Friday, January 26, 2018

PAU: ਧੁੰਦ ਭਰੀ ਸਵੇਰ ਵਿੱਚ ਲਹਿਰਾਇਆ ਗਿਆ ਪੀਏਯੂ ਵਿੱਚ ਕੌਮੀ ਝੰਡਾ

Fri, Jan 26, 2018 at 12:02 PM
ਕੁਦਰਤੀ ਸਰੋਤਾਂ ਦੀ ਸੰਭਾਲ ਲਈ ਲਗਾਤਾਰ ਯਤਨ ਜ਼ਰੂਰੀ ਹਨ: ਡਾ: ਢਿੱਲੋਂ
ਲੁਧਿਆਣਾ: 26 ਜਨਵਰੀ 2018: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਭਾਰਤ ਦੇ 69ਵੇਂ ਗਣਤੰਤਰ ਦਿਵਸ ਮੌਕੇ ਵਾਈਸ ਚਾਂਸਲਰ ਡਾ.ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਨੇ ਧੁੰਦ ਭਰੀ ਸਵੇਰ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਐਨ ਸੀ ਸੀ ਵਿਦਿਆਰਥੀਆਂ ਨਾਲ ਮਿਲ ਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਅਜ਼ਾਦੀ, ਹੱਕਾਂ, ਅਧਿਕਾਰਾਂ ਅਤੇ ਫਰਜ਼ਾਂ ਦੀ ਗੱਲ ਦੀ ਗੱਲ ਕਰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਭਾਰਤ ਵਿੱਚ 26 ਜਨਵਰੀ ਨੂੰ ਹਰ ਵਰ੍ਹੇ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ  1950 ਵਿੱਚ ਇਸ ਦਿਨ ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ, ਜੋ ਸਾਨੂੰ ਮਨੁੱਖੀ ਅਧਿਕਾਰਾਂ ਦੇ ਨਾਲ–ਨਾਲ ਫਰਜ਼ਾਂ ਵਿੱਚ ਵੀ ਬੰਨ੍ਹਦਾ ਹੈ। ਅਜ਼ਾਦੀ ਦੀ ਜੰਗ ਅਤੇ ਅਜ਼ਾਦੀ ਮਗਰੋਂ ਦੇਸ਼ ਦੇ ਵਿਕਾਸ ਵਿੱਚ ਪੰਜਾਬੀਆਂ ਨੇ ਬਹੁਤ ਵੱਡਾ ਹਿੱਸਾ ਪਾਇਆ ਹੈ, ਇਤਿਹਾਸ ਇਸਦਾ ਗਵਾਹ ਹੈ। ਕੌਮੀ ਭੋਜਨ ਸੁਰੱਖਿਆ ਅਤੇ ਹੋਰ ਸੰਕਟਾਂ ਵਿੱਚ ਪੰਜਾਬ ਦੀ ਦੇਣ ਬਹੁਤ ਵੱਡੀ ਹੈ। ਸਮੇਂ ਦੇ ਨਾਲ ਸਾਡੇ ਲਈ ਨਵੀਆਂ ਚੁਣੌਤੀਆਂ ਦਰਪੇਸ਼ ਹਨ। ਅਸੀਂ ਪੈਦਾਵਾਰ ਵਧਾਉਣ ਦੀਆਂ ਖੇਤੀ ਤਕਨੀਕਾਂ ਕਿਸਾਨਾਂ ਤੱਕ ਪਸਾਰਨ ਵਿੱਚ ਸਫਲ ਹੋਏ ਹਾਂ। ਕੁਦਰਤੀ ਸਰੋਤਾਂ ਦੀ ਸੰਭਾਲ, ਵਾਧੂ ਖੇਤੀ ਲਾਗਤਾਂ ਘਟਾਉਣ ਲਈ ਅਸੀਂ ਹਾਲੇ ਕਿਸਾਨ ਨੂੰ ਲਗਾਤਾਰ ਪ੍ਰੇਰਿਤ ਕਰਨਾ ਹੈ। ਹਾਲੇ ਅਸੀਂ ਪਾਣੀ, ਖਾਦਾਂ ਅਤੇ ਖੇਤੀ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਨੂੰ ਬੰਨ੍ਹ ਲਾਉਣਾ ਹੈ, ਪਰਾਲੀ ਅਤੇ ਖੇਤੀ ਦੀ ਰਹਿੰਦ–ਖੂੰਹਦ ਨੂੰ ਸਹੀ ਢੰਗ ਨਾਲ ਸੰਭਾਲਣਾ ਹੈ ਤਾਂ ਹੀ ਅਸੀਂ ਸਦੀਵੀ ਖੇਤੀ ਦੇ ਰਾਹ ਤੁਰ ਸਕਦੇ ਹਾਂ। ਮੈਨੂੰ ਆਸ ਹੈ ਅਤੇ ਵਿਸ਼ਵਾਸ਼ ਵੀ ਕਿ ਸਾਡੇ ਮਿਹਨਤੀ ਵਿਗਿਆਨੀ ਇਸ ਚੇਤਨਾ ਨੂੰ ਪਸਾਰਨ ਵਿੱਚ ਸਫ਼ਲ ਹੁੰਦੇ ਰਹਿਣਗੇ ਅਤੇ ਸਾਡਾ ਕਿਸਾਨ ਵੀ ਲਾਜ਼ਮੀ ਇਸ ਮੁਹਿੰਮ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੇਗਾ।
ਬਿਨਾਂ ਸ਼ੱਕ ਅਸੀਂ ਇਸ ਖੇਤਰ ਵਿੱਚ ਸਫ਼ਲ ਵੀ ਹੋ ਰਹੇ ਹਾਂ ਇਸ ਲਈ ਮੈਂ ਵਿਗਿਆਨੀਆਂ ਅਤੇ ਕਿਸਾਨਾਂ ਦਾ ਧੰਨਵਾਦ ਕਰਦਾ ਹਾਂ।
ਪਿਛਲੇ 30 ਸਾਲਾਂ ਵਿੱਚ ਆਰਗੈਨਿਕ ਕਾਰਬਨ ਵਧਣ ਨਾਲ ਮਿੱਟੀ ਦੀ ਸਿਹਤ ਸੁਧਰੀ ਹੈ। ਖਾਦ ਵਸਤਾਂ ਵਿੱਚ ਰਸਾਇਣਾਂ ਦੀ ਰਹਿੰਦ–ਖੂੰਹਦ ਦੀ ਦਰ ਵੀ ਲਗਾਤਾਰ ਹੇਠਾਂ ਆਈ ਹੈ।  ਪਰਮਲ ਚੌਲ ਅਤੇ ਕਣਕ ਦਾ ਝਾੜ ਵਧਿਆ ਹੈ। ਪੰਜਾਬ ਦੇ ਕਿਸਾਨ ਦੀ ਆਮਦਨ ਬਾਕੀ ਰਾਜਾਂ ਦੇ ਕਿਸਾਨਾਂ ਨਾਲੋਂ ਸਭ ਤੋਂ ਵੱਧ ਹੈ ਪਰ ਕਿਸਾਨ ਲਈ ਮੁਨਾਫ਼ੇ ਦਾ ਮਸਲਾ ਹਾਲੇ ਹੱਲ ਹੋਣਾ ਹੈ। ਇਸ ਲਈ ਸਹਾਇਕ ਧੰਦੇ ਅਪਨਾਉਣਾ ਲਾਜ਼ਮੀ ਹੈ। ਪ੍ਰਾਸੈਸਿੰਗ ਅਤੇ ਫ਼ਸਲਾਂ ਦੀ ਦਰਾਮਦ ਦੇ ਨੁਕਤੇ ਤੋਂ ਚੰਗੀ ਪੌਸ਼ਟਿਕ ਮਿਆਰੀ ਵਾਲੀਆਂ ਕਿਸਮਾਂ ਬੀਜਣ ਦੀ ਲੋੜ ਹੈ। ਖੇਤੀ ਨਾਲ ਸਬੰਧਿਤ  ਕਿੱਤਿਆਂ ਦਾ ਹੁਨਰ ਸਿਖ ਕੇ ਅਸੀਂ ਵਿਗਿਆਨਕ ਖੇਤੀ ਦੇ ਖੇਤਰ ਵਿੱਚ ਅੱਗੇ ਵੱਧ ਸਕਦੇ ਹਾਂ। ਸਾਦੇ ਵਿਆਹ ਸਾਦੇ ਭੋਗ” ਦੀ ਲਹਿਰ ਨੂੰ ਕਿਸਾਨਾਂ ਦਾ ਭਰਵਾਂ ਹੁੰਗਾਰਾ ਦੱਸਦਾ ਹੈ ਕਿ ਖੁਸ਼ਹਾਲੀ ਲਈ ਖਰਚਿਆਂ ਤੇ ਸੰਜਮ ਅਸੀਂ ਸਾਰੇ ਹੀ ਚਾਹੁੰਦੇ ਹਾਂ।  
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ਼ ਰਵਿੰਦਰ ਕੌਰ ਧਾਲੀਵਾਲ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਵਿੱਚ ਅਨੁਸ਼ਾਸ਼ਨ ਦੀ ਲੋੜ ਹੈ। ਇਸ ਮੌਕੇ ਪੀਏਯੂ ਦੇ ਰਜਿਸਟਰਾਰ, ਡਾ਼ ਰਾਜਿੰਦਰ ਸਿੰਘ ਸਿੱਧੁ, ਨਿਰਦੇਸ਼ਕ ਪਸਾਰ ਸਿੱਖਿਆ ਡਾ਼ ਜਸਕਰਨ ਸਿੰਘ ਮਾਹਲ, ਡੀਨ ਕਾਲਜ ਆਫ ਬੇਸਿਕ ਸਾਇੰਸਜ਼ ਡਾ: ਗੁਰਿੰਦਰ ਕੌਰ ਸਾਂਘਾ, ਡੀਨ ਕਾਲਜ ਆਫ ਹੋਮ ਸਾਇੰਸ ਡਾ਼ ਜਤਿੰਦਰ ਗੁਲਾਟੀ, ਮਿਲਖ ਅਫਸਰ ਡਾ: ਵਿਸ਼ਵਜੀਤ ਹਾਂਸ, ਕੰਟਰੋਲਰ ਪ੍ਰੀਖਿਆਵਾਂ ਡਾ: ਐਨ ਕੇ ਖੁੱਲਰ ਅਤੇ ਹੋਰ ਅਧਿਕਾਰੀ, ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਸ਼ਾਮਿਲ ਸਨ। 

No comments: