Thursday, December 07, 2017

ਵਿਆਹ ਮਗਰੋਂ ਨਵੇਂ ਜੀਵਨ ਦਾ ਆਰੰਭ ਸੇਵਾ ਅਤੇ ਨਿਰਮਾਣਤਾ ਨਾਲ

ਸਿਰੀ ਠਾਕੁਰ ਦਲੀਪ ਸਿੰਘ ਜੀ ਪਰੇਰਨਾ ਨਾਲ ਇੱਕ ਨਵੀਂ ਸ਼ੁਰੂਆਤ 
ਬਿਆਸ: 6 ਦਸੰਬਰ 2017: (ਪੰਜਾਬ ਸਕਰੀਨ ਬਿਊਰੋ)::
ਸਿਰੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸਿਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਪਾਵਨ ਪਰਕਾਸ਼ ਪੁਰਬ ਸਬੰਧੀ ਇਕ ਵਿਸ਼ਾਲ ਸਮਾਗਮ ਨੇੜਲੇ ਪਿੰਡ ਪੱਡਾ ਸਥਿਤ ਸੰਤ ਹਰ ਸਿੰਘ ਜੀ ਦੇ ਡੇਰੇ ਰਾਮ ਜੀ ਕੁਟੀਆ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਨਾਮਧਾਰੀ ਪੰਥ ਦੇ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੀ ਹਜੂਰੀ ਵਿੱਚ ਸਮਾਗਮ ਆਣੋਜਿਤ ਕੀਤਾ ਗਿਆ। ਸਮਾਗਮ ਵਿਚ ਇਲਾਕੇ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਪਰਾਪਤ ਕੀਤੀਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਸੰਤ ਹਰਿ ਸਿੰਘ ਜੀ ਦੁਆਰਾ ਸੰਗਤਾਂ ਦੇ ਸਹਿਯੋਗ ਨਾਲ 10 ਲੋੜਵੰਦ ਪਰਿਵਾਰਾਂ ਦੇ ਲੜਕੇ-ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ। ਆਨੰਦ ਕਾਰਜ ਉਪਰੰਤ ਸਿਰੀ ਠਾਕੁਰ ਦਲੀਪ ਸਿੰਘ ਜੀ ਨੇ ਇਕ ਨਵੀਂ ਪਿਰਤ ਪਾਉਂਦੇ ਹੋਏ ਨਵ-ਵਿਆਹੇ ਜੋੜਿਆਂ ਨੂੰ ਆਈ ਸੰਗਤ ਦੇ ਜੋੜੇ ਸਾਫ ਕਰਕੇ ਵਿਆਹ ਦੀ ਖੁਸ਼ੀ ਮਨਾਉਣ ਦੀ ਪਰੇਰਨਾ ਦਿੱਤੀ ਅਤੇ ਨਵ-ਵਿਆਹੇ ਜੋੜਿਆਂ ਤੋਂ ਖੁਦ ਨਾਲ ਹੋ ਕੇ ਇਹ ਕਾਰਜ ਕਰਵਾਇਆ। ਇਸ ਸਮੇਂ ਉਚੇਚੇ ਤੌਰ ਤੇ ਪੁਜੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਵੀ ਨਵ-ਵਿਆਹੇ ਜੋੜਿਆਂ ਦੇ ਨਾਲ ਸੰਗਤ ਦੇ ਜੋੜੇ ਸਾਫ ਕਰਨ ਦੀ ਸੇਵਾ ਕੀਤੀ। ਸਿਰੀ ਠਾਕੁਰ ਦਲੀਪ ਸਿੰਘ ਜੀ ਨੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੰਦਿਆਂ ਆਪਣੇ ਮਾਤਾ-ਪਿਤਾ ਤੋਂ ਆਸ਼ੀਰਵਾਦ ਲੈ ਕੇ ਹਮੇਸ਼ਾ ਉਨ੍ਹਾਂ ਦੀ ਸੇਵਾ-ਸੰਭਾਲ ਲਈ ਵੀ ਪਰੇਰਿਤ ਕੀਤਾ ਅਤੇ ਨਾਲ ਹੀ ਹਾਜਰ ਸੰਗਤਾਂ ਨੂੰ ਵਿਆਹ ਦੀ ਖੁਸ਼ੀ ਸਮੇਂ ਫਾਲਤੂ ਖਰਚ ਕਰਨ ਤੋਂ ਮਨਾਹੀ ਕੀਤੀ। ਉਹਨਾਂ ਸੰਗਤ ਨੂੰ ਇਹ ਪੈਸਾ ਆਪਣੇ ਭਵਿੱਖ ਅਤੇ ਸੁਖੀ ਜੀਵਨ ਲਈ ਸੰਭਾਲ ਕੇ ਰੱਖਣ ਦਾ ਉਪਦੇਸ਼ ਦਿੰਦਿਆ ਕਿਹਾ ਕਿ ਸਾਦਾ ਰਸਮਾਂ ਨਾਲ ਵਿਆਹ-ਸ਼ਾਦੀ ਦੇ ਸਮਾਗਮ ਕਰਨ ਅਤੇ ਦਿਖਾਵੇ ਦੇ ਫਜੂਲ ਖਰਚੇ ਤੋਂ ਬਚਣ।
ਇਸ ਮੌਕੇ ਬਲਵਿੰਦਰ ਸਿੰਘ ਲਾਡੀ ਐਮ.ਐਲ.ਏ, ਜੰਗ ਸਿੰਘ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਚਰਨ ਸਿੰਘ ਸਾਬਕਾ ਸਰਪੰਚ, ਸਰਪੰਚ ਹਰਪਰੀਤ ਹੈਪੀ, ਨਵਤੇਜ ਸਿੰਘ, ਜਸਵੰਤ ਸਿੰਘ, ਦਿਲਦਾਰ ਸਿੰਘ, ਜਵਾਹਰ ਸਿੰਘ, ਨਿਰਮਲ ਸਿੰਘ, ਪਰੀਤਪਾਲ ਸਿੰਘ ਅਤੇ ਅਰਵਿੰਦਰ ਸਿੰਘ ਲਾਡੀ ਹਾਜਰ ਸਨ।

No comments: