Saturday, January 13, 2018

ਦਲਿਤ ਜੱਥੇਬੰਦੀਆਂ ਵੱਲੋਂ ਫਿਰ ਪੀਏਯੂ ਅੱਗੇ ਧਰਨੇ ਦੀ ਚੇਤਾਵਨੀ

 Sat, Jan 13, 2018 at 7:00 PM
ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਵੀ ਲੱਗੇਗਾ ਧਰਨਾ
ਲੁਧਿਆਣਾ: 13 ਜਨਵਰੀ 2018: (ਪੰਜਾਬ ਸਕਰੀਨ ਬਿਊਰੋ)::
ਅੱਜ ਸਰਕਟ ਹਾਊਸ ਲੁਧਿਆਣਾ ਵਿਖੇ ਪੰਜਾਬ ਦੀਆਂ ਸਮੂ੍ਹ ਦਲਿਤ ਜਥੇਬੰਦੀਆਂ ਵਲੋਂ ਇਕ ਸਾਂਝੀ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਹ ਪ੍ਰੈਸ ਕਾਨਫਰੰਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲਧਿਆਣਾ ਵਿਚ ਪੰਜਾਬ ਸਰਕਾਰ ਦੀ ਰਿਜ਼ਰਵੇਸ਼ਨ ਨੀਤੀ ਨੂੰ ਅਧਿਆਪਨ (ਟੀਚਿੰਗ) ਪੋਸਟਾਂ ਵਿਚ ਲਾਗੂ ਕਰਵਾਉਣ ਲਈ ਆਯੋਜਿਤ ਕੀਤੀ ਗਈ। ਇਸ ਸਬੰਧੀ ਮਾਮਲਾ/ਸੰਘਰਸ਼ ਪਿਛਲੇ 4 ਸਾਲਾਂ ਤੋਂ ਚਲ ਰਿਹਾ ਹੈ। ਪਿਛਲੇ ਵਰ੍ਹੇ ਮਿਤੀ 21 ਨਵੰਬਰ 2016 ਤੋਂ 24 ਦਸੰਬਰ 2016 ਤੱਕ (35 ਦਿਨ ਲਗਾਤਾਰ) ਪੰਜਾਬ ਐਗ੍ਰੀਕਲਚਰਲ ਯੂਨੀਵਰਸਿਟੀ ਦੇ ਗੇਟ ਨੰਬਰ-2 ਤੇ ਪੰਜਾਬ ਦੀਆਂ ਸਮੂਹ ਦਲਿਤ (ਮੂਲਨਿਵਾਸੀ) ਸੰਗਠਨਾਂ ਨੇ ਧਰਨਾ ਵੀ ਦਿਤਾ ਸੀ। ਇਸਦੇ ਨਤੀਜੇ ਵਜੋਂ ਉਪ-ਕੁਲਪਤੀ ਪੰਜਾਬ ਐਗ੍ਰੀਕਲਚਰਲ ਯੂਨੀਵਰਸਿਟੀ ਵਲੋਂ ਮਿਤੀ 23 ਦਸੰਬਰ 2016 ਨੂੰ ਸਵੇਰੇ 9.00 ਵਜੇ ਸਮੂਹ ਦਲਿਤ ਜਥੇਬੰਦੀਆਂ ਅਤੇ ਯੂਨੀਵਰਸਿਟੀ ਅਧਿਕਾਰੀਆਂ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਭਵਿਖ ਵਿਚ ਜਲਦੀ ਹੀ ਇਹ ਮਾਮਲਾ ਯੂਨੀਵਰਸਿਟੀ ਦੀ ਬੋਰਡ ਆਫ ਮੈਨੇਜਮੈਂਟ ਦੀ ਪ੍ਰਵਾਨਗੀ ਹਿੱਤ ਪੇਸ਼ ਕੀਤਾ ਜਾਵੇਗਾ, ਪੰਤੂ ਪੂਰਾ ਇਕ ਸਾਲ ਬੀਤਣ ਦੇ ਬਾਵਜੂਦ ਯੂਨੀਵਰਸਿਟੀ ਮੈਨੇਜਮੈਂਟ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਇਸ ਪ੍ਰੈਸ ਕਾਨਫਰੰਸ ਵਿਚ ਪ੍ਰੋਫੈਸਰ ਹਰਨੇਕ ਸਿੰਘ, ਉਪ ਰਾਸ਼ਟਰੀ ਪ੍ਰਧਾਨ ਬਾਰਤ ਮੁਕਤੀ ਮੋਰਚਾ, ਰਾਜਵਿੰਦਰ ਸਿੰਘ ਖੱਤਰੀਵਾਲ ਪ੍ਰਧਾਨ ੳੋ.ਬੀ.ਸੀ. ਫਰੰਟ ਪੰਜਾਬ, ਜੈ ਸਿੰਘ ਬਾਮਸੇਫ, ਸ੍ਰੀ ਗੁਰਮੇਲ ਸਿੰਘ ਸੰਧੂ, ਹਰਜਿੰਦਰ ਸਿੰਘ ਹਾਂਡਾ ੳ.ਬੀ.ਸੀ.ਫਰੰਟ ਪੰਜਾਬ ਮੌਜੂਦ ਸਨ ਅਤੇ ਉਹਨਾਂ ਵਲੋਂ ਦਸਿਆ ਕਿ ਜੇਕਰ ਪੰਜਾਬ ਐਗ੍ਰੀਕਲਚਰਲ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਵਲੋਂ ਕੋਈ ਠੋਸ ਕਦਮ ਨਾ ਚੁਕਿਆ ਗਿਆ ਤਾਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਵਲੋਂ ਦੋਬਾਰਾ ਤੋਂ ਯੂਨੀਵਰਸਿਟੀ ਦੇ ਗੇਟ ਨੰ: 2 ਅਤੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਿਹਾਇਸ਼ ਤੇ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ। ਇਸ ਵਿਚ ਹੋਣ ਵਾਲੇ ਕਿਸੇ ਵੀ ਲਾਅ ਐਂਡ ਆਰਡਰ ਦੀ ਸਥਿਤੀ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦੀ ਜਿੰਮੇਵਾਰ ਹੋਵੇਗੀ। ਉਹਨਾਂ ਵਲੋਂ ਵਾਈਸ ਚਾਂਸਲਰ ਪੰਜਾਬ ਐਗ੍ਰੀਕਲਚਰਲ ਯੂਨੀਵਰਸਿਟੀ ਦੇ ਕਾਰਜਕਾਲ ਦੌਰਾਨ ਹੋਈਆਂ ਬੇਨਿਯਮੀਆਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ।  

No comments: