Saturday, November 04, 2017

ਜੈਕਾਰਿਆਂ ਨਾਲ ਕੀਤਾ ਗੁਰੂ ਸਾਹਿਬਾਂ ਦੇ ਆਗਮਨ ਪੂਰਬ ਦਾ ਆਗਾਜ਼

Sat, Nov 4, 2017 at 5:36 PM
ਜਲੰਧਰ ਸਕੂਲ ਦੇ ਬੱਚਿਆਂ ਨੇ ਪੇਸ਼ ਕੀਤੇ ਕਈ ਤਰ੍ਹਾਂ ਦੇ ਪ੍ਰੋਗਰਾਮ 
ਜਲੰਧਰ: 4 ਨਵੰਬਰ 2017: (ਪੰਜਾਬ ਸਕਰੀਨ ਬਿਊਰੋ)::
ਅੱਜ ਜਲੰਧਰ ਸਕੂਲ , ਗਦਾਈਪੁਰ ਵਿਖੇ ਸਕੂਲ ਦੇ ਬੱਚਿਆਂ ਅਤੇ ਸਮੂਚੇ ਸਟਾਫ ਨੇ ਰੱਲ ਕੇ ਸਿੱਖ ਧਰਮ ਦੇ ਮੋਢੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਨਾਮਧਾਰੀ ਪੰਥ ਦੇ ਸਤਿਗੁਰੂ ਜਗਜੀਤ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਮਾਗਮ ਨੂੰ ਸਕੂਲ ਦੇ ਪਰਿਸਰ ਵਿੱਚ ਹੀ ਆਯੋਜਿਤ ਕੀਤਾ ਗਿਆ। ਇਸ ਦਾ ਸੰਚਾਲਨ ਸਕੂਲ ਦੀ ਅਧਿਆਪਿਕਾ ਮੈਡਮ ਜਸਬੀਰ ਕੌਰ ਅਤੇ ਆਸ਼ਾ ਸ਼ਰਮਾ ਨੇ ਕੀਤਾ।  ਸਭ ਤੋਂ ਪਹਿਲਾਂ ਉਹਨਾਂ ਗੁਰੂ ਸਾਹਿਬਾਨਾਂ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਬੱਚਿਆਂ ਦ੍ਵਾਰਾ ਵੱਲੋਂ ਬੜੇ ਚਾਵਾਂ ਨਾਲ ਤਿਆਰ ਕੀਤੇ ਸ਼ਬਦ, ਕਵਿਤਾ ਅਤੇ ਭਾਸ਼ਣ ਆਦਿ ਪੇਸ਼ ਕਰਵਾਏ।  ਫਿਰ ਗੁਰੂ ਸਹਿਬਾਨਾਂ ਦੇ ਜੀਵਨ ਨਾਲ ਸੰਬੰਧਿਤ ਵਿਸ਼ੇ ਨੂੰ ਮੁਖ ਰੱਖ ਕੇ ਕਵਿਜ (ਸਵਾਲ-ਜਵਾਬ) ਪ੍ਰਤੀਯੋਗਤਾ ਵੀ ਕਰਵਾਈ ਗਈ। ਇਹ ਮੁਕਾਬਲਾ ਮੈਡਮ ਬਲਬੀਰ  ਕੌਰ ਅਤੇ ਮੈਡਮ ਮੀਨਾਕਸ਼ੀ ਦੀ ਦੇਖਰੇਖ।  ਬੱਚਿਆਂ ਨੇ ਬੜੇ ਉਤਸ਼ਾਹ ਨਾਲ ਸਾਰੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਵਿੱਦਿਆਰਥੀਆਂ ਨੇ ਚਾਅ ਅਤੇ ਖੁਸ਼ੀ ਨਾਲ ਸਾਰੇ ਪ੍ਰੋਗਰਾਮ ਦੇ ਦੌਰਾਨ "ਵਾਹਿਗੁਰੂ ਜੀ ਕਾ ਖਾਲਸਾ ,ਸ੍ਰੀ ਵਾਹਿਗੁਰੂ ਜੀ ਕੀ ਫਤਹਿ ਅਤੇ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ! ਦੇ ਜੈਕਾਰਿਆਂ ਨਾਲ ਵਾਤਾਵਰਨ ਗੂੰਜਾ ਦਿੱਤਾ। ਇਸ ਮੌਕੇ ਮੁੱਖ ਅਧਿਆਪਿਕਾ ਰਾਜਪਾਲ ਕੌਰ ਨੇ ਬੱਚਿਆਂ ਨੂੰ ਗੁਰੂ ਸਾਹਿਬਾਨਾਂ ਵੱਲੋਂ ਲੋਕਾਈ ਲਈ ਕੀਤੇ ਉਪਕਾਰਾਂ ਅਤੇ  ਉਪਦੇਸ਼ਾਂ ਬਾਰੇ ਸੰਖੇਪ ਨਾਲ ਦੱਸਦੇ ਹੋਏ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਅਲੌਕਿਕ ਸਾਖੀਆਂ ਵੀ ਸੁਣਾਈਆਂ ਅਤੇ ਦੱਸਿਆ ਕਿ ਕਿਵੇਂ ਗੁਰੂ ਸਾਹਿਬਾਨਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਦਾ ਉੱਧਾਰ ਕੀਤਾ ਜਾ ਸਕਦਾ ਹੈ। ਬੱਚਿਆਂ ਨੇ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੀਆਂ ਅਲੌਕਿਕ ਸਾਖੀਆਂ ਨੂੰ ਬੜੇ ਧਿਆਨ ਨਾਲ ਸੁਣਿਆ। ਇਸਦੇ ਨਾਲ ਹੀ "ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਧ ਜੱਗ ਚਾਨਣ ਹੋਇਆ।"  ਇਹ ਸ਼ਬਦ ਅਧਿਆਪਕਾਂ ਅਤੇ ਬੱਚਿਆਂ ਨਾਲ ਰੱਲ ਕੇ ਗਾਇਨ ਕੀਤਾ ਗਿਆ। ਸਤਿਗੁਰੂ ਦਲੀਪ ਸਿੰਘ ਜੀ ਵਲੋਂ ਦੱਸੇ ਏਕਤਾ ਦੇ ਨਾਅਰੇ ਨੂੰ ਵੀ ਰੱਲ ਕੇ ਪੜਿਆ;" ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਸਾਰੇ ਇਕ ਹਾਂ, ਪੰਥ ਪਾੜਨਾ ਪਾਪ ਹੈ, ਏਕਤਾ ਵਿੱਚ ਪ੍ਰਤਾਪ ਹੈ।" ਰਾਜਪਾਲ ਕੌਰ ਨੇ ਬੱਚਿਆਂ ਨੂੰ  ਦੱਸਿਆ ਕਿ ਸਤਿਗੁਰੂ ਜੀ ਵੱਲੋਂ  ਦੱਸਿਆ ਇਹ ਨਾਅਰਾ ਸਾਡੇ ਪਰਿਵਾਰ, ਸਮਾਜ ਅਤੇ ਦੇਸ਼ ਸਭ ਨੂੰ ਇਕਜੁੱਟਤਾ ਦਾ ਸੰਦੇਸ਼ ਦਿੰਦਾ ਹੈ। ਇਸ ਲਈ ਸਾਨੂੰ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ।  ਇਸ ਤਰ੍ਹਾਂ ਆਪਣੇ ਵਿਕਾਸ ਦੇ ਨਾਲ ਸਮਾਜ ਅਤੇ ਦੇਸ਼ ਦੇ ਵਿਕਾਸ ਅਤੇ ਉੱਨਤੀ ਦੀ ਅਰਦਾਸ ਦੇ ਨਾਲ ਸਮਾਗਮ ਦੀ ਸਮਾਪਤੀ ਹੋਈ। ਉਪਰੰਤ ਬੱਚਿਆਂ ਨੂੰ ਪ੍ਰਸਾਦ ਵੰਡਿਆ ਗਿਆ ਅਤੇ ਸਮਾਗਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਅਤੇ ਅਧਿਆਪਕਾਂ ਨੂੰ ਵੀ ਸਤਿਗੁਰੂ ਨਾਨਕ ਦੇਵ ਜੀ ਦੀ ਤਸਵੀਰ ਵਾਲਾ ਲੋਕੇਟ ਅਤੇ ਮਾਲਾ ਵੀ ਦਿੱਤੀ ਗਈ। ਸਾਰੇ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਇਸ ਮੌਕੇ ਜਲੰਧਰ ਸਕੂਲ ਦੇ ਚੇਅਰਮੈਨ ਪਲਵਿੰਦਰ ਸਿੰਘ, ਮੁੱਖ ਅਧਿਆਪਿਕਾ ਰਾਜਪਾਲ ਕੌਰ, ਮੈਡਮ ਜਸਬੀਰ ਕੌਰ, ਬਲਬੀਰ ਕੌਰ, ਆਸ਼ਾ ਸ਼ਰਮਾ, ਮੀਨਾਕਸ਼ੀ, ਮੀਨਾ ਮਾਹੀ, ਬਲਜੀਤ ਕੌਰ, ਸ਼ਿਵਾਨੀ, ਤੋਸ਼ੀਨ ਅਤੇ ਅੰਜੂ ਬਾਲਾ ਆਦਿ ਮੌਜੂਦ ਰਹੇ।  

No comments: