Saturday, January 20, 2018

ਪੰਜਾਬ ਦੀ ਸਿਆਸਤ ਵਿੱਚ ਸਿਆਸੀ ਧਮਾਕੇ ਦੀ ਸੰਭਾਵਨਾ

Sat, Jan 20, 2018 at 7:30 PM
ਬਲਵੰਤ ਸਿੰਘ ਰਾਮੂਵਾਲੀਆ ਅੱਜਕਲ ਪੰਜਾਬ ਵਿੱਚ ਫਿਰ ਸਰਗਰਮ
ਲੁਧਿਆਣਾ: 20 ਜਨਵਰੀ 2018: (ਪੰਜਾਬ ਸਕਰੀਨ ਬਿਊਰੋ)::
ਇਹ ਗੱਲ ਕਈਆਂ ਲਈ ਬੁਰੀ ਖਬਰ ਅਤੇ ਕਈਆਂ ਲਈ ਅੱਛੀ ਖਬਰ ਹੋ ਸਕਦੀ ਹੈ ਕਿ ਪੰਜਾਬ ਦੀ ਸਿਆਸਤ ਤੋਂ ਉੱਠ ਕੇ ਕੇਂਦਰ ਦੀ ਸਿਆਸਤ ਤੱਕ ਆਪਣਾ ਲੋਹਾ ਮਨਵਾਉਣ ਵਾਲੇ ਬਲਵੰਤ ਸਿੰਘ ਰਾਮੂਵਾਲੀਆ ਅੱਜਕਲ ਪੰਜਾਬ ਵਿੱਚ ਫਿਰ ਸਰਗਰਮ ਹਨ। ਉਹਨਾਂ ਦੀ ਸਰਗਰਮੀ ਬਹੁਤ ਸਾਰੇ ਹੋਰਨਾਂ ਲੀਡਰਾਂ ਵਾਂਗ ਕਿਸੇ ਦੀ ਜੀ ਹਜ਼ੂਰੀ, ਕਿਸੇ ਦੀ ਨਿੰਦਿਆ ਜਾਂ ਅਜਿਹੇ ਹੀ ਕਿਸੇ ਹੋਰ ਮਕਸਦ ਨਾਲ ਸਬੰਧਤ ਹੋ ਕੇ ਨਿਰਥਰਕ ਨਹੀਂ ਹੁੰਦੀ। ਇਹ ਸਰਗਰਮੀ ਬੜੀ ਆਮ ਜਿਹੀ ਲੱਗਿਆ ਕਰਦੀ ਹੈ ਪਰ ਅਕਸਰ ਇਸਦਾ ਨਤੀਜਾ ਕਿਸੇ ਨ ਕਿਸੇ ਵੱਡੇ ਸਿਆਸੀ ਧਮਾਕੇ ਵਿੱਚ ਹੀ ਨਿਕਲਿਆ ਕਰਦਾ ਹੈ। ਅੱਜਕਲ੍ਹ ਸਰਦਾਰ ਰਾਮੂਵਾਲੀਆ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੇ ਪਿੰਡ ਵਿੱਚ ਵੀ ਸਰਗਰਮ ਹਨ। 
ਲੁਧਿਆਣਾ ਜ਼ਿਲੇ ਦੇ ਪ੍ਰਸਿੱਧ ਪਿੰਡ ਲਲਤੋਂ ਕਲਾਂ ਵਿਖੇ ਸਰਪੰਚ ਤਰਲੋਚਨ ਸਿੰਘ ਦੇ ਪੋਤਰੇ ਦੇ ਜਨਮ ਦੀ ਖ਼ੁਸ਼ੀ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਤੇ ਉਤਰ ਪ੍ਰਦੇਸ਼ ਦੇ ਵਿਧਾਨ ਪ੍ਰੀਸ਼ਦ ਮੈਂਬਰ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਵਿਚ ਕਈ ਥਾਈਂ ਉੱਚ ਜਾਤੀ ਦੇ ਕੁਝ ਲੋਕਾਂ ਵਲੋਂ ਮਜ਼੍ਹਬੀ ਸਿੱਖਾਂ ਤੇ ਰਵਿਦਾਸੀਏ ਸਿੱਖਾਂ ਨਾਲ ਦੁਰ ਵਿਵਹਾਰ ਦੀਆਂ ਘਟਨਾਵਾਂ ਧਾਰਮਕ ਪੱਖੋਂ ਹੋਈਆਂ ਹਨ। ਇਹ ਵਰਤਾਰਾ ਗੁਰੂ ਗੋਬਿੰਦ ਸਿੰਘ ਜੀ ਵਲੋਂ ਭਾਈ ਜੈਤਾ ਜੀ ਨੂੰ ਬੁੱਕਲ ਵਿਚ ਲੈਣ ਤੇ ਭਾਈ ਸੰਗਤ ਸਿੰਘ ਦੇ ਸਿਰ ਕਲਗੀ ਬਖਸ਼ਣ ਦੇ ਸਿਧਾਂਤ ਦੇ ਵਿਪਰੀਤ ਹਨ। 
ਸ਼੍ਰੀ ਰਾਮੂਵਾਲੀਆ ਨੇ ਕਿਹਾ ਕਿ ਪੁਣੇ ਵਿਚ ਮਹਾਰ ਤੇ ਪੇਸ਼ਵਾ ਸਮਾਜ ਦਾ ਟਕਰਾਓ, ਗੁਜਰਾਤ ਵਿਚ ਫ਼ੈਲੀ ਜਾਤੀ ਕੁੱੜਤਣ ਅਤੇ ਇਕ ਵੱਡੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਵਲੋਂ ਹਿੰਦੂ ਧਰਮ ਤਿਆਗਣ ਬਾਰੇ ਸੋਚਣ ਦੀਆਂ ਗੱਲਾਂ ਵਾਲਾ ਮਾਹੋਲ ਪੰਜਾਬ ਦੇ ਸ਼ਾਨਦਾਰ ਵਿਰਸੇ ਦੇ ਹੁੰਦਿਆਂ ਨਹੀਂ ਵਾਪਰਣ ਦੇਣਾ ਚਾਹੀਦਾ। 
ਸਮਾਗਮ ਵਿਚ ਵੱਡੀ ਗਿਣਤੀ ਵਿਚ ਹਾਜ਼ਰ ਪੰਚਾਂ, ਸਰਪੰਚਾਂ, ਨੰਬਰਦਾਰਾਂ, ਪ੍ਰਿੰਸੀਪਲ ਅਤੇ ਅਧਿਆਪਕਾਂ ਤੇ ਪਿੰਡਾਂ ਦੇ ਪਤਵੰਤਿਆਂ ਨੇ ਰਾਮੂਵਾਲੀਆ ਦੇ ਵਿਚਾਰਾਂ ਦਾ ਜੈਕਾਰੇ ਨਾਲ ਸਮਰਥਨ ਕੀਤਾ। 
ਸਮਾਗਮ ਉਪਰੰਤ ਦਲਿਤਾਂ ਦੇ ਇਕ ਵਫਦ ਨੇ ਸਰਦਾਰ ਰਾਮੂਵਾਲੀਆ ਨੂੰ ਗੁਲਦਸਤਾ ਦੇ ਕੇ ਉਹਨਾਂ ਦਾ ਧੰਨਵਾਦ ਕੀਤਾ। 
ਰਾਮੂਵਾਲੀਆ ਨੇ ਕਿਹਾ ਕਿ ਸਿਰਸਾ ਡੇਰਾ ਵਰਗੇ ਕਈ ਡੇਰੇ ਦਲਿਤ ਸਿਖਾਂ ਨੂੰ ਅਜਿਹੀਆਂ ਘਟਨਾਵਾਂ ਕਰਕੇ ਵਰਗਲਾ ਰਹੇ ਹਨ। 

No comments: