Wednesday, January 10, 2018

ਪ੍ਰੋ. ਗੁਰਦਿਆਲ ਸਿੰਘ-"ਹਰਫ਼ਾਂ `ਚ ਮੱਘਦਾ ਸੂਰਜ"//ਡਾ. ਅਰਵਿੰਦਰ ਕੌਰ ਕਾਕੜਾ

ਉਨ੍ਹਾਂ ਨਾਲ ਕੀਤੀ ਲੰਮੀ-ਲੰਮੀ ਵਾਰਤਾਲਾਪ ਮੇਰੇ ਲਈ ਰਾਹ ਦਸੇਰਾ ਬਣਦੀ 
ਡਾ. ਅਰਵਿੰਦਰ ਕੌਰ ਕਾਕੜਾ 
ਪ੍ਰੋ. ਗੁਰਦਿਆਲ ਸਿੰਘ ਸਾਡੇ ਚੇਤਿਆਂ ਦੇ ਅੰਬਰ ਉਤੇ ਛਾਇਆ ਉਹ ਅਹਿਸਾਸ ਹੈ ਜਿਸਦੀ ਹਰ ਰਚਨਾ ਪਾਠਕ ਦੇ ਨਾਲ ਇੱਕ ਰਿਸ਼ਤਾ ਸਥਾਪਿਤ ਕਰ ਲੈਂਦੀ ਹੈ। ਮਨ ਅੰਦਰ ਉਪਜਦੀ ਡੂੰਘੀ ਖਿੱਚ ਵਰਤਮਾਨ ਦੇ ਅਤੀਤ ਵਿਚਲੀ ਲੀਕ ਮੇਟ ਦਿੰਦੀ ਹੈ। ਗੁਰਦਿਆਲ ਸਿੰਘ ਜੀ ਨੂੰ ਜਿਸਮਾਨੀ ਤੌਰ ਤੇ ਸਾਡੇ ਤੋਂ ਵਿਛੜਿਆਂ ਭਾਵੇਂ ਇੱਕ ਵਰ੍ਹੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਹਨਾਂ ਦੀ ਜੁਦਾਈ ਵਿਚਲੇ ਖਲਾਅ ਦੀ ਪੂਰਤੀ ਉਨ੍ਹਾਂ ਦੀਆਂ ਲਿਖਤਾਂ ਰਾਹੀ ਹੋ ਰਹੀ ਹੈ। ਇਹ ਗੱਲ ਬਿਲਕੁਲ ਸੱਚ ਲੱਗਦੀ ਹੈ ਕਿ ਸਾਹਿਤਕ ਦਾਇਰੇ ਵਿੱਚ ਵਿਚਰਦਿਆਂ ਕੁਝ ਲੇਖਕ, ਕਵੀ ਤੇ ਸਾਹਿਤਕਾਰ ਸਾਨੂੰ ਆਪਣੇ ਸਾਕ ਸਬੰਧੀ ਲੱਗਦੇ ਹਨ। ਇਹ ਉਦੋਂ ਮਹਿਸੂਸ ਹੁੰਦਾ ਹੈ ਜਦੋਂ ਚੰਗੀਆਂ ਲਿਖਤਾਂ ਨਾਲ ਸਾਡੀ ਸਾਂਝ ਜੁੜਦੀ ਹੈ ਤਾਂ ਆਪ ਮੁਹਾਰੇ ਉਸ ਲੇਖਕ ਪ੍ਰਤੀ ਸਤਿਕਾਰ ਤੇ ਮੋਹ ਭਰੀ ਭਾਵਨਾ ਫੁੱਟ ਪੈਂਦੀ ਹੈ। ਸਾਡਾ ਲਿਖਤ ਨਾਲ ਜੁੜਿਆ ਨਾਤਾ ਲੇਖਕ ਦੇ ਨਕਸ਼ਾਂ ਨੂੰ ਆਪੇ ਨੁਹਾਰ ਲੈਂਦਾ ਹੈ। ਕਈ ਵਾਰੀ ਅਸੀਂ ਲੇਖਕ ਨੂੰ ਮਿਲੇ ਵੀ ਨਹੀਂ ਹੁੰਦੇ। ਇਹ ਵਿਸ਼ਵਾਸ ਉਦੋਂ ਸੱਚ ਵਿੱਚ ਬਦਲ ਜਾਂਦਾ ਹੈ ਜੇਕਰ ਲੇਖਕ ਦੀ ਰਚਨਾ ਤੇ ਉਹਦੀ ਅਸਲ ਜ਼ਿੰਦਗੀ ਵਿੱਚ ਕੋਈ ਪਾੜਾ ਨਾ ਹੋਵੇ। ਕਈ ਵਾਰੀ ਇਹ ਭਰਮ ਟੁੱਟ ਵੀ ਜਾਂਦਾ ਹੈ ਜਦੋਂ ਲਿਖਤ ਕੁਝ ਹੋਰ ਕਹੇ ਤੇ ਲੇਖਕ ਦੀ ਜ਼ਿੰਦਗੀ ਕੋਈ ਹੋਰ ਹੋਵੇ। ਇਸ ਪੱਖੋਂ ਵੀ ਕਦੇ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਚੰਗੀਆਂ ਰਚਨਾਵਾਂ ਸਾਡੇ ਅੰਦਰ ਇਸ ਤਰ੍ਹਾਂ ਰਚ-ਮਿਚ ਜਾਂਦੀਆਂ ਹਨ ਤੇ ਸਾਡੇ ਕਦਮਾਂ ਦੇ ਨਾਲ ਤੁਰਦਿਆਂ ਇਕੱਲਤਾ ਵਿੱਚ ਵੀ ਸਾਥ ਦਿੰਦੀਆਂ ਹਨ। ਇੱਥੋਂ ਹੀ ਲੇਖਕ ਹੋਣ ਦਾ ਅਸਲ-ਅਰਥ ਸਾਹਮਣੇ ਆਉਂਦਾ ਹੈ।
ਗੁਰਦਿਆਲ ਸਿੰਘ ਅਸਲ ਰੂਪ ਵਿੱਚ ਅਜਿਹਾ ਹੀ ਲੇਖਕ ਹੈ ਜਿਸ ਦੀਆਂ ਰਚਨਾਵਾਂ ਪਾਠਕਾਂ ਦੇ ਨਾਲ ਡੂੰਘਾ ਰਿਸ਼ਤਾ ਕਾਇਮ ਕਰਦੀਆਂ ਹਨ। ਉਹ ਅਜਿਹਾ ਵਿਲੱਖਣ ਨਾਵਲਕਾਰ ਹੋਇਆ ਜਿਸ ਨੇ ਪੰਜਾਬੀ ਨਾਵਲ ਦੇ ਘੇਰੇ ਨੂੰ ਹੋਰ ਵੀ ਮੋਕਲਾ ਕਰ ਦਿੱਤਾ ਹੈ ਤੇ ਉਸ ਨੇ ਪੰਜਾਬੀ ਨਾਵਲ ਨੂੰ ਜ਼ਿੰਦਗੀ ਦੇ ਅਸਲੀਅਤ ਦੇ ਰੂ-ਬਰੂ ਕੀਤਾ।ਇੱਕ ਸਾਧਾਰਨ ਪਿੰਡ ਵਰਗੇ ਕਸਬੇ ਜੈਤੋਂ ਦੇ ਮਿਹਨਤਕਸ਼ ਪਰਿਵਾਰ ਵਿੱਚ 10 ਜਨਵਰੀ 1933 ਨੂੰ ਪੈਦਾ ਹੋਏ ਇਸ ਨਾਵਲਕਾਰ ਨੇ ਪੰਜਾਬ ਦੇ ਨਾਵਲ ਦਾ ਨਾਮ ਵਿਸ਼ਵ-ਪੱਧਰ ਤੇ ਰੌਸ਼ਨ ਕੀਤਾ।
ਪ੍ਰੋ. ਗੁਰਦਿਆਲ ਸਿੰਘ ਜੀ ਨਾਲ ਮੇਰਾ ਉਹ ਰਿਸ਼ਤਾ ਹੈ ਜੋ ਉਨ੍ਹਾਂ ਨਾਲ ਕੀਤੀ ਮੁਲਾਕਾਤ ਤੋਂ ਪਹਿਲਾਂ ਪੈਦਾ ਹੋਇਆ ਤੇ ਉਨਾਂ ਦੇ ਜਿਸਮਾਨੀ ਤੌਰ ਤੇ ਜੁਦਾ ਹੋਣ ਤੋਂ ਬਾਅਦ ਵੀ ਜਿਉਂਦਾ ਰਹੇਗਾ। ਇਹ ਗੱਲ ਵਾਜਿਬ ਹੈ ਕਿ ਲੇਖਕ ਨੂੰ ਉਸ ਦੀ ਰਚਨਾ ਅਮਰ ਕਰਦੀ ਹੈ।ਇੱਕ ਚੰਗੀ ਲਿਖਤ ਲੋਕ-ਕਚਹਿਰੀ ਵਿੱਚ ਪੇਸ਼ ਹੋਣ ਤੋਂ ਬਾਅਦ ਲੋਕਾਂ ਦੀ ਹੀ ਬਣ ਕੇ ਰਹਿ ਜਾਂਦੀ ਹੈ। ਅਜਿਹੀ ਲਿਖਤ ਹੀ ਮਾਨਵੀਂ ਅਹਿਸਾਸਾਂ ਦੀ ਬਾਤ-ਪਾਉਂਦੀ ਹੈ ਤੇ ਸਮਾਜਿਕ ਸਰੋਕਾਰ ਨਾਲ ਲਬਰੇਜ਼ ਹੋ ਕੇ ਸਮਾਜ ਵਿੱਚ ਹੋ ਰਹੀ ਧੱਕਾਸ਼ਾਹੀ ਵਿਰੁੱਧ ਖੜ੍ਹਦੀ ਹੈ। ਇਹ ਹੀ ਸਮਾਜ ਵਿੱਚ ਪਸਰੇ ਹਨੇਰੇ ਦੀਆਂ ਬਹੁ-ਪੱਖੀ ਤੰਦਾਂ ਲੋਕਾਂ ਸਾਹਵੇਂ ਖੋਲਦੀ ਚੇਤੰਨਤਾ ਦਾ ਪਾਸਾਰ ਕਰਦੀ ਹੈ। ਗੁਰਦਿਆਲ ਸਿੰਘ ਅਜਿਹਾ ਹੀ ਨਾਵਲਕਾਰ ਹੈ ਜਿਸਨੇ ਆਪਣੇ ਨਾਵਲਾਂ ਵਿੱਚ ਕਿਰਤੀ ਵਰਗ ਦੇ ਯਥਾਰਥ ਨੂੰ ਕਲਾਤਮਿਕ ਜਾਮਾ ਪਹਿਨਾਇਆ। ਜਿਉਂ-ਜਿਉਂ ਗੁਰਦਿਆਲ ਸਿੰਘ ਦੇ ਨਾਵਲਾਂ ਨਾਲ ਸਾਡੀ ਵਾਕਫ਼ੀ ਵੱਧਦੀ ਜਾਂਦੀ ਹੈ ਤਿਉਂ-ਤਿਉਂ ਗੁਰਦਿਆਲ ਸਿੰਘ ਦੀ ਲੋਕ-ਪੱਖੀ ਤੇ ਯਥਾਰਥਵਾਦੀ ਦ੍ਰਿਸ਼ਟੀ ਸਾਹਮਣੇ ਆਉਂਦੀ ਜਾਂਦੀ ਹੈ। ਮੈਂ ਗੁਰਦਿਆਲ ਸਿੰਘ ਦੀਆਂ ਕੁੱਝ ਕਹਾਣੀਆਂ ਸਕੂਲ ਪੜ੍ਹਦਿਆਂ ਸਿਲੇਬਸ ਵਿੱਚ ਪੜ੍ਹੀਆਂ ਸਨ। ਉਦੋਂ ਮੇਰੇ ਲਈ ਕੋਈ ਖਾਸ ਨਹੀਂ ਸੀ ਸਿਰਫ ਇੱਕ ਪਾਠ ਦਾ ਲੇਖਕ ਹੀ ਸੀ। ਉਸ ਤੋਂ ਬਾਅਦ ਕਾਲਜ ਵਿੱਚ ਬੀ.ਏ. ਜਮਾਤ ਦੇ ਸਿਲੇਬਸ ਵਿੱਚ ਲੱਗਿਆ ਨਾਵਲ ‘ਮੜ੍ਹੀ ਦਾ ਦੀਵਾ’ ਪੜ੍ਹਦਿਆਂ ਉਦੋਂ ਨਾਵਲ ਦੀ ਤਹਿ ਤੱਕ ਜਾਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਸੀ। ਪੇਪਰਾਂ ਵਾਸਤੇ ਭਾਵੇਂ ਨਾਵਲ ਦਾ ਵਿਸ਼ਾ ਵਸਤੂ ਤੇ ਸਾਰ ਜ਼ੁਬਾਨੀ ਯਾਦ ਕਰ ਲਿਆ ਜਾਂਦਾ ਸੀ। ਉਸ ਰਚਨਾ ਦੇ ਬਾਹਰੀ ਤੇ ਅੰਦਰੂਨੀ ਬਹੁ-ਪੱਖਾਂ ਵੱਲ ਧਿਆਨ ਖਿੱਚਿਆ ਜਾਣਾ ਮੇਰੇ ਲਈ ਦੂਰ ਦੀ ਗੱਲ ਸੀ। ਉਸੇ ਹੀ ਸਮੇਂ ਗੁਰਦਿਆਲ ਸਿੰਘ ਨੂੰ ਵੇਖਣ ਦਾ ਮੌਕਾ ਵੀ ਮਿਲਿਆ ਜਦੋਂ ਕਾਲਜ ਵਿੱਚ ਉਨ੍ਹਾਂ ਦਾ ਪੰਜਾਬੀ ਵਿਭਾਗ ਵੱਲੋਂ ਰੂ-ਬਰੂ ਕਰਵਾਇਆ ਗਿਆ। ਸਾਡੇ ਪ੍ਰੋ. ਸਹਿਬਾਨ ਨੇ ਵੀ ਉਨ੍ਹਾਂ ਨੂੰ ਵੱਡੇ ਨਾਵਲਕਾਰ ਦੇ ਤੋਰ ਤੇ ਪੇਸ਼ ਕਰਦੇ ਹੋਏ ਉਨਾਂ ਦੀ ਸ਼ਖਸੀਅਤ ਦੇ ਵੀ ਕਈ ਪੱਖਾਂ ਬਾਰੇ ਜਾਣਕਾਰੀ ਦਿੱਤੀ। ਆਪਣੀ ਜ਼ਿੰਦਗੀ ਦੀ ਕਹਾਣੀ ਤੇ ਸਾਹਿਤਕ ਸਫ਼ਰ ਬਾਰੇ ਗੁਰਦਿਆਲ ਸਿੰਘ ਹੋਰਾਂ ਨੇ ਖੋਲ੍ਹ ਕੇ ਦੱਸਿਆ। ਕਵਿਤਾ ਵਿੱਚ ਰੁਚੀ ਹੋਣ ਕਰਕੇ ਕਵੀਆਂ ਬਾਰੇ ਮੇਰੇ ਅੰਦਰ ਜਾਨਣ ਦੀ ਭਾਵਨਾ ਸ਼ਿੱਦਤ ਨਾਲ ਜਾਗਦੀ ਸੀ। ਉਦੋਂ ਮੈਨੂੰ ਤਾਂ ਸਿਰਫ਼ ਇਹ ਹੀ ਯਾਦ ਸੀ ਕਿ ਅਸਮਾਨੀ ਪੱਗ, ਚਿੱਟਾ ਕੁੜਤਾ ਤੇ ਸਲੇਠੀ ਪੈਂਟ ਪਾਈ ਪਤਲਾ ਜਿਹਾ ਇਹ ਨਾਵਲਕਾਰ ਕਿੰਨਾਂ ਸਾਧਾਰਨ, ਸਾਊ ਤੇ ਸ਼ਰੀਫ਼ ਵਿਅਕਤੀ ਹੈ। ਜਦੋਂ ਵੀ ਕਦੇ ਪ੍ਰੋ. ਗੁਰਦਿਆਲ ਸਿੰਘ ਦੀ ਗੱਲ ਤੁਰਦੀ ਤਾਂ ਅਜਿਹੀ ਸ਼ਖਸੀਅਤ ਦੀ ਬਾਹਰੀ ਦਿੱਖ ਮੇਰੀਆਂ ਅੱਖਾਂ ਸਾਹਵੇਂ ਆ ਜਾਂਦੀ।
ਵਕਤ ਨੇ ਉਸ ਸਮੇਂ ਕਰਵਟ ਲਈ ਜਦੋਂ ਕਾਲਜ ਵਿੱਚ ਐਮ.ਏ ਜਮਾਤ ਨੂੰ ਗਲਪ ਦਾ ਪੇਪਰ ਪੜਾਉਂਦਿਆਂ ਮੇਰਾ ਡੂੰਘਾ ਵਾਸਤਾ ਨਾਵਲ ਤੇ ਕਹਾਣੀ ਨਾਲ ਜੁੜਿਆ ਮਨ ਅੰਦਰ ਨਾਵਲਕਾਰਾਂ ਪ੍ਰਤੀ ਜਾਨਣ ਲਈ ਜਗਿਆਸਾ ਪੈਦਾ ਹੋਈ। ਗੁਰਦਿਆਲ ਸਿੰਘ ਹੋਰਾਂ ਦਾ ‘ਪਰਸਾ’ ਨਾਵਲ ਸਿਲੇਬਸ ਵਿੱਚ ਲੱਗਾ ਹੋਇਆ ਸੀ। ਮੇਰੇ ਲਈ ਨਾਵਲ ਦੀ ਵਿਧਾ, ਰੂਪ ਤੇ ਵਿਸ਼ਾਗਤ ਡੂੰਘਾ ਅਧਿਐਨ ਕਰਨਾ ਜਰੂਰੀ ਸੀ। ਕਈ ਵਿਦਵਾਨ ਦੋਸਤਾਂ ਨੇ ਮੈਨੂੰ ਕਈ ਨਾਵਲ ਦੀਆਂ ਸਿਧਾਂਤਕ ਪੁਸਤਕਾਂ ਪੜ੍ਹਣ ਦੀ ਸਲਾਹ ਦਿੱਤੀ। ਮੁੱਢਲੇ ਦੌਰ ਦੇ ਨਾਵਲਕਾਰ ਤੋਂ ਲੈ ਆਧੁਨਿਕ ਨਾਵਲਕਾਰਾਂ ਦੇ ਚੰਗੇ ਨਾਵਲ ਪੜ੍ਹਣ ਲਈ ਕਿਹਾ।ਫਿਰ ਕਈ ਨਾਵਲਾਂ ਨਾਲ ਵਾਸਤਾ ਪਿਆ ਤੇ ਜਦੋਂ "ਪਰਸਾ" ਨਾਵਲ ਪੜ੍ਹਣਾ ਸ਼ੁਰੂ ਕੀਤਾ ਤਾਂ ਇਸ ਨਾਵਲ ਨੇ ਮੈਨੂੰ ਪੰਜਾਬੀ ਨਾਵਲ ਵੱਲ ਐਸਾ ਖਿੱਚਿਆ ਕਿ ਕਈ ਨਾਵਲ ਪੜ੍ਹਣੇ ਹੀ ਨਹੀਂ ਸਗੋਂ ਨਾਵਲਾਂ ਬਾਰੇ ਸੋਚਣਾ ਵੀ ਸ਼ੁਰੂ ਕੀਤਾ।
ਇਹੀ ਇਸ ਨਾਵਲਕਾਰ ਦੀ ਲਿਖਤ ਕਲਾ ਦੀ ਸ਼ਕਤੀ ਹੈ।ਜਿਸ ਨੂੰ ਪੜ੍ਹਦਿਆਂ ਮਾਲਵੇ ਦੇ ਲੋਕ ਜੀਵਨ ਦੀ ਝਲਕ ਸਹਿਜੇ ਨੂੰ ਦਿੱਖ ਜਾਂਦੀ ਹੈ। ਉਨ੍ਹਾਂ ਦੇ ਨਾਵਲ ‘ਮੜ੍ਹੀ ਦਾ ਦੀਵਾ’ ਪੰਜਾਬੀ ਨਾਵਲ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ। ਇਹ ਸਾਰੇ ਨਾਵਲ ਅਣਖ, ਪੇਂਡੂ ਜੀਵਨ, ਪਿਛਾਕੜੀ ਸੋਚ, ਪੂਰਵ-ਪੂੰਜੀਵਾਦ ਦੇ ਕਈ ਪੱਖਾਂ ਨੂੰ ਬੇਬਾਕੀ ਨਾਲ ਪੇਸ਼ ਕਰਦੇ ਹਨ।ਗੁਰਦਿਆਲ ਸਿੰਘ ਨੇ ਪੇਂਡੂ ਜੀਵਨ ਖ਼ਾਸ ਕਰਕੇ ਕਿਰਤੀ ਵਰਗ, ਕਿਸ਼ਾਨਾਂ, ਔਰਤ ਆਦਿ ਦੀ ਜ਼ਿੰਦਗੀ ਨੂੰ ਨੇੜੇ ਤੋਂ ਤੱਕਦਿਆਂ ਉਨਾਂ ਦੀ ਅਜਿਹੀ ਸਥਿਤੀ ਪਿਛਲੇ ਕਾਰਨਾਂ ਨੂੰ ਵੀ ਢੂੰਡਣ ਦੀ ਕੋਸ਼ਿਸ਼ ਕੀਤੀ ਹੈ। ਮਨੁੱਖੀ ਰਿਸ਼ਤੇ, ਸਮਾਜਿਕ ਰਿਸ਼ਤੇ ਤੇ ਪੈਦਾਵਾਰੀ ਰਿਸ਼ਤਿਆਂ ਦੀਆਂ ਕਈ ਪਰਤਾਂ ਨੂੰ ਆਪਣੀਆਂ ਲਿਖਤਾਂ ਵਿੱਚੋਂ ਉਜਾਗਰ ਕੀਤਾ ਹੈ।ਪੰਜਾਬੀ ਨਾਵਲ ਦੇ ਵਿੱਚ ਦੱਬੇ-ਕੁਚਲੇ ਵਰਗ ਨੂੰ ਨਾਇਕ ਬਣਾ ਕੇ ਪੇਸ਼ ਕਰਨਾ ਤੇ ਕਿਰਤ ਸ਼ਕਤੀ ਦੀ ਪੈਰਵੀ ਕਰਨਾ ਹੀ ਗੁਰਦਿਆਲ ਸਿੰਘ ਦੀ ਰਚਨਾਵਾਂ ਦਾ ਸ਼ਾਹੀ ਗੁਣ ਹੈ।ਨਿਮਾਣੇ, ਅਣਹੋਇਆ ਵਰਗੇ ਲੋਕਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਗੁਰਦਿਆਲ ਸਿੰਘ ਨੇ ਜਗਸ਼ੀਰ, ਬਿਸ਼ਨੇ ਤੇ ਮੋਦਨ ਵਰਗੇ ਅਜਿਹੇ ਨਾਇਕ ਨਾਵਲਾਂ ਵਿੱਚ ਪੇਸ਼ ਕਰਕੇ ਲੁੱਟੀ ਜਾ ਰਹੀ ਸ਼੍ਰੇਣੀ ਦੀ ਗੱਲ ਤੋਰੀ  ਤੇ ਆਪਣਾ ਨਾਮ ਪ੍ਰਗਤੀਵਾਦੀ ਨਾਵਲਕਾਰਾਂ ਵਿੱਚ ਸ਼ਾਮਲ ਕਰਵਾਇਆ
ਗੁਰਦਿਆਲ ਸਿੰਘ ਦੀ ਸ਼ਖਸੀਅਤ ਦਾ ਇੱਕ ਨਿਵਕਲਾ ਪੱਖ ਇਹ ਵੀ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਉਹ ਚੰਗੀਆਂ ਲਿਖਤਾਂ ਤੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਵੀ ਕਰਦੇ ਸਨ। ਮੈਨੂੰ ਯਾਦ ਹੈ ਜਦੋਂ 10 ਦਸੰਬਰ 2010 ਨੂੰ "ਪੰਜਾਬੀ ਟ੍ਰਿਬਿਊਨ" ਵਿੱਚ ਸੰਪਾਦਕੀ ਪੰਨੇ ਤੇ ‘ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ’ ਮੇਰਾ ਆਰਟੀਕਲ ਛਪਿਆ। ਅਜੇ ਮੈਂ ਅਖ਼ਬਾਰ ਵੇਖਿਆ ਹੀ ਨਹੀਂ ਸੀ ਕਿ ਅਚਾਨਕ ਹੀ ਮੋਬਾਈਲ ਦੀ ਰਿੰਗ ਵੱਜੀ.... ਅਣਜਾਨ ਜਿਹਾ ਨੰਬਰ........ ਸਮਝ ਨਾ ਆਇਆ ਕਿਸ ਦਾ ਹੈ ....... ਕਾਹਲੀ ਨਾਲ ਮੋਬਾਈਲ ਚੁੱਕਿਆ ਇੱਕ ਹੋਲੀ ਜਹੀ ਮੱਧਮ ਜਹੀ ਅਵਾਜ਼........ਅੱਗੋਂ ਸੁਣਾਈ ਦਿੱਤੀ....... ‘ਅਰਵਿੰਦਰ ਮੈਂ ਗੁਰਦਿਆਲ ਸਿੰਘ ਜੈਤੋਂ ਬੋਲ ਰਿਹਾ ਹਾਂ’।... ਅਵਾਜ਼ ਵਿੱਚਲੀ ਅੱਪਣਤ ਨੇ ....... ਮੈਨੂੰ ਇੱਕ ਦਮ ਖਿੱਚ ਲਿਆ ਇਉਂ ਲੱਗਿਆ ਜਿਵੇਂ ਕਿੰਨੀ ਵੀ ਉਨਾਂ ਨਾਲ ਡੂੰਘੀ ਸਾਂਝ ਹੋਵੇ...... ਮਿਲਣਾ ਤਾਂ ਮੈਂ ਚਾਹੁੰਦੀ ਸਾਂ ਪਰ ਇਹ ਕੀ........ ਇਹ ਫੋਨ ਕਿਸੇ ਕ੍ਰਿਸ਼ਮੇਂ ਤੋਂ ਘੱਟ ਨਹੀਂ ਸੀ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਸੱਚਮੁੱਚ ਪ੍ਰੋ. ਗੁਰਦਿਆਲ ਸਿੰਘ ਜੀ  ਬੋਲ ਰਹੇ ਨੇ......... ਮੇਰੀ ਖੁਸ਼ੀ ਦੀ ਟਿਕਾਣਾ ਨਾ ਰਿਹਾ........ 20-25 ਮਿੰਟ ਮੇਰੇ ਨਾਲ ਗੱਲਾਂ ਕਰਦੇ ਰਹੇ....... ਤੇ ਆਖਦੇ ਰਹੇ....... ‘‘ਪੜ੍ਹਿਆ ਕਰ........ ਚੰਗਾ ਲਿਖਿਆ ਕਰ।’’ ਬਸ ਮੈਂ ਉਡੀਕ ਕਰਦਾ ਰਹਾਂਗਾ ਤੇਰੀਆਂ ਲਿਖਤਾਂ ਦੀ........ ਇਹ ਗੱਲ ਸੱਚੀ ਨਿਕਲੀ। ਜਦੋਂ ਵੀ ਮੇਰਾ ਆਰਟੀਕਲ ਆਉਂਦਾ........ ਉਨ੍ਹਾਂ ਦਾ ਦਿੱਤਾ ਗਿਆ ਹੌਸਲਾ ਮੈਨੂੰ ਹੋਰ ਵੀ ਉਤਸ਼ਾਹਿਤ ਕਰਦਾ ਰਿਹਾ। ਮੈਨੂੰ ਉਨ੍ਹਾਂ ਦੇ ਫੋਨ ਦੀ ਉਡੀਕ ਰਹਿੰਦੀ...... ਉਨ੍ਹਾਂ ਨਾਲ ਕੀਤੀ ਲੰਮੀ-ਲੰਮੀ ਵਾਰਤਾਲਾਪ ਮੇਰੇ ਲਈ ਰਾਹ ਦਸੇਰਾ ਬਣਦੀ ਉਨ੍ਹਾਂ ਨਾਲ ਬਠਿੰਡੇ ਟੀਚਰਜ਼ ਹੋਮ’ ਵਿੱਚ ਬਹੁਤ ਵਾਰੀ ਬੈਠ ਕੇ ਅਜੋਕੇ ਸਾਹਿਤ ਤੇ ਸਹਿਤ ਸਭਾਵਾਂ ਬਾਰੇ ਗੱਲਾਂ ਕੀਤੀਆਂ ਜੋ ਮੇਰੀਆਂ ਚੇਤਿਆਂ ’ਚ ਕੈਦ ਹਨ ਤੇ ਵਕਤ-ਵਕਤ ਤੇ ਮੈਨੂੰ ਨਸੀਹਤ ਦਿੰਦੀਆਂ ਰਹਿਣਗੀਆਂ।
ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਦੇ ਹੋਏ 40 ਸਾਲ ਤੋਂ  ਜਿਆਦਾ ਸਮਾਂ ਅਧਿਆਪਨ ਕਾਰਜ ਨਿਭਾਇਆ। ਉਨ੍ਹਾਂ ਦੇ ‘ਮੜ੍ਹੀ ਦਾ ਦੀਵਾ’, ‘ਅਣਹੋਏ’, ‘ਕੁਵੇਲਾ’, ‘ਅੱਧ ਚਾਨਣੀ ਰਾਤ’, ‘ਆਥਣ ਉਗਣ’, ‘ਪਹੁ-ਫੁਟਾਲੇ ਤੋਂ ਪਹਿਲਾਂ’, ‘ਪਰਸਾ’,‘ਰੇਤ ਦੀ ਇੱਕ ਮੁੱਠੀ, ‘ਆਹਣ’, ‘ਅੰਨੇ ਘੋੜੇ ਦਾ ਦਾਨ’ ਕਾਫੀ ਚਰਚਿਤ ਨਾਵਲ ਰਹੇ। ਉਹਨਾਂ ਨੇ 12 ਕਹਾਣੀ ਸੰਗ੍ਰਹਿ 3 ਨਾਟਕ ਸੰਗ੍ਰਹਿ, 2 ਲੇਖ ਸੰਗ੍ਰਹਿ, ਇੱਕ ਖੋਜ ਪੁਸਤਕ ਤੇ 10 ਬਾਲ-ਪੁਸਤਕਾਂ ਦੀ ਰਚਨਾ ਕੀਤੀ ਹੈ। ਉਹਨਾਂ ਨੇ 30 ਤੋਂ ਉਪਰ ਪੁਸਤਕਾਂ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿੱਚ ਅਤੇ ਪੰਜਾਬੀ ਤੋਂ ਹਿੰਦੀ ਵਿੱਚ ਅਨੁਵਾਦ ਕੀਤੀਆਂ ਹਨ। ਉਨ੍ਹਾਂ ਦੇ ਸਾਰੇ ਨਾਵਲ ਤੇ ਤਿੰਨ ਕਹਾਣੀ ਸੰਗ੍ਰਹਿ ਹਿੰਦੀ ਵਿੱਚ, ਤਿੰਨ ਨਾਵਲ ਅੰਗਰੇਜ਼ੀ ਤੇ ਭਾਰਤੀ ਭਾਸ਼ਾਵਾਂ ਵਿੱਚੋਂ ਅਨੁਵਾਦ ਹੋ ਚੁੱਕੇ ਹਨ। ‘ਮੜ੍ਹੀ ਦਾ ਦੀਵਾ’ ਤੇ ‘ਅੰਨੇ ਘੋੜੇ ਦਾ ਦਾਨ’ ਨਾਵਲ ਤੇ ਬਣੀ ਫਿਲਮ ਨੇ ਵਿਸ਼ਵ ‘ਚ ਪ੍ਰਸਿੱਧੀ ਹਾਸਲ ਕੀਤੀ। ਉਨ੍ਹਾਂ ਨੇ ਭਾਵੇਂ ‘ਗਿਆਨਪੀਠ ਪੁਰਸਕਾਰ’ ਪਦਮ ਸ਼੍ਰੀ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ, ਸਾਹਿਤ ਅਕਾਦਮੀ ਪੁਰਸਕਾਰ, ਸੋਵੀਅਤ ਦੇਸ਼ ਨਹਿਰੂ ਪੁਰਸਕਾਰ ਤੋਂ ਬਿਨ੍ਹਾਂ ਹੋਰ ਵੀ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਕੀਤੇ ਹਨ। ਪਰ ਜੋ ਪਿਆਰ ਉਨ੍ਹਾਂ ਨੂੰ ਲੋਕਾਂ ਨੇ ਦਿੱਤਾ ਉਸ ਤੋਂ ਵੱਡਾ ਹੋਰ ਕੋਈ ਪੁਰਸਕਾਰ ਨਹੀਂ ਹੈ।
ਇਸ ਮਕਬੂਲ ਨਾਵਲਕਾਰ ਦੀ ਸਾਹਿਤਕ ਦੇਣ ਨੂੰ ਸਿਜਦਾ ਕਰਨ ਲਈ ਤੇ ਸਾਹਿਤਕ ਕਿਰਤ ਦੀ ਅਸਲ ਪਹਿਚਾਣ ਦਾ ਹੋਕਾ ਦੇਣ ਲਈ ਉਨ੍ਹਾਂ ਦੇ ਜਨਮ ਦਿਨ ਉਤੇ 10 ਜਨਵਰੀ ਨੂੰ ਜੈਤੋਂ ਮੰਡੀ ਵਿੱਚ ਗੁਰਦਿਆਲ ਸਿੰਘ ਦਿਵਸ ਮਨਾਇਆ ਜਾ ਰਿਹਾ ਹੈ। ਕਰੀਬ 83 ਵਰ੍ਹੇ ਦੀ ਉਮਰ ਦੇ ਆਖਰ ਤੱਕ ਲੋਕ ਸਰੋਕਾਰਾਂ ਨਾਲ ਪਰਨਾਏ ਤੇ ਲੋਕ ਸੰਘਰਸ਼ੀ ਰਾਹਾਂ ਦੀ ਹਮਾਇਤ ਕਰਦੇ ਸ਼੍ਰੋਮਣੀ ਨਾਵਲਕਾਰ ਨੂੰ ਪੰਜਾਬੀ ਸਾਹਿਤ ਜਗਤ ਦਿਲੋਂ ਪ੍ਰਣਾਮ ਕਰਦਾ ਹੈ।
ਡਾ. ਅਰਵਿੰਦਰ ਕੌਰ ਕਾਕੜਾ ਲੋਕਾਂ ਨਾਲ ਜੁੜੇ ਸਰੋਕਾਰਾਂ ਬਾਰੇ ਲਿਖ ਵਾਲੀ ਸਾਹਿਤਿਕ ਪੱਤਰਕਾਰ ਹਨ ਅਤੇ ਪਬਲਿਕ ਕਾਲਜ ਸਮਾਣਾ ਵਿੱਚ ਅਸਿਸਟੈਂਟ ਪ੍ਰੋਫੈਸਰ ਵੱਜੋਂ ਕੰਮ ਕਰਦੇ ਹਨ। ਉਹਨਾਂ ਦਾ ਮੋਬਾਇਲ ਨੰਬਰ ਹੈ: 94636-15536

  

No comments: