Monday, January 01, 2018

ਆਪਣੀ ਸੋਚ ਸਵਦੇਸ਼ੀ ਬਣਾਓ-ਠਾਕੁਰ ਦਲੀਪ ਸਿੰਘ

ਦੇਸ਼ ਦੀ ਆਰਥਿਕਤਾ ਅਤੇ ਆਤਮ ਸਨਮਾਨ ਲਈ ਅਜਿਹਾ ਕਰਨਾ ਜ਼ਰੂਰੀ 
ਜਲੰਧਰ: 1 ਜਨਵਰੀ 2018:(ਰਾਜਪਾਲ ਕੌਰ//ਪੰਜਾਬ ਸਕਰੀਨ):: 
1857 ਈ: ਵਿੱਚ ਸਭ ਤੋਂ ਪਹਿਲੋਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਚਲਾਈ ਸਵਦੇਸ਼ੀ ਦੀ ਲਹਿਰ ਨੇ ਅੰਗਰੇਜ਼ ਸਰਕਾਰ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ।  ਇਸ ਨਾਲ ਜਿੱਥੇ ਆਮ ਭਾਰਤੀ ਲੋਕਾਂ ਵਿੱਚ ਸਵਦੇਸ਼ ਪਿਆਰ ਜਾਗਿਆ ਉੱਥੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਇੱਕ ਹਵਾ ਵੀ ਪੈਦਾ ਕੀਤੀ ਜਿਸ ਨੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ। ਇਸੇ ਸੋਚ ਨੂੰ ਹੀ ਬਾਅਦ ਵਿੱਚ ਮਹਾਤਮਾ ਗਾਂਧੀ ਨੇ ਵੀ ਅਪਣਾਇਆ। 
ਅੱਜ ਫੇਰ ਦੇਸ਼ ਖਤਰੇ ਵਿੱਚ ਹੈ।  ਵਿਦੇਸ਼ੀ ਚੀਜ਼ਾਂ ਨੇ ਸਾਡੇ ਦੇਸ਼ ਦੇ ਕਾਰੋਬਾਰ ਨੂੰ ਖੋਰਾ ਲਾਇਆ  ਹੋਇਆ ਹੈ। ਇਸ ਖੋਰੇ ਨਾਲ ਦੇਸ਼ ਦੀ ਆਰਥਿਕਤਾ ਤਬਾਹ ਹੋ ਰਹੀ ਹੈ। ਸਾਡੇ ਆਪਣੇ ਲੋਕਾਂ ਦਾ ਕਾਰੋਬਾਰ ਖੁੱਸ ਰਿਹਾ ਹੈ। ਵਿਦੇਸ਼ੀ ਚੀਜ਼ਾਂ ਦੇ ਲਾਲਚ ਨੇ ਸਾਨੂੰ ਆਪਣਾ ਵਿਰਸਾ ਅਤੇ ਸੱਭਿਆਚਾਰ ਸਭ ਬੁਲ ਦਿੱਤੇ ਹਨ। 
ਇਸ ਨਾਜ਼ੁਕ ਹਾਲਾਤ ਵਿੱਚ ਸ੍ਰੀ ਠਾਕੁਰ ਦਲੀਪ ਸਿੰਘ ਜੀ ਨੇ ਫਿਰ ਸਵਦੇਸ਼ੀ ਦੀ ਯਾਦ ਤਾਜ਼ਾ ਕਰਾਈ ਹੈ। ਇਹ ਉਹੀ ਜੁਗਤ ਹੈ ਜਿਹੜੀ ਕਿਸੇ ਵੇਲੇ ਸਤਿਗੁਰੂ ਰਾਮ ਸਿੰਘ ਜੀ ਨੇ ਸਾਨੂੰ ਦ੍ਰਿੜ ਕਰਾਈ ਸੀ। ਠਾਕੁਰ ਜੀ ਨੇ ਯਾਦ ਕਰਾਇਆ ਹੈ ਕਿ ਸਵਦੇਸ਼ੀ ਵਿੱਚ ਸਭ ਤੋਂ ਪਹਿਲਾਂ ਆਪਣੀ ਸੋਚ ਸਵਦੇਸ਼ੀ ਬਣਾਉ। ਸਵਦੇਸ਼ੀ ਸੋਚ ਤੋਂ ਭਾਵ ਹੈ ਕਿ ਆਪਣੇ ਅੰਦਰ ਆਤਮ-ਸਨਮਾਨ ਲਿਆਉ। ਆਪਣੇ ਅੰਦਰ ਦ੍ਰਿੜ ਸੰਕਲਪ ਕਰੋ ਕਿ ਮੇਰਾ ਦੇਸ਼ ਭਾਰਤ, ਮੇਰੀ ਮਾਤਰ-ਭਾਸ਼ਾ (ਮਾਂ ਬੋਲੀ ), ਮੇਰੀ ਸਭਿਅੱਤਾ, ਮੇਰੇ ਲੋਕ, ਮੇਰਾ ਦੇਸ਼ ਭਾਰਤ ਅਤੇ ਸਾਡੇ ਪੁਰਖੇ, ਸਾਡੇ ਸ਼ਾਸਤਰ, ਇਹ ਸਾਰੇ ਸਭ ਤੋਂ ਚੰਗੇ ਹਨ। ਅਸੀਂ ਭ੍ਰਸ਼ਟ ਨਹੀਂ ਹਾਂ। ਜੇ ਸਾਡੇ ਅੰਦਰ ਇਹ ਸੋਚ ਆਵੇਗੀ ਅਤੇ ਦ੍ਰਿੜ  ਵੀ ਹੋਵੇਗੀ ਤਾਂ ਹੀ ਅਸੀਂ ਸਵਦੇਸ਼ੀ ਆਪਣਾ ਸਕਾਂਗੇ ਅਤੇ ਸੱਚੇ ਭਾਰਤੀ ਬਣ ਸਕਾਂਗੇ। 
 ਕਾਬਿਲੇ ਜ਼ਿਕਰ ਹੈ ਕਿ  ਨਾਮਧਾਰੀ ਸਤਿਗੁਰੂ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਸਭ ਤੋਂ ਪਹਿਲੋਂ 1857 ਈਸਵੀ ਵਿੱਚ ਸਵਦੇਸ਼ੀ ਦੀ ਲਹਿਰ ਚਲਾਈ ਸੀ। ਇਸ ਲਹਿਰ ਨਾਲ ਜੁੜਨ ਦੇ ਚਾਹਵਾਨ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹਨ।  ਉਹਨਾਂ ਦਾ ਮੋਬਾਈਲ ਨੰਬਰ ਹੈ: 9810378934
                                                               

No comments: