Wednesday, January 17, 2018

ਪੰਥਕ ਆਗੂ ਮਨਜੀਤ ਸਿੰਘ ਕਲਕੱਤਾ ਹੁਣ ਨਹੀਂ ਰਹੇ

ਪੰਜਾਬ ਸਰਕਾਰ ਵੱਲੋਂ ਅੱਧੇ ਦਿਨ ਦੀ ਛੁੱਟੀ ਦਾ ਐਲਾਨ 
ਅੰਮ੍ਰਿਤਸਰ: 17 ਜਨਵਰੀ 2018: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਦੇ ਨਾਜ਼ੁਕ ਵੇਲਿਆਂ ਨੂੰ ਬਹੁਤ ਹੀ ਨੇੜਿਓਂ ਹੋ ਕੇ ਦੇਖਣ ਵਾਲੇ ਪੰਥਕ ਆਗੂ ਮਨਜੀਤ ਸਿੰਘ ਕਲਕੱਤਾ ਹੁਣ ਨਹੀਂ ਰਹੇ।  ਅੱਜ ਸਵੇਰੇ ਉਹਨਾਂ ਦਾ ਦੇਹਾਂਤ ਹੋ ਗਿਆ। ਉਮਰ ਦੇ ਨਾਲ ਨਾਲ ਸ਼ੂਗਰ ਦੀ ਬਿਮਾਰੀ ਅਤੇ ਸਰਦੀਆਂ ਦੇ ਇਸ ਮੌਸਮ ਵਿੱਚ ਪੈਦਾ ਹੋਏ ਸਿਹਤ ਦੇ ਉਲਝੇਵਿਆਂ ਨੇ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ। ਉਹਨਾਂ ਦੀ ਛਾਤੀ ਵਿੱਚ ਬਲਗਮ ਜਮਾ ਹੋ ਗਈ।  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਉਹਨਾਂ ਦੀ ਸਿਹਤ ਬਾਰੇ ਵਿਸ਼ੇਸ਼ ਧਿਆਨ ਰੱਖਣ ਲਈ ਉਚੇਚੇ ਪ੍ਰਬੰਧ ਵੀ ਕਰਾਏ ਸਨ। ਉਹਨਾਂ ਦੇ ਦੇਹਾਂਤ ਮਗਰੋਂ ਉਹਨਾਂ ਦੇ ਸਨਮਾਨ ਵਿੱਚ ਅੱਜ ਪੰਜਾਬ ਸਰਕਾਰ ਦੇ ਦਫਤਰਾਂ ਵਿੱਚ ਅੱਧੇ ਦਿਨ ਦੀ ਛੁੱਟੀ ਵੀ ਕੀਤੀ ਗਈ।  ਉਹਨਾਂ ਦਾ ਹਾਲਚਾਲ ਪੁੱਛਣ ਲਈ ਬਹੁਤ ਸਾਰੇ ਮਹੱਤਵਪੂਰਨ ਵਿਅਕਤੀ ਆਉਂਦੇ ਰਹੇ। ਉਹਨਾਂ ਦੀ ਉਮਰ 80 ਸਾਲਾਂ ਦੀ ਸੀ। ਅੱਜ ਸਵੇਰੇ ਸਾਢੇ ਕੁ ਛੇ ਵਜੇ ਉਹਨਾਂ ਦਾ ਦੇਹਾਂਤ ਹੋ ਗਿਆ। 
ਉਹਨਾਂ ਨੇ ਸਿੱਖ ਸਿਆਸਤ ਦੌਰਾਨ ਪੰਜਾਬ ਦੇ ਨਾਜ਼ੁਕ ਹਾਲਾਤ ਨੂੰ ਬਹੁਤ ਹੀ ਨੇੜਿਓਂ ਹੋ ਕੇ ਦੇਖਿਆ। ਬਹੁਤ ਸਾਰੇ ਸੀਨੀਅਰ ਪੰਥਕ ਲੀਡਰਾਂ ਦੇ ਨਾਲ ਉਹਨਾਂ ਦੀ ਨੇੜਤਾ ਇਸ ਗੱਲ ਦਾ ਸਬੂਤ ਸੀ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਨਾਲ ਸਿਆਸਤ ਵਿੱਚ ਵੀ ਕਿੰਨਾ ਸੰਤੁਲਨ ਰੱਖਿਆ ਹੋਇਆ ਸੀ। ਜੱਥੇਦਾਰ ਟੋਹੜਾ ਦੇ ਨਾਲ ਉਹਨਾਂ ਦੇ ਸਬੰਧ ਬਹੁਤ ਹੀ ਨੇੜਲੇ ਸਨ।  ਦਿਲ ਦੇ ਮੇਲਿਆਂ ਵਰਗੇ। ਸਿੱਖ ਸਿਆਸਤ ਦੇ ਨਾਜ਼ੁਕ ਦੌਰ ਵਿੱਚ ਵੀ ਉਹ ਅਡੋਲ ਰਹੇ। 
ਇਸਦੇ ਨਾਲ ਨਾਲ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਅਤੇ ਕਈ ਹੋਰਨਾਂ ਨਾਲ ਵੀ ਉਹਨਾਂ ਦੀ ਨੇੜਤਾ ਸੀ। ਉਹ ਆਮ ਤੌਰ ਤੇ ਬਹੁਤ ਹੀ ਘੱਟ ਬੋਲਦੇਵ ਸਨ ਪਰ ਜਦੋਂ ਬੋਲਦੇ ਸਨ ਤਾਂ ਖੁੱਲ ਕੇ ਬਹੁਤ ਹੀ ਬੇਬਾਕੀ ਨਾਲ ਬੋਲਦੇ ਸਨ। ਸਿੱਖਾਂ ਨੂੰ ਪੰਡਤ ਜਵਾਹਰ ਲਾਲ ਨਹਿਰੂ ਅਤੇ ਹੋਰ ਕਾਂਗਰਸੀ ਲੀਡਰਾਂ ਵੱਲੋਂ ਦਿਤੇ ਗਏ ਵਾਅਦਿਆਂ ਦੇ ਪੂਰਾ ਨਾ ਹੋਣ ਤੇ ਉਹਨਾਂ ਨੇ ਮੀਡੀਆ ਸਾਹਮਣੇ ਵੀ ਦੁੱਖ ਦਾ ਇਜ਼ਹਾਰ ਕੀਤਾ ਸੀ। 
ਪਿੱਛੇ ਜਹੇ ਸੰਨ 2015 ਵਿੱਚ ਉਹਨਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਚਰਚਾ ਵੀ ਚੱਲੀ ਸੀ ਪਰ ਉਹ ਹਮੇਸ਼ਾਂ ਪੰਥਕ ਸਫ਼ਾਂ ਵਿੱਚ ਹੀ ਰਹੇ। ਸਿੱਖ ਸਿਆਸਤ ਅੰਦਰਲੇ ਮਤਭੇਦਾਂ ਅਤੇ ਵਿਵਾਦਾਂ ਦੌਰਾਨ ਵੀ ਉਹ ਅਕਸਰ ਆਪਣੀ ਸਥਿਤੀ ਨੂੰ ਬਹੁਤ ਹੀ ਸਪਸ਼ਟ ਬਣਾਈ ਰੱਖਣ ਵਿੱਚ ਸਫਲ ਰਹਿੰਦੇ। ਉਹਨਾਂ ਦੇ ਦੇਹਾਂਤ ਨਾਲ ਇੱਕ ਸਫਲ ਸਿਆਸੀ ਅਤੇ ਧਾਰਮਿਕ ਆਗੂ ਖੁੱਸ ਗਿਆ ਹੈ।  

No comments: