Friday, November 03, 2017

ਸੀਵਰ ਦੀ ਸਫਾਈ ਨੂੰ ਇਨਸਾਨਾਂ ਕੋਲੋਂ ਕਰਵਾਉਣ ਤੇ ਪਾਬੰਦੀ ਲਗਾਈ ਜਾਏ

ਖੱਬੇਪੱਖੀ ਡਾਕਟਰ ਮਿੱਤਰਾ ਨੇ ਫਿਰ ਕੀਤੀ ਜ਼ੋਰਦਾਰ ਮੰਗ 
ਲੁਧਿਆਣਾ: 3 ਨਵੰਬਰ 2017: (ਪੰਜਾਬ ਸਕਰੀਨ ਬਿਊਰੋ)::
ਇਹ ਜ਼ਮਾਨਾ ਤੇਜ਼ੀ ਨਾਲ ਨਾਕਾਮ ਸਾਬਿਤ ਹੋ ਰਹੇ ਪੂੰਜੀਵਾਦ ਦਾ ਹੈ ਜਿਸਨੇ ਸਾਰੀਆਂ ਇਨਸਾਨੀ ਕਦਰਾਂ ਕੀਮਤਾਂ ਦਾ ਘਾਣ ਕਰ ਦਿੱਤਾ ਹੈ। ਹਰ ਗੱਲ ਨੂੰ, ਹਰ ਚੀਜ਼ ਨੂੰ ਬਾਜ਼ਾਰ ਦੀ ਚੀਜ਼ ਬਣਾ ਦਿੱਤਾ ਗਿਆ ਹੈ। ਇਨਸਾਨ ਦੇ ਜਜ਼ਬਾਤ, ਇਨਸਾਨ ਦੇ ਖਿਆਲ, ਇਨਸਾਨ ਦੀ ਖੂਬਸੂਰਤੀ, ਇਨਸਾਨ ਦੀ ਦਿਮਾਗੀ ਸ਼ਕਤੀ, ਇਥੋਂ ਤੱਕ ਕਿ ਇਨਸਾਨ ਦੀ ਜਾਨ ਨੂੰ ਵੀ ਖਰੀਦਣ ਵੇਚਣ ਵਾਲੀ ਚੀਜ਼ ਸਮਝਿਆ ਜਾ ਰਿਹਾ ਹੈ ਜੇ ਕੋਈ ਬਸ ਹੇਠ ਆ ਜਾਏ ਤਾਂ ਵੀ ਲੈ ਦੇ ਕੇ ਮਾਮਲਾ ਰਫ਼ਾ ਦਫ਼ਾ ਕਰਾਉਣ ਦੀ ਕੋਸ਼ਿਸ਼ ਅਤੇ ਜੇ ਕਿਸੇ ਨਾਲ ਬਲਾਤਕਾਰ ਹੋ ਜਾਏ ਤਾਂ ਵੀ ਉਸਦਾ ਮੁੱਲ ਪੈਸਿਆਂ ਨਾਲ ਤੋਲਿਆ ਜਾਂਦਾ ਹੈ।  ਅਜਿਹੀ ਹਾਲਤ ਵਿੱਚ ਉਸ ਗਰੀਬ ਮਜ਼ਦੂਰ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਜਿਹੜਾ ਸੀਵਰੇਜ ਦੀ ਸਫਾਈ ਲਈ ਉਤਰਦਾ ਹੈ ਪਰ ਜਾਂ ਤਾਂ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ ਜਾਂ ਫਿਰ ਗੰਭੀਰ ਬਿਮਾਰੀਆਂ ਦਾ। ਅਜਿਹੇ ਇਨਸਾਨਾਂ ਦੀ ਗਿਣਤੀ ਬਹੁਤ ਵੱਡੀ ਹੈ ਜਿਹਨਾਂ ਬਾਰੇ ਕਦੇ ਜਨਾਬ ਸਾਹਿਰ ਲੁਧਿਆਣਵੀ ਸਾਹਿਬ ਨੇ ਕਿਹਾ ਸੀ:
ਮਿੱਟੀ ਕਾ ਭੀ ਹੈ ਕੁਛ ਮੋਲ ਮਗਰ 
ਇਨਸਾਨ ਕੀ ਕੀਮਤ ਕੁਛ ਭੀ ਨਹੀਂ। 
ਆਖਿਰ ਹੁਣ ਇਹਨਾਂ ਕਿਰਤੀਆਂ ਦੀ ਸਾਰ ਲਈ ਹੈ ਇੱਕ ਖੱਬੇ ਪੱਖੀ ਡਾਕਟਰ ਅਰੁਣ ਮਿੱਤਰਾ ਨੇ। ਡਾਕਟਰ ਮਿੱਤਰਾ ਨੇ ਵੱਡੇ ਵੱਡੇ ਸਨਮਾਨਾਂ ਦੀਆਂ ਬੇਨਤੀਆਂ ਨੂੰ ਠੁਕਰਾ ਕੇ ਸਫਾਈ ਕਾਮਿਆਂ  ਵੱਲੋਂ ਦਿੱਤੇ ਗਏ ਸਨਮਾਨ ਨੂੰ ਕਬੂਲਣ ਲਈ ਉਚੇਚਾ ਸਮਾਂ ਕੱਢਿਆ। ਆਪਣੇ ਕਿਰਤੀ ਸਿੱਖ ਭਾਈ ਲਾਲੋ ਨੂੰ ਗਲੇ ਲਾਉਣ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਨੇੜੇ ਡਾਕਟਰ ਅਰੁਣ ਮਿੱਤਰਾ ਵੱਲੋਂ ਦਿਖਾਏ ਇਸ ਉਚੇਚ ਨੇ ਦੱਬੇ ਕੁਚਲੇ ਵਰਕਰਾਂ ਵਿੱਚ ਉਤਸ਼ਾਹ ਅਤੇ ਖੁਸ਼ੀ ਦੀ ਇੱਕ ਲਹਿਰ ਦੁੜਾਈ ਹੈ। ਉਹਨਾਂ ਨੂੰ ਮਹਿਸੂਸ ਹੋਇਆ ਹੈ ਕਿ ਅੱਜ ਦੇ 
ਸਫਾਈ ਲੇਬਰ ਯੂਨੀਅਨ ਲੁਧਿਆਣਾ ਵੱਲੋਂ ਆਯੋਜਿਤ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਨੱਕ ਕੰਨ ਗਲਾ ਸਰਜਨ ਡਾ: ਅਰੁਣ ਮਿੱਤਰਾ ਨੇ ਇਸ ਗੱਲ ਤੇ ਅਫਸੋਸ ਜਤਾਇਆ  ਕਿ ਹਰ ਸਾਲ ਅਨੇਕਾਂ ਨੌਜੁਆਨ ਸੀਵਰ ਵਿੱਚ ਸਫਾਈ ਦਾ ਕੰਮ ਕਰਦੇ ਹੋਏ ਜਾਨ ਗਵਾ ਬੈਠਦੇ ਹਨ। ਜੋ ਬੱਚ ਜਾਂਦੇ ਹਨ ਉਹਨਾਂ ਨੂੰ ਅਨੇਕਾਂ ਬੀਮਾਰੀਆਂ ਤੋਂ ਪਰਭਾਵਿਤ  ਹੋਣ ਦਾ ਖਤਰਾ ਰਹਿੰਦਾ ਹੈ। ਸੀਵਰ ਵਿੱਚ ਜਹਿਰੀਲਿਆਂ ਗੈਸਾਂ ਤੋਂ ਇਲਾਵਾ ਜਹਿਰੀਲਾ ਤਰਲ ਤੇ ਠੋਸ ਕੂੜਾ ਵੀ ਹੁੰਦਾ ਹੈ ਜਿਸ ਨਾਲ ਚਮੜੀ, ਪੇਟ, ਜਿਗਰ, ਨਾੜੀਆਂ ਤੇ ਦਿਲ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਉਹਨਾਂ ਕਿਹਾ ਕਿ ਇਸ ਲਈ ਇਹ ਜਰੂਰੀ ਹੈ ਕਿ ਸੀਵਰ ਦੇ ਸਫਾਈ ਦੇ ਕੰਮ ਨੂੰ ਬੰਦਿਆਂ ਤੋਂ ਕਰਵਾਉਣ ਤੇ ਪਾਬੰਦੀ ਲੱਗੇ ਤੇ ਇਸਨੂੰ ਮਸੀਨਾਂ ਦੁਆਰਾ ਕਰਵਾਇਆ ਜਾਏ। ਡਾ: ਮਿੱਤਰਾ ਨੇ ਅੱਗੇ ਕਿਹਾ ਕਿ ਜਿਹੜੇ ਸਫਾਈ ਕਰਮੀ ਸੜਕਾਂ ਯਾ ਹੋਰ ਸਫਾਈ ਦੇ ਕੰਮ ਕਰਦੇ ਹਨ ਉਹ ਵੀ ਕਈ ਬੀਮਾਰੀਆਂ ਤੋ ਪਰਭਾਵਿਤ ਹੋ ਸਕਦੇ ਹਨ। ੳਹਨਾਂ ਦੇ ਲਈ ਵੀ ਦਸਤਾਨੇ, ਬੂਟ, ਮਾਸਕ  ਆਦਿ ਦੇ ਪਰਬੰਧ ਹੋਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਸਫਾਈ ਕਰਮੀਆਂ ਨੂੰ ਆਪਣੇ ਅੰਦੋਲਨ ਇਸ ਵਿਸੇ ਤੇ ਤਿੱਖੇ ਕਰਨੇ ਚਾਹੀਦੇ ਹਨ ਤਾਂ ਜੋ ਸੁੱਤੇ ਪੈ ਪ੍ਰਸ਼ਾਸਨ ਨੂੰ ਜਗਾਇਆ ਜਾ ਸਕੇ। ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਵਿਜੈ ਕੁਮਾਰ ਨੇ ਡਾ: ਮਿੱਤਰਾ ਦਾ ਇਸ ਕਿਸਮ ਦੀ ਜਾਣਕਾਰੀ ਦੇ ਲਈ ਧੰਨਵਾਦ ਕੀਤਾ। ਸਫਾਈ ਕਰਮੀਆਂ ਵਲੋਂ ਡਾ: ਅਰੁਣ ਮਿੱਤਰਾ ਨੂੰ ਉਹਨਾਂ ਦੇ ਡਾਕਟਰਾਂ ਦੀ ਜੱਥੇਬੰਦੀ ਆਈ ਪੀ ਪੀ ਐਨ ਡਬਲਯੂ ਦੇ ਕੌਮਾਂਤਰੀ ਸਹਿ ਪਰਧਾਨ ਚੁਣੇ ਜਾਣ ਤੇ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਨਮਾਨ ਤੋਂ ਇੱਕ ਇਸ਼ਾਰਾ ਵੀ ਮਿਲਦਾ ਹੈ ਕਿ ਛੇਤੀ ਹੀ ਖੱਬੇਪੱਖੀ ਪਾਰਟੀਆਂ ਇਹਨਾਂ ਅਣਗੌਲੇ ਜਾ ਰਹੇ ਵਰਕਰਾਂ ਦੇ ਹੱਕਾਂ ਲਈ ਜ਼ੋਰਦਾਰ ਅੰਦੋਲਨ ਵੀ ਛੇੜ ਸਕਦੀਆਂ ਹਨ।   
  

1 comment:

AMARJIT KAUR 'HIRDEY' said...

Bilkul ih kmm mcheins nal hi kita jana chahida hai