉਸਦੀਆਂ ਗਲਤ ਕਰਤੂਤਾਂ ਕਰਕੇ ਉਸ ਨੂੰ ਛੱਡ ਗਿਆ ਸੀ। ਉਹ ਚੰਡੀਗੜੋਂ ਆਪਣੇ ਬੱਚਿਆਂ ਦੀ ਪੜ੍ਹਾਈ ਵਿੱਚੇ ਛੁਡਵਾ ਕੇ ਤਾਰੀ ਤੋਂ ਦੂਰ ਚਲਾ ਗਿਆ ਸੀ। ਵਿਦੇਸ਼ਾਂ ਚੋਣ ਚੋਂ ਇਕੱਠੇ ਕੀਤੇ ਪੈਸੇ ਨਾਲ ਹੀ ਉਹ ਐਸ਼ਪ੍ਰਸਤੀ ਕਰਦਾ ਰਹਿੰਦਾ ਸੀ।
ਕਮੇਟੀ ਨੇ ਦਾਅਵਾ ਕੀਤਾ ਕਿ ਸਾਡੇ ਕੋਲ ਬਹੁਤ ਸਾਰੀਆਂ ਗੱਲਾਂ ਦੇ ਸਬੂਤ ਹਨ ਜਿਹਨਾਂ ਨੂੰ ਸਮਾਂ ਆਉਣ ਤੇ ਸੰਗਤਾਂ ਸਾਹਮਣੇ ਲਿਆਂਦਾ ਜਾਵੇਗਾ। ਸਤਿਗੁਰ ਜਗਜੀਤ ਸਿੰਘ ਜੀ ਨੇ ਆਪਣੇ ਕੁਝ ਵਿਸ਼ਵਾਸਪਾਤਰਾਂ ਰਾਹੀਂ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਅਤੇ ਗੁਰਤਾਗੱਦੀ ਦੀਆਂ ਰਸਮਾਂ ਵਾਲੇ ਸਾਮਾਨ ਵੀ ਠਾਕੁਰ ਦਲੀਪ ਸਿੰਘ ਜੀ ਕੋਲ ਭੇਜੇ ਸਨ। ਇਸਦੇ ਬਾਵਜੂਦ ਠਾਕੁਰ ਦਲੀਪ ਸਿੰਘ ਸਭ ਕੁਝ ਤਿਆਗ ਕੇ ਮਨੁੱਖਤਾ ਨੂੰ ਇੱਕ ਕਰਨ ਦੇ ਮਿਸ਼ਨ ਵਿੱਚ ਲੱਗੇ ਹੋਏ ਹਨ। ਏਕਤਾ ਇਸ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।  

No comments: