Friday, January 05, 2018

ਲੋੜਵੰਦਾਂ ਦੀ ਸੇਵਾ ਕਰਨਾ ਹੀ ਸਭ ਤੋਂ ਵੱਡਾ ਪੁੰਨ-ਅਲਬਰਟ ਦੂਆ

Fri, Jan 5, 2018 at 7:10 PM
ਸਮਾਜ ਸੇਵੀ ਜਥੇਬੰਦੀ ਨੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਬੂਟ ਵੰਡੇ

ਲੁਧਿਆਣਾ: 5 ਜਨਵਰੀ 2018: (ਪੰਜਾਬ ਸਕਰੀਨ ਬਿਊਰੋ)::
ਮੌਸਮ ਕੜਕਦੀ ਧੁੱਪ ਦਾ ਹੋਵੇ ਤੇ ਭਾਵੇਂ ਕੜਾਕੇ ਦੀ ਠੰਡ ਵਾਲਾ।  ਗਰੀਬ ਵਿਅਕਤੀ ਨੂੰ ਹਰ ਮੌਸਮ ਮਾਰੂ ਹੀ ਲੱਗਦਾ ਹੈ। ਕੱਪੜਿਆਂ ਬਿਨਾ ਤਨ ਦੀ ਸੰਭਾਲ ਨਹੀਂ ਹੁੰਦੀ ਅਤੇ ਜੁੱਤੀਆਂ ਬਿਨਾ ਬਾਕੀ ਦੇ ਕਪੜੇ ਫਜ਼ੂਲ ਜਾਪਦੇ ਹਨ। ਈਸਾਈਆਂ ਨੂੰ ਬੁਰਾ ਭਲਾ ਕਹਿਣ ਵਾਲਿਆਂ ਨੇ ਸ਼ਾਇਦ ਕਦੇ ਉਹਨਾਂ ਕੋਲੋਂ ਇਹ ਗੱਲ ਸਿੱਖਣ ਦੀ ਲੋੜ ਨਹੀਂ ਸਮਝੀ ਕਿ  ਈਸਾਈ ਸੰਗਠਨ ਇਸ ਪਾਸੇ ਕਿੰਨਾ ਧਿਆਨ ਦੇਂਦੇ ਹਨ। ਉਹਨਾਂ ਦੀਆਂ ਸੇਵਾਵਾਂ ਨੂੰ ਸਿਆਸੀ ਅਤੇ ਫਿਰਕੂ ਰੰਗ ਦੇ ਕੇ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ। ਇਸਦੇ ਬਾਵਜੂਦ ਹਕੀਕਤ  ਤਾਂ ਹਕੀਕਤ ਹੀ ਰਹਿੰਦੀ ਹੈ। ਅੱਜ ਇੱਕ ਈਸਾਈ ਸੰਗਠਨ ਨੇ ਲੋੜਵੰਦ ਬੱਚਿਆਂ ਨੂੰ ਬੂਟ ਵੰਡੇ ਹਨ। ਧਾਰਮਿਕ ਥਾਵਾਂ ਤੇ ਸੋਨੇ, ਸੰਗਮਰਮਰ ਅਤੇ ਮਾਇਆ ਵਾਲੇ ਚੜ੍ਹਾਵਿਆਂ ਦੇ ਦੇਹਰ ਲਾਉਣ ਵਾਲਿਆਂ ਨੂੰ ਅਜਿਹੀਆਂ ਜ਼ਿੰਮੇਦਾਰੀਆਂ ਸ਼ਾਇਦ ਕਦੇ ਯਾਦ ਨਹੀਂ ਆਉਂਦੀਆਂ। ਹਰ ਪਾਸੇ ਹਰ ਥਾਂ ਅਤੇ ਹਰ ਕਿਸੇ ਵਿਚਕ ਰੱਬ ਦੇਖਣ ਦੇ ਉਪਦੇਸ਼ ਦੇਣ ਵਾਲੇ ਅਜਿਹੇ ਮੌਕਿਆਂ ਤੇ ਅੱਖਾਂ ਮੀਚ ਕੇ ਕੋਲੋਂ ਦੀ ਲੰਘ ਜਾਂਦੇ ਹਨ ਤੇ ਜਾਂ ਫੇਰ ਇਸ ਨੂੰ ਰੱਬ ਦਾ ਭਾਣਾ ਆਖ ਕੇ ਆਪਣੀ ਜ਼ਮੀਦਰ ਤੋਂ ਬੋਝ ਲਾਹ ਸੁੱਟਦੇ ਹਨ। 


ਅੱਜ ਸ੍ਰੀਮਤੀ ਪਰਜੀਤ ਕੌਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਵਲੋਂ ਸੈਕਰਟ ਹਾਰਟ ਕਮਿਊਨਿਟੀ ਸੈਂਟਰ ਸੀਤਾ ਨਗਰ ਵਿਖੇ ਲੋੜਵੰਦ ਸਕੂਲੀ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਬੂਟ ਵੰਡੇ ਗਏ। ਇਸ ਮੌਕੇ 'ਤੇ ਕ੍ਰਿਸਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਅਤੇ ਮਾਈਨੋਰਿਟੀ ਕਮਿਸ਼ਨ ਦੇ ਮੈਂਬਰ ਸ੍ਰੀ ਅਲਬਰਟ ਦੂਆ ਵਿਸ਼ੇਸ਼ ਤੌਰ 'ਤੇ ਪਹੁੰਚੇ। ਸ੍ਰੀ ਦੂਆ ਨੇ ਇਸ ਮੌਏਕ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਹੀ ਸਭ ਤੋਂ ਵੱਡਾ ਪੁੰਨ ਹੈ। ਉਹਨਾਂ ਕਿਹਾ ਕਿ ਭਾਰੀ ਸਰਦੀ ਕਾਰਨ ਲੋੜਵੰਦ ਬੱਚੇ ਵਰਦੀਆਂ ਨਹੀਂ ਖਰੀਦ ਸਕਦੇ, ਜਿਸ ਕਾਰਨ ਸਮਾਜ ਸੇਵੀ ਜਥੇਬੰਦੀਆਂ ਨੂੰ ਅੱਗੇ ਆਉਣ ਦੀ ਲੋੜ ਹੈ ਤਾਂ ਜੋ ਬੱਚੇ ਸਰਦੀ ਤੋਂ ਬਚਾਓ ਕਰਕੇ ਚੰਗੀ ਸਿੱਖਿਆ ਹਾਸਿਲ ਕਰ ਸਕਣ। ਇਸ ਮੌਕੇ ਜੌਨਸਨ ਗਿੱਲ, ਹਰਮਿੰਦਰ ਸਿੰਘ, ਵਰਿੰਦਰ ਮੋਹਨ ਗੋਗਨਾ, ਪਰਮਜੀਤ ਸਿੰਘ, ਹਰਿੰਦਰ ਸਿੰਘ ਵਾਲੀਆ, ਜਤਿੰਦਰ ਸਿੰਘ ਲੌਸੰਨਜ਼ ਦੱਤਾ, ਸ੍ਰੀਮਤੀ ਸੁਨੀਤਾ, ਪ੍ਰਿੰ: ਸਿਸਟਰ ਨਾਲੀਨੀ ਆਦਿ ਹਾਜ਼ਰ ਸਨ। ਕਿੰਨਾ ਚੰਗਾ ਹੋਵੇ ਜੇ ਬਾਕੀ ਦੇ ਲੋਕ ਵੀ ਇਸ ਤੋਂ ਪ੍ਰੇਰਨਾ ਲੈ ਕੇ ਆਪਣੀ ਸਮਰਥਾ ਮੁਤਾਬਿਕ ਕੁਝ ਕਰ ਸਕਣ। ਜਦੋਂ ਤੱਕ ਸਭਨਾਂ ਨੂੰ ਕੁੱਲੀ, ਗੁੱਲੀ ਅਤੇ ਜੁੱਲੀ ਦੇ ਪ੍ਰਬੰਧਾਂ ਵਾਲਾ ਸਿਹਤਮੰਦ ਬਰਾਬਰੀ ਵਾਲਾ ਸਮਾਜ ਨਹੀਂ ਸਿਰਜਿਆ ਜਾਂਦਾ ਉਦੋਂ ਤਕ ਅਜਿਹੇ ਫਰਜ਼ ਪੂਰੇ ਕਰਨੇ ਸਭਨਾਂ ਲਈ ਜ਼ਰੂਰੀ ਹਨ। ਜੇ ਅਜਿਹੇ ਕੰਮ ਮੀਡੀਆ ਦੇ ਕੈਮਰਿਆਂ ਤੋਂ ਬਚ ਕੇ ਕੀਤੇ ਜਾਣ ਤਾਂ ਹੋਰ ਵੀ ਚੰਗਾ ਹੋਵੇ। ਅਜਿਹਾ ਕਰਨ ਨਾਲ ਉੱਪਰ ਵਾਲੇ ਦਾ ਕੈਮਰਾ ਅਤੇ ਆਪਣੀ ਅੰਤਰ ਆਤਮਾ ਦਾ ਕੈਮਰਾ ਜ਼ਿਆਦਾ ਚੰਗੀਆਂ ਤਸਵੀਰਾਂ  ਖਿੱਚਣਗੇ। 


ਸੈਕਟਰ ਹਾਰਟ ਕਮਿਊਨਿਟੀ ਸੈਂਟਰ ਲੁਧਿਆਣਾ ਵਿਖੇ ਸ੍ਰੀਮਤੀ ਪਰਜੀਤ ਕੌਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਵਲੋਂ ਬੱਚਿਆਂ ਨੂੰ ਵਰਦੀਆਂ ਅਤੇ ਬੂਟ ਵੰਡਦੇ ਹੋਏ ਸ੍ਰੀ ਅਲਬਰਟ ਦੂਆ, ਹਰਮਿੰਦਰ ਸਿੰਘ, ਜੌਨਸਨ ਗਿੱਲ, ਪ੍ਰਿੰੰ: ਸਿਸਟਰ ਨਾਲੀਨੀ ਤੇ ਹੋਰ।

No comments: