Friday, January 26, 2018

ਵਿੱਕੀ ਗੌਂਡਰ ਅਤੇ ਉਸਦਾ ਸਾਥੀ ਪ੍ਰੇਮਾ ਲਾਹੌਰੀਆ ਪੁਲਿਸ ਮੁਕਾਬਲੇ ਵਿੱਚ ਹਲਾਕ

ਤੀਜੇ ਸਾਥੀ ਨੇ ਹਸਪਤਾਲ ਜਾ ਕੇ ਇਲਾਜ ਦੌਰਾਨ ਦਮ ਤੋੜਿਆ 
ਅਬੋਹਰ: 26 ਜਨਵਰੀ 2018: (ਪੰਜਾਬ ਸਕਰੀਨ ਬਿਊਰੋ):: 
ਸੁੱਖਾ ਵੀ ਸੁਰਖੀਆਂ ਵਿੱਚ ਸੀ  
ਸੁੱਖਾ ਕਾਹਲਵਾਂ ਦੀ ਲਾਸ਼ 
ਨਾਭਾ ਜੇਲ੍ਹ 'ਚੋਂ ਫ਼ਰਾਰ ਹੋਏ ਗੈਂਗਸਟਰ ਵਿੱਕੀ ਗੌਂਡਰ ਨੂੰ ਅਜ ਦੇਰ ਸ਼ਾਮ ਅਬੋਹਰ ਨੇੜੇ ਪੁਲਿਸ ਮੁਕਾਬਲੇ 'ਚ ਉਸਦੇ ਇਕ ਸਾਥੀ ਸਮੇਤ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਾਰੇ ਗਏ ਦੋਵੇਂ ਗੈਂਗਸਟਰ ਇਨਾਮੀ ਅਪਰਾਧੀ ਸਨ ਅਤੇ ਚਿਰਾਂ ਤੋਂ ਮੀਡੀਆ ਦੀਆਂ ਸੁਰਖੀਆਂ ਵਿੱਚ ਸਨ। ਬਾਅਦ ਵਿੱਚ ਹਸਪਤਾਲ ਵਿੱਚ ਦਾਖਲ ਉਹਨਾਂ ਦੇ ਤੀਜੇ ਸਾਥੀ ਦੀ ਵੀ ਮੌਤ ਹੋ ਗਈ। 
ਇਸ ਸਬੰਧੀ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਟਵੀਟ ਕਰਕੇ ਪੁਲਿਸ ਨੂੰ ਵਧਾਈ ਦਿੱਤੀ ਹੈ ਉੱਥੇ ਵਿੱਕੀ ਗੌਂਡਰ ਦੇ ਹਮਾਇਤੀਆਂ ਨੇ ਇਸ ਮੁਕਾਬਲੇ ਨੂੰ ਇੱਕ ਨਾ ਪੂਰਾ ਹੋ ਸਕਣ ਵਾਲਾ ਘਾਟਾ ਆਖਿਆ ਹੈ। 
ਵਿੱਕੀ ਦੀ ਇਹ ਫੋਟੋ ਦ ਟ੍ਰਿਬਿਊਨ ਚੋਂ ਧੰਨਵਾਦ ਸਹਿਤ 
ਜ਼ਿਕਰਯੋਗ ਹੈ ਕਿ ਪੰਜਾਬ ਦੇ ਗੈਂਗ ਅੱਜਕਲ੍ਹ ਫ਼ਿਲਮੀ ਕਹਾਣੀਆਂ ਨੂੰ ਵੀ ਮਾਤ ਪਾ ਰਹੇ ਸਨ। ਜੇਲ੍ਹਾਂ ਵਿੱਚੋਂ ਮੋਬਾਈਲ ਫੋਨਾਂ ਨਾਲ ਵੀ ਇਹ ਗੈਂਗ ਸੰਚਾਲਿਤ ਹੁੰਦੇ। ਪੰਜਾਬ ਵਿੱਚ ਖਾੜਕੂਵਾਦ ਦੀ ਦਹਿਸ਼ਤ ਖਤਮ ਹੋਈ ਤਾਂ ਛੇਤੀ ਹੀ ਗੈਂਗ ਵਾਰ ਵਾਲੀ ਦਹਿਸ਼ਤ ਨੇ ਸਿਰ ਚੁੱਕ ਲਿਆ। ਵੱਖ ਵੱਖ ਗਿਰੋਹ ਬਣ ਗਏ। ਹਥਿਆਰਾਂ ਦੀ ਵਰਤੋਂ ਫਿਰ ਆਮ ਹੋਣ ਲੱਗ ਪਈ। ਕਤਲਾਂ ਦਾ ਸਿਲਸਿਲਾ ਆਮ ਹੋ ਗਿਆ। ਸੋਸ਼ਲ ਮੀਡੀਆ ਰਹਿਣ ਧਮਕੀਆਂ ਦਿੱਤੀਆਂ। ਸੋਸ਼ਲ ਮੀਡੀਆ ਰਾਹੀਂ ਧਮਕੀਆਂ ਦਿੱਤੀਆਂ ਜਾਂਦੀਆਂ। 
ਗਿਰੋਹਾਂ ਦੀ ਦਹਿਸ਼ਤ ਉਸ ਵੇਲੇ ਸਿਖਰਾਂ 'ਤੇ ਪੁੱਜ ਗਈ ਜਦੋਂ ਅਮ੍ਰਿਤਸਰ ਵਿੱਚ ਛੇਹਰਟਾ ਨੇੜੇ ਇੱਕ ਏ ਐਸ ਆਈ ਨੇ ਆਪਣੀ ਧੀ ਨੂੰ ਛੇੜਨ ਦਾ ਵਿਰੋਧ ਕੀਤਾ ਤਾਂ ਦਿਨ ਦਿਹਾੜੇ ਉਸ  ਏ ਐਸ ਆਈ ਦਾ ਵੀ ਕਤਲ ਕਰ ਦਿੱਤਾ ਗਿਆ। ਮੀਡੀਆ ਵਿੱਚ ਸਾਫ ਆਇਆ ਕਿ ਕਾਤਲ ਰਣਜੀਤ ਰਾਣਾ ਨੇ ਬੜੀ ਬੇਰਹਿਮੀ ਨਾਲ ਉਸ ਏ ਐਸ ਆਈ ਨੂੰ ਮਾਰਿਆ ਅਤੇ ਗੋਲੀਆਂ ਚਲਾਉਣ ਲੱਗਿਆਂ ਆਪਣੀ ਸੱਤਾਧਾਰੀ ਪਾਰਟੀ ਦਾ ਨਾਮ ਲੈ ਕੇ ਨਾਅਰੇ ਵੀ ਲਾਏ। ਹਿਰਦਾ ਵਲੂੰਧਰਨ ਵਾਲੀ ਗੱਲ ਇਹ ਵੀ ਸੀ ਕਿ ਉਸ ਥਾਣੇ ਦਾ ਉਸ ਵੇਲੇ ਦਾ ਮੁਖੀ ਇਸ ਸਾਰੇ ਘਟਨਾਕ੍ਰਮ ਨੂੰ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ। ਹੋਲੀ ਹੋਲੀ ਗੁੰਡਾਗਰਦੀ ਵਾਲੀ ਦਹਿਸ਼ਤ ਦਾ ਇਹ ਸਿਲਸਿਲਾ ਵਧਦਾ ਚਲਾ ਗਿਆ। 
ਲੋਕਾਂ ਦੀ ਗੱਲ ਨਾ ਪੁਲਿਸ ਸੁਣਦੀ ਸੀ ਅਤੇ ਨਾ ਹੀ ਬਾਹੂਬਲੀ। ਤੰਗ ਆ ਕੇ ਲੋਕ ਇਹਨਾਂ ਗਿਰੋਹਾਂ ਕੋਲੋਂ ਹੀ ਆਸਰਾ ਮੰਗਣ ਲੱਗੇ। "ਕਮਜ਼ੋਰਾਂ" ਨੂੰ ਬਚਾਉਣ ਜਾਂ ਮਦਦ ਦੇਣ ਦੇ ਇਸ ਰੁਝਾਨ ਵਿੱਚ ਰੁਪਿੰਦਰ ਗਾਂਧੀ ਵਰਗੇ ਚੇਹਰੇ ਵੀ ਸਾਹਮਣੇ ਆਏ ਜਿਸ 'ਤੇ ਫ਼ਿਲਮਾਂ ਬਣੀਆਂ। ਸੁੱਖਾ ਕਾਹਲੋਂ ਉਰਫ ਸੁੱਖਾ ਕਾਹਲਵਾਂ ਦਾ ਨਾਮ ਜਦੋਂ ਕਿਸੇ ਵਿਰੋਧੀ ਧਿਰ ਵੱਲੋਂ ਰੰਜਿਸ਼ ਅਧੀਨ ਪੁਲਿਸ ਕੋਲ ਲਿਖਵਾ ਦਿੱਤਾ ਗਿਆ ਤਾਂ ਪਰਚਾ ਦਰਜ ਹੋ ਗਿਆ। ਇਥੇ 150 ਏਕੜ ਜ਼ਮੀਨ ਦੇ ਮਾਲਕ ਸੁੱਖਾ ਕਾਹਲੋਂ ਨੇ ਆਪਣੇ ਮਾਤਾ ਪਿਤਾ ਕੋਲ ਛੇਤੀ ਹੀ ਅਮਰੀਕਾ ਚਲੇ ਜਾਣਾ ਸੀ। ਪਰ ਇਸ ਪੁਲਿਸ ਕਾਰਵਾਈ ਨਾਲ ਉਸਦੇ ਸਾਰੇ ਸੁਪਨੇ ਟੁੱਟ ਗਏ। ਇਸ ਸੁੱਖਾ ਕਾਹਲਵਾਂ ਨੂੰ ਪੁਲਿਸ ਹਿਰਾਸਤ ਵਿੱਚ ਅਚਾਨਕ ਹਮਲਾ ਕਰਕੇ ਕਤਲ ਕੀਤਾ ਵਿੱਕੀ ਗੌਂਡਰ ਦੇ ਗਿਰੋਹ ਨੇ।
ਇਸਦਾ ਬਦਲਾ ਲੈਣ ਲਈ ਸੁੱਖਾ ਦੇ ਸਮਰਥਕ ਕਈ ਵਾਰ ਧਮਕੀਆਂ ਦੇ ਚੁੱਕੇ ਸਨ। ਆਖਿਰ ਵਿੱਕੀ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਮੁਕਾਬਲੇ ਵਿਚ ਉਸਦੇ ਇੱਕ ਹੋਰ ਸਾਥੀ ਪ੍ਰੇਮ ਲਹੌਰੀਆਂ ਦੀ ਵੀ ਮੌਤ ਹੋਈ ਅਤੇ ਇਹਨਾਂ ਦਾ ਤੀਜਾ ਸਾਥੀ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਗਿਆ।  ਵਿੱਕੀ ਦੀ ਮੌਤ ਨਾਲ ਸਿਆਸੀ ਪੁਸ਼ਤ ਪਨਾਹੀ ਦੇ ਸਿੱਟੇ ਵੱਜੋਂ ਪੈਦਾ ਹੋਈ ਗੈਂਗਾਂ ਵਾਲੀ ਦਹਿਸ਼ਤ ਦੇ ਯੁਗ ਦਾ ਇੱਕ ਅੰਤ ਹੋ ਗਿਆ ਹੈ। ਅਜੇ ਕਿੰਨੇ ਬਾਕੀ ਹਨ-ਕੁਝ ਨਹੀਂ ਕਿਹਾ ਜਾ ਸਕਦਾ। ਜਦੋਂ ਤੱਕ ਇਹਨਾਂ ਦੀ ਪਿੱਠ ਥਾਪੜਣ ਵਾਲੇ ਅਨਸਰ ਅਤੇ ਆਮ ਲੋਕਾਂ ਨਾਲ ਵਧੀਕੀਆਂ ਕਰਨ ਕਰਾਉਣ ਵਾਲੇ ਮੌਜੂਦ ਹਨ ਉਦੋਂ ਤੱਕ ਇਸ ਦਹਿਸ਼ਤ ਤੋਂ ਮੁਕਤੀ ਆਸਾਨ ਨਹੀਂ ਲੱਗਦੀ। ਆਓ ਦੁਆ ਕਰੀਏ ਕਿ ਅਮਨ, ਸ਼ਾਂਤੀ ਅਤੇ ਇਨਸਾਫ ਦਾ ਯੁਗ ਛੇਤੀ ਸਥਾਪਤ ਹੋਵੇ। 

No comments: